33.5 C
Patiāla
Thursday, May 2, 2024

ਗਲੇਸ਼ੀਅਰ ਨੈਸ਼ਨਲ ਪਾਰਕ: ਪਹਾੜਾਂ ਤੇ ਝੀਲਾਂ ਦਾ ਸੁਮੇਲ

Must read


ਮੰਗਤ ਕੁਲਜਿੰਦ

ਕੁਦਰਤ ਨੇ ਸਭ ਕੁਝ ਬੜਾ ਸੁੰਦਰ ਅਤੇ ਅਜੀਬੋ-ਗਰੀਬ ਬਣਾਇਆ ਹੈ। ਧਰਤੀ, ਕੁਦਰਤ ਵੱਲੋਂ ਸਿਰਜੀ ਵਿਲੱਖਣਤਾਵਾਂ ਨਾਲ ਭਰੀ ਸੌਗਾਤ ਹੈ। ਧਰਤੀ ਦੇ ਕਿਸੇ ਵੀ ਕੋਨੇ ’ਤੇ ਚਲੇ ਜਾਓ ਕੁਝ ਨਾ ਕੁਝ ਮਨ ਨੂੰ ਲੁਭਾਉਣ ਵਾਲਾ ਮਿਲ ਹੀ ਜਾਵੇਗਾ, ਬਨਸਪਤੀ, ਪੌਣ ਪਾਣੀ, ਪਹਾੜ, ਮਿੱਟੀ, ਰੇਤ, ਸਮੁੰਦਰ ਗੱਲ ਕੀ ਕੋਈ ਥਾਂ ਅਜਿਹੀ ਨਹੀਂ ਜੋ ਆਪਣੀ ਨਿਵੇਕਲੀ ਛਾਪ ਨਾ ਛੱਡਦੀ ਹੋਵੇ। ਉਂਜ ਅਮਰੀਕਾ ਤਾਂ ਅਮਰੀਕਨਾਂ ਨੇ ਚੱਪਾ ਚੱਪਾ ਵੇਖਣ ਯੋਗ ਬਣਾ ਛੱਡਿਆ ਹੈ। ਜਿੱਥੇ ਕਿਤੇ ਚਾਰ ਛਿੱਟਾਂ ਪਾਣੀ ਦੀਆਂ ਟੋਏ ਟਿੱਬੇ ਵਿੱਚ ਇਕੱਠੀਆਂ ਹੋ ਗਈਆਂ, ਇਨ੍ਹਾਂ ਨੇ ਉਸ ਦੇ ਆਸੇ ਪਾਸੇ ਬੂਟੇ, ਪੌਦੇ, ਘਾਹ ਉਗਾ ਕੇ, ਫੁੱਟਪਾਥ ਬਣਾ ਕੇ, ਪਾਣੀ ਨੂੰ ਸਾਫ਼ ਸੁਥਰਾ ਕਰਕੇ, ਸੜਕਾਂ ਬਣਾ ਕੇ, ਝੀਲਾਂ ਬਣਾ ਦਿੱਤੀਆਂ ਅਤੇ ਉੱਥੋਂ ਹੀ ਦੇਸ਼ ਦੇ ਖ਼ਜ਼ਾਨੇ ਲਈ ਕਰੋੜਾਂ ਡਾਲਰ ਕਮਾਉਣ ਦਾ ਇੰਤਜ਼ਾਮ ਕਰ ਲਿਆ। ਕੁਦਰਤ ਨੇ ਵੀ ਪਹਾੜਾਂ ਤੇ ਝੀਲਾਂ ਦਾ ਇੱਥੇ ਹੜ੍ਹ ਲਿਆ ਰੱਖਿਆ ਹੈ। ਪਹਾੜਾਂ ਤੇ ਝੀਲਾਂ ਦਾ ਮਿਸ਼ਰਣ ‘ਗਲੇਸ਼ੀਅਰ ਨੈਸ਼ਨਲ ਪਾਰਕ’ ਅਮਰੀਕਾ ਦੀ ਮੋਨਟਾਨਾ ਸਟੇਟ ਵਿੱਚ ਹੈ ਅਤੇ ਇਸ ਦਾ ਕੁਝ ਹਿੱਸਾ ਕੈਨੇਡਾ ਵਿੱਚ ਵੀ ਹੈ।

ਇਸ ਦੇ ਰੂਟ ’ਤੇ ਸੈਲਾਨੀਆਂ ਲਈ ਰੁਮਾਂਚ ਤਾਂ ਹੈ ਹੀ, ਨਾਲ ਦੀ ਨਾਲ ਚੁਣੌਤੀਆਂ ਵੀ ਹਨ। ਕਈ ਥਾਵਾਂ ’ਤੇ ਬਰਫ਼ ਪੈਂਦੀ ਹੈ ਜਾਂ ਆਪਣਾ ਰਾਜ ਜਮਾਈ ਬੈਠੀ ਹੁੰਦੀ ਹੈ। ਪਹਾੜ, ਨਦੀਆਂ, ਝੀਲਾਂ ਥਾਂ-ਥਾਂ ਮਿਲਦੀਆਂ ਹਨ। ਹਾਈਵੇ-2 ਉੱਪਰੋਂ ਵੇਖਣ ਵਾਲੀਆਂ ਥਾਵਾਂ ਸਕੀਇੰਗ ਪਲੇਸ-ਸਟੀਵਨ ਪਾਸ, ਲੈਵਨਵਰਥ, ਸਨੀਸਲੋਪਜ਼ ਏਅਰਵੇ ਹਾਈਟ ਹਨ। ਮਸ਼ਹੂਰ ਸ਼ਹਿਰ ਸਪੋਕੇਨ ਵੀ ਹੈ। ਕਾਫ਼ੀ ਸਫ਼ਰ ਤੈਅ ਕਰਨ ਤੋਂ ਬਾਅਦ ਗਲੇਸ਼ੀਅਰ ਨੈਸ਼ਨਲ ਪਾਰਕ ਦਾ ਦਰਵਾਜ਼ਾ ਕਿਹਾ ਜਾਂਦਾ ਮਸ਼ਹੂਰ ਸ਼ਹਿਰ ‘ਕੈਲਿਸਪੈਲ’ ਆ ਜਾਂਦਾ ਹੈ ਅਤੇ ਇਸ ਤੋਂ ਅੱਗੇ ਜਾਣ ’ਤੇ ‘ਕੋਲੰਬੀਆ ਫਾਲ’ ਸਿਟੀ ਤੋਂ ਬਾਅਦ ਪਾਰਕ ਸ਼ੁਰੂ ਹੁੰਦਾ ਹੈ।

ਮੋਨਟਾਨਾ ਸਟੇਟ ਦੇ ਰੌਕੀ ਪਰਬਤਾਂ ਦੀ ਲੜੀ ਵਿੱਚ ਫੈਲਿਆ ਕੈਨੇਡਾ ਦੇ ਬਾਰਡਰ ਤੋਂ ਪਾਰ ਕੈਨੇਡਾ ਦੇ ਕੁਝ ਹਿੱਸੇ ਵਿੱਚ ਸਿਰ ਲਕੋਈ ਬੈਠਾ ਇਹ ਪਾਰਕ 1583 ਵਰਗ ਮੀਲ ਵਿੱਚ ਫੈਲਿਆ ਹੋਇਆ ਹੈ। ਵੈਸਟ ਗਲੇਸ਼ੀਅਰ ਤੋਂ ‘ਸਨ ਰੋਡ’ ਸ਼ੁਰੂ ਹੋ ਕੇ ਘੁੰਮਦੀ ਘੁੰਮਾਉਂਦੀ ਪਹਾੜਾਂ ਦੀਆਂ ਉਚਾਈਆਂ ਨੂੰ ਛੋਂਹਦੀ ਕੁੰਡਲ ਬਣਾਉਂਦੀ, ਝੀਲਾਂ ਦੇ ਚਰਨ ਚੁੰਮਦੀ ਪੂਰਬੀ ਗਲੇਸ਼ੀਅਰ ਦੇ ਗੇਟ ‘ਸੇਂਟ ਮੈਰੀ ਗੇਟ’ ’ਤੇ 51 ਮੀਲ ਦਾ ਸਫ਼ਰ ਤੈਅ ਕਰਕੇ ਬਾਹਰ ਨਿਕਲ ਜਾਂਦੀ ਹੈ। ਸਰਦੀ ਦੇ ਮੌਸਮ ਦੇ ਚੱਲਦਿਆਂ ਅੰਦਰ ਕਈ ਥਾਵਾਂ ’ਤੇ ਬਰਫ਼ ਜੰਮਣ ਕਰਕੇ ‘ਸਨ ਰੋਡ’ ਨੂੰ ਪਾਰ ਕਰਨ ਨਹੀਂ ਦਿੱਤਾ ਜਾਂਦਾ। ਜੂਨ ਦੇ ਅੰਤ ਤੋਂ ਲੈ ਕੇ ਸਤੰਬਰ ਤੱਕ ਦੇ ਸਮੇਂ ਹੀ ਇਹ ਸੜਕ ਖੋਲ੍ਹੀ ਜਾਂਦੀ ਹੈ। ਹਾਈਵੇ 2 ਉੱਪਰ ਜਾਂਦਿਆਂ 49 ਨੰਬਰ ਰੂਟ ਲੈ ਕੇ ‘ਟੂ ਮੈਡੀਸਨ ਰਿਵਰ ਰੋਡ’ ਰਾਹੀਂ ਝੀਲ ਕੋਲ ਪਹੁੰਚ ਗਏ। ਇਸੇ ਸਥਾਨ ਤੋਂ ਇੱਕ ਪਗਡੰਡੀ ਉੱਪਰ ਨੂੰ ਜਾਂਦੀ ਸੀ। ‘ਐਸਟਰ ਫਾਲਜ਼’ ਨੂੰ ਜਾਣ ਲਈ ਵੀ ਇੱਥੋਂ ਜਾਇਆ ਜਾਂਦਾ ਹੈ। ਇਸੇ ਉੱਪਰ ਬੋਟ ਲੈਡਿੰਗ, ਟਵਿਨ ਫਾਲਜ਼, ਅਪਰ ਟੂ ਮੈਡੀਸਿਨ ਲੇਕ ਹੈ। ਨਾਲ ਹੀ ਰਾਕਵੈੱਲ ਫਾਲਜ਼, ਲੇਕ ਇਸਾਬੈਲ ਵੀ ਹਨ। ਇੱਥੋਂ ਹੀ ਝੀਲ ਦੇ ਕਿਨਾਰੇ ਪੈਰਾਡਾਈਜ਼ ਪੁਆਂਇੰਟ ’ਤੇ ਪਹੁੰਚਿਆ ਜਾ ਸਕਦਾ ਹੈ। ਟੂ ਮੈਡੀਸਿਨ ਸੀਨਿਕ (ਨਜ਼ਾਰੇ) ਕਰੂਜ਼’ ਰਾਹੀਂ 45 ਮਿੰਟਾਂ ਦੇ ਇਸ ਟੂਰ ਦਾ ਅਸੀਂ ਆਨੰਦ ਮਾਣਿਆ। ਕਰੂਜ਼ ਦੇ ਮੂਹਰਲੇ ਹਿੱਸੇ ਵਿੱਚ ਖੜ੍ਹਨ ਲਈ ਬਣੇ ਥਾਂ ਵਿੱਚ ਸੈਲਾਨੀ ਝੀਲ ਤੇ ਪਰਬਤਾਂ ਦੀ ਸੁੰਦਰਤਾ ਨੂੰ ਅੱਖਾਂ ਵਿੱਚ ਵੀ ਅਤੇ ਕੈਮਰਿਆਂ ਵਿੱਚ ਵੀ ਕੈਦ ਕਰ ਸਕਦੇ ਹਨ, ਪਰ ਕੁਝ ਸਮੇਂ ਲਈ ਹੀ। ਇਸ ਝੀਲ ਦੀ ਡੂੰਘਾਈ 300 ਫੁੱਟ ਦੇ ਕਰੀਬ ਹੈ। ਇਹ ਝੀਲ ਦੋ ਮੀਲ ਲੰਬੀ ਅਤੇ .33 ਮੀਲ ਚੌੜੀ ਹੈ। ਪੱਛਮ ਵਾਲੇ ਪਾਸੇ ‘ਸਾਈਨੋਫ ਮਾਊਂਟੇਨ’ ਹੈ ਜਦੋਂ ਕਿ ਉੱਤਰ ਵਾਲੇ ਪਾਸੇ ‘ਰਾਈਜ਼ਿੰਗ ਵੌਲਫ ਮਾਊਂਟੇਨ’ ਹੈ। ਇਨ੍ਹਾਂ ਪਰਬਤਾਂ ਦੀ ਉਚਾਈ ਸੱਤ ਹਜ਼ਾਰ ਫੁੱਟ ਤੋਂ ਲੈ ਕੇ ਦਸ ਹਜ਼ਾਰ ਫੁੱਟ ਤੱਕ ਦੱਸੀ ਜਾਂਦੀ ਹੈ।

