24.2 C
Patiāla
Monday, April 29, 2024

ਸੰਗਰੂਰ: ਜੰਗਲਾਤ ਵਿਭਾਗ ਦੇ ਵਰਕਰਾਂ ਨੇ ਵਿੱਤ ਮੰਤਰੀ ਦੀ ਕੋਠੀ ਵੱਲ ਕੀਤਾ ਸੂਬਾ ਪੱਧਰੀ ਵਿਸ਼ਾਲ ਰੋਸ ਮਾਰਚ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 7 ਫਰਵਰੀ

ਪੰਜਾਬ ਭਰ ਤੋਂ ਪੁੱਜੇ ਜੰਗਲਾਤ ਵਿਭਾਗ ਦੇ ਕੱਚੇ ਵਰਕਰਾਂ ਵਲੋਂ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਇਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਵੱਲ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਕੱਚੇ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ ਗਈ ਅਤੇ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਇਆ। ਪਹਿਲਾਂ ਜੰਗਲਾਤ ਵਿਭਾਗ ਦੇ ਵੱਖ-ਵੱਖ ਮੰਡਲਾਂ ’ਚੋਂ ਸੈਂਕੜੇ ਵਰਕਰ ਡੀਸੀ ਦਫ਼ਤਰ ਅੱਗੇ ਇਕੱਠੇ ਹੋਏ ਅਤੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮਗਰੋਂ ਵਰਕਰਾਂ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਵੱਲ ਰੋਸ ਮਾਰਚ ਸ਼ੁਰੂ ਕੀਤਾ ਗਿਆ ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਗਰੂਰ-ਲੁਧਿਆਣਾ ਹਾਈਵੇਅ ’ਤੇ ਮੁੱਖ ਚੌਕ ਵਿਚ ਹੀ ਵਿੱਤ ਮੰਤਰੀ ਪੰਜਾਬ ਨਾਲ 22 ਫਰਵਰੀ ਦੀ ਮੀਟਿੰਗ ਦੇਣ ਕਾਰਨ ਰੋਸ ਮਾਰਚ ਪਹਿਲਾਂ ਹੀ ਸਮਾਪਤ ਕਰ ਦਿੱਤਾ ਗਿਆ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰਛਪਾਲ ਯੋਧਾਨਗਰੀ, ਜਨਰਲ ਸਕੱਤਰ ਬਲਬੀਰ ਸਿੰਘ ਸਿਵੀਆਂ ਅਤੇ ਹਰਜੀਤ ਕੌਰ ਨੇ ਕਿਹਾ ਕਿ ਜੰਗਲਾਤ ਵਿਭਾਗ ਵਿਖੇ 25-25 ਸਾਲਾਂ ਤੋਂ ਵਰਕਰ ਕੱਚੇ ਤੌਰ ’ਤੇ ਸੇਵਾਵਾਂ ਨਿਭਾਅ ਰਹੇ ਹਨ ਪਰ ਵਾਅਦਾ ਕਰਨ ਦੇ ਬਾਵਜੂਦ ਸਰਕਾਰ ਵਲੋਂ ਰੈਗੂਲਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ 8 ਅਕਤੂਬਰ ਨੂੰ ਵਣ ਮੰਤਰੀ ਦੇ ਹਲਕੇ ਵਿੱਚ ਜਸਵਾਲੀ ਵਿਖੇ ਕੀਤੀ ਰੈਲੀ ਵਿੱਚ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਖ਼ੁਦ ਪਹੁੰਚ ਕੇ ਵਰਕਰਾਂ ਨੂੰ ਜਲਦੀ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ, ਜਦ ਕਿ ਹੁਣ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਕੱਚੇ ਵਰਕਰਾਂ ਨੂੰ 2027 ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਪੱਕਾ ਕਰਨ ਦੇ ਬਿਆਨ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੀ ਪਹਿਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਵਾਂਗ ਹੀ ਡੰਗ ਟਪਾਊ ਨੀਤੀ ‘ਤੇ ਚੱਲ ਰਹੀ ਹੈ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕੱਚੇ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਨਾ ਕੀਤੀਆਂ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਯੂਨੀਅਨ ਆਗੂਆਂ ਬਲਵੀਰ ਗਿੱਲਾਂਵਾਲਾ, ਨਿਰਮਲ ਗੁਰਦਾਸਪੁਰ, ਹਰਿੰਦਰ ਕੁਮਾਰ ਐਮਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਹਰਦੀਪ ਸਿੰਘ ਟੋਡਰਪੁਰ, ਸੂਬਾਈ ਆਗੂਆਂ ਸੁਖਵਿੰਦਰ ਸਿੰਘ ਲੀਲ, ਮਹਿਮਾ ਸਿੰਘ ਢਿਲੋਂ, ਹਰਜੀਤ ਸਿੰਘ ਬਾਲੀਆਂ, ਰਮਨਜੀਤ ਸੰਧੂ, ਖੁਸ਼ਮਿੰਦਰਪਾਲ ਸਿੰਘ ਤੇ ਗੁਰਚਰਨ ਸਿੰਘ ਅਕੋਈ, ਜਗਸੀਰ ਸਿੰਘ ਸ਼ੀਰਾ, ਮਹਿੰਦਰਪਾਲ ਦਸੂਹਾ, ਰਾਮ ਸਿੰਘ ਮੋਗਾ ਤੇ ਗੁਰਵਿੰਦਰ ਸਿੰਘ ਫਰੀਦਕੋਟ ਨੇ ਸੰਬੋਧਨ ਕੀਤਾ।





News Source link

- Advertisement -

More articles

- Advertisement -

Latest article