27 C
Patiāla
Thursday, May 9, 2024

ਰਾਜ ਰਾਣੀ

Must read


ਗੁਰਮਲਕੀਅਤ ਸਿੰਘ ਕਾਹਲੋਂ

ਉਸ ਦਿਨ ਅਖ਼ਬਾਰ ਵਿਚ ਫੋਟੋਆਂ ਸਮੇਤ ਕਿਸੇ ਵੱਲੋਂ ਸਫਲਤਾ ਦੇ ਗੱਡੇ ਝੰਡਿਆਂ ਬਾਰੇ ਲੇਖ ਛਪਿਆ ਸੀ। ਦੱਸਿਆ ਗਿਆ ਸੀ ਕਿ ਕਿੰਜ ਉਹ ਪੱਛੜੇ ਜਿਹੇ ਪਿੰਡ ਦੇ ਸਾਧਾਰਨ ਜਿਹੇ ਪਰਿਵਾਰ ’ਚੋਂ ਉੱਠ ਕੇ ਚੇਨਈ ਦੇ ਧਨਾਢ ਲੋਕਾਂ ਵਿੱਚ ਗਿਣਿਆ ਜਾਣ ਲੱਗਾ ਸੀ। ਉਸ ਦੇ ਸਿਰੜ, ਸਿਦਕ ਦਿਲੀ ਤੇ ਮਿਹਨਤ ਨੂੰ ਪ੍ਰਣਾਮ ਕੀਤਾ ਗਿਆ ਸੀ। ਇੱਛਾ ਹੋਈ ਕਿ ਉਸ ਬਾਰੇ ਵਧੇਰੇ ਜਾਣਕਾਰੀ ਲਈ ਜਾਵੇ। ਆਖ਼ਰ ਵਿੱਚ ਲੇਖਕ ਦਾ ਸੰਪਰਕ ਨੰਬਰ ਸੀ। ਫੋਨ ਲਾਇਆ ਤੇ ਹਾਲ ਚਾਲ ਤੋਂ ਬਾਅਦ ਉਸ ਦੇ ਲੇਖ ਵਿਚਲੇ ਸਫਲ ਵਿਅਕਤੀ ਦਾ ਸੰਪਰਕ ਨੰਬਰ ਪੁੱਛਿਆ। ਲੇਖਕ ਨੇ ਦੱਸਿਆ ਕਿ ਉਸ ਨੂੰ ਇਹ ਜਾਣਕਾਰੀ ਤੇ ਫੋਟੋਆਂ ਬਟਾਲੇ ਦੀ ਸੇਵਾਮੁਕਤ ਅਧਿਆਪਕਾ ਰਾਜ ਰਾਣੀ ਨੇ ਦਿੱਤੀਆਂ ਸੀ। ਉਸ ਨੇ ਬੇਝਿਜਕ ਰਾਜ ਰਾਣੀ ਦਾ ਸੰਪਰਕ ਨੰਬਰ ਦੇ ਦਿੱਤਾ। ਮੈਂ ਰਾਜ ਰਾਣੀ ਨੂੰ ਕਈ ਵਾਰ ਫੋਨ ਕੀਤਾ, ਪਰ ਉਹ ਉਠਾਏ ਨਾ। ਵਿੱਚ ਵਾਰ ਸ਼ੱਕ ਹੋਇਆ ਕਿ ਦੇਣ ਵਾਲੇ ਨੰਬਰ ਗਲਤ ਤਾਂ ਨਹੀਂ ਦੇ ਦਿੱਤਾ। ਅਗਲੇ ਦਿਨ ਕਿਸੇ ਹੋਰ ਸਮੇਂ ਫੋਨ ਕੀਤਾ ਤਾਂ ਅੱਗੋਂ ਮਿੱਠੀ ਜਿਹੀ ਆਵਾਜ਼ ਵਿੱਚ ਹੈਲੋ ਸੁਣਾਈ ਦਿੱਤੀ। ਸ਼ਾਇਦ ਨੰਬਰ ਅਣਜਾਣ ਹੋਣ ਕਾਰਨ ਉਹ ਫੋਨ ਕਾਲ ਨਹੀਂ ਸੀ ਲੈ ਰਹੇ। ਮੈਂ ਆਪਣੀ ਪਹਿਚਾਣ ਤੇ ਮਕਸਦ ਦੱਸ ਕੇ ਉਨ੍ਹਾਂ ਦੀ ਝਿਜਕ ਦੂਰ ਕਰਨ ਦਾ ਯਤਨ ਕੀਤਾ, ਜੋ ਉਨ੍ਹਾਂ ਨੂੰ ਚੰਗਾ ਲੱਗਾ ਤੇ ਮੈਨੂੰ ਆਪਣੀ ਗੱਲ ਦੱਸਣੀ ਸੌਖੀ ਹੋ ਗਈ।

ਸੈਂਚੁਰੀ ਹੋਟਲਾਂ ਦਾ ਨਾਂ ਸੁਣਦੇ ਈ ਮੈਡਮ ਸਮਝ ਗਏ ਤੇ ਕਹਿੰਦੇ ਕਿ ਸਾਰੀ ਕਹਾਣੀ ਦੱਸਣ ਲਈ ਖੁੱਲ੍ਹਾ ਸਮਾਂ ਚਾਹੀਦਾ, ਉਸ ਮੌਕੇ ਉਹ ਬੱਚਿਆਂ ਨੂੰ ਪੜ੍ਹਾ ਰਹੇ ਸੀ। ਕਹਿੰਦੇ ਵਿਹਲਾ ਸਮਾਂ ਮੇਰੇ ਲਈ ਮੁਸੀਬਤ ਬਣ ਜਾਂਦੈ, ਇਸ ਲਈ ਲੋੜਵੰਦ ਬੱਚਿਆਂ ਨੂੰ ਪੜ੍ਹਾਉਂਦਿਆਂ ਉਨ੍ਹਾਂ ਦੇ ਅੰਦਰ ਚਾਰ ਅੱਖਰ ਪੈ ਜਾਂਦੇ ਨੇ ਤੇ ਮੇਰਾ ਸਮਾਂ ਸੌਖਾ ਲੰਘ ਜਾਂਦਾ। ਕਹਿੰਦੇ ਠੀਕ ਤਿੰਨ ਘੰਟੇ ਬਾਅਦ ਵਿਹਲੀ ਹੋਵਾਂਗੀ, ਉਦੋਂ ਖੁੱਲ੍ਹ ਕੇ ਗੱਲ ਕਰ ਸਕਾਂਗੀ।

ਉਸ ਨਾਲ ਗੱਲ ਕਰਕੇ ਮੇਰੇ ਮਨ ਵਿੱਚ ਸਫਲ ਵਿਅਕਤੀ ਦਾ ਅਕਸ ਧੁੰਦਲਾ ਹੋ ਕੇ ਰਾਜ ਰਾਣੀ ਦੀ ਸ਼ਖ਼ਸੀਅਤ ਅੱਖਾਂ ਮੂਹਰੇ ਆਣ ਖੜ੍ਹੋਈ। ਇਸੇ ਕਾਰਨ ਮੇਰੇ ਮਨ ’ਚ ਫੋਨ ’ਤੇ ਗੱਲ ਕਰਨ ਦੀ ਥਾਂ ਇਸ ਸ਼ਖ਼ਸੀਅਤ ਨੂੰ ਨੇੜਿਉਂ ਦੇਖਣ ਦੀ ਤਾਂਘ ਪ੍ਰਬਲ ਹੋ ਗਈ। ਪਲ ਕੁ ਸੋਚਦੇ ਹੋਏ ਮੈਂ ਉਨ੍ਹਾਂ ਨੂੰ ਮਿਲਣ ਤੇ ਸਮਾਂ ਦੇਣ ਦੀ ਬੇਨਤੀ ਕਰ ਦਿੱਤੀ, ਜਿਸ ਨੂੰ ਉਨ੍ਹਾਂ ਨੇ ਬਿਨਾਂ ਝਿਜਕ ਮੰਨਦੇ ਹੋਏ ਅਗਲੇ ਦਿਨ ਦਾ ਸਮਾਂ ਦੇ ਕੇ ਘਰ ਪਹੁੰਚਣ ਦਾ ਪਤਾ ਵੀ ਸਮਝਾ ਦਿੱਤਾ।

ਫੋਨ ਗੱਲਬਾਤ ਤੋਂ ਬਾਅਦ ਅਗਲੇ ਦਿਨ ਦੀ ਉਡੀਕ ਮੇਰੇ ਲਈ ਭਾਰੀ ਹੋਣ ਲੱਗੀ। ਖ਼ੈਰ, ਰਾਤ ਬਿਤਾਈ ਤੇ ਤਿੰਨ ਘੰਟੇ ਬੱਸ ਦੇ ਸਫ਼ਰ ਤੋਂ ਬਾਅਦ ਰਿਕਸ਼ਾ ਲੈ ਕੇ ਦਿੱਤੇ ਸਮੇਂ ਤੋਂ ਕੁਝ ਮਿੰਟ ਪਹਿਲਾਂ ਦਿੱਤੇ ਪਤੇ ’ਤੇ ਪੁੱਜਾ ਤੇ ਘੰਟੀ ਦਾ ਬਟਨ ਦਬਾਇਆ। ਦਰਵਾਜ਼ਾ ਖੁੱਲ੍ਹਦਿਆਂ ਹੀ ਨਜ਼ਰੀਂ ਪਿਆ ਦ੍ਰਿਸ਼ ਮੇਰੇ ਲਈ ਕਲਪਨਾ ਤੋਂ ਕਿਤੇ ਅਗਾਂਹ ਵਾਲਾ ਸੀ। ਚਿੱਟੇ ਲਿਬਾਸ ਵਿੱਚ ਸਹਿਜ ਤੇ ਸ਼ਾਂਤ ਚਿਹਰੇ ਵਾਲੀ ਦੇਵੀ ਦੋਵੇਂ ਹੱਥ ਜੋੜੀ ਮੇਰਾ ਸਵਾਗਤ ਕਰ ਰਹੀ ਸੀ। ਮੈਨੂੰ ਉਹ ਸ਼ਾਖ਼ਸਾਤ ਉਨ੍ਹਾਂ ਦੇਵੀਆਂ ’ਚੋਂ ਇੱਕ ਜਾਪੀ ਜਿਨ੍ਹਾਂ ਦੀਆਂ ਤਸਵੀਰਾਂ ਸਾਡੇ ’ਚੋਂ ਕਈਆਂ ਦੇ ਘਰੀਂ ਲੱਗੀਆਂ ਹੁੰਦੀਆਂ ਹਨ। ਬੇਸ਼ੱਕ ਮੈਨੂੰ ਕਈ ਨਾਮੀ ਲੋਕਾਂ ਨਾਲ ਬੈਠਣ ਦੇ ਮੌਕੇ ਮਿਲਦੇ ਰਹੇ ਸਨ, ਪਰ ਵਡਭਾਗਾ ਮਹਿਸੂਸ ਕਰਨ ਦੇ ਉਸ ਮੌਕੇ ਜਾਗਿਆ ਅਹਿਸਾਸ ਉਨ੍ਹਾਂ ਸਾਰਿਆਂ ਤੋਂ ਵੱਖਰਾ, ਅਨੰਦਮਈ ਤੇ ਅਲੌਕਿਕ ਸੀ। ਖੁੱਲ੍ਹੇ ਵਰਾਂਡੇ ਦੇ ਨਾਲ ਵਾਲੇ ਕਮਰੇ ਵਿੱਚ ਬੈਠਣ ਲਈ ਕਹਿ ਕੇ ਉਹ ਰਸੋਈ ’ਚੋਂ ਖਾਣ ਵਾਲਾ ਸਾਮਾਨ ਲੈ ਆਏ। ਸਫ਼ਰ ਕਿੰਜ ਰਿਹਾ ਤੇ ਪਰਿਵਾਰ ਦੀ ਸੁੱਖ-ਸਾਂਦ ਪੁੱਛਣ ਤੋਂ ਬਾਅਦ ਅਗਲੀ ਗੱਲਬਾਤ ਵਾਲਾ ਬਾਲ ਉਨ੍ਹਾਂ ਮੇਰੇ ਵੱਲ ਰੇੜ੍ਹ ਦਿੱਤਾ।

