31.9 C
Patiāla
Tuesday, May 7, 2024

ਪੰਜਾਬ ਵਿੱਚ ਬਠਿੰਡਾ ਇੱਕ ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢਾ

Must read


ਚੰਡੀਗੜ੍ਹ, 28 ਦਸੰਬਰ

ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਸਣੇ ਕਸ਼ਮੀਰ ਵਾਦੀ ਵਿੱਚ ਬੁੱਧਵਾਰ ਨੂੰ ਵੀ ਸੀਤ ਲਹਿਰ ਦਾ ਦੌਰ ਜਾਰੀ ਰਿਹਾ। ਕੌਮੀ ਰਾਜਧਾਨੀ ਦਿੱਲੀ ਵਿੱਚ ਕੜਾਕੇ ਦੀ ਠੰਢ ਤੋਂ ਆਰਜ਼ੀ ਰਾਹਤ ਮਿਲੀ ਜਿਥੇ ਘੱਟੋ-ਘੱਟ ਤਾਪਮਾਨ 6.3 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਬਠਿੰਡਾ ਸ਼ਹਿਰ ਸਭ ਤੋਂ ਠੰਢਾ ਰਿਹਾ ਜਿਥੇ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲੀਅਸ ਨੋਟ ਕੀਤਾ ਗਿਆ। ਪੰਜਾਬ ਤੇ ਹਰਿਆਣਾ ਸੂਬਿਆਂ ਦੀਆਂ ਵਧੇਰੇ ਥਾਵਾਂ ’ਤੇ ਸੰਘਣੀ ਧੁੰਦ ਪਈ ਜਿਸ ਕਾਰਨ  ਆਵਾਜਾਈ ਪ੍ਰਭਾਵਿਤ ਹੋਈ। 

ਵੇਰਵਿਆਂ ਅਨੁਸਾਰ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲੀਅਸ, ਸ਼ਾਹੀ ਸ਼ਹਿਰ ਪਟਿਆਲਾ ਵਿੱਚ ਤਾਪਮਾਨ 6.8 ਤੇ ਪਠਾਨਕੋਟ, ਫਰੀਦਕੋਟ ਤੇ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 7.1, 3.5 ਤੇ 4.7 ਡਿਗਰੀ ਸੈਲੀਅਸ ਰਿਹਾ। ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 5.1 ਡਿਗਰੀ ਸੈਲੀਅਸ ਨੋਟ ਕੀਤਾ ਗਿਆ। ਹਰਿਆਣਾ ਵਿੱਚ ਨਾਰਨੌਲ ਸ਼ਹਿਰ ਸਭ ਤੋਂ ਠੰਢਾ ਰਿਹਾ ਜਿਥੇ ਘੱਟੋ-ਘੱਟ ਤਾਪਮਾਨ 4  ਡਿਗਰੀ ਸੈਲੀਅਸ ਰਿਹਾ ਜਦੋਂ ਕਿ ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 6.7 ਡਿਗਰੀ ਤੇ ਹਿਸਾਰ ਵਿੱਚ 4.3 ਡਿਗਰੀ ਸੈਲੀਅਸ ਰਿਹਾ। ਇਸੇ ਤਰ੍ਹਾਂ ਕਰਨਾਲ, ਰੋਹਤਕ, ਭਿਵਾਨੀ ਅਤੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 6.7, 8.2, 4.3 ਤੇ 5.8 ਡਿਗਰੀ ਸੈਲਸੀਅਸ ਰਿਹਾ। 

ਇਸੇ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਠੰਢ ਤੋਂ ਕੁਝ ਰਾਹਤ ਮਿਲੀ ਪਰ ਮੌਸਮ ਵਿਭਾਗ ਅਨੁਸਾਰ ਇਹ ਰਾਹਤ ਆਰਜ਼ੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਸਰਦੀ ਮੁੜ ਜ਼ੋਰ ਫੜੇਗੀ। ਮੌਸਮ ਵਿਭਾਗ ਦੇ ਸਫਦਰਜੰਗ ਸਥਿਤ ਦਫ਼ਤਰ ਅਨੁਸਾਰ ਰਾਜਧਾਨੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 6.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੀ ਤੇ ਸੋਮਵਾਰ ਨੂੰ ਤਾਪਮਾਨ 5 ਡਿਗਰੀ ਸੈਲੀਅਸ ਦਰਜ ਕੀਤਾ ਗਿਆ ਸੀ। ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬੁੱਧਵਾਰ ਨੂੰ ਪਈ ਸੰਘਣੀ ਧੁੰਦ ਕਾਰਨ 14 ਰੇਲ ਗੱਡੀਆਂ ਦੇਰੀ ਨਾਲ ਰਵਾਨਾ ਹੋਈਆਂ। ਇਸੇ ਦੌਰਾਨ ਉੱਤਰਾਖੰਡ ਦੇ ਦੇਹਰਾਦੂਨ ਤੇ ਨੇਨੀਤਾਲ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 7 ਤੇ 7.2 ਡਿਗਰੀ ਸੈਲੀਅਸ ਨੋਟ ਕੀਤਾ ਗਿਆ।

