43.2 C
Patiāla
Thursday, May 16, 2024

ਹਵਾਈ ਚੱਪਲ ਪਾਉਣ ਵਾਲਿਆਂ ਨੂੰ ਹੁਣ ਹਵਾਈ ਜਹਾਜ਼ ’ਚ ਸਫ਼ਰ ਕਰਨਾ ਚਾਹੀਦਾ: ਮੋਦੀ

Must read


ਸ਼ਿਵਮੋਗਾ, 27 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਵਾਈ ਚੱਪਲ ਪਹਿਨਣ ਵਾਲੇ ਆਮ ਲੋਕਾਂ ਨੂੰ ਹੁਣ ਹਵਾਈ ਜਹਾਜ਼ ’ਚ ਸਫ਼ਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਹੁੰਦਾ ਦੇਖ ਰਹੇ ਹਨ। ਸ਼ਿਵਮੋਗਾ ਹਵਾਈ ਅੱਡੇ ਦਾ ਉਦਘਾਟਨ ਕਰਨ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ’ਚ ਦੇਸ਼ ਨੂੰ ਹਜ਼ਾਰਾਂ ਹਵਾਈ ਜਹਾਜ਼ਾਂ ਦੀ ਲੋੜ ਹੋਵੇਗੀ ਅਤੇ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ’ਚ ਹੀ ਜਹਾਜ਼ ਬਣਨੇ ਸ਼ੁਰੂ ਹੋ ਜਾਣਗੇ। ਕਾਂਗਰਸ ’ਤੇ ਵਰ੍ਹਦਿਆਂ ਸ੍ਰੀ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਕਾਂਗਰਸ ਹਕੂਮਤ ਦੌਰਾਨ ਏਅਰ ਇੰਡੀਆ ਦੀ ਨਕਾਰਾਤਮਕ ਢੰਗ ਨਾਲ ਚਰਚਾ ਹੁੰਦੀ ਸੀ ਅਤੇ ਇਸ ਦੀ ਪਛਾਣ ਹਮੇਸ਼ਾ ਘੁਟਾਲਿਆਂ ਨਾਲ ਜੋੜ ਕੇ ਦੱਸੀ ਜਾਂਦੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਏਅਰ ਇੰਡੀਆ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਛੂਹ ਰਿਹਾ ਹੈ। ਉਨ੍ਹਾਂ ਇਥੇ 3600 ਕਰੋੜ ਰੁਪਏ ਤੋਂ ਜ਼ਿਆਦਾ ਲਾਗਤ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖੇ।