ਪਹਿਲੇ ਦਿਨ ਵਾਲੀ ਗੱਲਬਾਤ ਅਤੇ ਉਸ ਦਿਨ ਵਾਲੇ ਵਿਵਹਾਰ ਤੋਂ ਬਾਅਦ ਮੇਰੇ ਮਨ ’ਚੋਂ ਉਸ ਸਫਲ ਵਿਅਕਤੀ ਬਾਰੇ ਜਾਣਨ ਤੋਂ ਵੀ ਵੱਧ ਮੈਡਮ ਬਾਰੇ ਜਾਣਨ ਦੀ ਇੱਛਾ ਪ੍ਰਬਲ ਹੋ ਗਈ ਸੀ। ਸੋਚ ਰਿਹਾ ਸੀ ਕਿ ਉਸ ਸਫਲ ਵਿਅਕਤੀ ਦੀ ਥਾਂ ਕਿਉਂ ਨਾ ਪਹਿਲਾਂ ਉਸ ਦੇਵੀ ਬਾਰੇ ਜਾਣਿਆ ਤੇ ਲਿਖਿਆ ਜਾਵੇ ਜਿਸ ਤੋਂ ਸਿੱਖਿਆ ਲੈ ਕੇ ਕਈ ਹੋਰਾਂ ਨੇ ਵੀ ਸਫਲਤਾ ਦੀਆਂ ਟੀਸੀਆਂ ਛੂਹੀਆਂ ਹੋਣਗੀਆਂ। ਉਹ ਸੈਂਚੁਰੀ ਹੋਟਲਾਂ ਵਾਲੇ ਵਿਅਕਤੀ ਦੀ ਗੱਲ ਛੇੜਨ ਲੱਗੇ ਸੀ, ਪਰ ਮੈਂ ਟੋਕਦੇ ਹੋਏ ਕਿਹਾ ਕਿ ਆਇਆ ਜ਼ਰੂਰ ਮੈਂ ਉਸ ਬਾਰੇ ਜਾਣਨ ਸੀ, ਪਰ ਤੁਹਾਨੂੰ ਮਿਲ ਕੇ ਮੇਰਾ ਇਰਾਦਾ ਬਦਲ ਗਿਆ ਹੈ। ਮੈਂ ਸੋਚ ਰਿਹਾਂ ਕਿ ਕਿਉਂ ਨਾ ਪੱਤਿਆਂ ਦੀ ਹਰੀ ਰੰਗਤ ਜਾਣਨ ਤੋਂ ਪਹਿਲਾਂ ਰੁੱਖ ਦੀ ਜੜ੍ਹ ਫਰੋਲੀ ਜਾਏ। ਮੇਰਾ ਇਸ਼ਾਰਾ ਸਮਝਦੇ ਹੋਏ ਉਹ ਥੋੜ੍ਹਾ ਮੁਸਕਰਾਏ ਤੇ ਸੰਜੀਦਾ ਹੋ ਕੇ ਸਹਿਮਤੀ ਵਿੱਚ ਸਿਰ ਹਿਲਾਉਂਦੇ ਬੋਲੇ, ‘‘ਇਸ ਦਾ ਮਤਲਬ ਤੁਸੀਂ ਮੇਰਾ ਜੀਵਨ ਪਟਾਰਾ ਵੀ ਖੁੱਲ੍ਹਵਾਉਣਾ ਚਾਹੁੰਦੇ ਹੋ?”

ਰਸਮੀ ਗੱਲਬਾਤ ਵਿੱਚ ਰਾਜ ਰਾਣੀ ਨੂੰ ਮੈਡਮ ਕਹੇ ਜਾਣ ’ਤੇ ਉਸ ਨੇ ਇਹ ਕਹਿ ਕੇ ਆਪਣੀ ਸ਼ਖ਼ਸੀਅਤ ਹੋਰ ਨਿਖਾਰ ਲਈ ਕਿ ਉਹ ਮੈਡਮ ਨਹੀਂ, ਸਿਰਫ਼ ਰਾਜ ਰਾਣੀ ਹੈ ਤੇ ਮਾਪਿਆਂ ਵੱਲੋਂ ਦਿੱਤਾ ਹੋਣ ਕਾਰਨ ਉਸ ਨੂੰ ਨਾਂ ਲਏ ਜਾਣਾ ਚੰਗਾ ਲੱਗਦਾ। ਨਾਂ ਲੈ ਕੇ ਬੁਲਾਉਣ ਤੋਂ ਮੈਨੂੰ ਝਾਕਾ ਤਾਂ ਲੱਗਿਆ, ਪਰ ਇੱਕ ਦੋ ਵਾਰ ਕਹਿਣ ਤੋਂ ਬਾਅਦ ਗੱਲਬਾਤ ਵਿੱਚ ਅਪਣੱਤ ਭਰਦੀ ਗਈ ਤੇ ਮੈਨੂੰ ਲੱਗਣ ਲੱਗਾ ਜਿਵੇਂ ਆਪਣੀ ਵੱਡੀ ਭੈਣ ਨਾਲ ਗੱਲ ਕਰ ਰਿਹਾ ਹੋਵਾਂ। ਮੈਂ ਮਹਿਸੂਸ ਕੀਤਾ ਕਿ ਨਾਂ ਲੈਣ ਨਾਲ ਉਹ ਸਹਿਜ ਮਹਿਸੂਸ ਕਰਨ ਲੱਗ ਪਈ ਸੀ। ਮੈਂ ਦੇਖਿਆ ਕਿ ਉਸ ਨੇ ਲੰਮਾ ਸਾਹ ਲਿਆ ਤੇ ਪਾਸਾ ਲੈ ਕੇ ਕੁਰਸੀ ’ਤੇ ਨਿੱਠਕੇ ਬੈਠ ਗਏ। ਗੱਲਬਾਤ ਦਾ ਪੱਲਾ ਫੜਦਿਆਂ ਉਨ੍ਹਾਂ ਆਪਣੇ ਜੀਵਨ ਪਟਾਰੇ ਦੀ ਪਹਿਲੀ ਤੰਦ ਛੋਹੀ ।

‘‘ਮਨਜੀਤ ਜੀ, ਮੈਂ ਅਮੀਰ ਮਾਪਿਆਂ ਦੀ ਇਕਲੌਤੀ ਔਲਾਦ ਹਾਂ। ਮੰਮੀ-ਡੈਡੀ ਰੱਬ ਤੋਂ ਡਰਨ ਵਾਲੇ ਤੇ ਵੰਡ ਕੇ ਖਾਣ ਵਾਲੇ ਸੀ। ਬਚਪਨ ਤੋਂ ਦੇਖਦੀ ਆਈ ਸੀ ਕਿ ਉਨ੍ਹਾਂ ਦੇ ਦਰ ’ਤੇ ਆਇਆ ਕੋਈ ਲੋੜਵੰਦ ਖਾਲੀ ਨਹੀਂ ਸੀ ਮੁੜਦਾ। ਕਾਰੋਬਾਰੀ ਆਮਦਨ ਕਾਫ਼ੀ ਸੀ ਤੇ ਡੈਡੀ ਦਾ ਦਿਆਲੂ ਮਨ ਉਸ ਤੋਂ ਕਿਤੇ ਵੱਡਾ ਸੀ। ਮੇਰੀ ਹਰ ਮੰਗ ਪੂਰੀ ਹੁੰਦੀ। ਮੈਂ ਕਈ ਵਾਰ ਡੈਡੀ ਨੂੰ ਮਜ਼ਾਕ ਕਰਨਾ ਕਿ ਕਦੇ ਤਾਂ ਮੇਰੀ ਗੱਲ ’ਤੇ ਸਿਰ ਫੇਰ ਦਿਆ ਕਰੋ। ਉਹ ਕਹਿੰਦੇ ਸਿਰ ਤਾਂ ਹੀ ਫੇਰੀਏ ਜੇ ਤੂੰ ਕੁਝ ਗ਼ਲਤ ਮੰਗਦੀ ਹੋਵੇਂ। ਅਧਿਆਪਨ ਕੋਰਸ ਕਰਦੇ ਸਾਰ ਹਾਈ ਸਕੂਲ ਵਿੱਚ ਨੌਕਰੀ ਲੱਗ ਗਈ। ਘਰ ਵਿੱਚ ਮੇਰੇ ਰਿਸ਼ਤੇ ਦੀਆਂ ਗੱਲਾਂ ਹੋਣ ਲੱਗੀਆਂ। ਮੈਨੂੰ ਫ਼ੌਜੀ ਬਹੁਤ ਚੰਗੇ ਲੱਗਦੇ ਹੁੰਦੇ ਸੀ। ਮਾਪਿਆਂ ਨੂੰ ਮੇਰੀ ਪਸੰਦ ਪਤਾ ਸੀ। ਇੱਕ ਦਿਨ ਕਿਸੇ ਕਾਰੋਬਾਰੀ ਸਿਲਸਿਲੇ ਵਿੱਚ ਡੈਡੀ ਜਲੰਧਰ ਗਏ। ਗੱਲਾਂ ਗੱਲਾਂ ਵਿੱਚ ਉਨ੍ਹਾਂ ਨੇ ਮੇਰੇ ਲਈ ਚੰਗਾ ਰਿਸ਼ਤਾ ਦੱਸਣ ਦੀ ਗੱਲ ਕੀਤੀ। “ਅੰਨ੍ਹਾ ਕੀ ਭਾਲੇ, ਅਖੇ ਦੋ ਅੱਖਾਂ।” ਉਹ ਸ੍ਰੀਮਾਨ ਜੀ ਤਾਂ ਪਹਿਲਾਂ ਤੋਂ ਆਪਣੇ ਬੇਟੇ ਲਈ ਰਿਸ਼ਤਾ ਲੱਭ ਰਹੇ ਸੀ। ਬੇਟਾ ਏਅਰਫੋਰਸ ਵਿੱਚ ਪਾਇਲਟ ਸੀ। ਉਦੋਂ ਅੰਬਾਲੇ ਪੋਸਟਡ ਸੀ ਤੇ ਛੁੱਟੀ ਆਇਆ ਹੋਇਆ ਸੀ। ਮਿੰਟਾਂ ਵਿੱਚ ਗੱਲ ਅਗਾਂਹ ਤੁਰ ਪਈ ਤੇ ਅਗਲੇ ਦਿਨ ਦੀ ਵੇਖਾ ਵਿਖਾਈ ਤੈਅ ਹੋਗੀ। ਸ਼ਾਮ ਨੂੰ ਡੈਡੀ ਘਰ ਆਏ ਤੇ ਉਨ੍ਹਾਂ ਦੇ ਅਗਲੇ ਦਿਨ ਆਉਣ ਬਾਰੇ ਦੱਸ ਕੇ ਮੰਮੀ ਨੂੰ ਚਾਅ ਚੜ੍ਹਾਉਣ ਦੇ ਨਾਲ ਨਾਲ ਤਿਆਰੀ ’ਤੇ ਲਾ ਦਿੱਤਾ। ਮੰਮੀ ਦੀ ਉਹ ਸਾਰੀ ਰਾਤ ਮੈਨੂੰ ਸਮਝਾਉਣ ਅਤੇ ਪ੍ਰਾਹੁਣਿਆਂ ਦੀ ਖਾਤਰਦਾਰੀ ਵਿਉਂਤਦਿਆਂ ਲੰਘੀ ਸੀ।

