42.4 C
Patiāla
Tuesday, May 7, 2024

ਪੰਜਾਬ ਭਰ ’ਚ ਸ਼ਰਧਾ ਨਾਲ ਮਨਾਈ ਈਦ-ਉਲ-ਫ਼ਿਤਰ

Must read


ਹੁਸ਼ਿਆਰ ਸਿੰਘ ਰਾਣੂ

ਮਾਲੇਰਕੋਟਲਾ, 22 ਅਪਰੈਲ

ਇਥੇ ਅਤੇ ਨੇੜਲੇ ਪਿੰਡਾਂ ਦੇ ਮੁਸਲਿਮ ਭਾਈਚਾਰੇ ਨੇ ਅੱਜ ਸਥਾਨਕ ਵੱਡੀ ਈਦਗਾਹ ਸਮੇਤ ਹੋਰਨਾਂ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ-ਉਲ-ਫ਼ਿਤਰ ਦੀ ਨਮਾਜ਼ ਅਦਾ ਕੀਤੀ। ਇਥੇ ਵੱਡੀ ਈਦਗਾਹ ਵਿਖੇ  ਈਦ-ਉਲ-ਫ਼ਿਤਰ ਦੀ ਨਮਾਜ਼ ਮੁਫ਼ਤੀ-ਏ-ਆਜ਼ਮ ਪੰਜਾਬ ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ ਨੇ ਅਦਾ ਕਰਵਾਈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਿਰਕਤ ਕਰਦਿਆਂ ਕਿਹਾ ਕਿ  ਸੂਬੇ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਮਾਜ ਵਿਰੋਧੀ ਅਨਸਰਾਂ ਦੇ ਮਨਸੂਬੇ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਪੰਜਾਬ ਦੇ ਲੋਕ ਆਪਸੀ ਭਾਈਚਾਰਕ ਸਾਂਝ ਨਾਲ ਰਹਿਣਾ ਜਾਣਦੇ ਹਨ।  ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਈਦ-ਉਲ-ਫ਼ਿਤਰ ਦੀ ਨਮਾਜ਼ ਤੋਂ ਬਾਅਦ ਈਦਗਾਹ ਮਾਲੇਰਕੋਟਲਾ ਦੀ ਮੁੱਖ ਫ਼ਸੀਲ ਤੋਂ ਮੁਸਲਿਮ ਭਾਈਚਾਰੇ ਨੂੰ ਮੁਖ਼ਾਤਿਬ ਹੁੰਦਿਆਂ ਈਦ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਮਾਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ-ਉਰ-ਰਹਿਮਾਨ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। 

ਇਸ ਦੌਰਾਨ  ਈਦ-ਉਲ-ਫਿਤਰ ਮੌਕੇ ਇਤਿਹਾਸਿਕ ਜਾਮਾ ਮਸਜਿਦ ਸਮੇਤ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ’ਚ ਵੱਡੀ ਗਿਣਤੀ ਮੁਸਲਮਾਨਾਂ ਨੇ ਨਮਾਜ਼ ਅਦਾ ਕੀਤੀ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ’ਚ ਨਮਾਜ਼ ਅਦਾ ਕਰਨ ਤੋਂ ਪਹਿਲਾਂ ਜਾਮਾ ਮਸਜਿਦ ’ਚ ਭਾਈਚਾਰਕ ਪ੍ਰੰਪਰਾ ਅਨੁਸਾਰ ਸਾਰੇ ਧਰਮਾਂ ਨਾਲ ਸਬੰਧਤ ਸਮਾਜਿਕ ਅਤੇ ਰਾਜਨੀਤਕ ਆਗੂਆਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਸ਼ਾਹੀ ਇਮਾਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਈਦ ਦਾ ਦਿਨ ਨਫਰਤ ਨੂੰ ਮੁਹੱਬਤ ’ਚ ਬਦਲਣ ਦਾ ਸੁਨੇਹਾ ਦਿੰਦਾ ਹੈ ਅਤੇ ਮੁਸਲਿਮ ਭਾਈਚਾਰੇ ਵੱਲੋਂ ਦੇਸ਼ ’ਚ ਨਫ਼ਰਤ ਦੀ ਰਾਜਨੀਤੀ ਕਰ ਰਹੀਆਂ ਫ਼ਿਰਕਾਪ੍ਰਸਤ ਤਾਕਤਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। 

ਸਰਹੱਦ ’ਤੇ ਬੀਐੱਸਐੱਫ ਤੇ ਪਾਕਿਸਤਾਨੀ ਰੇਂਜਰਜ਼ ਨੇ ਇੱਕ-ਦੂਜੇ ਨੂੰ ਮਠਿਆਈ ਵੰਡੀ

ਅਟਾਰੀ: ਈਦ-ਉਲ-ਫਿਤਰ ਮੌਕੇ ਅਟਾਰੀ-ਵਾਹਗਾ ਸਰਹੱਦ ’ਤੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਬੀਐੱਸਐੱਫ ਅਤੇ ਪਾਕਿਸਤਾਨੀ ਰੇਂਜਰਜ਼ ਅਧਿਕਾਰੀਆਂ ਨੇ ਇੱਕ-ਦੂਜੇ ਨੂੰ ਮਠਿਆਈ ਵੰਡੀ। ਬੀਐੱਸਐੱਫ ਦੇ ਡਿਪਟੀ ਕਮਾਂਡੈਂਟ ਨੇ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਅਤੇ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਨੇ ਬੀਐੱਸਐੱਫ ਦੇ ਡਿਪਟੀ ਕਮਾਂਡੈਂਟ ਨੂੰ ਮਠਿਆਈ ਦਿੱਤੀ। -ਪੱਤਰ ਪ੍ਰੇਰਕ





News Source link

- Advertisement -

More articles

- Advertisement -

Latest article