35.3 C
Patiāla
Thursday, May 2, 2024

ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦਾ ਜਲੰਧਰ ਜ਼ਿਮਨੀ ਚੋਣ ’ਤੇ ਪਵੇਗਾ ਪਰਛਾਵਾਂ..!

Must read


ਚਰਨਜੀਤ ਭੁੱਲਰ

ਚੰਡੀਗੜ੍ਹ, 23 ਅਪਰੈਲ

‘ਵਾਰਿਸ ਪੰਜਾਬ ਦੇ’ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦਾ ਪਰਛਾਵਾਂ ਜਲੰਧਰ ਜ਼ਿਮਨੀ ਚੋਣ ’ਤੇ ਵੀ ਪੈਣ ਦੀ ਸੰਭਾਵਨਾ ਹੈ ਜਿੱਥੇ ਵਿਰੋਧੀ ਧਿਰਾਂ ਵੱਲੋਂ ਅਮਨ ਕਾਨੂੰਨ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਦੀ ਘੇਰਾਬੰਦੀ ਕੀਤੀ ਜਾ ਰਹੀ ਸੀ। ਆਮ ਆਦਮੀ ਪਾਰਟੀ ਹੁਣ ਅੰਮ੍ਰਿਤਪਾਲ ਸਿੰਘ ਦੀ ਨਾਟਕੀ ਢੰਗ ਨਾਲ ਹੋਈ ਗ੍ਰਿਫ਼ਤਾਰੀ ਨੂੰ ਇੱਕ ਪ੍ਰਾਪਤੀ ਦੇ ਤੌਰ ’ਤੇ ਵਰਤਣ ਲਈ ਜ਼ੋਰ ਲਾਏਗੀ। ਜਲੰਧਰ ਲੋਕ ਸਭਾ ਹਲਕੇ ਦੇ ਸ਼ਹਿਰੀ ਖੇਤਰਾਂ ’ਚ ‘ਆਪ’ ਆਗੂਆਂ ਨੇ ਅੱਜ ਤੋਂ ਹੀ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਵੱਡਾ ਮਾਅਰਕਾ ਦੱਸਣਾ ਸ਼ੁਰੂ ਕਰ ਦਿੱਤਾ ਹੈ। 

ਆਮ ਆਦਮੀ ਪਾਰਟੀ ਲਈ ਸੰਗਰੂਰ ਦੀ ਜ਼ਿਮਨੀ ਚੋਣ ਹਾਰਨ ਮਗਰੋਂ ਜਲੰਧਰ ਦੀ ਜ਼ਿਮਨੀ ਚੋਣ ਵੱਕਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਆਖਦੇ ਹਨ ਕਿ ਇਨ੍ਹਾਂ ਚੋਣਾਂ ਵਿਚ ਸਰਕਾਰ ਦੀ ਕਾਰਗੁਜ਼ਾਰੀ ਅਹਿਮ ਰਹੇਗੀ। ਪਾਰਟੀ ਨੇ ਇਸ ਹਲਕੇ ਦੀ ਕਮਾਨ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਹੱਥ ਦਿੱਤੀ ਹੋਈ ਹੈ। ‘ਆਪ’ ਨੇ ਸਾਰੀ ਤਾਕਤ ਜਲੰਧਰ ਹਲਕੇ ਵਿਚ ਲਾ ਦਿੱਤੀ ਹੈ। ਦੂਜੇ ਪਾਸੇ ਕਾਂਗਰਸ ਦੇ ਸਾਰੇ ਆਗੂ ਇੱਕਜੁੱਟਤਾ ਨਾਲ ਪ੍ਰਚਾਰ ਕਰ ਰਹੇ ਹਨ। ਕਾਂਗਰਸੀ ਆਗੂ ਨਵਜੋਤ ਸਿੱਧੂ ਸਿੱਧੇ ਤੌਰ ’ਤੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਰਹੇ ਹਨ। ਸਿਆਸੀ ਵਿਸ਼ਲੇਸ਼ਕ ਪ੍ਰੋ. ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨਾਲ ਹਿੰਦੂ ਭਾਈਚਾਰੇ ਦੇ ਵੋਟ ਬੈਂਕ ਵਿਚ ‘ਆਪ’ ਨੂੰ ਹੁਲਾਰਾ ਮਿਲ ਸਕਦਾ ਹੈ ਕਿਉਂਕਿ ਸ਼ਹਿਰੀ ਵੋਟਰਾਂ ਲਈ ਲਾਅ ਐਂਡ ਆਰਡਰ ਵੱਡਾ ਮੁੱਦਾ ਹੈ। ਕਾਂਗਰਸ ਪਾਰਟੀ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਲੰਧਰ ਸੀਟ ’ਤੇ ਲਿਆਉਣ ਦੀ ਯੋਜਨਾ ਹੈ ਤਾਂ ਕਿ ਗੈਂਗਸਟਰਾਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ ਜਾ ਸਕੇ। ਮੁੱਖ ਮੰਤਰੀ ਇਸ ਸੀਟ ’ਤੇ ਆਖ਼ਰੀ ਹਫ਼ਤੇ ਆਪਣੇ ਗੇੜੇ ਵਧਾ ਸਕਦੇ ਹਨ। ਭਾਜਪਾ ਦੇ ਜਲੰਧਰ ਹਲਕੇ ਦੇ ਇੰਚਾਰਜ  ਕੇਵਲ ਸਿੰਘ ਢਿੱਲੋਂ ਆਖਦੇ ਹਨ ਕਿ ਭਾਜਪਾ ਦੀ ਸੀਟ ’ਤੇ ਹਾਲਤ ਬਿਹਤਰ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਫ਼ੀ ਵਾਹ ਲਾਉਣੀ ਪਵੇਗਾ। ‘ਆਪ’ ਸਰਕਾਰ ਦੇ ਮੰਤਰੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ ਅਤੇ ਬ੍ਰਹਮ ਸ਼ੰਕਰ ਜਿੰਪਾ ਇਸ ਸੀਟ ’ਤੇ ਪ੍ਰਚਾਰ ਵਿਚ ਲੱਗੇ ਹੋਏ ਹਨ। 

