25.3 C
Patiāla
Sunday, April 28, 2024

ਗੋਲਡੀ ਬਰਾੜ ਦੇ ਨਾਂ ’ਤੇ 30 ਲੱਖ ਦੀ ਫਿਰੌਤੀ ਮੰਗਣ ਵਾਲਾ ਏਸੀ ਮਕੈਨਿਕ ਸਾਥੀ ਸਣੇ ਗ੍ਰਿਫ਼ਤਾਰ

Must read


ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 4 ਜਨਵਰੀ

ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਮੁਹਾਲੀ ਸਥਿਤ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਨੂੰ ਵਿਦੇਸ਼ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਫਿਰੌਤੀ ਲਈ ਫੋਨ ਕਰਕੇ ਧਮਕਾਉਣ ਦੇ ਦੋਸ਼ ਵਿੱਚ ਏਸੀ ਮਕੈਨਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸੂਰਜ (20) ਵਾਸੀ ਮਲੋਆ ਕਲੋਨੀ (ਚੰਡੀਗੜ੍ਹ) ਵਜੋਂ ਹੋਈ ਹੈ, ਜਿਸ ਨੂੰ ਇਥੋਂ ਦੇ ਵੇਰਕਾ ਮਿਲਕ ਪਲਾਂਟ ਚੌਕ ਨੇੜਿਓਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਆਪਣੇ ਸਾਥੀ ਮਨਦੀਪ ਸਿੰਘ (32) ਵਾਸੀ ਪਿੰਡ ਮਾਂਗੇਵਾਲ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਮੋਟਰਸਾਈਕਲ ’ਤੇ ਫਿਰੌਤੀ ਦੇ ਪੈਸੇ ਵਸੂਲਣ ਜਾ ਰਿਹਾ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਮੋਬਾਈਲ ਫੋਨ ਅਤੇ ਬਿਨਾਂ ਨੰਬਰ ਪਲੇਟ ਵਾਲਾ ਸੀਟੀ 100 ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੇ ਫੇਜ਼-1 ਸਥਿਤ ਪੰਜਾਬ ਪੁਲੀਸ ਦੇ ਐੱਸਐੱਸਓਸੀ ਵਿੰਗ ਦੇ ਥਾਣੇ ਵਿੱਚ ਧਾਰਾ 384 ਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੀੜਤ ਕਾਰੋਬਾਰੀ ਮੁਹਾਲੀ ਦੀ ਫਾਰਮਾਸਿਊਟੀਕਲ ਕੰਪਨੀ ਦਾ ਮਾਲਕ ਹੈ। ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ 30 ਦਸੰਬਰ ਇੱਕ ਵਿਅਕਤੀ, ਜੋ ਖ਼ੁਦ ਨੂੰ ਗੈਂਗਸਟਰ ਦੱਸ ਰਿਹਾ ਹੈ, ਨੇ ਫੋਨ ਕਰਕੇ ਉਸ ਕੋਲੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਸਮੇਂ ਸਿਰ ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧੀ ਤੁਰੰਤ ਮੁਹਾਲੀ ਵਿੱਚ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮ ਸੂਰਜ ਨੂੰ ਕਾਬੂ ਕਰ ਲਿਆ, ਜੋ ਆਪਣੇ ਸਹਿਯੋਗੀ ਮਨਦੀਪ ਸਿੰਘ ਦੇ ਵਟਸਐਪ ਨੰਬਰ ਦੀ ਵਰਤੋਂ ਕਰਕੇ ਲੋਕਾਂ ਨੂੰ ਫੋਨ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੂਰਜ ਏਸੀ ਮਕੈਨਿਕ ਹੈ, ਜਦਕਿ ਉਸ ਦਾ ਸਾਥੀ ਮਨਦੀਪ ਟੈਕਸੀ ਡਰਾਈਵਰ ਹੈ।

ਡੀਜੀਪੀ ਨੇ ਲੋਕਾਂ ਨੂੰ ਫਿਰੌਤੀ ਲਈ ਕਾਲਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ ਤੇ ਅਪੀਲ ਕੀਤੀ ਕਿ ਜਦੋਂ ਵੀ ਅਜਿਹੀ ਕੋਈ ਕਾਲ ਆਵੇ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਪੰਜਾਬ ਪੁਲੀਸ ਵੱਲੋਂ ਅਜਿਹੇ ਫਿਰੌਤੀ ਦੇ ਮਾਮਲਿਆਂ ਦੀ ਤਾਜ਼ਾ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਅਜਿਹੀਆਂ ਗੈਂਗਸਟਰਾਂ ਦੇ ਨਾਮ ’ਤੇ ਕੀਤੀਆਂ ਜਾ ਰਹੀਆਂ ਫਿਰੌਤੀ ਕਾਲਾਂ ਕੁਝ ਅਣਪਛਾਤੇ ਅਪਰਾਧੀਆਂ ਦਾ ਕੰਮ ਹੈ, ਜਿਨ੍ਹਾਂ ਦਾ ਕਿਸੇ ਗਰੋਹ ਜਾਂ ਗੈਂਗਸਟਰ ਨਾਲ ਕੋਈ ਤਾਲੁਕ ਨਹੀਂ ਹੈ।

ਇਸ ਮੌਕੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੂਰਜ ਜਦੋਂ ਘਰਾਂ, ਦੁਕਾਨਾਂ ਜਾਂ ਕੰਪਨੀਆਂ ਵਿੱਚ ਏਸੀ ਦੀ ਮੁਰੰਮਤ ਕਰਨ ਜਾਂਦਾ ਸੀ ਤਾਂ ਅਮੀਰ ਲੋਕਾਂ ਨੂੰ ਸ਼ਿਕਾਰ ਬਣਾਉਣ ਲਈ ਚੁਣ ਲੈਂਦਾ ਸੀ ਅਤੇ ਅਜਿਹੇ ਵੱਡੇ ਰਸੂਖ਼ਦਾਰ ਲੋਕਾਂ ਦੇ ਵੇਰਵੇ ਨੋਟ ਕਰ ਲੈਂਦਾ ਸੀ ਅਤੇ ਉਨ੍ਹਾਂ ਨੂੰ ਇਹ ਪ੍ਰਭਾਵ ਦਿੰਦਾ ਸੀ ਕਿ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ, ਜਿਸ ਨਾਲ ਸੂਰਜ, ਪੀੜਤ ਲੋਕਾਂ ਨੂੰ ਪੈਸਾ ਵਸੂਲਣ ਲਈ ਆਸਾਨੀ ਨਾਲ ਨਿਸ਼ਾਨਾ ਬਣਾ ਲੈਂਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮਾਂ ਨੇ ਹੋਰ ਕਿੰਨੇ ਵਿਅਕਤੀਆਂ ਨੂੰ ਫਿਰੌਤੀ ਦੀਆਂ ਕਾਲਾਂ ਕੀਤੀਆਂ ਹਨ।





News Source link

- Advertisement -

More articles

- Advertisement -

Latest article