30.2 C
Patiāla
Monday, April 29, 2024

ਕੈਨੇਡਾ: ਬਰਫ਼ਬਾਰੀ ਕਾਰਨ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ

Must read


ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 21 ਦਸੰਬਰ

ਕੈਨੇਡਾ ਦੇ ਕਈ ਹਿੱਸਿਆਂ ਵਿਚ ਹੋਈ ਜ਼ੋਰਦਾਰ ਬਰਫ਼ਬਾਰੀ ਨੇ ਹਵਾਈ ਉਡਾਣਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਓਂਟਾਰੀਓ ਦੇ ਕਈ ਹਿੱਸਿਆਂ ਵਿਚ ਵੀ 6-8 ਇੰਚ ਤਕ ਬਰਫ਼ ਪੈਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ। ਵੈਨਕੂਵਰ ਹਵਾਈ ਅੱਡਾ ਜਿੱਥੇ ਹਰ ਰੋਜ਼ ਕਰੀਬ 450 ਉਡਾਣਾਂ ਆਉਂਦੀਆਂ-ਜਾਂਦੀਆਂ ਹਨ, ਦੀ ਸਥਿਤੀ ਕਰੀਬ-ਕਰੀਬ ਬੰਦ ਵਰਗੀ ਹੋਈ ਪਈ ਹੈ। ਕੁਝ ਕੁ ਛੋਟੇ ਜਹਾਜ਼ ਹੀ ਉਡਾਣ ਭਰ ਰਹੇ ਹਨ। ਉਤਰਨ ਵਾਲੀਆਂ ਬਹੁਤੀਆਂ ਉਡਾਣਾਂ ਨੂੰ ਚੱਲਣ ਵਾਲੀਆਂ ਥਾਵਾਂ ’ਤੇ ਰੋਕ ਦਿੱਤਾ ਗਿਆ ਹੈ। ਪਰ ਇਸ ਤੋਂ ਪਹਿਲਾਂ ਜਿਹੜੇ ਜਹਾਜ਼ ਉਡਾਰੀ ਭਰ ਚੁੱਕੇ ਸਨ, ਉਨ੍ਹਾਂ ਨੂੰ ਨੇੜਲੇ, ਪਰ ਸੁਰੱਖਿਅਤ ਹਵਾਈ ਅੱਡਿਆਂ ਵੱਲ ਮੋੜਿਆ ਜਾ ਰਿਹਾ ਹੈ। ਬਹੁਤਾ ਮਾੜਾ ਹਾਲ ਉਨ੍ਹਾਂ ਉਡਾਣਾਂ ਦੇ ਮੁਸਾਫਰਾਂ ਦਾ ਹੈ, ਜੋ ਚੀਨ, ਜਪਾਨ, ਵੀਅਤਨਾਮ, ਕੋਰੀਆ ਜਾਂ ਸਿੰਘਾਪੁਰ ਤੋਂ ਉੱਡ ਚੁੱਕੇ ਸਨ ਤੇ 10-12 ਘੰਟਿਆਂ ਵਿਚ ਪ੍ਰਸ਼ਾਂਤ ਮਹਾਸਾਗਰ ਪਾਰ ਕਰਕੇ ਕੈਨੇਡਾ ਦੇ ਉੱਪਰ ਸਨ। ਵੈਨਕੂਵਰ ਤੋਂ ਫਲਾਈਟ ਲੈਣ ਵਾਲੇ ਹਜ਼ਾਰਾਂ ਯਾਤਰੀ ਉੱਥੇ ਫਸੇ ਹੋਏ ਹਨ ਤੇ ਭੀੜ ਕਾਰਨ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਮੁਹਾਲ ਹੋਈ ਪਈ ਹੈ। ਹਵਾਈ ਅੱਡਾ ਅਧਿਕਾਰੀਆਂ ਅਨੁਸਾਰ ਉਨ੍ਹਾਂ ਰਨਵੇਅ ਸਾਫ਼ ਕਰਾਉਣ ਲਈ ਸਾਰੀਆਂ ਮਸ਼ੀਨਾਂ ਕੰਮ ’ਤੇ ਲਾਈਆਂ ਹੋਈਆਂ ਹਨ, ਪਰ ਨਾਲੋ-ਨਾਲ ਪੈ ਰਹੀ ਬਰਫ਼ ਕਾਰਨ ਸਫਾਈ ਵਿਚ ਵਿਘਨ ਪੈ ਰਿਹਾ ਹੈ। ਬਰਫ਼ ਪਿਘਲਾਊ ਨਮਕ ਦੀ ਘਾਟ ਵੀ ਮਹਿਸੂਸ ਹੋ ਰਹੀ ਹੈ। ਅਧਿਕਾਰੀਆਂ ਅਨੁਸਾਰ ਸਥਿਤੀ ਆਮ ਵਰਗੀ ਕਰਨ ਵਿਚ ਕਈ ਘੰਟੇ ਹੋਰ ਲੱਗ ਜਾਣਗੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਬਰਫ਼ਬਾਰੀ ਕਾਰਨ ਇਸ ਹਵਾਈ ਅੱਡੇ ਦੀ ਅਜਿਹੀ ਹਾਲਤ ਦਾ ਇਹ ਇਕ ਰਿਕਾਰਡ ਹੈ। ਬ੍ਰਿਟਿਸ਼ ਕੋਲੰਬੀਆ ਦੀਆਂ ਬਹੁਤੀਆਂ ਮੁੱਖ ਸੜਕਾਂ ਨੂੰ ਆਵਾਜਾਈ ਯੋਗ ਬਣਾਉਣ ਲਈ ਪ੍ਰਸਾਸ਼ਨ ਲਗਾਤਾਰ ਯਤਨਸ਼ੀਲ ਹੈ। ਲੋਕ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਹਨ। ਬਿਨਾਂ ਛੱਤ ਕੀਤੇ ਜਾਣ ਵਾਲੇ ਕੰਮ ਠੱਪ ਹੋ ਕੇ ਰਹਿ ਗਏ ਹਨ।

