41 C
Patiāla
Saturday, May 4, 2024

ਹਵਾਈ ਫਾਇਰ

Must read


ਜਸਬੀਰ ਸਿੰਘ ਆਹਲੂਵਾਲੀਆ

ਸਤਿੰਦਰ ਆਪਣੇ ਦੋਵਾਂ ਬੱਚਿਆਂ ਨੂੰ ਉਨ੍ਹਾਂ ਦੇ ਸਕੂਲ ਛੱਡ ਕੇ ਵਾਪਸ ਘਰ ਆਇਆ ਤਾਂ ਹੈਰਾਨ ਜਿਹਾ ਹੋ ਗਿਆ। ਆਪਣੀ ਪਤਨੀ ਅਮਨਪ੍ਰੀਤ ਦਾ ਚਿਹਰਾ ਵੇਖ ਕੇ ਉਹ ਆਪ ਵੀ ਘਬਰਾ ਗਿਆ। ਪੁੱਛਣ ਲੱਗਾ,

‘‘ਤੂੰ ਬੜੀ ਘਬਰਾਈ ਹੋਈ ਲੱਗ ਰਹੀ ਏਂ। ਹੁਣੇ ਤਾਂ ਮੈਂ ਤੈਨੂੰ ਚੰਗੀ ਭਲੀ ਨੂੰ ਛੱਡ ਕੇ ਗਿਆ ਸਾਂ। ਹੁਣ ਤੇਰਾ ਚਿਹਰਾ ਉਤਰਿਆ ਹੋਇਆ ਏ। ਐਹੋ ਜਿਹੀ ਕਿਹੜੀ ਗੱਲ ਹੋ ਗਈ?’’

‘‘ਨਹੀਂ ਨਹੀਂ! ਕੋਈ ਗੱਲ ਨਹੀਂ। ਮੈਂ ਠੀਕ ਠਾਕ ਹਾਂ। ਤੁਸੀਂ ਪਹਿਲਾਂ ਬਰੇਕਫਾਸਟ ਕਰ ਲਉ।’’ ਅਮਨਪ੍ਰੀਤ ਦੀ ਆਵਾਜ਼ ਵਿੱਚ ਘਬਰਾਹਟ ਸਾਫ਼ ਝਲਕ ਰਹੀ ਸੀ। ਫਿਰ ਵੀ ਉਸ ਨੇ ਆਪਣੇ ਆਪ ਨੂੰ ਸੰਭਾਲਦਿਆਂ ਟੇਬਲ ’ਤੇ ਬਰੇਕਫਾਸਟ ਲਾਉਣਾ ਸ਼ੁਰੂ ਕਰ ਦਿੱਤਾ। ਰਸੋਈ ਵਿੱਚੋਂ ਕੁਝ ਲੈਣ ਗਈ ਤਾਂ ਸਤਿੰਦਰ ਵੀ ਉਸ ਦੇ ਪਿੱਛੇ ਰਸੋਈ ਵਿੱਚ ਚਲਾ ਗਿਆ। ਕਹਿਣ ਲੱਗਾ, ‘‘ਮੈਂ ਬਰੇਕਫਾਸਟ ਬਾਅਦ ਵਿੱਚ ਖਾਵਾਂਗਾ, ਪਹਿਲਾਂ ਤੂੰ ਮੈਨੂੰ ਦੱਸ ਕਿ ਤੂੰ ਏਨੀ ਘਬਰਾਈ ਹੋਈ ਕਿਉਂ ਹੈਂ?’’

ਅਮਨਪ੍ਰੀਤ ਕੋਲੋਂ ਰਿਹਾ ਨਾ ਗਿਆ। ਕਹਿਣ ਲੱਗੀ, ‘‘ਪੁਲੀਸ ਆਈ ਸੀ। ਤੁਹਾਨੂੰ ਲੱਭ ਰਹੀ ਸੀ।’’

‘‘ਪੁਲੀਸ? ਮੈਨੂੰ ਲੱਭ ਰਹੀ ਸੀ?’’ ਸਤਿੰਦਰ ਇਕਦਮ ਹੈਰਾਨ ਤੇ ਪਰੇਸ਼ਾਨ ਹੋ ਗਿਆ। ‘‘ਕਿਉਂ ਲੱਭ ਰਹੀ ਸੀ? ਉਨ੍ਹਾਂ ਕੁਝ ਦੱਸਿਆ ਨਹੀਂ?’’

‘‘ਨਹੀਂ! ਕਹਿੰਦੇ ਸੀ ਜਦੋਂ ਤੁਸੀਂ ਘਰ ਆਉ ਤਾਂ ਮੈਂ ਤੁਹਾਨੂੰ ਪੁਲੀਸ ਸਟੇਸ਼ਨ ਭੇਜ ਦਿਆਂ। ਕੁਝ ਜਾਣਕਾਰੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਘਬਰਾਉਣ ਦੀ ਕੋਈ ਗੱਲ ਨਹੀਂ।’’ ਅਮਨਪ੍ਰੀਤ ਨੇ ਸੰਖੇਪ ਵਿੱਚ ਪੁਲੀਸ ਦਾ ਸੁਨੇਹਾ ਸਤਿੰਦਰ ਨੂੰ ਦੇ ਦਿੱਤਾ।

‘‘ਤੂੰ ਠਹਿਰ! ਮੈਂ ਹੁਣੇ ਪੁਲੀਸ ਸਟੇਸ਼ਨ ਹੋ ਕੇ ਆਉਂਦਾ ਹਾਂ। ਜਦੋਂ ਦਾ ਇੱਥੇ ਆਸਟਰੇਲੀਆ ਵਿੱਚ ਆ ਕੇ ਵੱਸੇ ਹਾਂ ਕੋਈ ਨਾ ਕੋਈ ਮੁਸੀਬਤ ਆਈ ਖੜ੍ਹੀ ਰਹਿੰਦੀ ਹੈ। ਹੁਣ ਇਸ ਆਸਟਰੇਲੀਆ ਦੀ ਪੁਲੀਸ ਦਾ ਵੀ ਸਵਾਦ ਲੈ ਲਉ।’’ ਤੇ ਸਤਿੰਦਰ ਬਾਹਰ ਵੱਲ ਨੂੰ ਦੌੜ ਪਿਆ।

‘‘ਬਰੇਕਫਾਸਟ ਤਾਂ ਖਾਂਦੇ ਜਾਉ। ਮੈਂ ਵੀ ਤੁਹਾਡੇ ਨਾਲ ਚੱਲਦੀ ਹਾਂ।’’ ਅਮਨਪ੍ਰੀਤ ਨੇ ਸਤਿੰਦਰ ਨੂੰ ਰੁਕਣ ਲਈ ਕਿਹਾ।

‘‘ਬਰੇਕਫਾਸਟ ਮੈਂ ਆ ਕੇ ਹੀ ਖਾਵਾਂਗਾ। ਤੂੰ ਇੱਥੇ ਘਰੇ ਰਹਿ।’’ ਸਤਿੰਦਰ ਘਰੋਂ ਬਾਹਰ ਨਿਕਲ ਗਿਆ।

ਥੋੜ੍ਹੀ ਦੇਰ ਬਾਅਦ ਸਤਿੰਦਰ ਨੇ ਆਪਣੀ ਕਾਰ ਪੁਲੀਸ ਸਟੇਸ਼ਨ ਦੀ ਕਾਰ ਪਾਰਕਿੰਗ ਵਿੱਚ ਖੜ੍ਹੀ ਕੀਤੀ ਤੇ ਰਿਸੈਪਸ਼ਨ ’ਤੇ ਪਹੁੰਚ ਗਿਆ। ਰਿਸੈਪਸ਼ਨ ’ਤੇ ਬੈਠੀ ਪੁਲੀਸ ਅਫ਼ਸਰ ਨੂੰ ਆਪਣੇ ਉੱਥੇ ਆਉਣ ਦਾ ਮਕਸਦ ਦੱਸਿਆ ਤੇ ਪੁਲੀਸ ਅਫ਼ਸਰ ਨੇ ਉਸ ਨੂੰ ਵੇਟਿੰਗ ਰੂਮ ਵਿੱਚ ਬੈਠਣ ਲਈ ਕਿਹਾ। ਸਤਿੰਦਰ ਇੱਕ ਕੁਰਸੀ ’ਤੇ ਬੈਠਾ ਸੋਚਣ ਲੱਗਾ ਕਿ ਇਹੋ ਜਿਹੀ ਕਿਹੜੀ ਜਾਣਕਾਰੀ ਹੋ ਸਕਦੀ ਹੈ ਜਿਹੜੀ ਮੇਰੇ ਕੋਲੋਂ ਪੁਲੀਸ ਨੂੰ ਚਾਹੀਦੀ ਹੈ। ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ।

