36.3 C
Patiāla
Thursday, May 2, 2024

ਭਾਰਤ ਤੇ ਰੂਸ ਹੋਰ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ

Must read


ਨਵੀਂ ਦਿੱਲੀ, 12 ਮਾਰਚ

ਭਾਰਤ ਅਤੇ ਰੂਸ ਨੇ ‘ਸਿਧਾਂਤਕ ਤੌਰ ’ਤੇ’ ਆਪਣੇ ਦੁਵੱਲੇ ਹਵਾਈ ਸੇਵਾ ਸਮਝੌਤੇ ਨੂੰ ਸੋਧਣ ਲਈ ਸਹਿਮਤੀ ਜਤਾਈ ਹੈ, ਜਿਸ ਤਹਿਤ ਰੂਸੀ ਜਹਾਜ਼ਾਂ ਨੂੰ ਵੱਖ-ਵੱਖ ਭਾਰਤੀ ਸ਼ਹਿਰਾਂ ਲਈ ਹਫ਼ਤਾਵਾਰੀ 64 ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੌਜੂਦਾ ਸਮਝੌਤੇ ਤਹਿਤ ਰੂਸ ਭਾਰਤ ਵੱਲ ਹਫ਼ਤਾਵਾਰੀ 52 ਨਾਗਰਿਕ ਉਡਾਣਾਂ ਚਲਾ ਸਕਦਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਨੇ ਸਿਧਾਂਤਕ ਤੌਰ ’ਤੇ ਹਫ਼ਤਾਵਾਰੀ ਹਵਾਈ ਉਡਾਣਾਂ ਦੀ ਗਿਣਤੀ 52 ਤੋਂ ਵਧਾ ਕੇ 64 ਕਰਨ ਲਈ ਸਹਿਮਤੀ ਜਤਾਈ ਹੈ, ਜੋ ਰੂਸੀ ਹਵਾਈ ਕੰਪਨੀਆਂ ਭਾਰਤ ਲਈ ਚਲਾ ਸਕਦੀਆਂ ਹਨ। ਇਸ ਦੁਵੱਲੇ ਹਵਾਈ ਸਮਝੌਤੇ ਵਿੱਚ ਸਮੇਂ ਸਿਰ ਸੋਧ ਕੀਤੀ ਜਾਵੇਗੀ। ਮੌਜੂਦਾ ਸਮੇਂ ਦੌਰਾਨ ਐਰੋਫਲੋਟ ਭਾਰਤ ਲਈ ਸੱਤ ਹਫ਼ਤਾਵਾਰੀ ਹਵਾਈ ਉਡਾਣਾਂ ਚਲਾ ਰਹੀ ਹੈ, ਜਦ ਕਿ ਕੋਈ ਵੀ ਭਾਰਤੀ ਏਅਰਲਾਈਨ ਰੂਸ ਲਈ ਉਡਾਣ ਨਹੀਂ ਭਰ ਰਹੀ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਮਾਸਕੋ ਲਈ ਹਵਾਈ ਉਡਾਣਾਂ ਚਲਾਉਂਦੀ ਸੀ। ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਅਧਿਕਾਰੀ ਨੇ ਦੱਸਿਆ ਕਿ ਰੂਸੀ ਕੰਪਨੀ ਨੂੰ ਭਾਰਤ ਲਈ ਹਫ਼ਤਾਵਰੀ ਉਡਾਣਾਂ ਕੁੱਲ ਸੰਖਿਆ ਦੇ ਕੋਟੇ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਵਿੱਚ ਕੁਝ ਸਮਾਂ ਲੱਗੇਗਾ। ਪਿਛਲੇ ਮਹੀਨੇ ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬਾਂਸਲ ਦੀ ਅਗਵਾਈ ਹੇਠ ਇੱਕ ਭਾਰਤੀ ਵਫ਼ਦ ਨੇ ਸ਼ਹਿਰੀ ਹਵਾਬਾਜ਼ੀ ਵਿੱਚ ਦੁਵੱਲੇ ਸਹਿਯੋਗ ਨਾਲ ਸਬੰਧਤ ਮੀਟਿੰਗ ਲਈ ਮਾਸਕੋ ਦਾ ਦੌਰਾ ਕੀਤਾ ਸੀ।

ਭਾਰਤ-ਰੂਸ ਦੁਵੱਲੇ ਹਵਾਈ ਸੇਵਾ ਸਮਝੌਤੇ ਤਹਿਤ ਰੂਸੀ ਕੈਰੀਅਰ ਭਾਰਤ ਵਿੱਚ ਛੇ ਮੰਜ਼ਿਲਾਂ: ਦਿੱਲੀ, ਮੁੰਬਈ, ਕੋਲਕਾਤਾ, ਗੋਆ, ਅੰਮ੍ਰਿਤਸਰ ਅਤੇ ਅਹਿਮਦਾਬਾਦ ਲਈ ਉਡਾਣਾਂ ਚਲਾ ਸਕਦੇ ਹਨ। -ਪੀਟੀਆਈ



News Source link

- Advertisement -

More articles

- Advertisement -

Latest article