ਜਾਪਾਨ ਵਿੱਚ ਭਾਰੀ ਬਰਫਬਾਰੀ; ਤਿੰਨ ਮੌਤਾਂ

ਟੋਕੀਓ: ਉੱਤਰ-ਪੱਛਮੀ ਜਾਪਾਨ ਵਿੱਚ ਬੀਤੇ ਕੁੱਝ ਦਿਨਾਂ ਤੋਂ ਹੋ ਰਹੀ ਭਾਰੀ ਬਰਫਬਾਰੀ ਕਾਰਨ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੈਂਕੜੇ ਵਾਹਨ ਹਾਈਵੇਅ ’ਤੇ ਫਸ ਗਏ ਹਨ ਅਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਕਈ ਘਰਾਂ ਵਿੱਚ ਬਿਜਲੀ ਸਪਲਾਈ ਵੀ ਠੱਪ ਹੈ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਤੋਂ ਜਾਪਾਨ ਦੇ ਉੱਤਰੀ ਤਟਵਰਤੀ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਨੀਗਾਟਾ, ਯਾਮਾਗਾਟਾ ਅਤੇ ਆਓਮੋਰੀ ਦੇ ਕੁੱਝ ਇਲਾਕਿਆਂ ਵਿੱਚ 2 ਮੀਟਰ (6.5 ਫੁੱਟ) ਤੋਂ ਵੱਧ ਬਰਫ਼ ਜੰਮ ਗਈ ਹੈ। ਨਿਗਾਟਾ ਹਾਈਵੇਅ ’ਤੇ ਸੈਂਕੜੇ ਕਾਰਾਂ ਅਤੇ ਟਰੱਕਾਂ ਦੀਆਂ 20 ਕਿਲੋਮੀਟਰ ਲੰਮੀਆਂ ਕਤਾਰਾਂ ਲੱਗ ਗਈਆਂ ਸਨ, ਜਿਸ ਮਗਰੋਂ ਸਵੈ-ਰੱਖਿਆ ਬਲਾਂ ਦੀ ਮਦਦ ਨਾਲ ਹਾਈਵੇਅ ਸਾਫ ਕਰਵਾ ਕੇ ਆਵਾਜਾਈ ਮੁੜ ਸੁਚਾਰੂ ਢੰਗ ਨਾਲ ਚਲਾਈ ਗਈ। ਫਾਇਰ ਐਂਡ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਨੇ ਦੱਸਿਆ ਕਿ ਬਰਫਬਾਰੀ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਅਤੇ 10 ਹੋਰ ਜ਼ਖ਼ਮੀ ਹੋਏ ਹਨ। -ਏਪੀ





News Source link

- Advertisement -

More articles

- Advertisement -

Latest article