ਕੁਝ ਦੇਰ ਬਾਅਦ ਲੰਬੇ ਉੱਚੇ ਕੱਦ ਵਾਲੇ ਚਾਰ ਪੁਲੀਸ ਅਫ਼ਸਰ ਉਸ ਕੋਲ ਆਏ ਤੇ ਸਤਿੰਦਰ ਨੂੰ ਉਨ੍ਹਾਂ ਦੇ ਨਾਲ ਅੰਦਰ ਚੱਲਣ ਲਈ ਕਿਹਾ। ਜਿਉਂ ਹੀ ਸਤਿੰਦਰ ਕੁਰਸੀ ਤੋਂ ਖੜ੍ਹਾ ਹੋਇਆ ਦੋ ਪੁਲੀਸ ਅਫ਼ਸਰ ਉਸ ਦੇ ਸੱਜੇ ਪਾਸੇ ਹੋ ਗਏ ਤੇ ਦੋ ਖੱਬੇ ਪਾਸੇ। ਇਸ ਤਰ੍ਹਾਂ ਸਮਝੋ ਕਿ ਉਨ੍ਹਾਂ ਚਾਰ ਪੁਲੀਸ ਅਫ਼ਸਰਾਂ ਨੇ ਸਤਿੰਦਰ ਨੂੰ ਘੇਰੇ ਵਿੱਚ ਲੈ ਲਿਆ। ਘੇਰੇ ਵਿੱਚ ਲੈ ਕੇ ਹੀ ਉਹ ਸਤਿੰਦਰ ਨੂੰ ਇੱਕ ਕਮਰੇ ਵਿੱਚ ਲੈ ਗਏ ਜਿੱਥੇ ਇੱਕ ਗੋਲ ਮੇਜ਼ ਪਿਆ ਸੀ ਅਤੇ ਇਸ ਗੋਲ ਮੇਜ਼ ਦੇ ਦੁਆਲੇ ’ਤੇ ਕੁਰਸੀਆਂ ਪਈਆਂ ਸਨ। ਪੁਲੀਸ ਅਫ਼ਸਰਾਂ ਨੇ ਸਤਿੰਦਰ ਨੂੰ ਇੱਕ ਕੁਰਸੀ ’ਤੇ ਬੈਠ ਜਾਣ ਲਈ ਕਿਹਾ ਤੇ ਉਹ ਬੈਠ ਗਿਆ। ਉਸ ਦੇ ਸੱਜੇ ਪਾਸੇ ਵਾਲੀਆਂ ਦੋ ਕੁਰਸੀਆਂ ’ਤੇ ਦੋ ਅਫ਼ਸਰ ਬੈਠ ਗਏ ਤੇ ਖੱਬੇ ਪਾਸੇ ਵਾਲੀਆਂ ਦੋ ਕੁਰਸੀਆਂ ’ਤੇ ਦੋ ਅਫ਼ਸਰ। ਸਤਿੰਦਰ ਦੇ ਬਿਲਕੁਲ ਸਾਹਮਣੇ ਵਾਲੀ ਕੁਰਸੀ ਖਾਲੀ ਪਈ ਰਹੀ। ਸਤਿੰਦਰ ਦੀ ਸਮਝ ਵਿੱਚ ਕੁਝ ਨਹੀਂ ਸੀ ਪੈ ਰਿਹਾ ਕਿ ਇਹ ਸਭ ਕੀ ਹੋ ਰਿਹਾ ਹੈ ਤੇ ਕਿਉਂ ਹੋ ਰਿਹਾ ਹੈ?

ਚਾਰੇ ਪੁਲੀਸ ਅਫ਼ਸਰਾਂ ਨੇ ਆਪਣੀ ਆਪਣੀ ਪਿਸਤੌਲ ਆਪਣੇ ਅੱਗੇ ਮੇਜ਼ ’ਤੇ ਰੱਖ ਲਈ। ਇੱਕ ਅਫ਼ਸਰ ਸਤਿੰਦਰ ਨੂੰ ਕਹਿਣ ਲੱਗਾ, ‘‘ਤੁਸੀਂ ਵੀ ਆਪਣੀ ਪਿਸਤੌਲ ਮੇਜ਼ ’ਤੇ ਰੱਖ ਦਿਉ।’’ ਸਤਿੰਦਰ ਇਕਦਮ ਹੋਰ ਵੀ ਹੈਰਾਨ ਹੋ ਗਿਆ। ਉਸ ਦੇ ਅੰਦਰ ਇੱਕ ਡਰ ਜਿਹਾ ਪੈਦਾ ਹੋ ਗਿਆ। ਉਸ ਨੇ ਹੌਲੀ ਜਿਹੀ ਕਿਹਾ, ‘‘ਮੇਰੇ ਕੋਲ ਤਾਂ ਕੋਈ ਪਿਸਤੌਲ ਨਹੀਂ।’’