ਅਬੋਹਰ ’ਚ ਠੰਢ ਕਾਰਨ ਵਿਅਕਤੀ ਦੀ ਮੌਤ

ਅਬੋਹਰ (ਪੱਤਰ ਪ੍ਰੇਰਕ):  ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਢ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਰਹੀ ਹੈ। ਇੱਥੇ ਲੰਘੀ ਰਾਤ ਬੱਸ ਸਟੈਂਡ ਵਿੱਚ ਇਕ ਵਿਅਕਤੀ ਪੂਰੀ ਰਾਤ ਠੰਢ ਵਿੱਚ ਪਿਆ ਰਿਹਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਸੁਰਿੰਦਰ ਕੁਮਾਰ ਵਾਸੀ ਪਿੰਡ ਦੌਲਤਪਰਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਕਿਸੇ ਕੰਮ ਲਈ ਸ਼ਹਿਰ ਗਿਆ ਸੀ। ਰਾਤ ਨੂੰ ਉਹ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਉਸ ਦੀ ਕਾਫੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। ਅੱਜ ਉਸ ਦੀ ਮੌਤ ਦੀ ਸੂਚਨਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸੁਰਿੰਦਰ ਕੁਮਾਰ ਸ਼ਰਾਬ ਪੀਣ ਦਾ ਆਦੀ ਸੀ। ਥਾਣਾ ਸਦਰ ਦੇ ਐੱਸਆਈ ਮੋਹਨ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰ ਬਿੱਟੂ ਨਰੂਲਾ ਅਤੇ ਮੋਨੂੰ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। 

