41.1 C
Patiāla
Wednesday, May 8, 2024

ਵਿਧਵਾ ਕਾਲੋਨੀ

Must read


ਗੁਰਮਲਕੀਅਤ ਸਿੰਘ ਕਾਹਲੋਂ

ਕਈ ਸਾਲ ਮੈਂ ਉਸ ਕਾਲੋਨੀ ਵਿੱਚ ਰਿਹਾ। ਮੇਰਾ ਬਹੁਤਾ ਬਚਪਨ ਉੱਥੇ ਈ ਬੀਤਿਆ ਤੇ ਜਵਾਨੀ ਦੀ ਦਹਿਲੀਜ਼ ’ਤੇ ਪੈਰ ਉੱਥੇ ਈ ਰੱਖੇ ਸਨ। ਉਦੋਂ ਮੈਨੂੰ ਇਹ ਗੱਲ ਬਹੁਤ ਮਾੜੀ ਲੱਗਦੀ ਕਿ ਸਾਡੀ ਕਾਲੋਨੀ ਦਾ ਨਾਂ ਵਿਧਵਾ ਕਾਲੋਨੀ ਹੈ। ਕਈ ਸਾਲ ਆਪਣਾ ਅਡਰੈੱਸ ਲਿਖਾਉਣ ਵੇਲੇ ਮੈਨੂੰ ਇਹ ਨਾਂ ਦੱਸਣ ਤੋਂ ਝਿਜਕ ਲੱਗਦੀ ਰਹੀ। ਕਿਸੇ ਤੋਂ ਲਿਖਵਾਉਣ ਮੌਕੇ ਮੈਂ ਵਿਧਵਾ ਦੀ ਥਾਂ ਵਿਡੋ ਲਿਖਾਉਣਾ ਪਸੰਦ ਕਰਦਾ, ਪਰ ਨਾਲ ਈ ਲਿਖਣ ਵਾਲੇ ਨੂੰ ਆਖ ਦਿੰਦਾ ਕਿ ਉਹ ਵਿਡੋ ਦੀ ਟਰਾਂਸਲੇਸ਼ਨ ਕਰਕੇ ਲਿਖ ਦੇਵੇ। ਖਦਸ਼ਾ ਰਹਿੰਦਾ ਕਿ ਕਿਤੋਂ ਆਈ ਚਿੱਠੀ ਕਿਸੇ ਵਿਡੋ ਕਾਲੋਨੀ ਦੀ ਭਾਲ ਵਿੱਚ ਰੁਲ਼ਦੀ ਨਾ ਫਿਰੇ। ਸਾਡੀ ਕਾਲੋਨੀ ਦੀ ਸੁਧਾਰ ਕਮੇਟੀ ਕੋਈ ਨਹੀਂ ਸੀ, ਜਿਸ ਕੋਲ ਨਾਂ ਬਦਲਣ ਦੀ ਮੰਗ ਰੱਖਦਾ। ਇੰਜ ਸਾਲ ਦਰ ਸਾਲ ਲੰਘਦੇ ਗਏ। ਕਈ ਵਾਰ ਅਖ਼ਬਾਰਾਂ ਵਿੱਚ ਖ਼ਬਰ ਪੜ੍ਹਨੀ ਕਿ ਵਿਧਵਾ ਕਾਲੋਨੀ ਨੂੰ ਐਹ ਜਾਂ ਔਹ ਰਿਆਇਤ / ਸਹੂਲਤ ਦਿੱਤੀ ਹੈ, ਪਰ ਉਹੋ ਜਿਹਾ ਕੁਝ ਸਾਨੂੰ ਉੱਥੇ ਦਿਸਦਾ ਜਾਂ ਮਹਿਸੂਸ ਕਦੇ ਨਹੀਂ ਸੀ ਹੁੰਦਾ। ਬਹੁਤ ਵਾਰ ਗੁੱਸਾ ਆਉਂਦਾ ਕਿ ਅਖ਼ਬਾਰਾਂ ਵਾਲਿਆਂ ਨੂੰ ਇਹੋ ਜਿਹੀਆਂ ਖ਼ਬਰਾਂ ਛਾਪ ਕੇ ਕੀ ਮਿਲਦਾ। ਪਰ ਇਹ ਪਤਾ ਕਈ ਸਾਲ ਬਾਅਦ ਲੱਗਾ ਕਿ ਅਖ਼ਬਾਰ ਪੜ੍ਹਨਾ ਤੇ ਖ਼ਬਰ ਨੂੰ ਸਮਝਣਾ ਵੀ ਇੱਕ ਕਲਾ ਹੈ, ਜਿਸ ਬਾਰੇ ਪੜ੍ਹੇ ਲਿਖੇ ਲੋਕਾਂ ’ਚੋਂ ਵੀ ਬਹੁਤੇ ਅਣਜਾਣ ਹੁੰਦੇ ਨੇ।

ਮੈਂ ਵੀ ਕਿੰਨਾ ਅਣਜਾਣ ਬੰਦਾ ਹਾਂ। ਆਪਣੀ ਕਥਾ ਛੋਹ ਕੇ ਬਹਿ ਗਿਆ, ਤੁਹਾਨੂੰ ਅਜੇ ਇਹ ਤਾਂ ਦੱਸਿਆ ਈ ਨਹੀਂ ਕਿ ਮੈਂ ਕੌਣ ਹਾਂ। ਕਿਹੜੇ ਦੇਸ਼ ਦਾ ਵਾਸੀ ਤੇ ਹੁਣ ਤੱਕ ਕਿੰਨੇ ਹਾੜ੍ਹ ਸਿਆਲਾਂ ਵਿੱਚ ਤਪਿਆ ਤੇ ਠਰਿਆ ਹਾਂ। ਲਓ ਫਿਰ ਗੱਲ ਆਪਣੇ ਤੋਂ ਈ ਸ਼ੁਰੂ ਕਰਦਾਂ ਬਾਅਦ ਵਿੱਚ ਤੁਹਾਡੇ ਵੱਲ ਆਊਂ। ਮੇਰਾ ਜਨਮ 19ਵੀਂ ਸਦੀ ਦੇ 84ਵੇਂ ਸਾਲ ਦੇ ਚੜ੍ਹਦੇ ਸਾਰ ਉਸ ਦੇਸ਼ ਵਿੱਚ ਹੋਇਆ ਸੀ ਜਿਸ ਨੂੰ ਕਦੇ ਸੋਨੇ ਦੀ ਚਿੜੀ ਨਾਲ ਜਾਣਿਆ ਜਾਂਦਾ ਸੀ। ਵੈਸੇ ਉਸ ਦੇਸ਼ ਦੀ ਅੱਜਕੱਲ੍ਹ ਦੁਨੀਆ ਵਿੱਚ ਪਹਿਚਾਣ ਇੰਡੀਆ ਵਜੋਂ ਕੀਤੀ ਜਾਂਦੀ ਹੈ ਤੇ ਉਸੇ ਇੰਡੀਆ ਦੀ ਰਾਜਧਾਨੀ ਵਾਲੇ ਸ਼ਹਿਰ ਦੀ ਇੱਕ ਕਾਲੋਨੀ ਵਿੱਚ ਮੇਰੇ ਵਡੇਰਿਆਂ ਦਾ ਬਸੇਰਾ ਸੀ। ਮਾਪਿਆਂ ਦਾ ਜੇਠਾ ਪੁੱਤ ਸਾਂ, ਪਰ ਬਾਅਦ ਵਿੱਚ ਮਾਂ ਦਾ ਇਕਲੌਤਾ ਹੋ ਕੇ ਰਹਿ ਗਿਆ। ਲੋਕ ਦੱਸਦੇ ਨੇ ਅਤੇ ਮੇਰੀ ਮਾਂ ਕੋਲ ਮੇਰੇ ਪਾਪਾ ਦੀਆਂ ਪਈਆਂ ਨਿਸ਼ਾਨੀਆਂ ਵੀ ਇਹੋ ਗਵਾਹੀ ਭਰਦੀਆਂ ਨੇ ਕਿ ਮੇਰੇ ਦਾਦਾ ਜੀ ਦਾ ਸਮਾਜ ਵਿੱਚ ਕਾਫ਼ੀ ਇੱਜ਼ਤ-ਮਾਣ ਸੀ। ਮੇਰੇ ਪਾਪਾ ਦੋ ਭਰਾਵਾਂ ਵਿੱਚੋਂ ਵੱਡੇ ਸਨ। ਦੋਵਾਂ ਨੇ ਦਾਦਾ ਜੀ ਦੀ ਲਾਈ ਫੈਕਟਰੀ ਚਲਾਉਣ, ਸੰਭਾਲਣ ਤੇ ਅੱਗੇ ਤੋਰਨ ਵਾਲੇ ਕੰਮ ਸੰਭਾਲੇ ਹੋਏ ਸਨ। ਮੇਰੇ ਨਾਨਕੇ ਉਸੇ ਸ਼ਹਿਰ ਦੀ ਹੋਰ ਕਾਲੋਨੀ ਵਿੱਚ ਸਨ। ਮੇਰੇ ਮੰਮੀ ਦੱਸਦੇ ਹੁੰਦੇ ਨੇ ਕਿ ਉਹ ਤੇ ਪਾਪਾ ਇੱਕੋ ਕਾਲਜ ਵਿੱਚ ਪੜ੍ਹਦਿਆਂ ਪਹਿਲਾਂ ਦੋਸਤ ਬਣੇ ਤੇ ਬਾਅਦ ਵਿੱਚ ਮੇਰੇ ਦਾਦਾ-ਦਾਦੀ ਨੇ ਮੇਰੇ ਨਾਨਾ-ਨਾਨੀ ਅੱਗੇ ਝੋਲੀ ਅੱਡ ਕੇ ਉਨ੍ਹਾਂ ਨੂੰ ਪਤੀ ਪਤਨੀ ਬਣਾ ਦਿੱਤਾ ਸੀ। ਮੁਆਫ਼ ਕਰਨਾ ਇੱਥੇ ਮੈਨੂੰ ਰੁਕਣਾ ਪੈਣਾ। ਆਪਣੇ ਹੱਸਦੇ ਵੱਸਦੇ ਪਰਿਵਾਰ ਦੀ ਯਾਦ ਅਕਸਰ ਮੈਨੂੰ ਝੰਜੋੜ ਦਿੰਦੀ ਐ ਤੇ ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖਣਾ ਮੇਰੇ ਵਸੋਂ ਬਾਹਰ ਹੋ ਜਾਂਦਾ। … (ਉਹਦਾ ਅੱਖਾਂ ’ਤੇ ਰੱਖਿਆ ਰੁਮਾਲ ਗਿੱਲਾ ਹੋਣ ਲੱਗਦਾ, ਫਿਰ ਵੀ ਉਹ ਆਪਣੇ ਆਪ ਨੂੰ ਸੰਭਾਲਣ ਦੇ ਯਤਨ ਕਰਦਾ, ਅੱਖਾਂ ਪੂੰਝ ਕੇ ਅਤੇ ਆਲੇ ਦੁਆਲੇ ਨਜ਼ਰਾਂ ਫੇਰਦੇ ਹੋਏ ਗੱਲ ਅੱਗੇ ਤੋਰਨ ਦੇ ਯਤਨ ਦੀ ਝਲਕ ਉਸ ਦੇ ਚਿਹਰੇ ਤੋਂ ਪੈਂਦੀ।)