ਇਸ ਹਾਈਵੇ 2 ’ਤੇ ਹੀ ਕੋਲੰਬੀਆ ਫਾਲ ਸਿਟੀ ਵਿੱਚ ‘ਮੋਨਟਾਨਾ ਐਨਰਜ਼ੀ ਵੌਰਟੈਕਸ’ ਨਾਂ ਦੀ ਥਾਂ ਅਦਭੁੱਤ ਤੇ ਵੇਖਣ ਵਾਲੀ ਹੈ। ਗਲੇਸ਼ੀਅਰ ਪਾਰਕ ਦੇ ਪੱਛਮ ਵੱਲ ਲਗਭਗ 13 ਮੀਲ ਪਹਿਲਾਂ ਸਥਿਤ ਹੈ। ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਮਨੁੱਖ ਆਪਣੇ ਆਪ ਨੁੰ ਸੁੰਗੜਿਆ ਹੋਇਆ ਮਹਿਸੂਸ ਕਰਦਾ ਹੈ ਤੇ ਸਬੂਤ ਵਜੋਂ ਤਸਵੀਰਾਂ ਵੀ ਲੈ ਸਕਦਾ ਹੈ। ਅਮਰੀਕਾ ਵਿੱਚ ਅਜਿਹੀਆਂ ਕੁੱਲ 8 ਥਾਵਾਂ ਹਨ। ਇੱਥੇ ਲੱਕੜ ਦਾ ਬਣਿਆ ਹੋਇਆ ਇੱਕ ਕਮਰਾ 18 ਡਿਗਰੀ ’ਤੇ ਝੁਕਿਆ ਹੋਇਆ ਹੈ। ਲੱਗਦਾ ਹੈ ਕਿ ਕਮਰੇ ਵਿੱਚ ਕੋਈ ਫੋਰਸ ਹੈ ਜੋ ਤੁਹਾਨੂੰ ਹੇਠਾਂ ਸੁੱਟਣਾ ਚਾਹੁੰਦੀ ਹੈ। ਕੱਚ ਦੀਆਂ ਗੋਲੀਆਂ ਉੱਚਾਈ ਵਾਲੇ ਪਾਸੇ ਜਾਂਦੀਆਂ ਦਿਖਾਈ ਦਿੰਦੀਆਂ ਹਨ। ਬਿਨਾਂ ਫੜਿਆਂ ਝਾੜੂ ਹਵਾ ਵਿੱਚ ਸਿੱਧਾ ਖੜ੍ਹਾ ਰਹਿੰਦਾ ਹੈ ਜਿਸ ਨੂੰ ਵੇਖ ਕੇ ਤੁਸੀਂ ਸੰਸ਼ੋਪੰਜ਼ ਵਿੱਚ ਪੈ ਜਾਂਦੇ ਹੋ। ਕਈ ਲੋਕਾਂ ਮੁਤਾਬਿਕ ਇੱਥੇ ਉਹ ਆਪਣੇ ਆਪ ਨੂੰ ਸ਼ਾਂਤ ਅਤੇ ਸੁਸਤ ਆਦਿ ਮਹਿਸੂਸ ਕਰਦੇ ਹਨ। ਜਦੋਂ ਤੁਸੀਂ ਕਮਰੇ ਦੀ ਦੀਵਾਰ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋ ਜਾਂ ਦੀਵਾਰ ਨਾਲ ਰੱਖੀ ਕੁਰਸੀ ’ਤੇ ਬੈਠ ਕੇ ਉੱਠਣ ਦਾ ਯਤਨ ਕਰਦੇ ਹੋ ਤਾਂ ਤੁਸੀਂ ਮੂਹਰੇ ਨੂੰ ਧੱਕੇ ਜਾ ਰਹੇ ਲੱਗਦੇ ਹੋ। ਅੱਗੇ ਤੁਰਦਿਆਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਮਗਰ ਨੂੰ ਕੋਈ ਜ਼ਿਆਦਾ ਤਾਕਤ ਨਾਲ ਧੱਕ ਰਿਹਾ ਹੈ। ਇਸ ਖੇਤਰ ਵਿੱਚ ਤੁਹਾਨੂੰ ਤੁਹਾਡੀਆਂ ਉਂਗਲਾਂ ਦੇ ਔਰੇ (Aura) ਦਾ ਪਰਛਾਵਾਂ ਉਂਗਲਾਂ ਦੇ ਪਰਛਾਵੇਂ ਦੇ ਨਾਲ ਦਿਸੇਗਾ। ਵਿਗਿਆਨ ਦੇ ਮੁਤਾਬਿਕ ਇਹ ਇੱਕ ਕਿਸਮ ਦੀ ਊਰਜਾ ਹੈ ਜੋ ਸਰੀਰ ਦੇ ਮੌਲੀਕਿਊਲਜ਼ ਦੁਆਰਾ ਹਰ ਵਕਤ ਰਿਲੀਜ਼ ਹੁੰਦੀ ਰਹਿੰਦੀ ਹੈ। ਅਸੀਂ ਅਕਸਰ ਹੀ ਦੇਖਦੇ ਸੁਣਦੇ ਹਾਂ ਕਿ ਦੇਵੀ ਦੇਵਤਿਆਂ ਦੇ ਸਿਰਾਂ ਦੇ ਦੁਆਲੇ ਇਹ ਚੱਕਰ ਹੁੰਦੇ ਹਨ। ਸਾਇੰਸ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਚੱਕਰ ਹਰ ਇੱਕ ਜੀਵ ਜੰਤੂ ਦੇ ਦੁਆਲੇ ਹੁੰਦੇ ਹਨ, ਪਰ ਸਾਡੀਆਂ ਨੰਗੀਆਂ ਅੱਖਾਂ ਇਨ੍ਹਾਂ ਨੂੰ ਵੇਖ ਨਹੀਂ ਸਕਦੀਆਂ। ਸਾਡੇ ਸਰੀਰਾਂ ਦੀ ਊਰਜਾ ਇੱਕ ਦੂਜੇ ਨੂੰ ਛੂਹਣ ਨਾਲ ਪਰਿਵਰਤਿਤ ਹੁੰਦੀ ਰਹਿੰਦੀ ਹੈ। ਇਹ ਚੀਜ਼ ਇੱਥੇ ਇੱਕ ਯੰਤਰ ਨਾਲ ਸਿੱਧ ਕਰਕੇ ਵੀ ਦਿਖਾਈ ਜਾਂਦੀ ਹੈ। ਉੱਥੇ ਵਾਪਰੀਆਂ ਕਈ ਘਟਨਾਵਾਂ ਦੀ ਫੋਟੋਗ੍ਰਾਫ਼ੀ ਵਿੱਚ ਵੀ ਅਜੀਬੋਗਰੀਬ ਵਸਤਾਂ ਦਿਖਾਈਆਂ ਗਈਆਂ ਹਨ। ਜਿਵੇਂ ਫੋਟੋ ਵਿੱਚ ਅੱਧੇ ਧੜ ਦੀ ਹੀ ਤਸਵੀਰ ਆਉਣੀ ਜਾਂ ਧਰਤੀ ਤੋਂ ਉੱਪਰ ਹਵਾ ਵਿੱਚ ਖੜ੍ਹੇ ਦਿਸਣਾ ਜਾਂ ਹਵਾ ਵਿੱਚ ਲੰਮੇ ਪਿਆ ਦਿਸਣਾ।