ਉਸ ਦਿਨ 1961 ਦੇ ਫਰਵਰੀ ਦੀ 22 ਤਰੀਕ ਤੇ ਦਿਨ ਬੁੱਧਵਾਰ ਸੀ। ਉਹ ਟੈਕਸੀ ਰਾਹੀਂ ਜਲੰਧਰ ਤੋਂ ਦਿੱਤੇ ਹੋਏ ਸਮੇਂ ’ਤੇ ਬਟਾਲੇ ਪਹੁੰਚ ਗਏ ਸੀ। ਡੈਡੀ ਉਨ੍ਹਾਂ ਨੂੰ ਖਜੂਰੀ ਗੇਟ ਜਾ ਮਿਲੇ ਤੇ ਬਿਨਾਂ ਝਿਜਕ ਘਰ ਲੈ ਆਏ ਸੀ। ਗਲੀ ਤੰਗ ਹੋਣ ਕਾਰਨ ਟੈਕਸੀ ਘਰ ਤੱਕ ਨਹੀਂ ਸੀ ਆ ਸਕਦੀ। ਡੈਡੀ ਨੇ ਕਿਸੇ ਨੂੰ ਭੇਜ ਕੇ ਭੂਆ ਜੀ ਨੂੰ ਉਸ ਦੇ ਸਹੁਰੇ ਪਿੰਡ ਭਾਗੋਵਾਲ ਤੋਂ ਸੱਦ ਲਿਆ ਸੀ ਤੇ ਦਿੱਲੀ ਵਾਲੇ ਮਾਮਾ ਜੀ ਨਾਲ ਵੀ ਗੱਲ ਕਰ ਲਈ। ਘਰ ਵਿੱਚ ਰਿਸ਼ਤੇ ਦੀ ਗੱਲ ਚੱਲੇ ਤਾਂ ਇੰਨਾ ਕੁ ਮਾਣ ਇੱਜ਼ਤ ਰਿਸ਼ਤੇਦਾਰਾਂ ਨੂੰ ਦੇਣ ਦਾ ਰਿਵਾਜ ਉਦੋਂ ਪਰਿਵਾਰਾਂ ਵਿੱਚ ਹੁੰਦਾ ਸੀ।

ਚਾਹ ਦੇ ਘੁੱਟਾਂ ਦੇ ਨਾਲ ਨਾਲ ਦੋਹੇਂ ਪਾਸੇ ਹਾਂ ਵਾਲਾ ਪਲੜਾ ਭਾਰੀ ਹੁੰਦਾ ਗਿਆ। ਬੇਸ਼ੱਕ ਉਦੋਂ ਕੁੜੀ ਮੁੰਡੇ ਦੀ ਪਸੰਦ ਪੁੱਛਣ ਦਾ ਰਿਵਾਜ ਨਹੀਂ ਸੀ, ਪਰ ਡੈਡੀ ਦਾ ਸੁਭਾਅ ਬੜਾ ਖੁੱਲ੍ਹਾ ਸੀ। ਮੇਰੇ ਸਹੁਰਾ ਸਾਹਿਬ ਨੂੰ ਕਹਿੰਦੇ ਸ਼ਰਮਾ ਜੀ ਆਪਸੀ ਗਲਵੱਕੜੀ ਤੋਂ ਪਹਿਲਾਂ ਬੱਚਿਆਂ ਨੂੰ ਵੀ ਇੱਕ ਦੂਜੇ ਨੂੰ ਸਮਝ ਲੈਣ ਲਈ ਦੋ ਪਲ ਦੇ ਦੇਈਏ। ਮੰਮੀ ਨਾਲ ਦੇ ਕਮਰੇ ਵਿੱਚ ਕੁਰਸੀਆਂ ਠੀਕ ਕਰ ਆਏ ਤੇ ਸਾਨੂੰ ਉੱਧਰ ਜਾਣ ਦਾ ਇਸ਼ਾਰਾ ਕੀਤਾ। ਮੈਂ ਤੇ ਰਾਹੁਲ ਨੇ ਉੱਧਰ ਬੈਠਕੇ ਅੱਧੇ ਕੁ ਘੰਟੇ ਵਿੱਚ ਇੱਕ ਦੂਜੇ ਦੀ ਪਸੰਦ ਤੇ ਨਾ-ਪਸੰਦ ਪੁੱਛਦੇ ਹੋਏ ਭਵਿੱਖ ਦੀਆਂ ਕਈ ਯੋਜਨਾਵਾਂ ਵੀ ਉਲੀਕ ਲਈਆਂ। ਸਾਨੂੰ ਪਤਾ ਈ ਨਾ ਲੱਗਾ ਕਦੋਂ ਸਾਡੇ ਮਨਾਂ ਦੀ ਤਾਰ ਇੱਕ ਦੂਜੇ ਨਾਲ ਜੁੜ ਗਈ। ਦੁਵੱਲੀ ਸਹਿਮਤੀ ਤੋਂ ਬਾਅਦ ਉਹ ਬਾਜ਼ਾਰ ਗਏ ਤੇ ਦੁਪਹਿਰ ਤੱਕ ਮੇਰੇ ਸਿਰ ’ਤੇ ਸੂਹੀ ਚੁੰਨੀ ਸੀ। ਕੁਝ ਘੰਟਿਆਂ ਵਿੱਚ ਮੇਰੇ ਲਈ ਨਵੀਂ ਦੁਨੀਆ ਵਸਾਉਣ ਵਾਲਾ ਪੁਲ ਤਿਆਰ ਹੋ ਗਿਆ ਸੀ। ਅਪਣੱਤ ਦਾ ਚੁੰਬਕ ਐਨੀ ਤੇਜ਼ੀ ਨਾਲ ਚਾਰਜ ਹੋ ਜਾਂਦਾ, ਮੇਰੇ ਤੋਂ ਵੱਧ ਸ਼ਾਇਦ ਹੀ ਕੋਈ ਜਾਣਦਾ ਹੋਵੇ। ਸ਼ਾਮ ਨੂੰ ਜਦੋਂ ਰਾਹੁਲ ਹੋਰੀਂ ਜਾਣ ਲੱਗੇ ਤਾਂ ਮੇਰੇ ਮਨ ਵਿੱਚ ਖ਼ਲਾਅ ਪੈਦਾ ਹੋ ਰਿਹਾ ਸੀ। ਮਨ ਕਰੇ ਉਨ੍ਹਾਂ ਨੂੰ ਨਾ ਜਾਣ ਲਈ ਕਹਿ ਦਿਆਂ। ਕਿਤਾਬਾਂ ਵਿੱਚ ਇਸ਼ਕ ਮੁਸ਼ਕ ਦੀਆਂ ਕਿੰਨੀਆਂ ਕਹਾਣੀਆਂ ਪੜ੍ਹਦਿਆਂ ਸਵਾਲ ਉੱਠਦੇ ਸੀ ਕਿ ਆਹ ਕਿਹੜੀ ਗੱਲ ਹੋਈ ਕਿ ਕਿਸੇ ਬਦਲੇ ਮਰ ਮਿਟਣ ਤੱਕ ਚਲੇ ਜਾਓ। ਪਰ ਉਸ ਦਿਨ ਤੋਂ ਮੈਨੂੰ ਇੰਜ ਜਾਪੇ ਜਿਵੇਂ ਮੈਂ ਹੀਰ, ਸਾਹਿਬਾਂ, ਸ਼ੀਰੀ ਤੇ ਸੋਹਣੀ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ।

ਰਾਹੁਲ ਦੀ ਛੁੱਟੀ ਅਜੇ ਡੇਢ ਮਹੀਨਾ ਰਹਿੰਦੀ ਸੀ। ਡੈਡੀ ਗ੍ਰਹਿ ਚਾਲ ਤੇ ਮਹੂਰਤ ਵਰਗੇ ਵਹਿਮਾਂ ਨੂੰ ਨਹੀਂ ਸੀ ਮੰਨਦੇ ਹੁੰਦੇ। ਮੰਗਣੀ ਦੇ ਅਗਲੇ ਹਫ਼ਤੇ ਡੈਡੀ ਜਲੰਧਰ ਗਏ ਤੇ ਵਿਆਹ ਦਾ ਦਿਨ ਤੈਅ ਕਰ ਆਏ। ਮੰਮੀ ਦੇ ਮਨ ਵਿੱਚ ਉਮੜੇ ਵਿਆਹ ਦੇ ਚਾਅ ਦੇ ਨਾਲ ਥੋੜ੍ਹੇ ਦਿਨਾਂ ਦੀ ਚਿੰਤਾ ਵੀ ਰਲ ਗਈ। ਤਿਆਰੀਆਂ ਸ਼ੁਰੂ ਹੋ ਗਈਆਂ ਤੇ ਅਕਸਰ ਬਾਊ ਜੀ ਦਾ ਘਰ ਅਖਵਾਉਣ ਵਾਲੇ ਘਰ ਵਿਆਹ ਵਾਲਾ ਘਰ ਕਿਹਾ ਜਾਣ ਲੱਗ ਪਿਆ। ਇਸ ਦੌਰਾਨ ਮੇਰਾ ਤੇ ਰਾਹੁਲ ਦਾ ਚਿੱਠੀ ਪੱਤਰ ਹੋਣ ਲੱਗ ਪਿਆ ਸੀ। ਅਸੀਂ ਰੋਜ਼ਾਨਾ ਇੱਕ ਦੂਜੇ ਨੂੰ ਚਿੱਠੀਆਂ ਲਿਖਣ ਲੱਗ ਪਏ। ਆਮ ਕਰਕੇ ਅਸੀਂ ਡਾਕ ਵਾਲੇ ਹਰੇ ਰੰਗ ਵਾਲੇ ਇਨਲੈਡ ਲੈਟਰ ਲਿਖਦੇ ਹੁੰਦੇ ਸੀ। ਚਿੱਠੀ ਦੀ ਥਾਂ ਮੁੱਕ ਜਾਂਦੀ, ਪਰ ਸਾਨੂੰ ਲੱਗਦਾ ਕਿ ਕਿੰਨਾ ਕੁਝ ਲਿਖਣ ਵਾਲਾ ਰਹਿ ਗਿਆ। ਅਗਲੇ ਦਿਨ ਉਹ ਰਹਿ ਗਿਆ ਭੁੱਲ ਜਾਂਦਾ ਤੇ ਹੋਰ ਗੱਲਾਂ ਨਾਲ ਚਿੱਠੀ ਭਰ ਜਾਂਦੀ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਣ ਦੇ ਡਰੋਂ, ਮੈਂ ਸਕੂਲੋਂ ਛੁੱਟੀਆਂ ਨਾ ਲੈਂਦੀ।

