36.9 C
Patiāla
Sunday, April 28, 2024

ਖਾਲਸਾ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਈ ਵਿਸਾਖੀ

Must read


ਬੀ.ਐਸ.ਚਾਨਾ

ਸ੍ਰੀ ਆਨੰਦਪੁਰ ਸਾਹਿਬ, 14 ਅਪਰੈਲ

ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਗੁਰਦੁਆਰਿਆਂ ਵਿੱਚ ਖਾਲਸਾ ਸਾਜਨਾ ਦਿਵਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਅੱਜ ਵਿਸਾਖੀ ਮੌਕੇ ਗੁਰੂ ਕੀ ਨਗਰੀ ਵਿੱਚ ਸ਼ਰਧਾ ਦਾ ਸੈਲਾਬ ਦੇਖਣ ਨੂੰ ਮਿਲਿਆ। ਬੀਤੇ ਤਿੰਨ ਦਿਨਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਨਤਮਸਤਕ ਹੋਈ ਉੱਥੇ ਹੀ ਪੁਲੀਸ ਦੀ ਸਖਤੀ ਦੇ ਬਾਵਜੂਦ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਾ ਆਈ ਬਲਕਿ ਸੰਗਤ ਨੇ ਪਿਛਲੇ ਸਾਲਾਂ ਦੇ ਰਿਕਾਰਡ ਤੋੜ ਦਿੱਤੇ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੌਮ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਪੰਥ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਪ੍ਰਗਟ ਕੀਤਾ ਗਿਆ ਸੀ, ਇਸ ਕਰ ਕੇ ਇਸ ਧਰਤੀ ਦੀ ਵਿਸ਼ੇਸ਼ ਮਹਾਨਤਾ ਹੈ ਪਰ ਮੁਗਲਾਂ ਸਣੇ ਕੇਂਦਰ ਦੀਆਂ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਸਿੱਖ ਕੌਮ ਦੇ ਮਹਾਨ ਤਖਤਾਂ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਵਿਸਾਖੀ ਮੌਕੇ ਤਖਤ ਸਾਹਿਬਾਨਾਂ ਵਿਖੇ ਪੁਲੀਸ ਦੀ ਤਾਇਨਾਤੀ ਹੋਈ ਹੋਵੇ। 

ਹਾਲਾਂਕਿ, ਸੰਗਤ ਦੀ ਆਮਦ ਲਗਾਤਾਰ ਬਣੀ ਰਹੀ ਹੈ ਪਰ ਜਿੰਨੀ ਉਮੀਦ ਸੀ ਉਸ ਦੇ ਮੁਕਾਬਲੇ ਸੰਗਤ ਦੀ ਆਮਦ ਵਿੱਚ ਕਮੀ ਦਰਜ ਕੀਤੀ ਗਈ ਹੈ। ਇਸ ਮੌਕੇ ਮੰਚ ਦਾ ਸੰਚਾਲਨ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਕੀਤਾ ਗਿਆ।

ਗੁਰੂਘਰਾਂ ਦੁਆਲੇ ਪੁਲੀਸ ਤਾਇਨਾਤ ਕਰਨਾ ਮੰਦਭਾਗਾ: ਚੰਦੂਮਾਜਰਾ

ਸ੍ਰੀ ਆਨੰਦਪੁਰ ਸਾਹਿਬ:  ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਸਾਖੀ ਮੌਕੇ ਗੁਰੂਘਰਾਂ ਦੁਆਲੇ ਸੀਆਰਪੀਐੱਫ ਦੀਆਂ ਟੁਕੜੀਆਂ ਅਤੇ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਣਾ ਮੰਦਭਾਗੀ ਗੱਲ ਹੈ। ਉਹ ਖਾਲਸਾ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਿੱਖ ਸੰਗਤ ਨੂੰ ਭੈਅ-ਭੀਤ ਕਰਨ ਦੀ ਕੋਸ਼ਿਸ਼ ਵਜੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਪੰਜਾਬ ਦੇ ਵੱਡੇ ਅਤੇ ਇਤਿਹਾਸਕ ਗੁਰਦੁਆਰਿਆਂ ਦੁਆਲੇ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਸਿੱਖ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਮੌਕੇ ਇਨ੍ਹਾਂ ਇਤਿਹਾਸਕ ਅਸਥਾਨਾਂ ’ਤੇ ਆਉਣ ਤੋਂ ਰੋਕਿਆ ਜਾ ਸਕੇ।

ਗੁਰਦੁਆਰਾ ਨਾਢਾ ਸਾਹਿਬ ਵਿਖੇ ਵਿਸਾਖੀ ਮਨਾਈ

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਦੇ ਇਤਿਹਾਸਿਕ ਗੁਰਦੁਆਰਾ ਨਾਢਾ ਸਾਹਿਬ ਅਤੇ ਪਿੰਜੌਰ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਸ਼ਾਮ ਤੱਕ ਗੁਰਦੁਆਰਾ ਨਾਢਾ ਸਾਹਿਬ ਵਿਖੇ ਕਥਾ ਵਾਚਕਾਂ ਅਤੇ ਕੀਰਤਨੀ ਜਥਿਆਂ ਨੇ ਪ੍ਰੋਗਰਾਮ ਪੇਸ਼ ਕੀਤਾ। ਪ੍ਰਬੰਧਕਾਂ ਨੇ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਪਿੰਜੌਰ ਦੇ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਵੀ ਵਿਸਾਖੀ ਦੇ ਮੱਦੇਨਜ਼ਰ ਵੱਡਾ ਮੇਲਾ ਲੱਗਿਆ। ਇਸੇ ਤਰ੍ਹਾਂ ਪੰਚਕੂਲਾ ਦੇ ਸੈਕਟਰ-7 ਦੇ ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਵਿਖੇ ਖਾਲਸਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸੈਕਟਰ-12 ਦੇ ਗੁਰਦੁਆਰੇ, ਪਿੰਡ ਰੈਲੀ ਦੇ ਗੁਰਦੁਆਰੇ, ਸੈਕਟਰ-15 ਗੁਰਦੁਆਰਾ ਅਬਦੂ ਸਿੰਘ ਸ਼ਹੀਦਾਂ ਵਿਖੇ ਵੀ ਵਿਸਾਖੀ ਮਨਾਈ ਗੲਂ।





News Source link

- Advertisement -

More articles

- Advertisement -

Latest article