ਸਰੀਰ ਦੇ ਸੁੰਗੜ ਜਾਣ ਨੂੰ ਕਈ ਢੰਗਾਂ ਨਾਲ ਦਿਖਾਇਆ ਗਿਆ ਹੈ ਜਿਵੇਂ ਉੱਥੇ ਗੱਡੇ ਹੋਏ ਖੰਭੇ ਦੇ ਨਾਲ ਖੜ੍ਹਕੇ ਆਪਣੀ ਅੱਖ ਦੇ ਹੇਠਲੇ ਹਿੱਸੇ ਦੇ ਬਰਾਬਰ ਪੋਲ ’ਤੇ ਸਿੱਕਾ ਚਿਪਕਾ ਦਿਓ, ਜਦੋਂ ਤੁਸੀਂ ਪੋਲ ਦੇ ਦੁਆਲੇ ਗੇੜਾ ਕੱਢ ਕੇ ਵਾਪਸ ਉਸ ਜਗ੍ਹਾ ’ਤੇ ਆਉਗੇ ਤਾਂ ਵੇਖੋਗੇ ਕਿ ਉਹੀ ਸਿੱਕਾ ਤੁਹਾਡੀ ਅੱਖ ਦੇ ਉੱਪਰਲੇ ਹਿੱਸੇ ਨੂੰ ਛੋਹ ਰਿਹਾ ਹੈ। ਇਸ ਖੇਤਰ ਵਿੱਚ ਉੱਗੇ ਦਰੱਖਤਾਂ ਦੇ ਤਣਿਆਂ ਦੀ ਟੇਢ ਮੇਢ ਨੂੰ ਇਸੇ ਫੋਰਸ ਦਾ ਨਤੀਜਾ ਮੰਨਿਆ ਜਾਂਦਾ ਹੈ। ਕੁਝ ਵੀ ਹੈ ਆਮ ਲੋਕਾਂ ਲਈ ਇਹ ਇਕ ਰਹੱਸਮਈ ਚੀਜ਼ ਹੈ। ਪਰ ਕਈ ਵਿਗਿਆਨੀ ਇਸ ਨੂੰ ਕੁਦਰਤ ਦਾ ਕੋਈ ਵੱਖਰਾ ਕ੍ਰਿਸ਼ਮਾ ਨਾ ਮੰਨਦਿਆਂ ਇਸ ਦੀ ਵਿਆਖਿਆ ਫਿਜ਼ਿਕਸ ਦੇ ਨਿਯਮਾਂ ਅਧੀਨ ਹੀ ਕਰਦੇ ਹਨ ਅਤੇ ਇਸ ਨੂੰ ਨਜ਼ਰਾਂ ਦਾ ਭਰਮ ਸਿੱਧ ਕਰਦੇ ਹਨ। ਇਸ ਦੇ ਪੂਰਬੀ ਪਾਸੇ ਸੇਂਟ ਮੈਰੀ ਗੇਟ ਤੋਂ ਅੱਗੇ ਜਾ ਕੇ ਇੱਕ ਹੋਰ ਰਸਤਾ ਵੀ ਹੈ ਅਤੇ ਉੱਥੇ ‘ਸਵਿਫਟ ਕਰੰਟ ਰਿਜ਼ ਲੇਕ’ ਵੀ ਵੇਖਣ ਵਾਲੀ ਥਾਂ ਹੈ। ਵੈਸਟ ਗਲੇਸ਼ੀਅਰ ਪਾਰਕ ਜਾਣ ਲਈ ਅਸੀਂ ‘ਸਨ ਰੋਡ’ ’ਤੇ ਪੁੱਜ ਗਏ ਜਿਸ ਦਾ ਆਪਣਾ ਵੱਖਰਾ ਹੀ ਨਜ਼ਾਰਾ ਹੈ। ਇਹ ਸੜਕ ਵਲ ਵਲੇਵੇਂ ਖਾਂਦੀ, ਪਹਾੜਾਂ ਦੀ ਚੋਟੀ ’ਤੇ ਕੁੰਡਲ ਬਣਾਉਂਦੀ ਪੂਰਬ ਵਾਲੇ ਪਾਸੇ ‘ਸੇਂਟ ਮੈਰੀ ਗੇਟ’ ’ਤੇ ਜਾ ਨਿਕਲਦੀ ਹੈ। ਇਸੇ ਰੋਡ ਉੱਪਰ ਜਾਂਦਿਆਂ ਖੱਬੇ ਹੱਥ 10 ਮੀਲ ਤੱਕ ‘ਮੈਕਡੌਨਲਡ ਲੇਕ’ ਨਾਲ ਨਾਲ ਚੱਲਦੀ ਰਹਿੰਦੀ ਹੈ। ਇਹ ਮੀਲ ਦੇ ਲਗਭਗ ਚੌੜਾਈ ਵਾਲੀ ਅਤੇ 472 ਫੁੱਟ ਡੂੰਘੀ ਝੀਲ ਹੈ। ਇਸੇ ਸੜਕ ਤੋਂ ‘ਸਪਰੇਕ ਕਰੀਕ’ ’ਤੇ ਜਾਇਆ ਜਾ ਸਕਦਾ ਹੈ। ਮੈਕਡੌਨਲਡ ਫਾਲ ਵੀ ਇਸੇ ਸੜਕ ਉੱਪਰ ਆਉਂਦਾ ਹੈ। ਸਾਫ਼ ਸੁਥਰੇ ਨੀਲੇ ਰੰਗ ਦੇ ਪਾਣੀ ਨੁੰ ਥੱਲੇ ਡਿੱਗਦਿਆਂ ਵੇਖ ਮਨ ਨੂੰ ਅਜੀਬ ਜਿਹਾ ਹੁਲਾਸ ਮਿਲਦਾ ਹੈ। ਲਗਭਗ 16 ਮੀਲ ਦੀ ਦੂਰੀ ’ਤੇ ‘ਐਵਾਲੇਂਚ ਕਰੀਕ ਅਤੇ ਟ੍ਰੇਲ ਆਫ ਸੈਡਰ ਨੇਚਰ’ ਆ ਜਾਂਦੀਆਂ ਹਨ। ਇਸ ਖੇਤਰ ਵਿੱਚ ਉੱਚੇ ਉੱਚੇ ਪਰਬਤ ਹਨ। ਜਿਵੇਂ ਕਿ ਸਟੈਨਟਨ ਪਰਬਤ 7750 ਫੁੱਟ, ਮਾਊਂਟ ਵਾਟ 8850 ਫੁੱਟ ਉੱਚਾ ਅਤੇ ਸਭ ਤੋਂ ਉੱਚੀਆਂ ਚੋਟੀਆਂ ਮਾਊਂਟ ਜੈਕਸਨ 10052 ਫੁੱਟ ਅਤੇ ਮਾਊਂਟ ਸਟਨਸਨ 10042 ਫੁੱਟ ਹਨ।