ਹਾਂ, ਮੈਂ ਜਲਦੀ ਗੱਲ ਮੁਕਾਵਾਂ। ਮੇਰੇ ਵਿਆਹ ਦਾ ਦਿਨ ਆ ਗਿਆ। ਸਾਰੀਆਂ ਰਸਮਾਂ ਨਿਰਵਿਘਨ ਪੂਰੀਆਂ ਹੋ ਗਈਆਂ। ਦੋਵਾਂ ਪਾਸਿਆਂ ਨੇ ਚਾਅ ਪੂਰੇ ਕੀਤੇ। ਰਾਹੁਲ ਦੀ ਦਿੱਖ, ਸੁਭਾਅ, ਪੋਸਟ ਤੇ ਪਰਿਵਾਰ ਵੇਖ ਕੇ ਮੇਰੀਆਂ ਸਹੇਲੀਆਂ ਮੈਨੂੰ ਭਾਗਾਂ ਵਾਲੀ ਕਹਿੰਦੀਆਂ, ਪਰ ਉਨ੍ਹਾਂ ਦੇ ਬੋਲ ਤੇ ਸ਼ਬਦਾਂ ਤੋਂ ਉਨ੍ਹਾਂ ਦੇ ਮਨਾਂ ਵਿਚਲੀ ਖ਼ਾਰ ਝਲਕ ਪੈਂਦੀ। ਮੇਰੀ ਆਪਣੀ ਭੂਆ ਬਿਨਾਂ ਕਾਰਨ ਆਪਣੀ ਧੀ ਦੇ ਸਹੁਰਿਆਂ ਦੀ ਸਿਫਤ ਵਾਲੀ ਗੱਲ ਕਰਕੇ ਆਪਣਾ ਮਨ ਸ਼ਾਂਤ ਕਰਦੀ। ਵਿਆਹ ਤੋਂ ਬਾਅਦ ਅਸੀਂ ਹਿਮਾਚਲ ਤੇ ਉਤਰਾਂਚਲ ਦੇ ਸ਼ਹਿਰਾਂ ਦੀ ਸੈਰ ’ਤੇ ਨਿਕਲ ਗਏ। ਉਹ ਥਾਵਾਂ ਵੇਖੀਆਂ ਜਿਨ੍ਹਾਂ ਦੀ ਕਲਪਨਾ ਮੈਂ ਮਨ ਹੀ ਮਨ ਕਰਿਆ ਕਰਦੀ ਹੁੰਦੀ ਸੀ। ਸਾਰੇ ਦਿਨ ਦੁਨੀਆ ਭੁੱਲੀ ਰਹੀ। ਲੱਗਿਆ ਕਰੇ ਜਿਵੇਂ ਵਾਹਿਗੁਰੂ ਨੇ ਸਾਰੇ ਸੁੱਖ ਮੇਰੇ ਲਈ ਸਾਂਭੇ ਹੋਏ ਸਨ। ਵਾਪਸ ਮੁੜੇ ਤਾਂ ਰਾਹੁਲ ਦੀ ਛੁੱਟੀ ਦੇ ਚਾਰ ਦਿਨ ਬਾਕੀ ਸਨ।

ਪਹਿਲਾਂ ਤੈਅ ਸੀ ਕਿ ਕੁਝ ਸਾਲ ਮੈਂ ਅਜੇ ਸਕੂਲ ਨਹੀਂ ਛੱਡਾਂਗੀ। ਰਾਹੁਲ ਦੀ ਛੁੱਟੀ ਮੁੱਕੀ ਤਾਂ ਮੈਨੂੰ ਵਿਛੋੜਾ ਸਹਿਣਾ ਔਖਾ ਲੱਗਣ ਲੱਗਾ। ਕਦੇ ਰਾਹੁਲ ਛੁੱਟੀ ਲੈ ਕੇ ਇੱਕ ਦੋ ਦਿਨ ਬਟਾਲੇ ਆ ਜਾਂਦਾ ਤੇ ਕਦੇ ਸਕੂਲ ਵਿੱਚ ਦੋ ਚਾਰ ਛੁੱਟੀਆਂ ਆਉਂਦੀਆਂ ਤਾਂ ਮੈਂ ਅੰਬਾਲੇ ਰਹਿ ਆਉਂਦੀ। ਉੱਥੇ ਰਾਹੁਲ ਦਾ ਜਹਾਜ਼ ਉੱਡਦਾ ਦੇਖਦੀ। ਉਹ ਡਿਊਟੀ ਜਾਣ ਤੋਂ ਪਹਿਲਾਂ ਟੈਸਟ ਫਲਾਈਟ ਬਾਰੇ ਦੱਸ ਜਾਂਦਾ ਸੀ। ਮੈਂ ਉਸ ਦਾ ਜਹਾਜ਼ ਵੇਖਣ ਲਈ ਛੱਤ ’ਤੇ ਜਾ ਬੈਠਦੀ। ਫਲਾਈਟ ਵਾਲੇ ਦਿਨ ਮੈਂ ਪੀਲੇ ਰੰਗ ਦਾ ਸੂਟ ਪਾਉਂਦੀ। ਰਾਹੁਲ ਦੱਸਦਾ ਸੀ ਕਿ ਅਸਮਾਨ ’ਚੋਂ ਪੀਲੇ ਰੰਗ ’ਤੇ ਨਜ਼ਰ ਛੇਤੀ ਪੈਂਦੀ ਏ। ਉਹ ਮੈਨੂੰ ਵਿਖਾਉਣ ਲਈ ਜਹਾਜ਼ ਦੀਆਂ ਕਲਾਬਾਜ਼ੀਆਂ ਕਰਦਾ। ਘਰ ਆਉਂਦਾ ਤਾਂ ਮੈਂ ਉਸ ਨੂੰ ਖ਼ਤਰੇ ਸਹੇੜਨ ਤੋਂ ਵਰਜਦੀ। ਦੋ ਦਿਨ ਉਸ ਕੋਲ ਰਹਿ ਕੇ ਵਾਪਸੀ ਵੇਲੇ ਗੱਡੀ ਤੁਰਨ ਵੇਲੇ ਉਸ ਦਾ ਉਦਾਸਿਆ ਮੂੰਹ ਮੇਰੇ ਲਈ ਵੇਖਣਾ ਔਖਾ ਹੋ ਜਾਂਦਾ। ਮੂੰਹ ’ਤੇ ਚੁੰਨੀ ਲੈ ਕੇ ਮੈਂ ਉਸ ਲਈ ਹੱਥ ਹਿਲਾਉਂਦੀ। ਕਿਹਾ ਜਾਂਦੈ ਕਿ ਚੰਗੇ ਦਿਨ ਘੰਟਿਆਂ ਵਾਂਗ ਲੰਘਦੇ ਨੇ ਤੇ ਮਹੀਨੇ ਦਿਨਾਂ ਵਾਂਗ। ਸਾਨੂੰ ਪਤਾ ਈ ਨਾ ਲੱਗਾ ਕਦੋਂ ਡੇਢ ਸਾਲ ਬੀਤ ਗਿਆ।

ਉਸ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਚੀਨ ਦੇ ਰਾਸ਼ਟਰਪਤੀ ਚੂ ਐਨ ਲਾਈ ਦੀਆਂ ਜੱਫੀਆਂ ਦੀ ਬੜੀ ਚਰਚਾ ਹੋਈ ਸੀ। ਜੁਲਾਈ ਅਗਸਤ ਤੱਕ ਹਿੰਦੀ ਚੀਨੀ ਭਾਈ ਭਾਈ ਦੇ ਨਾਅਰੇ ਲੱਗਦੇ ਰਹੇ। ਭਾਰਤੀ ਲੋਕ ਹੈਰਾਨ ਜਦੋਂ ਅਕਤੂਬਰ ਦੇ ਆਖ਼ਰ ਜਿਹੇ ਵਿੱਚ ਭਾਰਤ ਚੀਨ ਜੰਗ ਸ਼ੁਰੂ ਹੋ ਗਈ। ਭਾਰਤ ਦਾ ਦੋਸ਼ ਸੀ ਕਿ ਚੀਨ ਦੋਸਤੀ ਦੀ ਆੜ ਹੇਠ ਜੰਗੀ ਤਿਆਰੀਆਂ ਕਰਦਾ ਰਿਹਾ। ਕਿਹਾ ਜਾਂਦਾ ਕਿ ਜੰਗ ਸਮੱਸਿਆ ਦੇ ਹੱਲ ਦੀ ਥਾਂ ਉਜਾੜੇ ਤੇ ਮੰਦਹਾਲੀ ਦਾ ਕਾਰਨ ਬਣਦੀ ਐ। ਉਦੋਂ ਵੀ ਸਾਸ਼ਕਾਂ ਦੀਆਂ ਕੁਰਸੀਆਂ ਤਾਂ ਸਲਾਮਤ ਰਹੀਆਂ, ਪਰ ਮੇਰੇ ਵਰਗੀਆਂ ਹਜ਼ਾਰਾਂ ਦੇ ਸੁਹਾਗ, ਹਜ਼ਾਰਾਂ ਭੈਣਾਂ ਦੇ ਸਿਰ ਹੱਥ ਰੱਖਣ ਵਾਲੇ ਜਾਂ ਉਨ੍ਹਾਂ ਦੀ ਉਂਗਲ ਫੜ ਤੁਰਨ ਵਾਲੇ ਵੀਰ, ਮਾਪਿਆਂ ਦਾ ਬੁਢਾਪਾ ਸੰਭਾਲਣ ਵਾਲੇ ਸਰਵਣ ਪੁੱਤਰ ਤੇ ਕਈ ਘਰਾਂ ਵਿੱਚ ਦੋ ਵੇਲੇ ਦਾ ਚੁੱਲ੍ਹਾ ਤਪਾਉਣ ਲਈ ਬਰਫ਼ੀਲੀਆਂ ਰਾਤਾਂ ਸਰਹੱਦਾਂ ਦੇ ਕੱਟਣ ਵਾਲੇ ਗੱਭਰੂ, ਉਸ ਜੰਗ ਦੀ ਭੇਟ ਚੜ੍ਹ ਗਏ।’’

ਅੱਗੋਂ ਉਸ ਦਾ ਗੱਚ ਭਰ ਆਇਆ ਤੇ ਲੰਮੇ ਜਿਹੇ ਹਉਕੇ ਦੀ ਆਵਾਜ਼ ਤੋਂ ਮੈਂ ਸਮਝ ਗਿਆ ਕਿ ਉਸ ਜੰਗ ਨੇ ਹੀ ਇਸ ਦੀ ਦੁਨੀਆ ਉਜਾੜੀ ਹੋਊ। ਪਾਣੀ ਦੇ ਗਲਾਸ ਸਾਡੇ ਮੂਹਰੇ ਮੇਜ਼ ’ਤੇ ਪਏ ਹੋਏ ਸਨ। ਉਸ ਨੇ ਗਲਾਸ ’ਚੋਂ ਕੁਝ ਘੁੱਟ ਭਰੇ, ਪਰ ਫਿਰ ਵੀ ਆਪਣੇ ਆਪ ਵਿੱਚ ਨਹੀਂ ਆਈ। ਸੌਰੀ ਕਹਿਕੇ ਉਹ ਵਾਸ਼ ਰੂਮ ਗਈ ਤੇ ਮੂੰਹ ’ਤੇ ਪਾਣੀ ਮਾਰ ਕੇ ਤੌਲੀਆ ਰਗੜਦੀ ਵਾਪਸ ਆ ਕੇ ਬੈਠ ਗਈ। ਸਾਫ਼ ਦਿਸ ਰਿਹਾ ਸੀ ਕਿ ਉਸ ਦੇ ਅੰਦਰ ਬੱਝੀ ਦਰਦਾਂ ਦੀ ਪੰਡ ਦੀ ਕਿਤੋਂ ਢਿੱਲੀ ਹੋਈ ਗੰਢ ਨੇ ਉਸ ਨੂੰ ਤੜਪਾ ਦਿੱਤਾ ਸੀ। ਉਸ ਨੇ ਆਪਣੀ ਗੱਲ ਨੂੰ ਛੋਟੀ ਕਰਦਿਆਂ ਦੱਸਿਆ ਕਿ ਜੰਗ ਵੇਲੇ ਰਾਹੁਲ ਦਾ ਜਹਾਜ਼ ਉੱਚੇ ਪਹਾੜੀ ਅੱਡੇ ਉਤੇ ਉਤਾਰਨ ਮੌਕੇ ਹਾਦਸਾਗ੍ਰਸਤ ਹੋ ਗਿਆ ਸੀ ਜਿਸ ’ਚੋਂ ਰਾਹੁਲ ਦੀ ਅੱਧ ਸੜੀ ਲਾਸ਼ ਨਿਕਲੀ ਸੀ। ਮਾਂ-ਬਾਪ ਵੱਲੋਂ ਹੋਰ ਵਿਆਹ ਲਈ ਕਹਿਣਾ ਉਸ ਨੂੰ ਚੰਗਾ ਨਾ ਲੱਗਦਾ। ਇੱਕ ਦਿਨ ਉਸ ਨੇ ਰਾਹੁਲ ਦੀ ਯਾਦ ਵਿੱਚ ਜ਼ਿੰਦਗੀ ਬਤੀਤ ਕਰਨ ਦਾ ਆਖ਼ਰੀ ਫ਼ੈਸਲਾ ਸੁਣਾ ਕੇ ਮਾਪਿਆਂ ਨੂੰ ਇਸ ਮਾਮਲੇ ਬਾਰੇ ਚੁੱਪ ਕਰਾ ਦਿੱਤਾ। ਉਸ ਦੇ ਦੁੱਖ ਵਿੱਚ ਮਾਪੇ ਆਪਣੀ ਆਉਧ ਛੇਤੀ ਪੁਗਾ ਗਏ। ਇਕੱਲੀ ਨੂੰ ਐਡਾ ਵੱਡਾ ਘਰ ਖਾਣ ਨੂੰ ਆਇਆ ਕਰੇ। ਤਦ ਉਸ ਨੇ ਸਕੂਲ ਦੀ ਨੌਕਰੀ ਦੇ ਨਾਲ ਨਾਲ ਘਰ ਨੂੰ ਲੋੜਵੰਦ ਬੱਚਿਆਂ ਦੀ ਪੜ੍ਹਾਈ ਦੇ ਲੇਖੇ ਲਾ ਦਿੱਤਾ। ਉਹ ਆਪ ਤਾਂ ਸਾਰਾ ਸਮਾਂ ਬੱਚਿਆਂ ਨੂੰ ਦਿੰਦੀ ਹੈ, ਪਰ ਕਈ ਹੋਰ ਸਵੈ ਸੇਵੀ ਔਰਤਾਂ ਵੀ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦੀਆਂ ਨੇ। ਕਿਸੇ ਤੋਂ ਫੀਸ ਨਹੀਂ ਲਈ ਜਾਂਦੀ। ਉਨ੍ਹਾਂ ਨੂੰ ਕਿਤਾਬਾਂ ਕਾਪੀਆਂ ਵੀ ਦਿੱਤੀਆਂ ਜਾਂਦੀਆਂ ਹਨ। ਮੈਨੂੰ ਇੰਜ ਲੱਗਿਆ ਕਿ ਰਾਹੁਲ ਦੀ ਮੌਤ ਤੋਂ ਬਾਅਦ ਰਾਜ ਰਾਣੀ ਨੇ ਆਪਣੀ ਜ਼ਿੰਦਗੀ ਉਸ ਦੇ ਲੇਖੇ ਲਾ ਕੇ ਹੋਰਾਂ ਦੇ ਕੰਮ ਆ ਸਕਣ ਨੂੰ ਉਦੇਸ਼ ਬਣਾ ਲਿਆ ਹੋਵੇ। ਉਸ ਨੇ ਦੱਸਿਆ ਕਿ ਉਸ ਨੂੰ ਵਿਰਾਸਤ ਵਿੱਚ ਮਿਲੀ ਜਾਇਦਾਦ ਸਮੇਤ ਆਪਣੀ ਸਾਰੀ ਚੱਲ ਅਚੱਲ ਜਾਇਦਾਦ ਦੀ ਵਸੀਅਤ ਉਸ ਨੇ ਲੋਕ ਸੇਵਾ ਕਰਨ ਵਾਲੇ ਸ਼ਹਿਰ ਦੇ ਟਰੱਸਟ ਦੇ ਨਾਂ ਕੀਤੀ ਹੋਈ ਹੈ।

ਆਪਣੀ ਜ਼ਿੰਦਗੀ ਦੇ ਖੋਲੇ ਵਰਕੇ ਸਮੇਟਦੀ ਹੋਈ ਰਾਜ ਰਾਣੀ ਨੇ ਆਪਣੇ ਆਪ ਨੂੰ ਉਹ ਗੱਲ ਦੱਸਣ ਲਈ ਤਿਆਰ ਕੀਤਾ ਜਿਸ ਬਾਰੇ ਜਾਣਨ ਲਈ ਮੈਂ ਉਸ ਨਾਲ ਰਾਬਤਾ ਬਣਾਇਆ ਸੀ। ਆਪਣੀ ਕਥਾ ਲੰਮੀ ਹੋ ਜਾਣ ਲਈ ਮੁਆਫ਼ੀ ਮੰਗਦੇ ਹੋਏ ਰਾਜ ਰਾਣੀ ਨੇ ਚੇਤਿਆਂ ਦਾ 55 ਸਾਲ ਪੁਰਾਣਾ ਪਟਾਰਾ ਖੋਲ੍ਹਿਆ।

‘‘ਰਾਹੁਲ ਦੇ ਵਿਛੋੜੇ ਤੋਂ ਬਾਅਦ ਮੈਂ ਰਹਿੰਦਾ ਜੀਵਨ ਉਸ ਦੀ ਯਾਦ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕਰ ਲਿਆ। ਛੁੱਟੀਆਂ ਮੁੱਕਣ ਬਾਅਦ ਸਕੂਲ ਜਾਣ ਲੱਗ ਪਈ। ਛੇਵੀਂ ਜਮਾਤ ਦੀ ਇੰਚਾਰਜ ਬਣ ਗਈ। ਆਪਣੀ ਜਮਾਤ ਨੂੰ ਹਿਸਾਬ, ਪੰਜਾਬੀ ਤੇ ਅੰਗਰੇਜ਼ੀ ਦੇ ਪੀਰੀਅਡ ਆਪ ਪੜ੍ਹਾਉਣ ਲੱਗ ਪਈ। ਸਕੂਲ ਤੋਂ ਚਾਰ ਪੰਜ ਕਿਲੋਮੀਟਰ ਹਟਵੇਂ ਪਿੰਡ ਤੋਂ ਇੱਕ ਬੱਚਾ ਆਉਂਦਾ ਸੀ ਮੰਗਲ ਦਾਸ ਉਰਫ ਮੰਗੂ। ਸੱਜ ਸੰਵਰ ਕੇ ਸਕੂਲ ਆਉਣਾ ਤਾਂ ਦੂਰ, ਉਸ ਨੇ ਕੱਪੜੇ ਵੀ ਕਦੇ ਚੱਜ ਦੇ ਨਾ ਪਾਏ ਹੁੰਦੇ। ਕਦੇ ਉਸ ਕੋਲ ਲਿਖਣ ਲਈ ਕਾਪੀ ਨਾ ਹੁੰਦੀ ਤੇ ਕਦੇ ਪੈੱਨ ਪੈੱਨਸਿਲ। ਜਮਾਤ ਵਿੱਚ ਵੀ ਗਵਾਚਿਆ ਜਿਹਾ ਰਹਿੰਦਾ। ਆਖ਼ਰੀ ਕਤਾਰ ਵਿੱਚ ਬੈਠਦਾ ਸੀ। ਕਿਸੇ ਸਵਾਲ ਦਾ ਜਵਾਬ ਪੁੱਛਣਾ ਤਾਂ ਉਸ ਦਾ ਸਿਰ ਨਾਂਹ ਲਈ ਤਿਆਰ ਹੁੰਦਾ। ਇੱਕ ਦਿਨ ਕਿਸੇ ਬੱਚੇ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਚਾਚੇ ਦਾ ਵਿਦੇਸ਼ ਤੋਂ ਭੇਜਿਆ ਪੈੱਨ ਕਿਸੇ ਨੇ ਚੋਰੀ ਕਰ ਲਿਐ। ਮੈਂ ਸਾਰਿਆਂ ਨੂੰ ਆਪਣੇ ਆਪ ਦੇ ਦੇਣ ਲਈ ਕਿਹਾ, ਪਰ ਉਹ ਸਿਰ ਮਾਰ ਗਏ। ਮੈਂ ਕਲਾਸ ਨੂੰ ਖੜ੍ਹਾ ਕੀਤਾ ਤੇ ਅੱਖਾਂ ਬੰਦ ਕਰਕੇ ਤਲਾਸ਼ੀ ਦੇਣ ਲਈ ਕਿਹਾ। ਮੰਗੂ ਸਭ ਤੋਂ ਪਿੱਛੇ ਸੀ ਤੇ ਮੈਨੂੰ ਸ਼ੱਕ ਵੀ ਉਸੇ ’ਤੇ ਸੀ। ਪਹਿਲਾਂ ਇੱਕ ਦੋ ਹੋਰਾਂ ਦੀਆਂ ਜੇਬਾਂ ’ਚ ਹੱਥ ਮਾਰ ਕੇ ਮੈਂ ਮੰਗੂ ਦੀ ਜੇਬ ’ਚੋਂ ਪੈੱਨ ਕੱਢ ਲਿਆ। ਉਸ ਦੇ ਚਿਹਰੇ ’ਤੇ ਨਜ਼ਰ ਮਾਰੀ ਤਾਂ ਪੈੱਨ ਫੜੇ ਜਾਣ ਤੋਂ ਬਾਅਦ ਰੰਗ ਫੱਕ ਹੋ ਗਿਆ ਸੀ। ਆਪਣੀ ਕੁਰਸੀ ’ਤੇ ਆ ਕੇ ਮੈਂ ਸਭ ਨੂੰ ਅੱਖਾਂ ਖੋਲ੍ਹਣ ਲਈ ਕਿਹਾ। ਮੈਂ ਨੋਟ ਕੀਤਾ ਮੰਗੂ ਦੀਆਂ ਅੱਖਾਂ ’ਚੋਂ ਅੱਥਰੂ ਡਿੱਗਣੇ ਬਾਕੀ ਸਨ। ਉਸ ਨੂੰ ਲੱਗਦਾ ਹੋਊ ਕਿ ਹੁਣੇ ਉਸ ਨੂੰ ਚੋਰ ਗਰਦਾਨ ਦਿੱਤਾ ਜਾਵੇਗਾ। ਮੈਂ ਜ਼ਰਾ ਕੁ ਕਮਰੇ ਵਿੱਚੋਂ ਬਾਹਰ ਗਈ ਤੇ ਆ ਕੇ ਪੈੱਨ ਵਾਲੇ ਮੁੰਡੇ ਨੂੰ ਸੱਦਿਆ। ਉਸ ਕੋਲ ਝੂਠ ਬੋਲਿਆ ਕਿ ਬੇਟਾ ਤੇਰਾ ਪੈੱਨ ਤਾਂ ਬਾਹਰ ਘਾਹ ’ਤੇ ਡਿੱਗਾ ਪਿਆ ਸੀ। ਕੋਈ ਹੁਣੇ ਫੜਾ ਕੇ ਗਿਆ। ਮੈਂ ਮੰਗੂ ਦੇ ਚਿਹਰੇ ਵੱਲ ਵੀ ਵੇਖ ਰਹੀ ਸੀ। ਪੈੱਨ ਉਸ ਮੁੰਡੇ ਨੂੰ ਫੜਾਉਣ ਤੋਂ ਬਾਅਦ ਮੈਂ ਵੇਖਿਆ ਕਿ ਮੰਗੂ ਦੇ ਚਿਹਰੇ ਦੀ ਪਿਲੱਤਣ ਤੇ ਕੰਬਣੀ ਵਰਗਾ ਅਹਿਸਾਸ ਘਟਣ ਲੱਗ ਪਏ।

