45.6 C
Patiāla
Sunday, May 19, 2024

ਸੋਚ ਬਦਲੋ, ਦੁਨੀਆ ਬਦਲੇਗੀ

Must read


ਅਵਤਾਰ ਤਰਕਸ਼ੀਲ

ਚਾਰ ਕੁ ਦਹਾਕੇ ਪਹਿਲਾਂ ਲੋਕਾਂ ਦੀ ਆਪਸੀ ਸਾਂਝ ਬਹੁਤ ਜ਼ਿਆਦਾ ਹੁੰਦੀ ਸੀ ਕਿਉਂਕਿ ਗਰੀਬੀ ਸੀ। ਇਸ ਲਈ ਆਪਸੀ ਲੋੜਾਂ ਇੱਕ ਦੂਜੇ ਨਾਲ ਸਾਂਝ ਬਣਾ ਕੇ ਰੱਖਣ ਲਈ ਮਜਬੂਰ ਕਰਦੀਆਂ ਸਨ। ਇਸ ਨਾਲ ਆਪਸੀ ਪਿਆਰ ਵੀ ਬਣਿਆ ਰਹਿੰਦਾ ਸੀ। ਆਪਸੀ ਲੋੜਾਂ ਵਿੱਚ ਇੱਕ ਦੂਜੇ ਨੂੰ ਖੇਤੀ ਵਾਲੇ ਸੰਦ ਉਧਾਰੇ ਦੇਣੇ ਅਤੇ ਇੱਕ ਦੂਜੇ ਦੇ ਜਾ ਕੇ ਆਬਤ (ਬਿਨਾਂ ਪੈਸੇ ਲਏ ਤੋਂ ਕੰਮ ਕਰਨਾ) ’ਤੇ ਕੰਮ ਕਰਨਾ ਜ਼ਰੂਰੀ ਹੁੰਦਾ ਸੀ ਕਿਉਂਕਿ ਦੂਜਿਆਂ ਨੂੰ ਦੇਣ ਵਾਸਤੇ ਬਹੁਤੇ ਲੋਕਾਂ ਕੋਲ ਪੈਸੇ ਹੀ ਨਹੀਂ ਹੁੰਦੇ ਸਨ। ਲੋਕ ਫ਼ਸਲਾਂ ਵੇਚਣ ਦੀ ਬਜਾਏ ਲੋੜ ਮੁਤਾਬਕ ਇੱਕ ਦੂਜੇ ਨਾਲ ਵਟਾ ਲੈਂਦੇ ਸਨ। ਨਸ਼ਿਆਂ ਦੀ ਬਜਾਏ ਦੁੱਧ, ਲੱਸੀ, ਗੁੜ, ਸ਼ੱਕਰ ਅਤੇ ਘਿਓ ਨਾਲ ਆਏ ਗਏ ਦੀ ਸੇਵਾ ਕਰਦੇ ਹੁੰਦੇ ਸਨ। ਲੋਕ ਘਿਓ ਖਾਣ ਦੀਆਂ ਸ਼ਰਤਾਂ ਲਗਾਉਂਦੇ ਹੁੰਦੇ ਸਨ ਜਦੋਂਕਿ ਹੁਣ ਨਸ਼ੇ ਖਾਣ ਪੀਣ ਦੀਆਂ ਸ਼ਰਤਾਂ ਲੱਗਣ ਲੱਗ ਪਈਆਂ ਹਨ।

