45.1 C
Patiāla
Sunday, May 19, 2024

ਪ੍ਰਚਾਰ ਗੀਤ ਨੂੰ ਮਨਜ਼ੂਰੀ ਮਿਲਣ ਨਾਲ ਸੱਚ ਦੀ ਜਿੱਤ ਹੋਈ: ਪਾਂਡੇ – Punjabi Tribune

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 6 ਮਈ

‘ਆਪ’ ਦੇ ਸੀਨੀਅਰ ਆਗੂ ਦਿਲੀਪ ਪਾਂਡੇ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਦੇ ਗੀਤ ‘ਜੇਲ੍ਹ ਕਾ ਜਵਾਬ ਵੋਟ ਸੇ’ ’ਤੇ ਪਾਬੰਦੀ ਲਗਾਉਣ ਦੀ ਸਾਜ਼ਿਸ਼ ਰਚ ਰਹੀ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਦੀਆਂ ਚਾਲਾਂ ਬਾਵਜੂਦ ਸੱਚ ਦੀ ਜਿੱਤ ਹੋਈ ਹੈ। ਚੋਣ ਕਮਿਸ਼ਨ ਨੇ ‘ਆਪ’ ਦੇ ਪ੍ਰਚਾਰ ਗੀਤ ‘ਜੇਲ੍ਹ ਕਾ ਜਵਾਬ ਵੋਟ ਸੇ’ ਨੂੰ ਬਿਨਾਂ ਕਿਸੇ ਬਦਲਾਅ ਦੇ ਅਧਿਕਾਰਤ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ , ‘ਅਸੀਂ ਭਾਜਪਾ ਦੇ ਦਬਾਅ ਅੱਗੇ ਨਹੀਂ ਝੁਕੇ। ਨਤੀਜਾ ਇਹ ਹੋਇਆ ਕਿ ਚੋਣ ਕਮਿਸ਼ਨ ਨੂੰ ਸਾਡੇ ਪ੍ਰਚਾਰ ਗੀਤ ਨੂੰ ਇਜਾਜ਼ਤ ਦੇਣੀ ਪਈ।’’

ਦਲੀਪ ਪਾਂਡੇ ਨੇ ਕਿਹਾ ਕਿ ਜ਼ਮੀਰਹੀਣ ਭਾਜਪਾ ਆਪਣੇ ਹੰਕਾਰ ਵਿੱਚ ‘ਸਤਯਮੇਵ ਜਯਤੇ’ ਦੇ ਮਾਟੋ ਨੂੰ ਵੀ ਭੁੱਲ ਗਈ ਹੈ। ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਗੀਤ ’ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਵੋਟਿੰਗ ਰਾਹੀਂ ਜੇਲ੍ਹ ਦਾ ਜਵਾਬ ਦੇਣਾ ਸਹੀ ਨਹੀਂ ਹੈ। ਜਦੋਂ ਕਿ ਅਸੀਂ ਗੀਤ ਵਿੱਚ ਕਹਿ ਰਹੇ ਹਾਂ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਜੇਲ੍ਹ ਭੇਜਣ ਦੀ ਰਾਜਨੀਤੀ ਦਾ ਅਸੀਂ ਆਪਣੀ ਵੋਟ ਦੀ ਤਾਕਤ ਨਾਲ ਜਵਾਬ ਦੇਵਾਂਗੇ। ਇਸ ਤੋਂ ਵੱਧ ਲੋਕਤੰਤਰੀ ਹੋਰ ਕੀ ਹੋ ਸਕਦਾ ਹੈ?’’

ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨਰ ਨੇ ਕਿਹਾ ਹੈ ਕਿ ਇਹ ਕਹਿਣਾ ਸਹੀ ਨਹੀਂ ਹੈ ਕਿ ਅਸੀਂ ਗੀਤ ਵਿੱਚ ਤਾਨਾਸ਼ਾਹੀ ਪਾਰਟੀ ਨੂੰ ਠੇਸ ਪਹੁੰਚਾਵਾਂਗੇ ਕਿਉਂਕਿ ਇਸ ਨਾਲ ਹਿੰਸਾ ਨੂੰ ਹੱਲਾਸ਼ੇਰੀ ਮਿਲੇਗੀ। ਅਸੀਂ ਕਹਿੰਦੇ ਹਾਂ ਕਿ ਦਿਲ, ਦਿਮਾਗ, ਹਉਮੈ, ਕੁਸ਼ਾਸਨ ਅਤੇ ਗੁੰਡਾਗਰਦੀ ਨੂੰ ਵੀ ਠੇਸ ਪਹੁੰਚਦੀ ਹੈ। ਇਸ ਦਾ ਮਤਲਬ ਹੈ ਕਿ ਕਮਿਸ਼ਨ ਨੂੰ ਇਹ ਵੀ ਪਤਾ ਹੈ ਕਿ ਤਾਨਾਸ਼ਾਹ ਕੌਣ ਹੈ ਅਤੇ ਕਿਸ ਦੀ ਤਾਨਾਸ਼ਾਹੀ ਨੂੰ ਨੁਕਸਾਨ ਪਹੁੰਚਾਉਣਾ ਹੈ।’’ ਦਲੀਪ ਪਾਂਡੇ ਨੇ ਕਿਹਾ ਕਿ ਇਸ ਦੇਸ਼ ਦੇ ਸੰਵਿਧਾਨ ਨੇ ਇਹ ਸਿਖਾਇਆ ਹੈ ਕਿ ਜੇ ਕੋਈ ਕਿਸੇ ਵੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਵੋਟ ਦਾ ਇਸਤੇਮਾਲ ਉਸ ਦੇ ਖ਼ਿਲਾਫ਼ ਕਰਨਾ ਚਾਹੀਦਾ ਹੈ। ਸਮੱਸਿਆ ਇਹ ਹੈ ਕਿ ਭਾਜਪਾ 5 ਸਾਲਾਂ ਵਿੱਚ ਵੋਟ ਪ੍ਰਣਾਲੀ ਨੂੰ ਸਵੀਕਾਰ ਨਹੀਂ ਕਰਦੀ। ਦਲੀਪ ਪਾਂਡੇ ਨੇ ਕਿਹਾ ਕਿ ਪ੍ਰਚਾਰ ਗੀਤਾਂ ਵਿੱਚ ਇਸ ਤਰ੍ਹਾਂ ਦੀਆਂ ਲਾਈਨਾਂ ਦੀ ਵਰਤੋਂ ਕਾਫੀ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਿਆਸੀ ਪੂਰਵਜਾਂ ਨੇ ਇਤਿਹਾਸ ਵਿੱਚ ਇਸ ਤੋਂ ਵੀ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਹੈ।



News Source link

- Advertisement -

More articles

- Advertisement -

Latest article