ਹਵਾਈ ਅੱਡੇ ਦਾ ਉਦਘਾਟਨ ਕਰਨਾਟਕ ਦੇ ਚਾਰ ਵਾਰ ਮੁੱਖ ਮੰਤਰੀ ਰਹੇ ਬੀ ਐੱਸ ਯੇਦੀਯੁਰੱਪਾ ਦੇ 80ਵੇਂ ਜਨਮਦਿਨ ਮੌਕੇ ਕੀਤਾ ਗਿਆ। ਇਸ ਮੌਕੇ ਸ੍ਰੀ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ਯੇਦੀਯੁਰੱਪਾ ਨੂੰ ਜਨਮਦਿਨ ਦੀਆਂ ਵਧਾਈਆਂ ਦੇਣ ਲਈ ਆਪਣੇ ਮੋਬਾਈਲ ਫੋਨਾਂ ਦੀਆਂ ਫਲੈਸ਼ਲਾਈਟਾਂ ਚਾਲੂ ਕਰਨ। ਉਨ੍ਹਾਂ ਯੇਦੀਯੁਰੱਪਾ ਵੱਲੋਂ ਜਨਤਕ ਜੀਵਨ ’ਚ ਪਾਏ ਗਏ ਯੋਗਦਾਨ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਕਰਨਾਟਕ ਵਿਧਾਨ ਸਭਾ ’ਚ ਯੇਦੀਯੁਰੱਪਾ ਵੱਲੋਂ ਦਿੱਤਾ ਗਿਆ ਭਾਸ਼ਨ ਸਾਰਿਆਂ ਲਈ ਪ੍ਰੇਰਣਾਸ੍ਰੋਤ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਨੇ ਡਬਲ ਇੰਜਣ ਸਰਕਾਰ ਨੂੰ ਮੁੜ ਮੌਕਾ ਦੇਣ ਦਾ ਮਨ ਬਣਾ ਲਿਆ ਹੈ। ਇਹ ਪ੍ਰਧਾਨ ਮੰੰਤਰੀ ਦਾ ਇਸ ਸਾਲ ਸੂਬੇ ਦਾ ਪੰਜਵਾਂ ਦੌਰਾ ਹੈ ਜਿਥੇ ਮਈ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ। ਸਰਕਾਰ ਦੀਆਂ ਨੀਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ 2014 ਤੱਕ ਦੇਸ਼ ’ਚ ਸਿਰਫ਼ 74 ਹਵਾਈ ਅੱਡੇ ਸਨ ਜਦਕਿ ਪਿਛਲੇ 9 ਸਾਲਾਂ ’ਚ 74 ਹੋਰ ਹਵਾਈ ਅੱਡਿਆਂ ਨੂੰ ਜੋੜਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਆਪਣੇ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਅਪਮਾਨ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਪਰਿਵਾਰਵਾਦ ਵਾਲੀਆਂ ਪਾਰਟੀਆਂ ਨੂੰ ਵੀ ਨਿਸ਼ਾਨਾ ਬਣਾਇਆ। ਬੇਲਗਾਵੀ ’ਚ ਮੋਦੀ ਨੇ ਪੀਐੱਮ-ਕਿਸਾਨ ਯੋਜਨਾ ਤਹਿਤ 16 ਹਜ਼ਾਰ ਕਰੋੜ ਰੁਪਏ ਦੀ 13ਵੀਂ ਕਿਸ਼ਤ ਵੀ ਜਾਰੀ ਕੀਤੀ। -ਪੀਟੀਆਈ

ਮੋਦੀ ਨੇ ਬੇਲਗਾਵੀ ਵਿੱਚ ਰੋਡ ਸ਼ੋਅ ਕੱਢਿਆ

ਬੇਲਗਾਵੀ: ਕਰਨਾਟਕ ’ਚ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਰੋਡ ਸ਼ੋਅ ਕੱਢਿਆ। ਸੜਕ ਦੇ ਦੋਵੇਂ ਪਾਸੇ ਖੜ੍ਹੇ ਵੱਡੀ ਗਿਣਤੀ ਲੋਕਾਂ ਵੱਲ ਉਹ ਹੱਥ ਹਿਲਾ ਕੇ ਉਨ੍ਹਾਂ ਦਾ ਪਿਆਰ ਕਬੂਲਦੇ ਰਹੇ। ਕਰੀਬ ਸਾਢੇ 10 ਕਿਲੋਮੀਟਰ ਲੰਬੇ ਰੋਡ ਸ਼ੋਅ ਦਾ ਪੂਰਾ ਰੂਟ ਭਗਵੇ ਰੰਗ ’ਚ ਰੰਗਿਆ ਹੋਇਆ ਸੀ। ਲੋਕ ‘ਮੋਦੀ ਮੋਦੀ’ ਦੇ ਨਾਅਰੇ ਲਗਾ ਰਹੇ ਸਨ। ਕਈ ਥਾਵਾਂ ’ਤੇ ਉਨ੍ਹਾਂ ਦੇ ਕਾਫ਼ਲੇ ਉਪਰ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਦਸ ਹਜ਼ਾਰ ਤੋਂ ਜ਼ਿਆਦਾ ਮਹਿਲਾਵਾਂ ਨੇ ਸਾੜੀ ਦੇ ਨਾਲ ਭਗਵੇ ਰੰਗ ਦਾ ਸਾਫ਼ਾ ਬੰਨ੍ਹਿਆ ਹੋਇਆ ਸੀ ਜਿਨ੍ਹਾਂ ਮੋਦੀ ਦਾ ਨਿੱਘਾ ਸਵਾਗਤ ਕੀਤਾ। ਕਈ ਥਾਵਾਂ ’ਤੇ ਸਟੇਜ ਸ਼ੋਅ ਵੀ ਕੀਤੇ ਗਏ ਜਿਨ੍ਹਾਂ ’ਚ ਦੇਸ਼ ਦੇ ਵੱਖ ਵੱਖ ਖ਼ਿੱਤਿਆਂ ਦੇ ਸੱਭਿਆਚਾਰ ਅਤੇ ਇਤਿਹਾਸਕ ਹਸਤੀਆਂ ਨੂੰ ਦਰਸਾਇਆ ਗਿਆ। ਇਸ ਦੌਰਾਨ ਭਾਜਪਾ ਸਰਕਾਰ ਦੇ ਪ੍ਰੋਗਰਾਮਾਂ ਦੀ ਵੀ ਜਾਣਕਾਰੀ ਦਿੱਤੀ ਗਈ। ਮਹਾਰਾਸ਼ਟਰ ਨਾਲ ਲਗਦਾ ਬੇਲਗਾਵੀ 18 ਸੀਟਾਂ ਨਾਲ ਸੂਬੇ ਦਾ ਦੂਜਾ ਸਭ ਤੋਂ ਵੱਡਾ ਜ਼ਿਲ੍ਹਾ ਹੈ। -ਪੀਟੀਆਈ

