41 C
Patiāla
Saturday, May 4, 2024

ਕੌਮਾਂਤਰੀ ਵਿਦਿਆਰਥੀਆਂ ਦੇ ਸੰਘਰਸ਼ ਦੀ ਕਹਾਣੀ ‘ਪੌੜੀ’ ਦਾ ਪ੍ਰਦਰਸ਼ਨ

Must read


ਕੈਲਗਰੀ: ਇੱਥੋਂ ਦੇ ਜੈਨੇਸਿਸ ਸੈਂਟਰ ਵਿੱਚ ਦਰਸ਼ਕਾਂ ਨੂੰ ਨਵਲਪ੍ਰੀਤ ਰੰਗੀ ਵੱਲੋਂ ਡਾਇਰੈਕਟ ਕੀਤੀ ਦਸਤਾਵੇਜ਼ੀ ਫਿਲਮ ‘ਪੌੜੀ’ ਦਿਖਾਈ ਗਈ। ਬੇਸ਼ੱਕ ਵਿਸ਼ਾ ਬੜਾ ਗੰਭੀਰ ਸੀ ਤੇ ਅਜਿਹੇ ਵਿਸ਼ਿਆਂ ’ਤੇ ਪੰਜਾਬੀ ਦਰਸ਼ਕਾਂ ਵੱਲੋਂ ਘੱਟ ਉਤਸ਼ਾਹ ਦਿਖਾਇਆ ਜਾਂਦਾ ਹੈ। ਪਰ ਪ੍ਰਬੰਧਕਾਂ ਦੀ ਆਸ ਤੋਂ ਕਿਤੇ ਵੱਧ ਦਰਸ਼ਕਾਂ ਨੇ ਇਸ ਨੂੰ ਦੇਖਣ ਵਿੱਚ ਰੁਚੀ ਦਿਖਾਈ। ਇਹ ਸਮਾਗਮ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਅਤੇ ਯੰਗਸਤਾਨ ਕੈਲਗਰੀ ਵੱਲੋਂ ਕੀਤਾ ਗਿਆ ਸੀ।

ਦਸਤਾਵੇਜ਼ੀ ਨੇ ਨਾ ਸਿਰਫ਼ ਪੰਜਾਬ ਤੋਂ ਵਿਦੇਸ਼ਾਂ ਵਿੱਚ ਆ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੰਘਰਸ਼ ਤੇ ਤਕਲੀਫ਼ਾਂ ਨੂੰ ਬਾਖੂਬੀ ਪੇਸ਼ ਕਰਦੀ ਹੈ, ਸਗੋਂ ਪੰਜਾਬ ਵਿੱਚੋਂ ਵੱਡੀ ਪੱਧਰ ’ਤੇ ਹੋ ਰਹੇ ਪਰਵਾਸ ਦੇ ਕਾਰਨਾਂ ਨੂੰ ਲੱਭਣ ਦੇ ਯਤਨ ਦੇ ਨਾਲ-ਨਾਲ ਅਨੇਕਾਂ ਮਸਲਿਆਂ ਨੂੰ ਵੀ ਛੂੰਹਦੀ ਹੈ। ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕਾਫ਼ੀ ਗਿਣਤੀ ਵਿੱਚ ਐਕਸੀਡੈਂਟ ਤੇ ਹਾਰਟ ਅਟੈਕ ਨਾਲ ਹੋ ਰਹੀਆਂ ਮੌਤਾਂ ਨੂੰ ਸਮਝਣ ਲਈ ਭਾਈਚਾਰੇ ਅੱਗੇ ਸਵਾਲ ਖੜ੍ਹੇ ਕਰਦੀ ਹੈ। ਇਸ ਮੌਕੇ ’ਤੇ ਇਸ ਦੇ ਡਾਇਰੈਕਟਰ ਨਵਲਪ੍ਰੀਤ ਰੰਗੀ ਨੇ ਦਰਸ਼ਕਾਂ ਦੇ ਰੂ-ਬ-ਰੂ ਹੁੰਦਿਆਂ, ਇਹ ਤੱਥ ਵੀ ਉਜਾਗਰ ਕੀਤਾ ਕਿ ਵਿਦਿਆਰਥੀਆਂ ਦੀਆਂ ਮੌਤਾਂ ਦੇ ਅਨੇਕਾਂ ਕਾਰਨਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਨਸ਼ਿਆਂ ਦੀ ਓਵਰਡੋਜ਼ ਹੈ। ਇਸ ਤੋਂ ਇਲਾਵਾ ਉਨੀਂਦਰਾ, ਕੰਮ ਦਾ ਸਟਰੈੱਸ, ਡਿਪਰੈਸ਼ਨ, ਆਰਥਿਕ ਸਮੱਸਿਆਵਾਂ ਆਦਿ ਅਨੇਕਾਂ ਕਾਰਨ ਹਨ, ਜਿਨ੍ਹਾਂ ਨਾਲ ਵਿਦਿਆਰਥੀ ਖ਼ੁਦਕੁਸ਼ੀਆਂ ਵੀ ਕਰ ਰਹੇ ਹਨ ਅਤੇ ਟਰੱਕਿੰਗ ਇੰਡਸਟਰੀ ਵਿੱਚ ਐਕਸੀਡੈਂਟਾਂ ਵਿੱਚ ਵੀ ਮਰ ਰਹੇ ਹਨ। ਦਸਤਾਵੇਜ਼ੀ ਬਣਾਉਣ ਵਿੱਚ ਸਹਿਯੋਗੀ ਨਵਲਪ੍ਰੀਤ ਰੰਗੀ ਦੀ ਪਤਨੀ ਜਸਲੀਨ ਕੌਰ ਨੇ ਵੀ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ।