ਹਮਲਾਵਰ ਰੁਖ਼ ਲਈ ਤਾਕਤ ਮਿਲੇਗੀ: ਭੰਦੋਹਲ

ਸਿਆਸੀ ਮਾਹਿਰ ਐਡਵੋਕੇਟ ਜਗਦੇਵ ਸਿੰਘ ਭੰਦੋਹਲ ਦਾ ਕਹਿਣਾ ਹੈ ਕਿ ਹੁਕਮਰਾਨ ਧਿਰ ਨੂੰ ਜਲੰਧਰ ਜ਼ਿਮਨੀ ਚੋਣ ਵਿਚ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨਾਲ ਹਮਲਾਵਰ ਰੁਖ਼ ਅਖ਼ਤਿਆਰ ਕਰਨ ਲਈ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਅਮਨ ਕਾਨੂੰਨ ਦੇ ਮੁੱਦੇ ’ਤੇ ਵਿਰੋਧੀਆਂ ਨੂੰ ਸਰਕਾਰ ਨੂੰ ਘੇਰਨ ਦੇ ਮੌਕਿਆਂ ਨੂੰ ਬਰੇਕ ਵੀ ਲੱਗੇਗੀ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਮਨਾਂ ਦੇ ਡਰ ਕਿਸੇ ਹੱਦ ਤੱਕ ਦੂਰ ਹੋਣ ਦੀ ਸੰਭਾਵਨਾ ਹੈ। 

ਔਖੀ ਘੜੀ ’ਚੋਂ ਨਿਕਲੀ ਪੰਜਾਬ ਸਰਕਾਰ 

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਪੰਜਾਬ ਸਰਕਾਰ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ‘ਆਪ’ ਸਰਕਾਰ ਦੇ ਇੱਕ ਸਾਲ ਤੋਂ ਉੱਪਰ ਦੇ ਕਾਰਜਕਾਲ ਦੌਰਾਨ ‘ਅੰਮ੍ਰਿਤਪਾਲ ਅਪਰੇਸ਼ਨ’ ਸਭ ਤੋਂ ਵੱਡਾ ਸੰਕਟ ਬਣ ਕੇ ਉੱਭਰਿਆ ਸੀ। 35 ਦਿਨਾਂ ਦੇ ਅਪਰੇਸ਼ਨ ਮਗਰੋਂ ਪੁਲੀਸ ਨੇ ਅੱਜ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ। ਅਪਰੇਸ਼ਨ ਅੰਮ੍ਰਿਤਪਾਲ ਦੌਰਾਨ ਪੰਜਾਬ ਦੀਆਂ ਨਜ਼ਰਾਂ ਪੁਲੀਸ ਕਾਰਵਾਈ ’ਤੇ ਟਿਕੀਆਂ ਰਹੀਆਂ। ਮੁਸ਼ਕਲਾਂ ਦੇ ਮੁਹਾਣ ’ਤੇ ਖੜ੍ਹੇ ਪੰਜਾਬ ਲਈ ਇਹ ਸਮਾਂ ਔਖਾ ਰਿਹਾ ਕਿਉਂਕਿ ਕਾਲਾ ਦੌਰ ਦੇਖ ਚੁੱਕੇ ਲੋਕਾਂ ਵਿਚ ਮਾਹੌਲ ਤੌਖਲੇ ਖੜ੍ਹੇ ਕਰ ਰਿਹਾ ਸੀ। ਇਸ ਸਮੇਂ ਦੌਰਾਨ ਪੰਜਾਬ ਦੇ ਆਮ ਲੋਕਾਂ ਨੇ ਆਪਣੀ ਸੂਝ ਤੇ ਸਿਆਣਪ ਦਾ ਸਬੂਤ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਲਈ ਇਸ ਮਿਸ਼ਨ ਦੀ ਕਾਮਯਾਬੀ ਹੁਲਾਰਾ ਦੇਣ ਵਾਲੀ ਹੈ। 





News Source link

- Advertisement -

More articles

- Advertisement -

Latest article