ਅਗਲੇ ਦਿਨ ਜਮਾਤ ਵਿੱਚ ਵੜਦਿਆਂ ਈ ਮੈਨੂੰ ਬੜੀ ਹੈਰਾਨੀ ਹੋਈ, ਕੀ ਵੇਖਦੀ ਆਂ ਕਿ ਮੰਗੂ ਸੀਟ ਬਦਲ ਕੇ ਮੂਹਰਲੀ ਕਤਾਰ ਵਿੱਚ ਬੈਠਾ ਸੀ। ਪਹਿਲਾਂ ਦੇ ਮੁਕਾਬਲੇ ਉਹ ਚੰਗਾ ਚੰਗਾ ਲੱਗ ਰਿਹਾ ਸੀ। ਧਿਆਨ ਨਾਲ ਵੇਖਿਆ ਤਾਂ ਵਾਲ ਵਾਹੇ ਹੋਏ ਸੀ ਤੇ ਕੱਪੜੇ ਹੈ ਤਾਂ ਉਹੀ, ਪਰ ਪਹਿਲਾਂ ਤੋਂ ਸਾਫ਼ ਸਨ। ਮੈਂ ਨੋਟ ਕੀਤਾ ਕਿ ਉਹ ਜਮਾਤ ਦੇ ਸਬਕ ਬਾਰੇ ਮੇਰੀ ਹਰ ਗੱਲ ਕਾਪੀ ’ਤੇ ਲਿਖ ਰਿਹਾ ਸੀ। ਉਸ ਦਿਨ ਉਸ ਦੇ ਚਿਹਰੇ ਉਤੇ ਉਦਾਸੀ ਨਾਂਮਾਤਰ ਸੀ। ਬੇਸ਼ੱਕ ਮੇਰੇ ਲਈ ਜਮਾਤ ਦੇ ਸਾਰੇ ਬੱਚੇ ਇੱਕੋ ਜਿਹੇ ਸਨ, ਪਰ ਅਗਲੇ ਦਿਨਾਂ ਵਿੱਚ ਮੈਨੂੰ ਲੱਗਣ ਲੱਗਾ ਕਿ ਮੈਂ ਉਸ ਵੱਲ ਜ਼ਿਆਦਾ ਧਿਆਨ ਦੇ ਰਹੀ ਹਾਂ। ਹਫ਼ਤੇ ਕੁ ਵਿੱਚ ਉਹ ਮੇਰੇ ਨਾਲ ਕਾਫ਼ੀ ਖੁੱਲ੍ਹ ਗਿਆ। ਉਹ ਰੋਜ਼ ਮੇਰੇ ਤੋਂ ਕਈ ਸਵਾਲਾਂ ਦੇ ਜਵਾਬ ਪੁੱਛਣ ਲੱਗ ਪਿਆ। ਦਿਨ ਪ੍ਰਤੀ ਦਿਨ ਉਸ ਵਿੱਚ ਆ ਰਿਹਾ ਫ਼ਰਕ ਵੇਖ ਕੇ ਮੈਨੂੰ ਤਸੱਲੀ ਹੋ ਰਹੀ ਸੀ। ਮੈਨੂੰ ਉਹ ਪੈੱਨ ਵਾਲੀ ਗੱਲ ਭੁੱਲ ਗਈ ਹੋਈ ਸੀ। ਦੋ ਕੁ ਹਫ਼ਤੇ ਲੰਘੇ ਹੋਣਗੇ, ਅੱਧੀ ਛੁੱਟੀ ਵੇਲੇ ਮੈਂ ਸਟਾਫ਼ ਰੂਮ ਜਾਣ ਦੀ ਬਜਾਏ ਜਮਾਤ ਵਿੱਚ ਬੈਠੀ ਰਹੀ। ਮੰਗੂ ਵੀ ਜਮਾਤ ’ਚੋਂ ਬਾਹਰ ਨਹੀਂ ਗਿਆ। ਉਹ ਉੱਠਿਆ ਤੇ ਝਕਦਾ ਝਕਦਾ ਕਹਿੰਦਾ “ਭੈਣ ਜੀ ਤਬੀਅਤ ਠੀਕ ਐ?” ਉਸ ਦੇ ਸਵਾਲ ’ਤੇ ਮੈਨੂੰ ਹੈਰਾਨੀ ਤਾਂ ਹੋਈ, ਪਰ ਚੰਗਾ ਵੀ ਲੱਗਾ। ਮਿੰਟ ਕੁ ਬਾਅਦ ਕਹਿੰਦਾ, “ਭੈਣ ਜੀ ਸਾਈਕਲ ਪਿੱਛੇ ਬੈਠ ਜਾਂਦੇ ਓ?” ਉਸ ਦੇ ਸਵਾਲ ’ਤੇ ਮੈਨੂੰ ਹੈਰਾਨੀ ਦੇ ਨਾਲ ਮਨ ਵਿੱਚ ਸਵਾਲ ਪੈਦਾ ਹੋਏ। ਮੇਰੇ ਹਾਂ ਕਹਿਣ ’ਤੇ ਕਹਿੰਦਾ, “ਇੱਕ ਬੇਨਤੀ ਕਰਨ ਲੱਗਾਂ, ਨਾਂਹ ਕਰਕੇ ਮੇਰਾ ਦਿਲ ਨਾ ਤੋੜਿਓ।“ ਉਸ ਦੀ ਗੱਲ ਨੇ ਮੇਰੀ ਉਤਸੁਕਤਾ ਵਧਾਈ ਕਿ ਉਹ ਕੀ ਕਹੂ? ਕੋਈ ਵੱਡਾ ਹੁੰਦਾ ਤਾਂ ਸ਼ਾਇਦ ਕੋਈ ਸ਼ੱਕ ਪੁੰਗਰਦਾ, ਪਰ ਨਿਆਣਾ ਹੋਣ ਕਾਰਨ ਸੂਈ ਉਸ ਪਾਸੇ ਲਿਜਾਣਾ ਮੇਰੀ ਗਲਤੀ ਹੁੰਦੀ। ਮੈਂ ਕਿਹਾ ਦੱਸ ਤੇ ਸਹੀ, ਪਰ ਉਹ ਅੜ ਗਿਆ ਕਿ ਪਹਿਲਾਂ ਹਾਂ ਕਰਨ ਦਾ ਵਾਅਦਾ ਕਰੋ ? ਕੋਲ ਖੜ੍ਹਾ ਹੋਣ ਕਾਰਨ ਮੈਂ ਉਸ ਦੇ ਹੱਥ ਫੜਕੇ ਪਿਆਰ ਨਾਲ ਕਿਹਾ ਕਿ ਮੇਰੇ ਵੱਸ ਹੋਇਆ ਤਾਂ ਨਾਂਹ ਨਹੀਂ ਕਰੂੰਗੀ। ਕਹਿੰਦਾ, “ਕਿਸੇ ਦਿਨ ਛੁੱਟੀ ਤੋਂ ਬਾਅਦ ਸਾਡੇ ਘਰ ਚੱਲਿਓ। ਤੁਹਾਡੇ ਵਾਪਸ ਘਰ ਜਾਣ ਲਈ ਸ਼ਾਮ ਪੰਜ ਵਜੇ ਵਾਲੀ ਬੱਸ ਵੀ ਚੜ੍ਹਾ ਕੇ ਜਾਊਂਗਾ।’’ ਅਜੀਬ ਜਿਹਾ ਸਵਾਲ ਸੀ, ਪਰ ਬੱਚੇ ਦੀ ਮੰਗ ਅੱਗੇ ਮੈਂ ਕਿਹਾ ਕਿਸ ਦਿਨ ਚੱਲਣਾ, ਕਹਿੰਦਾ ਕੱਲ੍ਹ ਨੂੰ, ਮੈਂ ਘਰ ਦੱਸ ਆਊਂਗਾ।

ਅਗਲੇ ਦਿਨ ਚਾਅ ਵਿੱਚ ਮੰਗੂ ਦੇ ਪੈਰ ਭੁੰਜੇ ਨਹੀਂ ਸੀ ਲੱਗ ਰਹੇ। ਪਰ ਜਮਾਤ ਦੇ ਸਾਰੇ ਕੰਮ ਉਹ ਠੀਕ ਠਾਕ ਕਰੀ ਜਾ ਰਿਹਾ ਸੀ। ਛੁੱਟੀ ਤੋਂ ਪਹਿਲਾਂ ਤਿੰਨ ਵਾਰ ਪੁੱਛ ਹਟਿਆ ਸੀ ਕਿ ਦੋ ਵਜੇ ਛੁੱਟੀ ਹੁੰਦੇ ਸਾਰ ਹੀ ਤੁਰ ਪਓਗੇ ਨਾ।