ਇਸ ਮੌਕੇ ਤੇ ‘ਹੈਲਥੀ ਲਾਈਫ ਸਟਾਈਲ ਨਾਲੇਜ਼ ਫਾਊਂਡੇਸ਼ਨ’ ਦੇ ਪ੍ਰਧਾਨ ਡਾ. ਸੁਖਵਿੰਦਰ ਬਰਾੜ ਨੇ ਮਾਨਸਕਿ ਰੋਗਾਂ ਦੇ ਕਾਰਨਾਂ ਦੀ ਜਾਣਕਾਰੀ ਦੇ ਨਾਲ-ਨਾਲ ਉਨ੍ਹਾਂ ਦੇ ਇਲਾਜ ਲਈ ਵੀ ਨੁਸਖੇ ਸਾਂਝੇ ਕੀਤੇ। ਉਨ੍ਹਾਂ ਨੇ ਸਮਾਜ ਵਿੱਚ ਭੁੱਲਣ, ਨਸ਼ਿਆਂ ਦੇ ਰੁਝਾਨ, ਨੌਜਵਾਨਾਂ ਵਿੱਚ ਵਧ ਰਹੀ ਹਿੰਸਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਰੈੱਡ ਐੱਫਐੱਮ ਰੇਡੀਓ ਤੋਂ ਸੀਨੀਅਰ ਹੋਸਟ ਰਿਸ਼ੀ ਨਾਗਰ ਨੇ ਨੌਜਵਾਨਾਂ ਵਿੱਚ ਕਾਨੂੰਨੀ ਤੇ ਗੈਰ-ਕਾਨੂੰਨੀ ਨਸ਼ਿਆਂ ਦੇ ਵਧ ਰਹੇ ਰੁਝਾਨ ਅਤੇ ਹੋ ਰਹੀਆਂ ਮੌਤਾਂ ਬਾਰੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਸਿਰਫ਼ ਕੈਨੇਡਾ ਵਿੱਚ 2016-2022 ਤੱਕ 6 ਸਾਲਾਂ ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ 32632 ਮੌਤਾਂ ਅਤੇ ਸਾਲ 2022 ਦੇ ਪਹਿਲੇ 6 ਮਹੀਨਿਆਂ ਵਿੱਚ ਹੀ 3556 ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਸਨ।

ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਰੁਝਾਨ ਦੇ ਚੱਲਦਿਆਂ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਸੋਚਦੇ ਹਨ ਕਿ ਸ਼ਾਇਦ ਉਨ੍ਹਾਂ ਦੇ ਬੱਚੇ ਇੱਧਰ ਵੱਧ ਸੁਰੱਖਿਅਤ ਹਨ, ਪਰ ਇੱਥੇ ਨਸ਼ਿਆਂ ਦੇ ਮਾਮਲੇ ਵਿੱਚ ਹਾਲਾਤ ਪੰਜਾਬ ਤੋਂ ਕਿਤੇ ਵੱਧ ਖਰਾਬ ਹਨ। ਸਮਾਗਮ ਵਿੱਚ ਸ਼ਾਮਲ ਬੁਲਾਰਿਆਂ ਦਾ ਸਾਂਝਾ ਮੱਤ ਸੀ ਕਿ ਅਜਿਹੀਆਂ ਸਮਾਜਿਕ ਬੁਰਾਈਆਂ ਨੂੰ ਸਿਰਫ਼ ਸਰਕਾਰਾਂ ਜਾਂ ਸਮਾਜਿਕ ਸੰਸਥਾਵਾਂ ’ਤੇ ਛੱਡ ਕੇ ਨਹੀਂ ਸਰਨਾ, ਸਾਨੂੰ ਸਭ ਨੂੰ ਰਲ਼ ਕੇ ਯਤਨ ਕਰਨੇ ਪੈਣਗੇ।

ਮਾਸਟਰ ਭਜਨ ਸਿੰਘ ਤੇ ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਪ੍ਰਹਾਰ ਨੇ ਵੀ ਸੰਬੋਧਨ ਕੀਤਾ। ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਤੋਂ ਕਮਲਪ੍ਰੀਤ ਪੰਧੇਰ ਵੱਲੋਂ 12 ਮਾਰਚ ਨੂੰ ਕੈਲਗਰੀ ਡਾਊਨਟਾਊਨ ਪਬਲਿਕ ਲਾਇਬ੍ਰੇਰੀ ਥੀਏਟਰ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਤੇ ਸਿੱਖ ਵਿਰਸਾ ਵੱਲੋਂ ਅਨੀਤਾ ਸਬਦੀਸ਼ ਦੇ ਕਰਵਾਏ ਜਾ ਰਹੇ ਸੋਲੋ ਨਾਟਕ ‘ਦਿੱਲੀ ਰੋਡ ’ਤੇ ਇੱਕ ਹਾਦਸਾ’ ਬਾਰੇ ਜਾਣਕਾਰੀ ਦਿੱਤੀ ਗਈ। ਇਸ ਨਾਟਕ ਦਾ ਪੋਸਟਰ ਵੀ ਪ੍ਰਬੰਧਕਾਂ ਤੇ ਮਹਿਮਾਨਾਂ ਵੱਲੋਂ ਜਾਰੀ ਕੀਤਾ ਗਿਆ। ਸਮਾਗਮ ਦੇ ਮੁੱਖ ਬੁਲਾਰਿਆਂ ਡਾ. ਸੁਖਵਿੰਦਰ ਬਰਾੜ, ਰਿਸ਼ੀ ਨਾਗਰ ਅਤੇ ਨਵਲਪ੍ਰੀਤ ਰੰਗੀ ਨੂੰ ਕਿਤਾਬਾਂ ਦੇ ਸੈੱਟ ਭੇਟ ਕਰਕੇ ਸਨਮਾਨਿਤਾ ਕੀਤਾ ਗਿਆ।



News Source link
#ਕਮਤਰ #ਵਦਆਰਥਆ #ਦ #ਸਘਰਸ਼ #ਦ #ਕਹਣ #ਪੜ #ਦ #ਪਰਦਰਸ਼ਨ

- Advertisement -

More articles

- Advertisement -

Latest article