25.2 C
Patiāla
Sunday, April 28, 2024

ਅਡਾਨੀ ਗਰੁੱਪ ਦੇ ਐੱਫਪੀਓ ਨੂੰ ਨਿਵੇਸ਼ਕਾਂ ਵੱਲੋਂ ਮੱਠਾ ਹੁੰਗਾਰਾ

Must read


ਨਵੀਂ ਦਿੱਲੀ, 28 ਜਨਵਰੀ

ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੀ ਅਗਵਾਈ ਹੇਠਲੇ ਗਰੁੱਪ ਦੇ 20 ਹਜ਼ਾਰ ਕਰੋੜ ਰੁਪਏ ਦੇ ਐੱਫਪੀਓ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਉਂਜ ਗਰੁੱਪ ਨੇ ਐੱਫਪੀਓ ਤਹਿਤ ਨਿਰਧਾਰਿਤ ਕੀਮਤਾਂ ਜਾਂ ਵਿਕਰੀ ਦੀ ਤਰੀਕ ’ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਗਰੁੱਪ ਦੇ ਤਰਜਮਾਨ ਨੇ ਕਿਹਾ,‘‘ਅਡਾਨੀ ਐਂਟਰਪ੍ਰਾਇਜ਼ਿਜ ਲਿਮਟਿਡ ਦਾ ਐੱਫਪੀਓ ਤੈਅ ਸਮੇਂ ਅਤੇ ਐਲਾਨੀ ਕੀਮਤ ਮੁਤਾਬਕ ਚੱਲ ਰਿਹਾ ਹੈ। ਇਸ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਬੈਂਕਰਾਂ ਅਤੇ ਨਿਵੇਸ਼ਕਾਂ ਸਮੇਤ ਸਾਡੇ ਸਾਰੇ ਹਿੱਤਧਾਰਕਾਂ ਨੂੰ ਐੱਫਪੀਓ ’ਤੇ ਪੂਰਾ ਭਰੋਸਾ ਹੈ। ਅਸੀਂ ਐੱਫਪੀਓ ਦੀ ਸਫ਼ਲਤਾ ਨੂੰ ਲੈ ਕੇ ਆਸਵੰਦ ਹਾਂ।’’ ਅਡਾਨੀ ਗਰੁੱਪ ਨੇ ਹਿੰਡਨਬਰਗ ਦੀ ਰਿਪੋਰਟ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ ਕਿ ਇਹ ਐੱਫਪੀਓ ਨੂੰ ਨਾਕਾਮ ਕਰਨ ਦੀ ਸਾਜ਼ਿਸ਼ ਹੈ।

ਅਡਾਨੀ ਐਂਟਰਪ੍ਰਾਇਜ਼ਿਜ ਦਾ ਐੱਫਪੀਓ ਸ਼ੁੱਕਰਵਾਰ ਨੂੰ ਪਹਿਲੇ ਦਿਨ ਸਿਰਫ਼ ਇਕ ਫ਼ੀਸਦੀ ਹੀ ਭਰਿਆ। ਇਹ ਐੱਫਪੀਓ 31 ਜਨਵਰੀ ਨੂੰ ਬੰਦ ਹੋਵੇਗਾ। ਕੰਪਨੀ ਨੇ ਐੱਫਪੀਓ ਦੀ ਕੀਮਤ 3112 ਤੋਂ 3276 ਰੁਪਏ ਰੱਖੀ ਹੈ ਜਦਕਿ ਸ਼ੁੱਕਰਵਾਰ ਨੂੰ ਅਡਾਨੀ ਐਂਟਰਪ੍ਰਾਇਜ਼ਿਜ ਦਾ ਸ਼ੇਅਰ ਬੀਐੱਸਈ ’ਚ 2762.15 ਰੁਪਏ ’ਤੇ ਬੰਦ ਹੋਇਆ। ਐੱਫਪੀਓ ਖੁੱਲ੍ਹਣ ਤੋਂ ਪਹਿਲਾਂ ਅਡਾਨੀ ਐਂਟਰਪ੍ਰਾਇਜ਼ਿਜ ਨੇ ਐਂਕਰ ਯਾਨੀ ਵੱਡੇ ਨਿਵੇਸ਼ਕਾਂ ਤੋਂ 5985 ਕਰੋੜ ਰੁਪਏ ਜੁਟਾਏ ਸਨ।

ਐਂਕਰ ਬੁੱਕ ’ਚ ਵਿਦੇਸ਼ੀ ਨਿਵੇਸ਼ਕਾਂ ਤੋਂ ਇਲਾਵਾ ਐੱਲਆਈਸੀ, ਐੱਸਬੀਆਈ ਲਾਈਫ ਇੰਸ਼ੋਰੈਂਸ ਕੰਪਨੀ, ਐੱਚਡੀਐੱਫਸੀ ਲਾਈਫ ਇੰਸ਼ੋਰੈਂਸ ਕੰਪਨੀ ਅਤੇ ਸਟੇਟ ਬੈਂਕ ਆਫ਼ ਇੰਡੀਆ ਐਂਪਲਾਈਜ਼ ਪੈਨਸ਼ਨ ਫੰਡ ਸਮੇਤ ਕਈ ਘਰੇਲੂ ਸੰਸਥਾਗਤ ਨਿਵੇਸ਼ਕ ਵੀ ਸ਼ਾਮਲ ਹਨ। ਕੰਪਨੀ ਵੱਲੋਂ ਐੱਫਪੀਓ ਰਾਹੀਂ ਉਗਰਾਹੇ ਜਾਣ ਵਾਲੇ 20 ਹਜ਼ਾਰ ਕਰੋੜ ਰੁਪਏ ’ਚੋਂ 10,869 ਕਰੋੜ ਰੁਪਏ ਗਰੀਨ ਹਾਈਡਰੋਜਨ ਪ੍ਰਾਜੈਕਟਾਂ ਆਦਿ ’ਤੇ ਵਰਤੇ ਜਾਣਗੇ।

ਇਸੇ ਤਰ੍ਹਾਂ 4,165 ਕਰੋੜ ਰੁਪਏ ਹਵਾਈ ਅੱਡਿਆਂ, ਸੜਕਾਂ ਅਤੇ ਸੋਲਰ ਪ੍ਰਾਜੈਕਟਾਂ ਨਾਲ ਸਬੰਧਤ ਕੰਪਨੀਆਂ ਵੱਲੋਂ ਲਏ ਗਏ ਕਰਜ਼ਿਆਂ ਦੀ ਅਦਾਇਗੀ ਕੀਤੀ ਜਾਵੇਗੀ। -ਪੀਟੀਆਈ