ਛੁੱਟੀ ਹੋਈ, ਮੈਂ ਸਟਾਫ਼ ਰੂਮ ਗਈ, ਹਾਜ਼ਰੀ ਰਜਿਸਟਰ ਵਿੱਚ ਦਸਤਖ਼ਤ ਕੀਤੇ ਤੇ ਵੇਖਿਆ ਮੰਗੂ ਸਾਈਕਲ ਦੀ ਪਿਛਲੀ ਸੀਟ ’ਤੇ ਕੱਪੜਾ ਮਾਰ ਰਿਹਾ ਸੀ। ਉਸ ਦੇ ਕੋਲ ਖੜ੍ਹਾ ਉਸ ਦਾ ਜਮਾਤੀ ਉਸ ਨੂੰ ਛੇੜ ਰਿਹਾ ਸੀ ਕਿ ਅੱਜ ਤੂੰ ਸਾਈਕਲ ਬੜਾ ਲਿਸ਼ਕਾਇਆ ਹੋਇਐ। ਪਰ ਉਹਦੀ ਟਿਕਟਿਕੀ ਮੇਰੇ ਵੱਲ ਸੀ। ਸ਼ਾਇਦ ਉਸ ਦੇ ਮਨ ਵਿੱਚ ਮੇਰੇ ਵੱਲੋਂ ਉਸ ਦੇ ਘਰ ਜਾਣ ਦਾ ਭਰੋਸਾ ਨਾ ਬੱਝ ਰਿਹਾ ਹੋਵੇ। ਬੱਸ ’ਤੇ ਜਾਣ ਵਾਲੀਆਂ ਆਪਣੀਆਂ ਸਾਥਣਾਂ ਨੂੰ ਮੈਂ ਅਗਲੀ ਬੱਸ ’ਤੇ ਜਾਣ ਬਾਰੇ ਕਹਿ ਕੇ ਮੰਗੂ ਨੂੰ ਕਿਹਾ ਚੱਲੀਏ। ਮੈਂ ਦੇਖਿਆ ਜਿਵੇਂ ਮੰਗੂ ਦਾ ਮਨ ਅਸਮਾਨੀਂ ਛਾਲਾਂ ਮਾਰਨ ਲੱਗ ਪਿਆ ਹੋਵੇ ਤੇ ਅਗਲੇ ਪਲ ਮੈਂ ਸਾਈਕਲ ਪਿੱਛੇ ਬੈਠੀ ਉਸ ਦੇ ਪਿੰਡ ਵੱਲ ਜਾ ਰਹੀ ਸਾਂ। ਮੰਗੂ ਵਾਹੋਦਾਹੀ ਸਾਈਕਲ ਭਜਾ ਰਿਹਾ ਸੀ। ਵਿਚਵਾਰ ਮੈਨੂੰ ਬੱਚੇ ਦੇ ਪਿੱਛੇ ਬੈਠੀ ਹੋਣਾ ਤੇ ਮੰਗੂ ਵੱਲੋਂ ਪੁਰਾਣੇ ਸਾਈਕਲ ਨੂੰ ਜ਼ੋਰ ਲਾ ਕੇ ਚਲਾਏ ਜਾਣਾ ਚੰਗਾ ਨਾ ਲੱਗਿਆ। ਉਸ ਦੇ ਘਰ ਤੋਂ ਪਹਿਲਾਂ ਕੁਝ ਰਸਤਾ ਕੱਚਾ ਸੀ। ਮੈਂ ਵੇਖਿਆ, ਮੰਗੂ ਘੱਟਾ ਉੱਡਣੋਂ ਡਰ ਰਿਹਾ ਸੀ। ਸੋਚਦਾ ਹੋਣੈ, ਭੈਣ ਜੀ ਦੇ ਕੱਪੜੇ ਨਾ ਖ਼ਰਾਬ ਹੋਣ।

ਉਸ ਦੇ ਕੱਚੇ ਜਿਹੇ ਘਰ ਪਹੁੰਚ ਕੇ ਜੋ ਵੇਖਿਆ ਤੇ ਮਹਿਸੂਸ ਕੀਤਾ, ਉਸ ਦੇ ਜ਼ਿਕਰ ਲਈ ਸ਼ਬਦ ਬੌਣੇ ਪੈ ਜਾਣਗੇ। ਉਸ ਦਾ ਬਾਪ ਕਈ ਸਾਲ ਪਹਿਲਾਂ ਫੈਕਟਰੀ ਵਿੱਚ ਹੋਏ ਹਾਦਸੇ ਵਿੱਚ ਮਰ ਗਿਆ ਸੀ। ਉਸ ਦੀ ਤਾਈ ਉਸ ਤੋਂ ਪਹਿਲਾਂ ਮਰ ਗਈ ਹੋਣ ਕਾਰਨ ਪਿੰਡ ਵਾਲਿਆਂ ਦੇ ਕਹਿਣ ’ਤੇ ਉਸ ਦੀ ਮਾਂ ਤੇ ਤਾਇਆ ਪਤੀ-ਪਤਨੀ ਬਣ ਗਏ ਸਨ ਤੇ ਤਾਏ ਦੇ ਚਾਰ ਬੱਚਿਆਂ ਸਮੇਤ ਮੰਗੂ ਦੀ ਮਾਂ ਸੱਤ ਬੱਚੇ ਪਾਲ ਰਹੀ ਸੀ। ਮੰਗੂ ਇਸ ਗੱਲੋਂ ਚਿੜਦਾ ਸੀ ਕਿ ਉਸ ਦੀ ਮਾਂ ਉਸ ਦੇ ਚਚੇਰੇ ਭਰਾਵਾਂ ਨਾਲ ਉਸ ਦੇ ਜਿੰਨਾ ਪਿਆਰ ਕਿਉਂ ਕਰਦੀ ਹੈ। ਯਾਨੀ ਉਸ ਨੂੰ ਮਮਤਾ ਦੀ ਵੰਡ ਪਸੰਦ ਨਹੀਂ ਸੀ। ਉੱਧਰ ਉਸ ਦੀ ਮਾਂ ਨੂੰ ਡਰ ਰਹਿੰਦਾ, ਮਤੇ ਕੋਈ ਵਿਤਕਰਾ ਹੋ ਜਾਵੇ ਤੇ ਉਸ ਨੂੰ ਕੋਈ ਮਤਰੇਈ ਨਾ ਕਹਿ ਦੇਵੇ। ਉਂਜ ਵੀ ਘਰ ਦਾ ਗੁਜ਼ਾਰਾ ਕਾਫ਼ੀ ਔਖਾ ਚੱਲਦਾ ਹੋਣ ਦੇ ਸਾਰੇ ਸਬੂਤ ਮੇਰੇ ਸਾਹਮਣੇ ਸਨ। ਮੇਰਾ ਉਨ੍ਹਾਂ ਦੇ ਘਰ ਜਾਣ ਦਾ ਚਾਅ ਮੰਗੂ ਵਾਂਗ ਹੀ ਉਸ ਦੀ ਮਾਂ ਤੋਂ ਵੀ ਸੰਭਾਲਿਆ ਨਹੀਂ ਸੀ ਜਾ ਰਿਹਾ। ਉਸ ਦੀ ਮਾਂ ਨੇ ਮੇਰੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਵਾਰ ਵਾਰ ਮੈਨੂੰ ਧੀਏ ਕਹਿਣਾ ਉਸ ਨੂੰ ਚੰਗਾ ਲੱਗ ਰਿਹਾ ਸੀ। ਮੈਨੂੰ ਹੋਰ ਹੈਰਾਨੀ ਉਸ ਵੇਲੇ ਹੋਈ ਜਦੋਂ ਪਤਾ ਲੱਗਾ ਕਿ ਮੰਗੂ ਨੇ ਉਹ ਪੈੱਨ ਚੋਰੀ ਵਾਲੀ ਸਾਰੀ ਗੱਲ ਆਪਣੀ ਮਾਂ ਨੂੰ ਵੀ ਦੱਸੀ ਹੋਈ ਸੀ। ਮੈਨੂੰ ਉਸ ਵੇਲੇ ਆਪਣੇ ਮਾਪਿਆਂ ਵੱਲੋਂ ਦਿੱਤੀਆਂ ਸਿੱਖਿਆਵਾਂ ਉੱਤੇ ਹੋਰ ਫ਼ਖਰ ਮਹਿਸੂਸ ਹੋਇਆ ਜਦੋਂ ਮੰਗੂ ਦੀ ਮਾਂ ਨੇ ਕਿਹਾ ਕਿ ਤੁਸੀਂ ਤਾਂ ਜੀ ਇਸ ਨੂੰ ਧੁਰ ਅੰਦਰ ਤੱਕ ਬਦਲ ਕੇ ਰੱਖ ਦਿੱਤਾ। ਮੰਗੂ ਨੇ ਮਾਂ ਨੂੰ ਦੱਸਿਆ ਸੀ ਕਿ ਜੇਕਰ ਉਸ ਦਿਨ ਭੈਣ ਜੀ ਸਾਰਿਆਂ ਦੇ ਸਾਹਮਣੇ ਮੇਰੀ ਜੇਬ ਵਿੱਚੋਂ ਪੈੱਨ ਕੱਢ ਕੇ ਮੈਨੂੰ ਚੋਰ ਕਹਿ ਦਿੰਦੇ ਤਾਂ ਮੈਂ ਸਕੂਲੋਂ ਆਉਂਦਿਆਂ ਨਹਿਰ ਵਿੱਚ ਛਾਲ ਮਾਰ ਦੇਣੀ ਸੀ ਤੇ ਫਿਰ ਪਤਾ ਨਹੀਂ ਲਾਸ਼ ਵੀ ਲੱਭਦੀ ਕਿ ਨਾ। ਤੂੰ ਤਾਂ ਧੀਏ ਭਰਾ ਨੂੰ ਮਰਨੋ ਈ ਨਹੀਂ ਬਚਾਇਆ, ਸਗੋਂ ਉਸ ਨੂੰ ਸਾਰੇ ਦਾ ਸਾਰਾ ਬਦਲਤਾ। ਤੁਰਨ ਵੇਲੇ ਉਸ ਨੇ ਮੈਨੂੰ ਕੁਝ ਕੱਪੜੇ ਦਿੰਦਿਆਂ ਇਹ ਕਹਿ ਕੇ ਨਾਂਹ ਪੱਖੋਂ ਮੇਰਾ ਮੂੰਹ ਬੰਦ ਕਰਤਾ ਕਿ ਧੀਆਂ ਨੂੰ ਘਰੋਂ ਖਾਲੀ ਨਹੀਂ ਤੋਰੀਦਾ।