‘‘ਚਲੋ, ਪਿਸਤੌਲ ਐਸ ਵੇਲੇ ਤੁਹਾਡੇ ਕੋਲ ਨਾ ਸਹੀ, ਪਰ ਪਿਸਤੌਲ ਦਾ ਲਾਇਸੈਂਸ ਤਾਂ ਹੋਵੇਗਾ। ਉਸੇ ਨੂੰ ਇੱਥੇ ਮੇਜ਼ ’ਤੇ ਰੱਖ ਦਿਉ।’’ ਪੁਲੀਸ ਅਫ਼ਸਰ ਨੇ ਮੰਗ ਕੀਤੀ।

‘‘ਜੀ ਨਹੀਂ! ਮੇਰੇ ਕੋਲ ਨਾ ਤਾਂ ਪਿਸਤੌਲ ਹੈ ਤੇ ਨਾ ਹੀ ਪਿਸਤੌਲ ਦਾ ਲਾਇਸੈਂਸ।’’ ਸਤਿੰਦਰ ਨੇ ਫਿਰ ਹੌਲੀ ਜਿਹੀ ਕਿਹਾ।

‘‘ਵੇਖੋ! ਤੁਸੀਂ ਇਸ ਵੇਲੇ ਸਾਡੇ ਕਬਜ਼ੇ ਵਿੱਚ ਹੋ। ਝੂਠ ਬਿਲਕੁਲ ਨਾ ਬੋਲੋ। ਸਾਨੂੰ ਪਤਾ ਹੈ ਕਿ ਤੁਹਾਡੇ ਕੋਲ ਪਿਸਤੌਲ ਹੈ। ਚੁੱਪ ਕਰਕੇ ਸਾਡੇ ਹਵਾਲੇ ਕਰ ਦਿਉ।’’ ਦੂਜੇ ਪੁਲੀਸ ਅਫ਼ਸਰ ਨੇ ਕਿਹਾ।

‘‘ਮੈਂ ਤਾਂ ਸਾਰੀ ਜ਼ਿੰਦਗੀ ਕਦੀ ਕਿਸੇ ਪਿਸਤੌਲ ਨੂੰ ਹੱਥ ਲਾ ਕੇ ਵੀ ਨਹੀਂ ਵੇਖਿਆ। ਤੁਹਾਨੂੰ ਕਿਸੇ ਨੇ ਗ਼ਲਤ ਸੂਚਨਾ ਦਿੱਤੀ ਹੈ।’’ ਸਤਿੰਦਰ ਨੇ ਆਪਣੀ ਸਫ਼ਾਈ ਪੇਸ਼ ਕੀਤੀ।

‘‘ਦੇਖੋ ਸਤਿੰਦਰ! ਸਾਡੇ ਕੋਲ ਹੋਰ ਵੀ ਬਹੁਤ ਸਾਰੇ ਤਰੀਕੇ ਹਨ ਸੱਚਾਈ ਨੂੰ ਬਾਹਰ ਕੱਢਣ ਦੇ। ਤੁਸੀਂ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਤੁਹਾਡੇ ਨਾਲ ਸਖ਼ਤੀ ਵਰਤੀਏ।’’

ਇੱਕ ਪੁਲੀਸ ਅਫ਼ਸਰ ਨੇ ਸਤਿੰਦਰ ਨੂੰ ਡਰਾਇਆ। ਉਸ ਨੇ ਗੱਲ ਅੱਗੇ ਤੋਰਦਿਆਂ ਸਤਿੰਦਰ ਨੂੰ ਪੁੱਛਿਆ,

‘‘ਕੱਲ੍ਹ ਸ਼ਾਮ ਤਕਰੀਬਨ ਸੱਤ ਕੁ ਵਜੇ ਤੁਹਾਡੀ ਕਾਰ ਜੌਰਜ ਸਟਰੀਟ ਲਿਵਰਪੂਲ ਵਿੱਚ ਵੁੱਡਲੈਂਡ ਇੰਡੀਅਨ ਰੈਸਟੋਰੈਂਟ ਦੇ ਬਾਹਰ ਖੜ੍ਹੀ ਸੀ ਜਿਸ ਵਿੱਚ ਤੁਸੀਂ ਪਿਛਲੀ ਸੀਟ ’ਤੇ ਬੈਠੇ ਸੀ ਅਤੇ ਤੁਹਾਡੇ ਨਾਲ ਇੱਕ ਔਰਤ ਬੈਠੀ ਸੀ। ਤੁਹਾਡੇ ਹੱਥ ਵਿੱਚ ਇੱਕ ਪਿਸਤੌਲ ਸੀ ਜਿਸ ਨਾਲ ਤੁਸੀਂ ਉਸ ਔਰਤ ਨੂੰ ਡਰਾ ਰਹੇ ਸੀ। ਤੁਸੀਂ ਉਸ ਔਰਤ ਨੂੰ ਕਿਡਨੈਪ ਕਰ ਕੇ ਲਿਆਏ ਸੀ।’’

