31.9 C
Patiāla
Tuesday, May 7, 2024

ਲੋਕਾਂ ’ਚ ਧਾਰਮਿਕ ਵੰਡੀਆਂ ਪਾ ਰਹੀ ਹੈ ਭਾਜਪਾ: ਮਮਤਾ

Must read


ਕੋਲਕਾਤਾ, 2 ਜਨਵਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਾਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਦਾਅਵਾ ਕੀਤਾ ਕਿ ਭਗਵਾ ਪਾਰਟੀ ਦੀ ਵਿਚਾਰਧਾਰਾ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਵੰਡ ਰਹੀ ਹੈ। ਉਨ੍ਹਾਂ ਖੱਬੇ ਪੱਖੀ ਪਾਰਟੀਆਂ ਤੇ ਭਾਜਪਾ ਵਿਚਾਲੇ ਸਾਂਝ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵੱਖ ਵੱਖ ਵਿਚਾਰਧਾਰਾਵਾਂ ਨਾਲ ਸਬੰਧਤ ਇਹ ਦੋਵੇਂ ਧਿਰਾਂ ਵਿਚਾਲੇ ‘ਰਾਮ-ਵਾਮ’ ਗੱਠਜੋੜ ਹੋ ਚੁੱਕਾ ਹੈ।

ਪਾਰਟੀ ਵਰਕਰਾਂ ਤੇ ਆਗੂਆਂ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਕਾਡਰ ਨੂੰ ਲੋਕਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਤੇ ਵਿਰੋਧੀ ਪਾਰਟੀਆਂ ਵੱਲੋਂ ਟੀਐੱਮਸੀ ਖ਼ਿਲਾਫ਼ ਕੀਤੇ ਜਾ ਰਹੇ ਪ੍ਰਚਾਰ ਦਾ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਇੱਥੇ ਨਜ਼ਰੂਲ ਮੰਚ ਸਮਾਗਮ ਦੌਰਾਨ ਪਾਰਟੀ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਬਰਾਬਰੀ ਵਾਲੀ ਵਿਚਾਰਧਾਰਾ ’ਤੇ ਚੱਲਣ ਵਾਲੇ ਹਾਂ। ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਭਾਜਪਾ ਦੀ ਵਿਚਾਰਧਾਰਾ ਲੋਕਾਂ ਨੂੰ ਧਾਰਮਿਕ ਲੀਹਾਂ ’ਤੇ ਵੰਡ ਰਹੀ ਹੈ। ਤੁਹਾਨੂੰ ਲੋਕਾਂ ਦੀ ਗੱਲ ਹਲੀਮੀ ਨਾਲ ਸੁਣਨ ਦੀ ਜ਼ਰੂਰਤ ਹੈ।’ ਪਾਰਟੀ ਦੇ ਸਮਾਗਮ ‘ਨਜ਼ਰੂਲ ਮੰਚ’ ਦਾ ਨਾਂ ਮਸ਼ਹੂਰ ਆਜ਼ਾਦੀ ਘੁਲਾਟੀਏ ਤੇ ਕਵੀ ਕਾਜ਼ੀ ਨਜ਼ਰੂਲ ਇਸਲਾਮ ਦੇ ਨਾਂ ’ਤੇ ਰੱਖਿਆ ਗਿਆ ਹੈ।

ਰਾਜ ਵਿੱਚ ਭਾਜਪਾ ਤੇ ਖੱਬੀਆਂ ਧਿਰਾਂ ਵਿਚਾਲੇ ਸਾਂਝ ਬਣਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ, ‘ਹੁਣ ਰਾਮ ਤੇ ਵਾਮ (ਭਾਜਪਾ ਤੇ ਖੱਬੇਪੱਖੀ) ਇੱਕ ਹੋ ਗਏ ਹਨ।’ ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਤੱਤਾਂ ਨੂੰ ਬਾਹਰ ਕੱਢਣ ਲਈ ਪਾਰਟੀ ਪੱਧਰ ’ਤੇ ਇੱਕ ਢੁੱਕਵੀਂ ਚੌਕਸੀ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤ ਪੱਧਰ ’ਤੇ ਨਿਗਰਾਨੀ ਰੱਖਣ ਲਈ ਚੌਕਸੀ ਪ੍ਰਣਾਲੀ ਤਿਆਰ ਕੀਤੀ ਜਾਵੇਗੀ। ਸਾਰੀਆਂ ਸ਼ਿਕਾਇਤਾਂ ਦੇਖਣ ਲਈ ਇੱਕ ਜਾਂਚ ਸਿਸਟਮ ਵੀ ਤਿਆਰ ਕੀਤਾ ਜਾਵੇਗਾ। ਪੱਛਮੀ ਬੰਗਾਲ ’ਚ ਇਸ ਸਾਲ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਟੀਐੱਮਸੀ ਨੇ ‘ਦਿਦੀਰ ਸੁਰਕਸ਼ਾ ਕਵਚ’ ਨਾਂ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article