ਕਸ਼ਮੀਰ ਵਾਦੀ ਵਿੱਚ ਹਲਕੀ ਬਰਫਬਾਰੀ ਦੇ ਆਸਾਰ

ਸ੍ਰੀਨਗਰ: ਕਸ਼ਮੀਰ ਵਾਦੀ ਵਿੱਚ ਤਾਪਮਾਨ ਜਮਾਓ ਪੱਧਰ ’ਤੇ ਪਹੁੰਚਣ ਕਾਰਨ ਅਗਲੇ ਦੋ ਦਿਨਾਂ ਵਿੱਚ ਬਰਫਬਾਰੀ ਦੇ ਆਸਾਰ ਬਣ ਰਹੇ ਹਨ। ਵਾਦੀ ਦੇ ਕਈ ਜਲ ਸਰੋਤਾਂ ਵਿੱਚ ਬਰਫ ਜੰਮ ਗਈ ਹੈ ਅਤੇ ਡੱਲ ਝੀਲ ਦਾ ਅੰਦਰੂਨੀ ਖੇਤਰ ਵੀ ਬਰਫ ਵਿੱਚ ਤਬਦੀਲ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸ੍ਰੀਨਗਰ ਵਿੱਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ ਮਨਫੀ 5.6 ਡਿਗਰੀ ਸੈਲੀਅਸ ਰਿਹਾ। ਇਸੇ ਦੌਰਾਨ ਪਹਿਲਗਾਮ ਵਿੱਚ ਠੰਢ ਦਾ ਕਹਿਰ ਹੋਰ ਵੀ ਵਧ ਗਿਆ ਹੈ ਜਿਥੇ ਘੱਟੋ-ਘੱਟ ਤਾਪਮਾਨ ਮਨਫੀ 7.4 ਡਿਗਰੀ ਸੈਲੀਅਸ ਰਿਹਾ। ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਵਿੱਚ ਸਥਿਤ ਗੁਲਮਰਗ, ਜੋ ਕਿ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਹੈ, ਵਿੱਚ ਘੱਟੋ-ਘੱਟ ਤਾਪਮਾਨ ਮਨਫੀ 6 ਡਿਗਰੀ ਸੈਲੀਅਸ ਰਿਹਾ। ਇਸੇ ਤਰ੍ਹਾਂ ਫਰੰਟੀਅਰ ਜ਼ਿਲ੍ਹੇ ਕੁਪਵਾੜਾ ਵਿੱਚ ਤਾਪਮਾਨ ਮਨਫੀ 5.5 ਡਿਗਰੀ ਸੈਲੀਅਸ ਦਰਜ ਕੀਤਾ ਗਿਆ। ਇਕ ਵੱਖਰੀ ਜਾਣਕਾਰੀ ਅਨੁਸਾਰ ਉੱਤਰੀ ਕਸ਼ਮੀਰ ਦੇ ਪਹਿਲਗਾਮ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਅੱਜ ਹਲਕੀ ਬਰਫਬਾਰੀ ਹੋਈ ਪਰ ਵਾਦੀ ਦੇ ਵਧੇਰੇ ਹਿੱਸਿਆਂ ਵਿੱਚ ਮੌਸਮ ਆਮ ਤੌਰ ’ਤੇ ਖੁਸ਼ਕ ਹੀ ਹੈ ਅਤੇ ਦਸੰਬਰ ਮਹੀਨੇ ਵਿੱਚ ਮੀਂਹ ਪੈਣ ਦੇ ਆਸਾਰ ਘੱਟ ਹਨ। ਇਸੇ ਦੌਰਾਨ ਮੌਸਮ ਵਿਭਾਗ ਨੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਹਲਕੀ ਬਰਫਬਾਰੀ ਦੇ ਆਸਾਰ ਪ੍ਰਗਟਾਏ ਹਨ। ਮੌਜੂਦਾ ਸਮੇਂ ਵਿੱਚ ਕਸ਼ਮੀਰ ਵਾਦੀ ‘ਚਿਲਾ-ਏ-ਕਲਾਂ’ ਦੀ ਗ੍ਰਿਫ਼ਤ ਵਿੱਚ ਹੈ। 40 ਦਿਨਾਂ ਦੇ ਇਸ ਦੌਰ ਵਿੱਚ ਵਾਦੀ ਵਿੱਚ ਬਰਫੀਲੀ ਠੰਢ ਪੈਂਦੀ ਹੈ ਤੇ ਜਲ ਸਰੋਤ ਜੰਮ ਜਾਂਦੇ ਹਨ। -ਪੀਟੀਆਈ

ਮੌਸਮ ਵਿਭਾਗ ਨੇ ਧੁੰਦ ਘਟਣ ਦਾ ਦਾਅਵਾ ਕੀਤਾ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਭਾਰਤ ਵਿੱਚ ਬੁੱਧਵਾਰ ਨੂੰ ਆਮ ਨਾਲੋਂ ਘੱਟ ਸਮੇਂ ਲਈ ਧੁੰਦ ਪਈ ਅਤੇ ਇਹ ਧੁੰਦ ਜ਼ਿਆਦਾ ਸੰਘਣੀ ਵੀ ਨਹੀਂ ਸੀ। ਵਿਭਾਗ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਗਾਊਂ ਦਿੱਤੀ ਜਾਣਕਾਰੀ ਅਨੁਸਾਰ ਪੂਰੇ ਉੱਤਰ ਭਾਰਤ, ਰਾਜਧਾਨੀ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਵਿੱਚ ਬੁੱਧਵਾਰ ਨੂੰ ਆਮ ਨਾਲੋਂ ਘੱਟ ਸਮੇਂ ਲਈ ਧੁੰਦ ਪਈ ਅਤੇ ਇਹ ਧੁੰਦ ਘੱਟ ਸੰਘਣੀ ਸੀ। ਵਿਭਾਗ ਅਨੁਸਾਰ ਦਿੱਲੀ, ਉੱਤਰ ਪ੍ਰਦੇਸ਼ ਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ ’ਤੇ ਧੁੰਦ ਪਈ ਜਦੋਂ ਕਿ ਪਠਾਨਕੋਟ, ਜੰਮੂ ਤੇ ਅੰਮ੍ਰਿਤਸਰ ਦੇ ਹਵਾਈ ਅੱਡਿਆਂ ’ਤੇ ਸੰਘਣੀ ਧੁੰਦ ਪਈ। ਇਸੇ ਦੌਰਾਨ ਪੰਜਾਬ ਵਿੱਚ ਵੀਰਵਾਰ ਨੂੰ ਹਲਕਾ ਮੀਂਹ ਪੈਣ ਦੇ ਆਸਾਰ ਹਨ। –ਏਪੀ





News Source link

- Advertisement -

More articles

- Advertisement -

Latest article