ਇੱਕ ਪੁਲੀਸ ਅਫ਼ਸਰ ਕਿੰਨਾ ਕੁਝ ਹੀ ਬੋਲ ਗਿਆ ਅਤੇ ਸਤਿੰਦਰ ਉੱਪਰ ਔਰਤ ਨੂੰ ਕਿਡਨੈਪ ਕਰਨ ਦੇ ਝੂਠੇ ਇਲਜ਼ਾਮ ਲਾਉਣ ਲੱਗਾ। ਸਤਿੰਦਰ ਇਸ ਝੂਠੇ ਇਲਜ਼ਾਮ ਨਾਲ ਡਰਿਆ ਨਹੀਂ ਬਲਕਿ ਗੁੱਸੇ ਵਿੱਚ ਆ ਗਿਆ। ਥੋੜ੍ਹੇ ਜਿਹੇ ਗੁੱਸੇ ਨਾਲ ਹੀ ਬੋਲਿਆ,

‘‘ਦੇਖੋ! ਤੁਸੀਂ ਮੈਨੂੰ ਪਰੇਸ਼ਾਨ ਕਰ ਰਹੇ ਹੋ। ਇਹ ਸੱਚ ਹੈ ਕਿ ਮੇਰੀ ਕਾਰ ਜੌਰਜ ਸਟਰੀਟ ਵਿੱਚ ਵੁੱਡਲੈਂਡ ਇੰਡੀਅਨ ਰੈਸਟੋਰੈਂਟ ਦੇ ਬਾਹਰ ਖੜ੍ਹੀ ਸੀ, ਪਰ ਪਿਛਲੀ ਸੀਟ ’ਤੇ ਮੈਂ ਨਹੀਂ ਮੇਰਾ ਬੇਟਾ ਆਪਣੀ ਮਾਂ ਨਾਲ ਬੈਠਾ ਸੀ। ਮੈਂ ਤਾਂ ਇੰਡੀਅਨ ਰੈਸਟੋਰੈਂਟ ਵਿੱਚੋਂ ਰਾਤ ਦਾ ਖਾਣਾ ਲੈਣ ਗਿਆ ਹੋਇਆ ਸਾਂ।’’

ਤੀਜਾ ਪੁਲੀਸ ਅਫ਼ਸਰ ਜੋ ਹੁਣ ਤੱਕ ਇੱਕ ਡਾਇਰੀ ਵਿੱਚ ਕੁਝ ਲਿਖੀ ਜਾ ਰਿਹਾ ਸੀ ਕਹਿਣ ਲੱਗਾ, ‘‘ਦੇਖੋ ਸਤਿੰਦਰ! ਤੁਹਾਡਾ ਸਭ ਕੁਝ ਕਿਹਾ ਹੋਇਆ ਰਿਕਾਰਡ ਹੋ ਰਿਹਾ ਹੈ ਤੇ ਵੀਡੀਉ ਬਣ ਰਿਹਾ ਹੈ। ਮੈਂ ਵੀ ਆਪਣੀ ਡਾਇਰੀ ਵਿੱਚ ਸਭ ਕੁਝ ਲਿਖ ਰਿਹਾ ਹਾਂ। ਤੁਹਾਡਾ ਝੂਠ ਕਿਹਾ ਹੋਇਆ ਤੁਹਾਨੂੰ ਬਹੁਤ ਵੱਡੀ ਮੁਸੀਬਤ ਵਿੱਚ ਪਾ ਸਕਦਾ ਹੈ।’’