ਹਾਸ਼ੀਏ ’ਤੇ ਧੱਕੇ ਲੋਕਾਂ ਤੱਕ ਪਹੁੰਚ ਰਹੀ ਹੈ ਸਰਕਾਰ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਲਕੁਲ ਆਖਰੀ ਸਿਰੇ ’ਤੇ ਖੜ੍ਹੇ ਵਿਅਕਤੀ ਤੱਕ ਪਹੁੰਚਣ ਲਈ ਸੁਸ਼ਾਸਨ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਦ੍ਰਿਸ਼ਟੀਕੋਣ ’ਚ ਵਿਤਕਰੇ ਅਤੇ ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ। ਸ੍ਰੀ ਮੋਦੀ ਨੇ ਪਸਮਾਂਦਾ ਮੁਸਲਮਾਨਾਂ ਦੇ ਪੱਛੜੇਪਣ ਦਾ ਵੀ ਜ਼ਿਕਰ ਕੀਤਾ ਅਤੇ ਵੱਖ ਵੱਖ ਕਲਿਆਣਕਾਰੀ ਯੋਜਨਾਵਾਂ ਰਾਹੀਂ ਸਮਾਜ ਦੇ ਹਾਸ਼ੀਏ ’ਤੇ ਧੱਕੇ ਵਰਗਾਂ ਤੱਕ ਪਹੁੰਚਣ ਦੀਆਂ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਿਆ। ਬਜਟ ਤੋਂ ਬਾਅਦ ‘ਆਖਰੀ ਸਿਰੇ ਤੱਕ ਪਹੁੰਚਣ’ ਦੇ ਵਿਸ਼ੇ ’ਤੇ ਕਰਵਾਏ ਗਏ ਵੈਬਿਨਾਰ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਦਿਵਾਸੀਆਂ ’ਚ ਸਭ ਤੋਂ ਵੱਧ ਪੱਛੜਿਆਂ ਲਈ ਇਕ ਵਿਸ਼ੇਸ਼ ਮਿਸ਼ਨ ਸ਼ੁਰੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 200 ਤੋਂ ਵੱਧ ਜ਼ਿਲ੍ਹਿਆਂ ਅਤੇ 22 ਹਜ਼ਾਰ ਤੋਂ ਜ਼ਿਆਦਾ ਪਿੰਡਾਂ ’ਚ ਰਹਿ ਰਹੇ ਆਦਿਵਾਸੀਆਂ ਨੂੰ ਫੌਰੀ ਵੱਖ ਵੱਖ ਸਹੂਲਤਾਂ ਪ੍ਰਦਾਨ ਕਰਨੀਆਂ ਹੋਣਗੀਆਂ। -ਪੀਟੀਆਈ



News Source link

- Advertisement -

More articles

- Advertisement -

Latest article