ਐਵਾਲੇਂਚ ਲੇਕ ’ਤੇ ਜਾਣ ਲਈ ਅਸੀਂ ‘ਟ੍ਰੇਲਜ਼ ਆਫ ਸੈਡਰ ਟ੍ਰੇਲਹੈੱਡ’ ਤੋਂ ਚੜ੍ਹਾਈ ਸ਼ੁਰੂ ਕੀਤੀ। ਕੁਝ ਦੂਰੀ ਤੱਕ ਇਹ ਪਗਡੰਡੀ ਲੱਕੜੀ ਦੇ ਫੱਟਿਆ ’ਤੇ ਬਣੀ ਹੋਈ ਹੈ, ਅੱਧਾ ਕੁ ਮੀਲ ਜਾਣ ’ਤੇ ਐਵਾਲੇਂਚ ਕਰੀਕ ਆ ਮਿਲਦੀ ਹੈ। ਉੱਥੇ ਪਾਣੀ ਹੇਠਾਂ ਡਿੱਗਦਾ ਇੱਕ ਝਰਨਾ ਬਣ ਜਾਂਦਾ ਹੈ। ਪਗਡੰਡੀ ਦੇ ਖੱਬੇ ਹੱਥ ਮੁੜਦਿਆਂ ਹੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ। ਅੱਗੇ ਸੰਘਣਾ ਜੰਗਲ ਆ ਜਾਂਦਾ ਹੈ। ਐਵਾਲੇਂਚ ਕਰੀਕ ਦੇ ਨਾਲ ਨਾਲ ਜਾਂਦਿਆਂ ਕੁਝ ਦੂਰੀ ਉੱਪਰ ਇੱਕ ਜਗ੍ਹਾ ਬਣੀ ਹੋਈ ਹੈ, ਉੱਥੇ ਖੜ੍ਹ ਕੇ ਸਾਹਮਣੇ ਦੇਖਣ ’ਤੇ ਪਤਾ ਲੱਗਦਾ ਕਿ ਗਲੇਸ਼ੀਅਰਾਂ ਦੇ ਪਿਘਲੇ ਪਾਣੀਆਂ ਦੀ ਹੈਰਾਨ ਕਰਨ ਵਾਲੀ ਤਾਕਤ ਕੀ ਹੁੰਦੀ ਹੈ।