ਐੱਮਐੱਸਸੀਆਈ ਨੇ ਕੰਪਨੀ ਤੋਂ ਫੀਡਬੈਕ ਮੰਗਿਆ

ਨਵੀਂ ਦਿੱਲੀ: ਇੰਡੈਕਸ ਪ੍ਰੋਵਾਈਡਰ ਐੱਮਐੱਸਸੀਆਈ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਗਲਤ ਤਰੀਕੇ ਨਾਲ ਵਧਾਏ ਜਾਣ ਦੇ ਦੋਸ਼ ਲਗਾਉਣ ਵਾਲੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਨੂੰ ਲੈ ਕੇ ਗਰੁੱਪ ਦੀਆਂ ਸਕਿਉਰਿਟੀਜ਼ ਤੋਂ ਫੀਡਬੈਕ ਮੰਗਿਆ ਹੈ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਉਹ ਇਸ ਮਾਮਲੇ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਮੌਜੂਦਾ ਸਮੇਂ ’ਚ ਅਡਾਨੀ ਗਰੁੱਪ ਨਾਲ ਜੁੜੀਆਂ ਅੱਠ ਕੰਪਨੀਆਂ ਐੱਮਐੱਸਸੀਆਈ ਸਟੈਂਡਰਡ ਇੰਡੈਕਸ ਦਾ ਹਿੱਸਾ ਹਨ। ਜੇਕਰ ਅਡਾਨੀ ਗਰੁੱਪ ਨਾਲ ਜੁੜੀਆਂ ਕੰਪਨੀਆਂ ਬਾਰੇ ਕੋਈ ਮਾੜੀ ਫੀਡਬੈਕ ਮਿਲਦੀ ਹੈ ਤਾਂ ਉਸ ਦੀ ਰੇਟਿੰਗ ਘਟਾਈ ਜਾ ਸਕਦੀ ਹੈ ਜਾਂ ਇੰਡੈਕਸ ਤੋਂ ਬਾਹਰ ਵੀ ਕੀਤਾ ਜਾ ਸਕਦਾ ਹੈ। ਇਸ ਕਦਮ ਨਾਲ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਹੋਰ ਤੇਜ਼ ਹੋ ਸਕਦੀ ਹੈ। -ਪੀਟੀਆਈ

ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਬਾਰੇ ਬਿਆਨ ਦੇਵੇ ਸਰਕਾਰ: ਮਾਇਆਵਤੀ

ਲਖਨਊ: ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਅਡਾਨੀ ਗਰੁੱਪ ਖ਼ਿਲਾਫ਼ ਹਿੰਡਨਬਰਗ ਰਿਸਰਚ ਵੱਲੋਂ ਲਾਏ ਗਏ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਸਬੰਧੀ ਸੰਸਦ ਦੇ ਅਗਾਮੀ ਸੈਸ਼ਨ ਵਿੱਚ ਬਿਆਨ ਦੇਣਾ ਚਾਹੀਦਾ ਹੈ। ਮਾਇਆਵਤੀ ਨੇ ਟਵੀਟ ਕੀਤਾ, ‘‘ਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਗਣਤੰਤਰ ਦਿਵਸ ਤੋਂ ਜ਼ਿਆਦਾ ਅਡਾਨੀ ਗਰੁੱਪ ਸਬੰਧੀ ਅਮਰੀਕੀ ਫਰਮ ਹਿੰਡਨਬਰਗ ਦੀ ਆਈ ਰਿਪੋਰਟ ਅਤੇ ਇਸ ਦੇ ਸ਼ੇਅਰ ਬਾਜ਼ਾਰ ’ਤੇ ਵਿਆਪਕ ਮਾੜੇ ਪ੍ਰਭਾਵ ਆਦਿ ’ਤੇ ਚਰਚਾ ਹੋ ਰਹੀ ਹੈ। ਸਰਕਾਰ ਚੁੱਪ ਹੈ ਜਦਕਿ ਦੇਸ਼ ਦੇ ਕਰੋੜਾਂ ਲੋਕਾਂ ਦੀ ਮਿਹਨਤ ਦੀ ਕਮਾਈ ਇਸ ਨਾਲ ਜੁੜੀ ਹੋਈ ਹੈ।’’ ਉਨ੍ਹਾਂ ਕਿਹਾ, ‘‘ਸ਼ੇਅਰਾਂ ਦੀ ਧੋਖਾਧੜੀ ਆਦਿ ਦੇ ਦੋਸ਼ਾਂ ਤੋਂ ਬਾਅਦ ਅਡਾਨੀ ਦੀ ਸੰਪਤੀ ’ਚ 22.6 ਅਰਬ ਡਾਲਰ ਦੀ ਗਿਰਾਵਟ ਅਤੇ ਵਿਸ਼ਵ ਰੈਂਕਿੰਗ ਘਟਣ ਤੋਂ ਜ਼ਿਆਦਾ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਸਰਕਾਰ ਵੱਲੋਂ ਗਰੁੱਪ ’ਚ ਕੀਤੇ ਗਏ ਵੱਡੇ ਨਿਵੇਸ਼ ਦਾ ਕੀ ਹੋਵੇਗਾ? ਆਰਥਿਕਤਾ ਦਾ ਕੀ ਹੋਵੇਗਾ? ਬੇਚੈਨੀ ਅਤੇ ਚਿੰਤਾ ਕੁਦਰਤੀ ਹੈ। ਹੱਲ ਜ਼ਰੂਰੀ ਹੈ।’’ ਉਨ੍ਹਾਂ ਕਿਹਾ ਕਿ 31 ਜਨਵਰੀ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ’ਚ ਹੀ ਸਰਕਾਰ ਨੂੰ ਇਸ ਮੁੱਦੇ ’ਤੇ ਬਿਆਨ ਦੇਣਾ ਚਾਹੀਦਾ ਹੈ। -ਪੀਟੀਆਈ

