26.6 C
Patiāla
Monday, April 29, 2024

ਬਿਮਾਰੀਆਂ ਤੋਂ ਬਚਣ ਲਈ ਮੋਟੇ ਅਨਾਜ ਦੀ ਵਰਤੋਂ ਜ਼ਰੂਰੀ: ਡਾ. ਨਿੱਝਰ

Must read


ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 22 ਜਨਵਰੀ

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅੱਜ ਇੱਥੇ ਸਥਾਨਕ ਕੰਪਨੀ ਬਾਗ ਵਿੱਚ ਲੱਗੇ ‘ਈਟ ਰਾਈਟ ਮੇਲੇ’ ਦਾ ਉਦਘਾਟਨ ਕੀਤਾ। ਫੂਡਜ਼ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ (ਐੱਫਡੀਏ) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਾਏ ਗਏ ਇਸ ਮੇਲੇ ਵਿੱਚ ਡਾ. ਨਿੱਝਰ ਨੇ ਕਿਸਾਨਾਂ, ਖੁਰਾਕ ਮਾਹਿਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਿਮਾਰੀਆਂ ਤੋਂ ਬਚਣ ਲਈ ਮੋਟੇ ਅਨਾਜ ਨੂੰ ਮੁੜ ਥਾਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਮੂਲ ਅਨਾਜ ਦੀ ਪੈਦਾਵਾਰ ਕਰਨ ’ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਧਰਤੀ ਬਚਾਉਣ ਲਈ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਬਾਜਰਾ, ਕੰਗਣੀ, ਕੋਦਰਾ, ਜਵਾਰ, ਕੁੱਟਕੀ, ਅਤੇ ਰਾਗੀ ਵਰਗੇ ਮੋਟੇ ਅਨਾਜ ਨੂੰ ਲੋਕ ਬਿਲਕੁਲ ਭੁੱਲ ਚੁੱਕੇ ਹਨ। ਸਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਇਨ੍ਹਾਂ ਦਾ ਸੇਵਨ ਬਹੁਤ ਜ਼ਰੂਰੀ ਹੈ। ਮੋਟੇ ਅਨਾਜ ਦੀ ਪੈਦਾਵਾਰ ਕਰਨ ਨਾਲ ਜਿੱਥੇ ਪਾਣੀ ਦੀ ਬੱਚਤ ਹੋਵੇਗੀ, ਉਥੇ ਹੀ ਦਵਾਈਆਂ ਦੀ ਵੀ ਘੱਟ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਮੋਟਾ ਅਨਾਜ ਮਨੁੱਖੀ ਖੁਰਾਕ ਦਾ ਅਹਿਮ ਹਿੱਸਾ ਹੁੰਦਾ ਸੀ ਪਰ ਰਹਿਣ-ਸਹਿਣ ਵਿੱਚ ਆਏ ਵੱਡੇ ਬਦਲਾਅ ਕਾਰਨ ਇਹ ਸਾਡੀ ਥਾਲੀ ’ਚੋਂ ਗਾਇਬ ਹੋ ਗਿਆ ਹੈ। ਬਿਮਾਰੀਆਂ ਤੋਂ ਬਚਣ ਲਈ ਸਾਨੂੰ ਮੋਟੇ ਅਨਾਜ ਨੂੰ ਮੁੜ ਆਪਣੀ ਥਾਲੀ ਦਾ ਹਿੱਸਾ ਬਣਾਉਣ ਦੀ ਲੋੜ ਹੈ। ਅੱਜ ਅਸੀਂ ਕਣਕ ਅਤੇ ਝੋਨੇ ਦੀ ਜ਼ਿਆਦਾ ਵਰਤੋਂ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਕਣਕ ਵਿੱਚ ਗਲੂਟਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਜਿੱਥੇ ਮਨੁੱਖ ਨੂੰ ਬਿਮਾਰੀਆਂ ਲੱਗਦੀਆਂ ਹਨ, ਉਥੇ ਹੀ ਕੈਮਿਕਲਾਂ ਦੀ ਵਰਤੋਂ ਕਾਰਨ ਮਿੱਟੀ ਵੀ ਖਰਾਬ ਹੁੰਦੀ ਹੈ।

ਇਸ ਮੌਕੇ ਡਾ. ਨਿੱਝਰ ਨੇ ਮੇਲੇ ਵਿੱਚ ਕੁਦਰਤੀ ਖੇਤੀ ਅਤੇ ਮੋਟੇ ਅਨਾਜ ਦੇ ਪ੍ਰਚਾਰ ਹਿੱਤ ਲੱਗੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਮੇਲੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਅੰਤ ਵਿੱਚ ਡਾ. ਨਿੱਝਰ ਦਾ ਸਨਮਾਨ ਕੀਤਾ ਗਿਆ। ਮੇਲੇ ਵਿੱਚ ਫੂਡ ਅਤੇ ਡਰੱਗ ਕਮਿਸ਼ਨਰ ਡਾ. ਅਭਿਨਵ ਤ੍ਰਿਖਾ, ਸਹਾਇਕ ਫੂਡ ਕਮਿਸ਼ਨਰ ਰਾਜਿੰਦਰ ਸਿੰਘ, ਫੂਡ ਸੇਫਟੀ ਅਧਿਕਾਰੀ ਸਤਨਾਮ ਸਿੰਘ, ਕਮਲਜੀਤ ਕੌਰ, ਕਰਨ ਸਚਦੇਵਾ, ਸੁਰਜੀਤ ਆਨੰਦ, ਡਾ. ਰਾਕੇਸ਼ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ।





News Source link

- Advertisement -

More articles

- Advertisement -

Latest article