ਸਤਿੰਦਰ ਦਾ ਗੁੱਸਾ ਥੋੜ੍ਹਾ ਹੋਰ ਵੀ ਵਧ ਗਿਆ ਤੇ ਕਹਿਣ ਲੱਗਾ, ‘‘ਤੁਸੀਂ ਮੇਰੇ ’ਤੇ ਫਜ਼ੂਲ ਦਾ ਬਹੁਤ ਦਬਾਅ ਪਾ ਰਹੇ ਹੋ। ਮੈਨੂੰ ਲੀਗਲ ਐਡਵਾਈਜ਼ਰ ਚਾਹੀਦਾ ਹੈ। ਉਸ ਦੇ ਬਗ਼ੈਰ ਮੈਂ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦਾ।’’

‘‘ਅਸੀਂ ਐਸ ਵੇਲੇ ਲੀਗਲ ਐਡਵਾਈਜ਼ਰ ਦੀ ਆਗਿਆ ਨਹੀਂ ਦੇ ਸਕਦੇ। ਤੁਹਾਨੂੰ ਸਾਡੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।’’ ਦੋ ਪੁਲੀਸ ਵਾਲੇ ਇਕੱਠੇ ਹੀ ਬੋਲ ਪਏ।

ਸਤਿੰਦਰ ਹੋਰ ਵੀ ਖਿਝ ਗਿਆ। ਕਹਿਣ ਲੱਗਾ, ‘‘ਮੈਨੂੰ ਆਪਣੇ ਬੌਸ ਨਾਲ ਮਿਲਾਉ! ਮੈਂ ਉਸ ਨਾਲ ਗੱਲ ਕਰਨੀ ਚਾਹਾਂਗਾ।’’

ਪੁਲੀਸ ਅਫ਼ਸਰਾਂ ਨੂੰ ਸ਼ਾਇਦ ਮਹਿਸੂਸ ਹੋ ਗਿਆ ਸੀ ਕਿ ਸਤਿੰਦਰ ਕੋਈ ਛੋਟਾ ਮੋਟਾ ਅਨਪੜ੍ਹ ਬੰਦਾ ਨਹੀਂ। ਉਨ੍ਹਾਂ ਨੇ ਆਪਣੇ ਸਵਾਲ ਕਰਨੇ ਬੰਦ ਕਰ ਦਿੱਤੇ। ਇੱਕ ਪੁਲੀਸ ਅਫ਼ਸਰ ਆਪਣੀ ਕੁਰਸੀ ਤੋਂ ਉੱਠਿਆ ਤੇ ਕਮਰੇ ਵਿੱਚੋਂ ਬਾਹਰ ਚਲਾ ਗਿਆ। ਕਮਰੇ ਵਿੱਚ ਚੁੱਪ ਛਾ ਗਈ। ਕੁਝ ਮਿੰਟਾਂ ਬਾਅਦ ਹੀ ਉਹ ਇੱਕ ਹੋਰ ਅਫ਼ਸਰ ਨੂੰ ਲੈ ਕੇ ਕਮਰੇ ਵਿੱਚ ਦਾਖਲ ਹੋਇਆ। ਇਹ ਅਫ਼ਸਰ ਸ਼ਾਇਦ ਉਨ੍ਹਾਂ ਚਾਰਾਂ ਦਾ ਬੌਸ ਸੀ। ਉਹ ਉਸ ਕੁਰਸੀ ’ਤੇ ਬੈਠ ਗਿਆ ਜਿਹੜੀ ਸਤਿੰਦਰ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਖਾਲੀ ਪਈ ਸੀ। ਉਸ ਨੇ ਆਪਣਾ ਹੱਥ ਸਤਿੰਦਰ ਵੱਲ ਵਧਾਇਆ ਤੇ ਆਪਣਾ ਨਾਮ ਮਾਈਕਲ ਦੱਸਿਆ। ਸਤਿੰਦਰ ਨੇ ਆਪਣਾ ਨਾਮ ਦੱਸਦਿਆਂ ਬੌਸ ਦੀਆਂ ਅੱਖਾਂ ਨਾਲ ਅੱਖਾਂ ਮਿਲਾਉਂਦਿਆਂ ਹੱਥ ਮਿਲਾਇਆ। ਉਸ ਪੁਲੀਸ ਅਫ਼ਸਰ ਨੇ, ਜੋ ਡਾਇਰੀ ਵਿੱਚ ਕੁਝ ਲਿਖੀ ਜਾ ਰਿਹਾ ਸੀ, ਆਪਣੀ ਡਾਇਰੀ ਬੌਸ ਨੂੰ ਦੇ ਦਿੱਤੀ। ਬੌਸ ਨੇ ਉਹ ਡਾਇਰੀ ਪੜ੍ਹੀ ਤੇ ਸਤਿੰਦਰ ਨੂੰ ਪੁੱਛਣ ਲੱਗਾ,

‘‘ਤੁਹਾਡੀ ਕਾਰ ਕਿੱਥੇ ਹੈ?’’