ਉਸ ਸਮੇਂ ਲੋਕ ਭਾਵੇਂ ਧਰਮ ਨਾਲ ਜੁੜੇ ਹੋਏ ਸਨ, ਪਰ ਬਹੁਤੇ ਲੋਕਾਂ ਨੇ ਧਰਮ ਨੂੰ ਕਿੱਤੇ ਦੇ ਤੌਰ ’ਤੇ ਨਹੀਂ ਅਪਣਾਇਆ ਸੀ। ਜ਼ਿਆਦਾ ਧਾਰਮਿਕ ਰਸਮਾਂ ਕਰਨ ਵਾਲੇ ਵੀ ਆਪਣਾ ਰੋਟੀ ਪਾਣੀ ਕੋਈ ਹੋਰ ਕਿੱਤਾ ਕਰਕੇ ਹੀ ਕਮਾਉਂਦੇ ਸਨ। ਪੈਸੇ ਲੈ ਕੇ ਧਾਰਮਿਕ ਰਸਮਾਂ ਕਰਨ ਨੂੰ ਸੇਵਾ ਨਹੀਂ ਮੰਨਿਆ ਜਾਂਦਾ ਸੀ। ਜਿਵੇਂ ਜਿਵੇਂ ਲੋਕਾਂ ਦਾ ਵਿਦੇਸ਼ਾਂ ਵਾਲਾ ਜਾਣਾ ਸ਼ੁਰੂ ਹੋਇਆ ਤਾਂ ਕੋਠਿਆਂ ’ਤੇ ਉੱਚੀ ਆਵਾਜ਼ ਵਿੱਚ ਟੇਪ ਰਿਕਾਰਡਾਂ ਵੱਜਣੀਆਂ ਸ਼ੁਰੂ ਹੋਈਆਂ ਤਾਂ ਦੂਜਿਆਂ ਨੂੰ ਦਿਖਾਉਣ ਲਈ ਦਿਖਾਵੇ ਦੀ ਰਸਮ ਸ਼ੁਰੂ ਹੋਈ ਜੋ ਅਜੇ ਤੱਕ ਵਧਦੀ ਜਾ ਰਹੀ ਹੈ ਅਤੇ ਖਤਰਨਾਕ ਰੂਪ ਅਖ਼ਤਿਆਰ ਕਰ ਗਈ ਹੈ।

ਪੈਸਾ ਆਉਣ ਨਾਲ ਲੋਕਾਂ ਨੇ ਆਪਣੇ ਖੇਤੀ ਵਾਲੇ ਸੰਦ ਵੱਖਰੇ ਬਣਾ ਲਏ, ਬੋਰ ਵੱਖਰੇ ਕਰਵਾ ਲਏ, ਪਸ਼ੂ ਵੀ ਲੋੜ ਅਨੁਸਾਰ ਲੈ ਲਏ ਅਤੇ ਕੰਮ ਵੀ ਇੱਕ ਦੂਜੇ ਤੋਂ ਪੈਸੇ ਵੱਧ ਦੇ ਕੇ ਕਰਵਾਉਣ ਲੱਗੇ। ਦਿਨੋਂ ਦਿਨ ਆਪਸੀ ਸਾਂਝ ਟੁੱਟਦੀ ਗਈ ਜੋ ਅਜੇ ਤੱਕ ਜਾਰੀ ਹੈ। ਧਰਮ ਨੂੰ ਜਾਣਨ, ਸਿੱਖਣ ਜਾਂ ਜ਼ਿੰਦਗੀ ਵਿੱਚ ਅਪਣਾਉਣ ਦੀ ਬਜਾਏ ਧਰਮ ਦੇ ਨਾਮ ’ਤੇ ਦਰਿੰਦਗੀ ਸ਼ੁਰੂ ਹੋਈ। ਦੂਜੇ ਦੇ ਵਿਰੋਧੀ ਵਿਚਾਰਾਂ ਕਾਰਨ ਧਰਮ ਨੂੰ ਖ਼ਤਰਾ ਹੋਇਆ ਮਹਿਸੂਸ ਹੋਣ ਲੱਗਾ। ਇਹ ਕਿਸੇ ਨੇ ਸੋਚਿਆ ਹੀ ਨਹੀਂ ਕਿ ਧਰਮ ਦੀ ਤਾਂ ਸ਼ੁਰੂਆਤ ਹੀ ਵਿਰੋਧ ਵਿੱਚੋਂ ਹੋਈ ਸੀ। ਨਵਾਂ ਧਰਮ ਉਸ ਵੇਲੇ ਬਣਦਾ ਹੈ ਜਦੋਂ ਨਵਾਂ ਧਰਮ ਸ਼ੁਰੂ ਕਰਨ ਵਾਲਿਆਂ ਨੂੰ ਪੁਰਾਣੇ ਧਰਮਾਂ ਵਿੱਚ ਕਮੀਆਂ ਦਿਸਦੀਆਂ ਹਨ। ਜੇਕਰ ਸਮਾਂ ਪਾ ਕੇ ਨਵੇਂ ਧਰਮ ਵੀ ਉਹੀ ਕੁਝ ਕਰਨ ਲੱਗ ਪੈਣ ਜੋ ਪਹਿਲੇ ਧਰਮ ਕਰਦੇ ਸੀ ਤਾਂ ਦੋਵਾਂ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਂਦਾ। ਲੋਕ ਇਸ ਧਾਰਮਿਕ ਕੱਟੜਤਾ ਕਾਰਨ ਵਿਚਾਰ ਕਰਨ ਦਾ ਰਾਹ ਛੱਡ ਕੇ ਦੂਜਿਆਂ ਨੂੰ ਸੋਧਣ ਦਾ ਰਾਹ ਅਪਣਾਉਣ ਲੱਗੇ ਹਨ।