ਸਾਨੂੰ ਉੱਪਰ ਚੜ੍ਹਨਾ ਔਖਾ ਲੱਗ ਰਿਹਾ ਸੀ। ਸਾਹਮਣੇ ਤੋਂ ਆ ਰਹੇ ਜਿਸ ਵੀ ਸੈਲਾਨੀ ਨੂੰ ਅਸੀਂ ‘ਕਿੰਨੀ ਦੂਰੀ ਹੈ?’ ਬਾਰੇ ਪੁੱਛਿਆ ਤਾਂ ਕਿਸੇ ਨੇ ਪੰਜਾਬੀਆਂ ਵਾਂਗ ਇਹ ਨਹੀਂ ਕਿਹਾ, ‘ਬਸ ਆ ਗੇ ਜੀ ਤੁਸੀਂ ਤਾਂ, ਅਹੁ ਸਾਹਮਣੇ ਈ ਐ’, ਪਰ ਇਹ ਜ਼ਰੂਰ ਕਿਹਾ ‘ਵੈਰੀ ਬਿਊਟੀਫੁੱਲ’। ਦੂਰੀ ਬਾਰੇ ਤਾਂ ਉਹ ਸ਼ਬਦਾਂ ਨੂੰ ਮੂੰਹ ਵਿੱਚ ਹੀ ਘੁੱਟ ਜਾਂਦੇ ਸਨ ਤੇ ਸਾਡਾ ਹੌਸਲਾ ‘ਵੈਰੀ ਬਿਊਟੀਫੁੱਲ’ ਨਾਲ ਵਧਦਾ ਹੀ ਜਾ ਰਿਹਾ ਸੀ। ਅਸੀਂ ਰੱਬ ਦਾ ਨਾਂ ਲੈ ਕੇ ਚੜ੍ਹਾਈ ਚੜ੍ਹਦੇ ਹੀ ਗਏ। ਅਸਲ ਵਿੱਚ ਸਾਡੇ ਹੌਸਲੇ ਨੂੰ ਪੱਠੇ ਜੋ ਪੈ ਰਹੇ ਸਨ, ਅਸੀਂ ਵੀ ਮਨ ਵਿੱਚ ਧਾਰ ਲਈ ਕਿ ਹੁਣ ਮੱਥਾ ਟੇਕ ਕੇ ਹੀ ਮੁੜਾਂਗੇ। ਡਿੱਗਦੇ ਢਹਿੰਦੇ ਪਹੁੰਚ ਹੀ ਗਏ। ਹਰੇ, ਚਿੱਟੇ, ਭੂਰੇ, ਕਾਲੇ ਅਤੇ ਹੋਰ ਕਈ ਰੰਗਾਂ ਦੀ ਭਾਹ ਮਾਰ ਦੇ ਪਰਬਤਾਂ ਵਿੱਚ ਘਿਰੀ ਐਵਾਲੇਂਚ ਝੀਲ ਜਿਵੇਂ ਕੋਈ ਮਹਾਰਾਣੀ ਦੈਂਤੀ ਪਹਿਰੇਦਾਰਾਂ ਦੇ ਘੇਰੇ ਵਿੱਚ ਆਰਾਮ ਨਾਲ ਲੇਟੀ ਹੋਵੇ। ਵਾਕਿਆ ਹੀ ਉੱਥੇ ਦੋ ਢਾਈ ਘੰਟੇ ਬਹਿ ਕੇ ਕਾਇਨਾਤੀ ਨਜ਼ਾਰੇ ਦਾ ਆਨੰਦ ਮਾਣਿਆ। ਧੁੱਪ ਨਾਲ ਚਮਕਦੀ ਪਹਾੜਾਂ ’ਤੇ ਪਈ ਬਰਫ਼, ਝੀਲ ਦੇ ਪਾਣੀ ਵਿੱਚ ਪੈਂਦੇ ਪਰਛਾਵੇਂ ਅਤੇ ਚਿੱਟੀਆਂ ਦੁੱਧ ਵਰਗੀਆਂ ਸੂਰਜ ਦੀਆਂ ਕਿਰਨਾਂ, ਮਾਨੋ ਸਵਰਗ ਦਾ ਨਜ਼ਾਰਾ ਪੇਸ਼ ਕਰ ਰਹੇ ਹੋਣ। ਐਵਾਲੇਂਚ ਲੇਕ ਦੇ ਦੱਖਣ ਪੱਛਮ ਵਿੱਚ 8684 ਫੁੱਟ ਉੱਚਾ ਪਰਬਤ ‘ਬੀਅਰਹੱਟ ਮਾਊਂਟੇਨ’ ਹੈ ਅਤੇ ਝੀਲ ਦੇ ਪਾਣੀ ਦਾ ਸੋਮਾ ‘ਸਪੈਰੀ ਗਲੇਸ਼ੀਅਰ’ ਹੈ। ਇਸ ਝੀਲ ਦੀ ਕੁਲ ਲੰਬਾਈ 3182 ਫੁੱਟ ਅਤੇ ਚੌੜਾਈ 984 ਫੁੱਟ ਹੈ। ਦੱਖਣ ਵਾਲੇ ਪਾਸੇ 7886 ਫੁੱਟ ਉੱਚੇ ਪਰਬਤ ਹਨ। ਇਨ੍ਹਾਂ ਪਰਬਤਾਂ ਤੋਂ ਕਈ ਝਰਨੇ ਝੀਲ ਵਿੱਚ ਡਿੱਗਦੇ ਹਨ। ਰਸਤੇ ਵਿੱਚ ਵਾਤਾਵਰਨ ਵਿੱਚ ਸਿਲ ਜ਼ਿਆਦਾ ਹੋਣ ਕਰਕੇ ਸੀਦਾਰ ਦੇ ਦਰੱਖਤਾਂ ਦੀ ਉਚਾਈ ਸੌ ਫੁੱਟ ਤੋਂ ਵੀ ਉੱਚੀ ਚਲੀ ਜਾਂਦੀ ਹੈ। ਉਨ੍ਹਾਂ ਦੇ ਤਣੇ ਦਾ ਘੇਰਾ 4 ਤੋਂ 7 ਫੁੱਟ ਹੋ ਜਾਂਦਾ ਹੈ। ਕਈ ਦਰੱਖਤ ਤਾਂ ਪੰਜ ਸੌ ਸਾਲ ਪੁਰਾਣੇ ਹਨ।