ਉਸ ਦਿਨ ਤੋਂ ਬਾਅਦ ਮੰਗੂ ਵਿੱਚੋਂ ਮੈਨੂੰ ਸੱਚ ਮੁੱਚ ਦਾ ਭਰਾ ਦਿਸਣ ਲੱਗਿਆ। ਮੰਗੂ ਦੇ ਵਰਤਾਉ ਵਿੱਚ ਵੱਡਾ ਫ਼ਰਕ ਆਉਣ ਲੱਗਿਆ। ਮੈਂ ਜਾਣ ਗਈ ਸੀ ਕਿ ਉਸ ਦਾ ਪਰਿਵਾਰ ਉਸ ਦੀ ਪੜ੍ਹਾਈ ਦੇ ਕਈ ਖ਼ਰਚੇ ਉਠਾ ਸਕਣ ਤੋਂ ਅਸਮਰੱਥ ਹੈ, ਇਸੇ ਲਈ ਗਾਰੇ ਬਗਾਹੇ, ਪਰ ਲੁਕਵੇਂ ਜਿਹੇ ਢੰਗ ਨਾਲ ਮੈਂ ਉਸ ਦੀ ਮਦਦ ਕਰਦੀ ਰਹਿੰਦੀ ਤਾਂ ਕਿ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਏ। ਬਾਅਦ ਵਿੱਚ ਉਹ ਆਪਣੀ ਜਮਾਤ ’ਚੋਂ ਅੱਵਲ ਆਉਣ ਵਾਲਿਆਂ ਦੀ ਕਤਾਰ ਵਿੱਚ ਖੜ੍ਹਨ ਲੱਗ ਪਿਆ ਸੀ। ਸਾਰੇ ਸਕੂਲ ਲਈ ਹੈਰਾਨੀ ਉਸ ਵੇਲੇ ਹੋਈ ਜਦੋਂ ਬੋਰਡ ਵੱਲੋਂ ਲਏ ਜਾਂਦੇ ਦਸਵੀਂ ਦੇ ਇਮਤਿਹਾਨ ਦਾ ਨਤੀਜਾ ਨਿਕਲਿਆ। ਮੰਗੂ ਦਾ ਨਾਂਅ ਬੋਰਡ ਦੀ ਮੈਰਿਟ ਲਿਸਟ ਵਿੱਚ ਦੂਜੇ ਨੰਬਰ ’ਤੇ ਸੀ। ਸਾਰੇ ਪੰਜਾਬ ਵਿੱਚ ਸਾਡੇ ਸਕੂਲ ਦੀ ਗੱਲ ਹੋਣ ਲੱਗੀ। ਇੰਜ ਦਾ ਸੁਪਨਾ ਤਾਂ ਸਾਡੇ ਸਟਾਫ਼ ਵਿੱਚੋਂ ਵੀ ਕਿਸੇ ਨੇ ਨਹੀਂ ਸੀ ਲਿਆ। ਸੂਬੇ ਵਿੱਚੋਂ ਦੂਜਾ ਨੰਬਰ ਤਾਂ ਦੂਰ ਦੀ ਗੱਲ ਕਦੇ ਕਿਸੇ ਇਹ ਵੀ ਨਹੀਂ ਸੀ ਸੋਚਿਆ ਕਿ ਸਾਡੇ ਸਕੂਲ ਦਾ ਕੋਈ ਵਿਦਿਆਰਥੀ ਮੈਰਿਟ ਵਿੱਚ ਆ ਸਕਦਾ। ਸਰਕਾਰ ਅਤੇ ਕਈ ਸਮਾਜ ਸੇਵੀਆਂ ਵੱਲੋਂ ਉਸ ਨੂੰ ਵੱਡੇ ਵੱਡੇ ਤੋਹਫ਼ੇ ਦਿੱਤੇ ਗਏ। ਇੱਕ ਪਿੱਛੜੇ ਜਿਹੇ ਪਿੰਡ ਦੇ ਗ਼ਰੀਬ ਪਰਿਵਾਰ ਦਾ ਬੱਚਾ ਐਨੇ ਨੰਬਰ ਲੈ ਸਕਦਾ, ਸਭ ਨੂੰ ਹੈਰਾਨ ਕਰਨ ਵਾਲੀ ਗੱਲ ਸੀ। ਕਈ ਕਾਲਜਾਂ ਵੱਲੋਂ ਉਸ ਨੂੰ ਪੜ੍ਹਾਈ ਤੇ ਹੋਸਟਲ ਰਿਹਾਇਸ਼ ਮੁਫ਼ਤ ਦੇਣ ਦੀਆਂ ਪੇਸ਼ਕਸ਼ਾਂ ਕੀਤੀਆਂ ਗਈਆਂ। ਇਸ ਪ੍ਰਾਪਤੀ ਨੇ ਹੋਰ ਗੱਲਾਂ ਦੇ ਨਾਲ ਨਾਲ ਉਸ ਨੂੰ ਮੰਗੂ ਤੋਂ ਮੰਗਲ ਦਾਸ ਬਣਾ ਦਿੱਤਾ ਸੀ। ਉਸ ਦੇ ਯਾਰ ਬੇਲੀ ਵੀ ਉਸ ਨੂੰ ਮੰਗਲ ਦਾਸ ਕਹਿਣ ਲੱਗ ਪਏ, ਪਰ ਮੇਰੇ ਮੂੰਹੋਂ ਮੰਗਲ ਦਾਸ ਸੁਣ ਕੇ ਉਹ ਔਖਾ ਹੋ ਜਾਂਦਾ। ਇੱਕ ਦਿਨ ਉਸ ਨੇ ਇਹ ਕਹਿ ਕੇ ਮੇਰੇ ਮੂੰਹੋਂ ਮੰਗੂ ਸੁਣਨ ਦਾ ਵਾਅਦਾ ਲੈ ਲਿਆ ਕਿ ਵੱਡੀਆਂ ਭੈਣਾਂ ਲਈ ਛੋਟਾ ਭਰਾ ਉਹੀ ਰਹਿੰਦਾ, ਚਾਹੇ ਉਹ ਵੱਡਾ ਹੋ ਕੇ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂ ਨਾ ਬਣ ਜਾਵੇ।

ਉਸ ਦੇ ਘਰ ਜਾਣ ਤੋਂ ਬਾਅਦ ਉਹ ਆਪਣੇ ਮਨ ਦੀ ਹਰ ਗੱਲ ਮੇਰੇ ਨਾਲ ਸਾਂਝੀ ਕਰਨ ਲੱਗ ਪਿਆ। ਅਗਲੀ ਪੜ੍ਹਾਈ ਦਾ ਫ਼ੈਸਲਾ ਉਸ ਨੇ ਮੇਰੇ ’ਤੇ ਸੁੱਟ ਦਿੱਤਾ। ਮੈਨੂੰ ਸੋਚਣ ਵਿੱਚ ਮੈਨੂੰ ਕਈ ਦਿਨ ਲੱਗ ਗਏ। ਉਸ ਨੂੰ ਇੱਕ ਹੋਟਲ ਕੰਪਨੀ ਵੱਲੋਂ ਮੁਫ਼ਤ ਪੜ੍ਹਾਉਣ ਦੀ ਪੇਸ਼ਕਸ਼ ਆ ਗਈ, ਜਿਸ ਨੂੰ ਤੁਰੰਤ ਮੰਨਣ ਲਈ ਮੈਂ ਉਸ ਨੂੰ ਕਹਿ ਦਿੱਤਾ ਤੇ ਉਹ ਆਪਣੀ ਮਾਂ ਦੀ ਸਹਿਮਤੀ ਨਾਲ ਦਿੱਲੀ ਚਲੇ ਗਿਆ। ਉੱਥੇ ਉਹ ਦਿਨੇ ਕਾਲਜ ਜਾਂਦਾ ਤੇ ਸ਼ਾਮ ਨੂੰ ਆਪਣੀ ਮਰਜ਼ੀ ਨਾਲ ਕੁਝ ਘੰਟੇ ਉਸ ਵੱਡੇ ਹੋਟਲ ਵਿੱਚ ਜਾ ਕੇ ਉੱਥੇ ਦੇ ਪ੍ਰਬੰਧਾਂ ਨੂੰ ਵੇਖਦਾ ਰਹਿੰਦਾ। ਕੁਝ ਸਿੱਖਣ ਦੀ ਰੁਚੀ ਤੇ ਨਿੱਘੇ ਸੁਭਾਅ ਕਾਰਨ ਹੋਟਲ ਅਮਲੇ ਵਾਲੇ ਉਸ ਨੂੰ ਪਿਆਰ ਕਰਦੇ। ਇੰਜ ਉੱਥੇ ਵਿਚਰਦੇ ਹੋਏ ਉਹ ਆਪਣੀ ਉਚੇਰੀ ਪੜ੍ਹਾਈ ਦੇ ਨਾਲ ਨਾਲ ਪ੍ਰਾਹੁਣਾਚਾਰੀ ਦੀਆਂ ਬਾਰੀਕੀਆਂ ਨੂੰ ਸਮਝਦਾ ਤੇ ਵਿਚਾਰਦਾ ਰਿਹਾ। ਉਹ ਪ੍ਰਬੰਧਕੀ ਸਮੱਸਿਆਵਾਂ ਦੇ ਹੱਲ ਲੱਭਣ ਵਿੱਚ ਮਾਹਿਰ ਹੁੰਦਾ ਗਿਆ।’’

ਇੱਥੇ ਆ ਕੇ ਰਾਜ ਰਾਣੀ ਕੁਝ ਰੁਕੀ। ਮੈਂ ਵੇਖਿਆ ਕਿ ਉਸ ਦੇ ਚਿਹਰੇ ’ਤੇ ਕਿਸੇ ਜਿੱਤ ਦਾ ਨੂਰ ਪਹਿਲਾਂ ਤੋਂ ਵੀ ਵੱਧ ਡਲ੍ਹਕਣ ਲੱਗ ਪਿਆ ਸੀ। ਸ਼ਾਇਦ ਉਹ ਕਹਿਣਾ ਚਾਹੁੰਦੀ ਹੋਵੇ ਕਿ ਕੋਈ ਮਨੁੱਖ ਸਾਰਾ ਕੁਝ ਮਾਂ ਦੇ ਪੇਟ ’ਚੋਂ ਸਿੱਖ ਕੇ ਨਹੀਂ ਆਉਂਦਾ, ਹਾਲਾਤ ਉਸ ਨੂੰ ਆਪਣੇ ਸਾਂਚੇ ਵਿੱਚ ਢਾਲ ਦਿੰਦੇ ਨੇ।

‘‘ਬਸ, ਮਨਜੀਤ ਜੀ, ਇਸ ਤੋਂ ਅਗਾਂਹ ਮੰਗਲ ਦਾਸ ਦੇ ਹੁਣ ਵਾਲੇ ਮੁਕਾਮ ਅਤੇ ਉਸ ਦੀਆਂ ਸਫਲਤਾਵਾਂ ਬਾਰੇ ਸਾਰਾ ਕੁਝ ਤੁਸੀਂ ਉਸ ਲੇਖ ਵਿੱਚ ਪੜ੍ਹ ਚੁੱਕੇ ਹੋ।’’

ਮੇਰੇ ਕੋਲ ਵੀ ਉਸ ਤੋਂ ਹੋਰ ਪੁੱਛਣ ਲਈ ਤਾਂ ਕੁਝ ਨਹੀਂ ਸੀ ਬਚਿਆ, ਪਰ ਸਮਾਜ ਨੂੰ ਕੀਤੇ ਜਾਣ ਵਾਲੇ ਸਵਾਲਾਂ ਦੀ ਪੰਡ ਦਾ ਭਾਰ ਲੈ ਕੇ ਮੈਂ ਆਪਣੇ ਸ਼ਹਿਰ ਦਾ ਸਫ਼ਰ ਮੁਕਾਉਂਦੇ ਹੋਏ ਸੋਚ ਰਿਹਾ ਸੀ ਕਿ ਸਮਾਜ ਸਿਰਜਣਾ ਲਈ ਕੁਦਰਤ ਬਹੁਤ ਸਾਰੀਆਂ ਰਾਜ ਰਾਣੀਆਂ ਕਿਉਂ ਪੈਦਾ ਨਹੀਂ ਕਰਦੀ?
ਸੰਪਰਕ: +16044427676



News Source link
#ਰਜ #ਰਣ

- Advertisement -

More articles

- Advertisement -

Latest article