ਹੁਣ ਸੋਚਣ ਦੀ ਲੋੜ ਹੈ ਕਿ ਇੱਕ ਦੂਜੇ ਨਾਲ ਲੜ ਕੇ, ਕੁੱਟ ਕੇ ਜਾਂ ਮਾਰ ਕੇ ਜ਼ਿੰਦਗੀ ਵਿੱਚ ਕਿੰਨੇ ਕੁ ਲੋਕਾਂ ਨੂੰ ਇੱਕ ਵਿਅਕਤੀ ਸੋਧ ਸਕਦਾ ਹੈ? ਫਿਰ ਇਹ ਸਭ ਕਰਨ ਤੋਂ ਬਾਅਦ ਥਾਣਿਆਂ ਅਤੇ ਜੇਲ੍ਹਾਂ ਵਿੱਚ ਜਾਣ ਲਈ ਵੀ ਸਮੇਂ ਦੀ ਲੋੜ ਪੈਂਦੀ ਹੈ ਅਤੇ ਪੈਸੇ ਦੀ ਲੋੜ ਵੀ ਪੈਂਦੀ ਹੈ। ਇਸ ਸੋਧਣ ਦਾ ਸੰਤਾਪ ਉਨ੍ਹਾਂ ਦੇ ਪਰਿਵਾਰਾਂ ਨੂੰ ਝੱਲਣਾ ਪੈਂਦਾ ਹੈ। ਇਸ ਦੀਆਂ ਉਦਾਹਰਨਾਂ ਤੁਹਾਨੂੰ ਇਤਿਹਾਸ ਵਿੱਚੋਂ ਲੱਭਣ ਦੀ ਲੋੜ ਨਹੀਂ ਹੈ। ਇਹ ਹੁਣ ਜੀਅ ਰਹੇ ਲੋਕਾਂ ਵਿੱਚੋਂ ਮਿਲ ਜਾਣਗੀਆਂ।