ਦੂਸਰੀ ਵੇਖਣ ਵਾਲੀ ਝੀਲ ਹਿਡਨ ਲੇਕ ਹੈ ਜਿਸ ਉੱਪਰ ਪਹੁੰਚਣ ਲਈ ਲਾਗਨ ਪਾਸ ਤੋਂ ਚੜ੍ਹਾਈ ਸ਼ੁਰੂ ਕਰਨੀ ਪੈਂਦੀ ਹੈ। ਸਨ ਰੋਡ ਦੇ ਪਿਛਲੇ ਪਾਸੇ ਤੋਂ ਇੱਕ ਕੁਦਰਤੀ ਪਗਡੰਡੀ ਹਿਡਨ ਲੇਕ ਦਾ ਨਜ਼ਾਰਾ ਤੱਕਣ ਲਈ ਜਾਂਦੀ ਹੈ। ਪਹਿਲਾਂ ਬੋਰਡਵਾਕ ਹੈ, ਫਿਰ ਲਗਾਤਾਰ ਉੱਪਰ ‘ਗਰੇਵਲ ਟਰੇਲ’ ਹੈ। ਸੈਂਟਰ ਦੇ ਪੱਛਮ ਵੱਲੋਂ ਹਾਈਕ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਫੁੱਲਾਂ ਦਾ ਬਾਗ ਜਿਸ ਨੂੰ ‘ਹੈਂਗਿੰਗ ਗਾਰਡਨ’ ਵੀ ਕਿਹਾ ਜਾਂਦਾ ਹੈ, ਅੱਖਾਂ ਨੂੰ ਆਨੰਦ ਦਿੰਦਾ ਹੈ। ਫਿਰ ‘ਕਲੇਮੈਂਟਸ ਪਰਬਤ’ ਦਿਖਾਈ ਦਿੰਦੇ ਹਨ। ਉੱਪਰ ਜਾਂਦਿਆਂ ਪਹਾੜੀ ਬੱਕਰੀਆਂ ਅਤੇ ਕਦੇ ਕਦੇ ਬੀਅਰ ਵੀ ਵੇਖੇ ਜਾ ਸਕਦੇ ਹਨ। ਉੱਚਾਈ ਉੱਪਰ ਜਾ ਕੇ ਲੱਕੜ ਦੇ ਬਣੇ ਡੈੱਕ ਉੱਪਰ ਖੜ੍ਹ ਕੇ ਹੇਠਾਂ ਦਿਖਾਈ ਦਿੰਦੀ ਝੀਲ ਦੀ ਝਲਕ ਤਾਂ ਮਿਲਦੀ ਹੀ ਹੈ, ਆਸੇ ਪਾਸੇ ਦੇ ਨਜ਼ਾਰੇ ਵੇਖ ਕੇ ਦੁੱਖ ਤਕਲੀਫ਼ਾਂ ਭੁੱਲ ਜਾਂਦੀਆਂ ਹਨ। ਫਿਰ ਪਗਡੰਡੀਆਂ ਉੱਪਰ ਥੱਲੇ ਨੂੰ ਆ ਕੇ ਹਿਡਨ ਲੇਕ ਦੇ ਕਿਨਾਰੇ ’ਤੇ ਪਹੁੰਚਿਆ ਜਾਂਦਾ ਹੈ। ਜਦੋਂ ਸੂਰਜ ਦੀਆਂ ਕਿਰਨਾਂ ਮਾਊਂਟੇਨ ਨੂੰ ਛੋਂਹਦੀਆਂ ਹਨ ਅਤੇ ਪਹਾੜੀਆਂ ਦੀਆਂ ਸਿਖਰਾਂ ਸੋਨ-ਸੰਤਰੀ ਲੱਗਦੀਆਂ ਹਨ। ਵਾਪਸ ਮੁੜਦਿਆਂ ਕੈਲਿਸਪੈਲ ਸ਼ਹਿਰ ਤੋਂ ਪਹਿਲਾਂ ਸਾਹਮਣੇ ‘ਸਵਾਨ ਪਰਬਤ’ ਹੈ। ਉਸ ਦੇ ਅੱਗੇ ਫੁੱਲਾਂ ਨਾਲ ਲੱਦੇ ਮੈਦਾਨ, ਵਿੱਦਿਅਕ ਅਤੇ ਕਮਿਊਨਿਟੀ ਪ੍ਰੋਗਰਾਮਾਂ ਲਈ ਮਸ਼ਹੂਰ ‘ਕਨਰਾਡ ਫੈਮਿਲੀ ਇਸਟੇਟ’ ਹੈ, ਜਿਸ ਨੂੰ ਦੇਖਣ ਦੀ ਟਿਕਟ ਲੱਗਦੀ ਹੈ।