‘‘ਬਾਹਰ ਕਾਰ ਪਾਰਕਿੰਗ ਵਿੱਚ ਖੜ੍ਹੀ ਹੈ।’’ ਸਤਿੰਦਰ ਨੇ ਜਵਾਬ ਦਿੱਤਾ।

‘‘ਕੀ ਇਹ ਉਹੀ ਕਾਰ ਹੈ ਜਿਹੜੀ ਕੱਲ੍ਹ ਸ਼ਾਮ ਜੌਰਜ ਸਟਰੀਟ ਲਿਵਰਪੂਲ ਵਿੱਚ ਵੁੱਡਲੈਂਡ ਇੰਡੀਅਨ ਰੈਸਟੋਰੈਂਟ ਦੇ ਬਾਹਰ ਖੜ੍ਹੀ ਸੀ?’’ ਇਹ ਬੌਸ ਦਾ ਦੂਜਾ ਸਵਾਲ ਸੀ।

‘‘ਜੀ ਹਾਂ।’’ ਸਤਿੰਦਰ ਦਾ ਜਵਾਬ ਸੀ।

‘‘ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ ਜੇ ਅਸੀਂ ਕਾਰ ਦੀ ਤਲਾਸ਼ੀ ਲਈਏ?’’ ਬੌਸ ਨੇ ਬੜੀ ਹਲੀਮੀ ਨਾਲ ਸਤਿੰਦਰ ਨੂੰ ਪੁੱਛਿਆ।

‘‘ਜੀ ਬਿਲਕੁਲ ਨਹੀਂ। ਆਹ ਲਉ ਕਾਰ ਦੀ ਚਾਬੀ।’’ ਸਤਿੰਦਰ ਨੇ ਕਾਰ ਦੀ ਚਾਬੀ ਬੌਸ ਵੱਲ ਵਧਾਈ।

‘‘ਨਹੀਂ ਨਹੀਂ! ਚਾਬੀ ਤੁਸੀਂ ਆਪਣੇ ਕੋਲ ਰੱਖੋ। ਸਾਡੇ ਨਾਲ ਚੱਲੋ। ਅਸੀਂ ਤੁਹਾਡੀ ਕਾਰ ਦੀ ਤਲਾਸ਼ੀ ਲਵਾਂਗੇ।’’

ਬੌਸ ਆਪਣੀ ਕੁਰਸੀ ਤੋਂ ਖੜ੍ਹਾ ਹੋ ਗਿਆ। ਉਸ ਦੇ ਨਾਲ ਹੀ ਚਾਰੇ ਪੁਲੀਸ ਅਫ਼ਸਰ ਵੀ ਖੜ੍ਹੇ ਹੋ ਗਏ। ਸਤਿੰਦਰ ਵੀ ਖੜ੍ਹਾ ਹੋ ਗਿਆ। ਬੌਸ ਨੇ ਚਾਰਾਂ ਪੁਲੀਸ ਅਫ਼ਸਰਾਂ ਨੂੰ ਕੁਝ ਕਿਹਾ ਤੇ ਕਮਰੇ ਵਿੱਚੋਂ ਬਾਹਰ ਚਲਾ ਗਿਆ। ਚਾਰੇ ਪੁਲੀਸ ਅਫ਼ਸਰਾਂ ਨੇ ਮੇਜ਼ ਉੱਪਰੋਂ ਆਪਣੀਆਂ ਪਿਸਤੌਲਾਂ ਸੰਭਾਲੀਆਂ ਤੇ ਸਤਿੰਦਰ ਨੂੰ ਫਿਰ ਘੇਰੇ ਵਿੱਚ ਲੈ ਲਿਆ। ਦੋ ਪੁਲੀਸ ਅਫ਼ਸਰ ਸਤਿੰਦਰ ਦੇ ਸੱਜੇ ਪਾਸੇ ਤੇ ਦੋ ਸਤਿੰਦਰ ਦੇ ਖੱਬੇ ਪਾਸੇ।