ਭਾਰਤ ਦੀ ਅਬਾਦੀ 135 ਕਰੋੜ ਦੇ ਲਗਭਗ ਹੈ। ਤੁਹਾਡੇ ਨਾਲ ਬਹੁਤੇ ਲੋਕਾਂ ਦੇ ਵਿਚਾਰ ਨਹੀਂ ਮਿਲਦੇ ਹੋਣਗੇ, ਪਰ ਏਨੇ ਲੋਕਾਂ ਨਾਲ ਲੜਕੇ ਸਮਝਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਏਨੇ ਲੋਕਾਂ ਨੂੰ ਸੋਧਿਆ ਵੀ ਜਾ ਸਕਦਾ ਹੈ। ਹਾਂ! ਲਿਖ ਕੇ, ਵਿਚਾਰ ਕਰਕੇ ਅਤੇ ਇਕੱਠ ਕਰਕੇ ਜ਼ਰੂਰ ਆਪਣੀ ਗੱਲ ਸਮਝਾਈ ਜਾ ਸਕਦੀ ਹੈ। ਜੇ ਤੁਸੀਂ ਆਪਣੀ ਗੱਲ ਦੂਜੇ ਨੂੰ ਸਮਝਾਉਣਾ ਚਾਹੁੰਦੇ ਹੋ ਤਾਂ ਦੂਜਿਆਂ ਦੇ ਵਿਰੋਧੀ ਵਿਚਾਰਾਂ ਦਾ ਸ਼ਾਂਤੀ ਨਾਲ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ। ਤੁਹਾਡੀ ਕੌੜੀ ਬੋਲੀ ਕਾਰਨ ਤਾਂ ਤੁਹਾਨੂੰ ਇਕੱਠ ਵਿੱਚ ਕੋਈ ਸੁਣਨ ਵੀ ਨਹੀਂ ਆਵੇਗਾ। ਯਾਦ ਰੱਖਣਾ ਚਾਹੀਦਾ ਹੈ ਕਿ ਇਕੱਠ ਵਿੱਚ ਸੱਦਣਾ ਤੁਹਾਡੀ ਮਜਬੂਰੀ ਹੁੰਦੀ ਹੈ, ਆਉਣ ਵਾਲਿਆਂ ਦੀ ਨਹੀਂ ਹੈ। ਕੁਝ ਬਦਲਣਾ ਤੁਸੀਂ ਚਾਹੁੰਦੇ ਹੋ, ਇਕੱਠ ਵਿੱਚ ਆਉਣ ਵਾਲੇ ਨਹੀਂ। ਜੇ ਲੋਕਾਂ ਨੂੰ ਬਦਲਣਾ ਹੈ ਤਾਂ ਮਿਠਾਸ ਤੁਹਾਨੂੰ ਆਪਣੇ ਵਿੱਚ ਲਿਆਉਣੀ ਪਵੇਗੀ।

ਇਸ ਦੇ ਨਾਲ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਜੋ ਸਮਾਜ ਨੂੰ ਦਿਓਗੇ, ਸਮਾਜ ਤੁਹਾਨੂੰ ਉਹੀ ਵਾਪਸ ਦੇਵੇਗਾ ਭਾਵ ਨਫ਼ਰਤ ਬਦਲੇ ਨਫ਼ਰਤ, ਪਿਆਰ ਬਦਲੇ ਪਿਆਰ ਅਤੇ ਈਰਖਾ ਬਦਲੇ ਈਰਖਾ। ਜਿਸ ਵੇਲੇ ਤੁਸੀਂ ਸਮਾਜ ਵਿੱਚ ਕੁਝ ਬਿਨਾਂ ਲਾਭ ਦੇ ਕਰਦੇ ਹੋ ਤਾਂ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਨੂੰ ਵਾਪਸ ਮਿਲਦਾ ਹੈ। ਜੇ ਨਫ਼ਰਤਾਂ ਖਤਮ ਕਰਨੀਆਂ ਹਨ ਤਾਂ ਪਿਆਰ ਵੰਡਣਾ ਸ਼ੁਰੂ ਕਰ ਦਿਓ। ਜਦੋਂ ਤੁਹਾਨੂੰ ਉਸ ਬਦਲੇ ਪਿਆਰ ਮਿਲਣਾ ਸ਼ੁਰੂ ਹੋ ਗਿਆ ਤਾਂ ਨਫ਼ਰਤ ਖ਼ੁਦ ਹੀ ਖਤਮ ਹੋ ਜਾਵੇਗੀ।
ਸੰਪਰਕ: 006421392147



News Source link
#ਸਚ #ਬਦਲ #ਦਨਆ #ਬਦਲਗ

- Advertisement -

More articles

- Advertisement -

Latest article