ਐੱਲਆਈਸੀ ਅਤੇ ਐੱਸਬੀਆਈ ਨੂੰ 78 ਹਜ਼ਾਰ ਕਰੋੜ ਰੁਪਏ ਦਾ ਖੋਰਾ ਲੱਗਿਆ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਕੇਂਦਰੀ ਵਿੱਤ ਮੰਤਰੀ ਅਤੇ ਜਾਂਚ ਏਜੰਸੀਆਂ ਦੀ ਖਾਮੋਸ਼ੀ ’ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਅਡਾਨੀ ਗਰੁੱਪ ’ਚ ਪੈਸਾ ਲੱਗਾ ਹੋਣ ਕਾਰਨ ਐੱਲਆਈਸੀ ਅਤੇ ਐੱਸਬੀਆਈ ਨੂੰ ਸ਼ੇਅਰ ਬਾਜ਼ਾਰ ’ਚ 78 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਗੁਆਉਣੀ ਪਈ ਹੈ। ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਐੱਲਆਈਸੀ ਅਤੇ ਐੱਸਬੀਆਈ ਨੇ ਅਡਾਨੀ ਗਰੁੱਪ ’ਚ ਨਿਵੇਸ਼ ਜਾਰੀ ਰੱਖਿਆ ਹੈ। ਉਨ੍ਹਾਂ ਕਿਹਾ,‘‘ਐੱਲਆਈਸੀ ’ਚ ਲੋਕਾਂ ਦਾ ਪੈਸਾ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਐੱਲਆਈਸੀ ਦਾ ਨਿਵੇਸ਼ 77 ਹਜ਼ਾਰ ਕਰੋੜ ਸੀ ਜੋ ਰਿਪੋਰਟ ਆਉਣ ਮਗਰੋਂ ਘੱਟ ਕੇ 53 ਹਜ਼ਾਰ ਕਰੋੜ ਰੁਪਏ ਰਹਿ ਗਿਆ ਯਾਨੀ ਐੱਲਆਈਸੀ ਨੂੰ 23,500 ਕਰੋੜ ਰੁਪਏ ਦਾ ਘਾਟਾ ਪਿਆ। ਪਤਾ ਨਹੀ ਐੱਲਆਈਸੀ ਅਜੇ ਵੀ ਅਡਾਨੀ ਗਰੁੱਪ ’ਚ ਨਿਵੇਸ਼ ਕਿਉਂ ਕਰ ਰਹੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਰਿਪੋਰਟ ਆਉਣ ਮਗਰੋਂ ਐੱਸਬੀਆਈ ਸ਼ੇਅਰਾਂ ਦੀ ਪੂੰਜੀ 54,618 ਕਰੋੜ ਰੁਪਏ ਤੱਕ ਘੱਟ ਗਈ। -ਪੀਟੀਆਈ



News Source link

- Advertisement -

More articles

- Advertisement -

Latest article