ਸਾਰੇ ਜਣੇ ਸਤਿੰਦਰ ਦੀ ਕਾਰ ਕੋਲ ਪਹੁੰਚੇ। ਸਤਿੰਦਰ ਨੇ ਕਾਰ ਦੇ ਰਿਮੋਟ ਨਾਲ ਕਾਰ ਦੇ ਚਾਰੇ ਦਰਵਾਜ਼ੇ ਤੇ ਕਾਰ ਦਾ ਬੂਟ ਵੀ ਖੋਲ੍ਹ ਦਿੱਤਾ। ਚਾਰੇ ਪੁਲੀਸ ਅਫ਼ਸਰਾਂ ਨੇ ਪਹਿਲਾਂ ਕਾਰ ਦੇ ਬੂਟ ਦੀ ਤਲਾਸ਼ੀ ਲਈ। ਫਿਰ ਹਰ ਇੱਕ ਪੁਲੀਸ ਅਫ਼ਸਰ ਕਾਰ ਦੇ ਹਰ ਇੱਕ ਦਰਵਾਜ਼ੇ ਵਿੱਚੋਂ ਆਪਣਾ ਸਿਰ ਅੰਦਰ ਕਰਕੇ ਕਾਰ ਦੀ ਤਲਾਸ਼ੀ ਲੈਣ ਲੱਗ ਪਿਆ। ਅਚਾਨਕ ਇੱਕ ਪੁਲੀਸ ਅਫ਼ਸਰ ਦੀ ਆਵਾਜ਼ ਆਈ, ‘‘ਪਿਸਤੌਲ ਲੱਭ ਗਈ। ਮੈਨੂੰ ਪਿਸਤੌਲ ਲੱਭ ਗਈ।’’ ਉਸ ਪੁਲੀਸ ਅਫ਼ਸਰ ਨੇ ਹੱਸਦਿਆਂ ਹੱਸਦਿਆਂ ਆਪਣਾ ਸਿਰ ਕਾਰ ਦੇ ਪਿਛਲੇ ਦਰਵਾਜ਼ੇ ਵਿੱਚੋਂ ਬਾਹਰ ਕੱਢਿਆ। ਬਾਕੀ ਦੇ ਤਿੰਨ ਪੁਲੀਸ ਅਫ਼ਸਰਾਂ ਨੇ ਉਸ ਦੀ ਆਵਾਜ਼ ਸੁਣੀ ਤੇ ਆਪਣੇ ਸਿਰ ਬਾਹਰ ਕੱਢੇ। ਉਹ ਉਸ ਪੁਲੀਸ ਅਫ਼ਸਰ ਵੱਲ ਵੇਖਣ ਲੱਗੇ ਜਿਸ ਦੇ ਹੱਥ ਵਿੱਚ ਪਿਸਤੌਲ ਸੀ ਜੋ ਉਸ ਨੂੰ ਕਾਰ ਦੀ ਪਿਛਲੀ ਸੀਟ ਤੋਂ ਲੱਭੀ ਸੀ। ਸਤਿੰਦਰ ਥੋੜ੍ਹੀ ਦੂਰੀ ’ਤੇ ਖੜ੍ਹਾ ਇਹ ਸਭ ਦੇਖ ਰਿਹਾ ਸੀ। ਉਹ ਪੁਲੀਸ ਅਫ਼ਸਰ ਅਜੇ ਵੀ ਹੱਸ ਰਿਹਾ ਸੀ ਤੇ ਉਸ ਲੱਭੀ ਹੋਈ ਪਿਸਤੌਲ ਨਾਲ ਹਵਾਈ ਫਾਇਰ ਕਰੀ ਜਾ ਰਿਹਾ ਸੀ। ਉਸ ਨੂੰ ਵੇਖਦੇ ਹੋਏ ਬਾਕੀ ਪੁਲੀਸ ਅਫ਼ਸਰ ਵੀ ਹੱਸਣ ਲੱਗੇ। ਸਤਿੰਦਰ ਦਾ ਵੀ ਥੋੜ੍ਹਾ ਜਿਹਾ ਹਾਸਾ ਨਿਕਲਿਆ। ਸਾਰੇ ਪੁਲੀਸ ਅਫ਼ਸਰ ਸਤਿੰਦਰ ਕੋਲ ਆਏ ਤੇ ਉਸ ਨੂੰ ਪਿਸਤੌਲ ਦਿੰਦੇ ਹੋਏ ਕਹਿਣ ਲੱਗੇ, ‘‘ਸਾਨੂੰ ਮੁਆਫ਼ ਕਰਨਾ। ਸਾਨੂੰ ਨਹੀਂ ਸੀ ਪਤਾ ਕਿ ਇਹ ਇੱਕ ਖਿਡੌਣਾ ਪਿਸਤੌਲ ਹੈ।’’



News Source link
#ਹਵਈ #ਫਇਰ

- Advertisement -

More articles

- Advertisement -

Latest article