ਇੱਥੋਂ ਅਸੀਂ ਯੂਰੇਕਾ ਕਸਬੇ ਵਿੱਚ ਪਹੁੰਚ ਗਏ। ਇਸ ਰੂਟ ਉੱਪਰ ਆਸੇ ਪਾਸੇ ਬਹੁਤ ਹਰਿਆਵਲ ਅਤੇ ਜ਼ਿਆਦਾ ਇਲਾਕਾ ਪੱਧਰਾ ਹੀ ਸੀ। ਇਸ ’ਤੇ ਪਹਿਲਾਂ ਮਸ਼ਹੂਰ ਸ਼ਹਿਰ ‘ਵ੍ਹਾਈਟਫਿਸ਼’ ਆਇਆ। ਮੈਦਾਨੀ ਇਲਾਕੇ ਵਿੱਚ ਯੂਰੇਕਾ ਕਸਬਾ ਨੁਮਾ ਸ਼ਹਿਰ ਹੈ। ਸ਼ੋਰ ਸ਼ਰਾਬੇ ਤੋਂ ਰਹਿਤ, ਵਧੀਆ ਵਾਤਾਵਰਨ ਤੇ ਸਾਰੀਆਂ ਸਹੂਲਤਾਂ ਨਾਲ ਭਰਪੂਰ ਇਹ ਕਸਬਾ ਕੈਨੇਡਾ ਦੀ ਸਰਹੱਦ ਤੋਂ ਸਿਰਫ਼ 13 ਮੀਲ ਦੀ ਦੂਰੀ ’ਤੇ ਹੈ ਅਤੇ ਬਾਰਡਰ ਕਰਾਸਿੰਗ ਦਾ ਨਾਂ ‘ਰੂਜ਼ਵਿਲ ਬਾਰਡਰ ਕਰਾਸਇੰਗ’ ਹੈ।

ਅਸੀਂ ਇੱਕ ਦਿਨ ਵਿੱਚ ਕੁੱਲ 540 ਮੀਲ ਦੇ ਕਰੀਬ ਸਫਰ ਤੈਅ ਕਰਨਾ ਸੀ, ਇਸ ਲਈ ਰਸਤੇ ਵਿੱਚ ਤਿੰਨ ਥਾਵਾਂ ’ਤੇ ਆਰਾਮ ਕੀਤਾ। ਇੱਕ ਥਾਂ ਬੈਠ ਘਰੋਂ ਲਿਆਂਦੇ ਪਰਾਉਂਠੇ ਖਾਧੇ। ‘ਸੀਗੁੱਲ’ ਨਾਂ ਦੇ ਪੰਛੀਆਂ ਦੀ ਡਾਰ ਸਾਡੇ ਆਲੇ ਦੁਆਲੇ ਆ ਬੈਠੀ, ਇਸ ਝਾਕ ਨਾਲ ਕਿ ਸਾਨੂੰ ਖਾਣ ਨੂੰ ਬੁਰਕੀਆਂ ਮਿਲਣਗੀਆਂ, ਪਰ ਅਫ਼ਸੋਸ! ਚਾਹੁੰਦਿਆਂ ਹੋਇਆਂ ਵੀ ਅਸੀਂ ਉਨ੍ਹਾਂ ਦੀ ਇਹ ਰੀਝ ਪੂਰੀ ਨਾ ਕਰ ਸਕੇ ਕਿਉਂਕਿ ਕਾਨੂੰਨ ਇੱਥੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਪਹਿਲਾਂ ਚਹਿਕ ਰਹੇ ਪੰਛੀ, ਇੰਤਜ਼ਾਰ ਕਰਕੇ ਗੁੱਸੇ ਦਾ ਇਜ਼ਹਾਰ ਕਰਨ ਲੱਗੇ। ਉਨ੍ਹਾਂ ਦੀਆਂ ਸੁਰਾਂ ਵਿੱਚ ਆਈ ਤਬਦੀਲੀ ਸਾਨੂੰ ਅਹਿਸਾਸ ਕਰਵਾ ਰਹੀ ਸੀ ਕਿ ਜਿਵੇਂ ਉਹ ਸਾਨੂੰ ਗਾਲ੍ਹਾਂ ਕੱਢ ਰਹੇ ਹੋਣ। ਵਾਰ ਵਾਰ ਉੱਡਕੇ ਉਹ ਸਾਡੇ ਵੱਲ ਵਧਦੇ ਲੱਗਦੇ ਸਨ ਜਿਵੇਂ ਉਹ ਹਮਲਾ ਕਰਨਾ ਚਾਹੁੰਦੇ ਹੋਣ।

ਸੰਪਰਕ: +1 425 286 0163



News Source link
#ਗਲਸ਼ਅਰ #ਨਸ਼ਨਲ #ਪਰਕ #ਪਹੜ #ਤ #ਝਲ #ਦ #ਸਮਲ

- Advertisement -

More articles

- Advertisement -

Latest article