ਹਾਂ! ਮੈਂ ਗੱਲ ਕਰ ਰਿਹਾ ਸੀ ਆਪਣੇ ਬਾਰੇ, ਜੋ ਦਾਦਾ ਜੀ ਤੋਂ ਸ਼ੁਰੂ ਨਾ ਕਰਦਾ ਤਾਂ ਜ਼ਰੂਰ ਅਧੂਰੀ ਰਹਿ ਜਾਂਦੀ। ਮੇਰੇ ਮਾਪਿਆਂ ਦੇ ਵਿਆਹ ਨੂੰ ਦੋ ਸਾਲ ਤੋਂ ਵੱਧ ਹੋ ਗਏ ਤਾਂ ਦਾਦੀ ਨੂੰ ਫਿਕਰ ਹੋਣ ਲੱਗਾ। ਇਹ ਫਿਕਰ ਨਿਵੇਕਲਾ ਨਹੀਂ, ਸਗੋਂ ਉਸੇ ਤਰ੍ਹਾਂ ਦੇ ਸਮਾਜਿਕ ਤਾਣੇ ਬਾਣੇ ਵਿੱਚ ਵਿਚਰਦੇ ਹੋਰਾਂ ਵਾਂਗ ਹੀ ਉਸ ਦੀ ਖਾਹਿਸ਼ ਤੇਜ਼ੀ ਫੜ ਰਹੀ ਸੀ ਕਿ ਵੰਸ਼ ਅੱਗੇ ਤੁਰੇ। ਮੰਮੀ ਦੱਸਦੇ ਨੇ ਕਿ ਹੋ ਸਕਦਾ, ਦਾਦੀ ਦੇ ਮਨ ਵਿੱਚ ਪੋਤਰਾ ਹੋਣ ਦੀ ਖਾਹਸ਼ ਹੋਵੇ, ਪਰ ਉਸ ਨੇ ਇਸ ਖਾਹਸ਼ ਨੂੰ ਕਦੇ ਜ਼ਾਹਰ ਨਹੀਂ ਸੀ ਹੋਣ ਦਿੱਤਾ। ਹਰ ਐਤਵਾਰ ਉਹ ਮੰਮੀ ਨੂੰ ਲੈ ਕੇ ਗੁਰਦੁਆਰੇ ਜਾਂਦੇ ਹੁੰਦੇ ਸੀ, ਇਸ ਕਰਕੇ ਮੈਂ ਇਹ ਦਾਅਵਾ ਨਹੀਂ ਕਰ ਸਕਦਾ ਕਿ ਕੁਦਰਤ ਨੇ ਮੈਨੂੰ ਬਿਨ ਮੰਗਿਆ ਈ ਉਨ੍ਹਾਂ ਵੱਲ ਤੋਰ ਦਿੱਤਾ ਸੀ। ਦੱਸਦੇ ਹੁੰਦੇ ਨੇ ਕਿ ਬੜਾ ਚਾਅ ਕੀਤਾ ਗਿਆ ਸੀ ਮੇਰੇ ਜਨਮ ਮੌਕੇ। ਦਾਦਾ ਜੀ ਨੇ ਫੈਕਟਰੀ ਦੇ ਸਾਰੇ ਕਾਮਿਆਂ ਨੂੰ ਇੱਕ-ਇੱਕ ਮਹੀਨੇ ਦੀ ਵਾਧੂ ਤਨਖਾਹ ਇੱਹ ਕਹਿ ਕੇ ਦਿੱਤੀ ਸੀ ਕਿ ਮੁਨਾਫਾ ਚੰਗਾ ਹੋਇਆ, ਪਰ ਅਸਲ ਵਿੱਚ ਇਹ ਮੇਰੇ ਜਨਮ ਦੀ ਖੁਸ਼ੀ ਸੀ। ਕਹਿੰਦੇ ਦਾਦਾ ਜੀ ਕਦੇ ਅਡੰਬਰ ਨਹੀਂ ਸੀ ਕਰਦੇ ਹੁੰਦੇ, ਪਰ ਮੌਕੇ ਦੀ ਸੰਭਾਲ ਦੇ ਮਾਹਿਰ ਸਨ। ਕੋਈ ਇਸ ਨੂੰ ਕੁੜੀ-ਮੁੰਡੇ ਵਿਚਲਾ ਫ਼ਰਕ ਨਾ ਕਹਿ ਦੇਵੇ, ਇਸੇ ਕਰਕੇ ਉਨ੍ਹਾਂ ਵਾਧੂ ਤਨਖਾਹ ਨੂੰ ਮੁਨਾਫੇ ਨਾਲ ਜੋੜ ਕੇ ਗੁਰੂ ਦਾ ਸ਼ੁਕਰਾਨਾ ਕੀਤਾ ਤੇ ਕਾਮੇ ਵੀ ਖੁਸ਼ ਕਰ ਲਏ। ਦੱਸਦੇ ਨੇ ਕਿ ਸਾਡੀ ਫੈਕਟਰੀ ਦੇ ਉਤਪਾਦਨ ਦੀ ਮੰਗ ਆਮ ਕਰਕੇ ਪੰਜਾਬ ਤੋਂ ਹੁੰਦੀ ਸੀ, ਜੋ ਉਸ ਸਾਲ ਪੰਜਾਬ ਦੇ ਮਾੜੇ ਹਾਲਾਤ ਕਾਰਨ ਘਟੀ ਹੋਈ ਸੀ। ਸ਼ਾਇਦ ਇਸੇ ਕਰਕੇ ਫੈਕਟਰੀ ਦੇ ਕਈ ਵਰਕਰਾਂ ਤੇ ਆਂਢ ਗੁਆਂਢ ਦੇ ਫੈਕਟਰੀ ਵਾਲਿਆਂ ਦੇ ਮਨਾਂ ਵਿੱਚ ਸਵਾਲ ਪੈਦਾ ਹੋਏ ਸਨ ਕਿ ਮੰਦੀ ਦੇ ਬਾਵਜੂਦ ਮੁਨਾਫਾ ਕਿਵੇਂ ਵਧ ਗਿਆ? ਇਹ ਤਾਂ ਸਾਰੇ ਜਾਣਦੇ ਈ ਨੇ ਕਿ ਵਾਧੂ ਮੁਨਾਫੇ ਦੇ ਇੱਕ ਹਿੱਸੇ ਨੂੰ ਬੋਨਸ ਕਹਿ ਕੇ ਮੁਲਾਜ਼ਮਾਂ ਨੂੰ ਖੁਸ਼ ਕੀਤਾ ਜਾਂਦਾ ਹੈ।

ਮੇਰੇ ਮੰਮੀ ਦੱਸਦੇ ਹੁੰਦੇ ਨੇ ਕਿ ਉਨ੍ਹਾਂ ਆਪਣੀ ਇੱਛਾ ਨੂੰ ਅਜੇ ਪਰਿਵਾਰ ਨਾਲ ਸਾਂਝਾ ਵੀ ਨਹੀਂ ਸੀ ਕੀਤਾ ਹੁੰਦਾ ਕਿ ਦਾਦੀ ਜੀ ਉਸ ਦੀ ਤਿਆਰੀ ਵੀ ਕਰਨ ਲੱਗ ਜਾਂਦੇ ਸਨ, ਜਿਵੇਂ ਉਹ ਜਾਣੀ-ਜਾਣ ਹੋਣ। ਮੇਰੇ ਪਾਪਾ ਤੇ ਚਾਚਾ ਜੀ ਨੂੰ ਫੈਕਟਰੀ ਦੇ ਕੰਮਾਂ ਤੋਂ ਘੱਟ ਹੀ ਫੁਰਸਤ ਮਿਲਦੀ ਸੀ। ਲੋਕਾਚਾਰੀ ਤੇ ਸਮਾਜਿਕ ਮੇਲ-ਮਿਲਾਪ ਦੇ ਬਹੁਤੇ ਕੰਮ ਦਾਦਾ-ਦਾਦੀ ਨੂੰ ਹੀ ਕਰਨੇ ਪੈਂਦੇ ਸਨ। ਮੇਰੀ ਪਹਿਲੀ ਲੋਹੜੀ ਵਿੱਚ ਤਿੰਨ ਕੁ ਮਹੀਨੇ ਰਹਿੰਦੇ ਹੋਣਗੇ, ਜਦੋਂ ਸਾਡੇ ਘਰ ਵਿੱਚ ਮੇਰੀ ਪਹਿਲੀ ਲੋਹੜੀ ਦੀ ਵਿਉਂਤਬੰਦੀ ਵੀ ਹੋਣ ਲੱਗ ਪਈ ਸੀ। ਮੇਰੇ ਚਾਚੇ ਦੇ ਮੰਗਣੇ ਦੀ ਰਸਮ ਨੂੰ ਵੀ ਮੇਰੀ ਲੋਹੜੀ ਵਾਲੇ ਸਮਾਗਮ ਦੇ ਨਾਲ ਜੋੜ ਕੇ ਮਨਾਉਣ ਦੀਆਂ ਗੱਲਾਂ ਹੋਣ ਲੱਗੀਆਂ ਤਾਂ ਕਿ ਫੈਕਟਰੀ ਦੇ ਕੰਮ ਵਿੱਚ ਬਹੁਤੇ ਦਿਨ ਰੁਕਾਵਟ ਨਾ ਪਵੇ। ਦੱਸਦੇ ਨੇ ਕਿ ਦਾਦਾ ਜੀ ਆਪਣੀ ਮਰਜ਼ੀ ਨਹੀ ਸੀ ਪੁਗਾਉਂਦੇ ਹੁੰਦੇ। ਕੁਝ ਵੀ ਕਰਨਾ ਹੁੰਦਾ, ਉਹ ਘਰ ਵਿੱਚ ਹਰੇਕ ਦਾ ਮਾਣ ਰੱਖਦੇ ਤੇ ਇਕੱਠੇ ਬੈਠ ਕੇ ਸਲਾਹ ਕਰਦੇ। ਉਨ੍ਹਾਂ ਸਭ ਦੀ ਸਹਿਮਤੀ ਲੈ ਲਈ ਕਿ ਮੇਰੀ ਲੋਹੜੀ ਅਤੇ ਚਾਚੇ ਦੇ ਮੰਗਣੇ ਮੌਕੇ ਫੈਕਟਰੀ ਦੇ ਸਾਰੇ ਕਾਮਿਆਂ ਨੂੰ ਪ੍ਰਾਹੁਣਿਆਂ ਵਾਂਗ ਸੱਦਿਆ ਜਾਊ। ਉਸ ਤਿਆਰੀ ਵਾਲੀ ਗੱਲ ਮੰਮੀ ਨੂੰ ਹੁਣ ਵੀ ਯਾਦ ਆ ਜਾਏ ਤਾਂ ਉਨ੍ਹਾਂ ਨੂੰ ਉਸ ਗ਼ਮ ਵਿੱਚੋਂ ਬਾਹਰ ਲਿਆਉਣ ਲਈ ਸਾਨੂੰ ਦੋ-ਦੋ ਘੰਟੇ ਲੱਗ ਜਾਂਦੇ ਨੇ। ਉਹ ਕਹਿੰਦੇ ਹੁੰਦੇ ਨੇ, ਜੇ ਰੱਬ ਨੇ ਉਹੋ ਜਿਹਾ ਸੁੱਖ ਤਿੰਨ ਕੁ ਸਾਲ ਬਾਅਦ ਈ ਖੋਹ ਲੈਣਾ ਸੀ ਤਾਂ ਚੰਗਾ ਹੁੰਦਾ, ਜੇ ਉਹ ਦੇਂਦਾ ਈ ਨਾ, ਘੱਟੋ ਘੱਟ ਯਾਦਾਂ ਤਾਂ ਨਾ ਸਤਾਉਂਦੀਆਂ। ਮੰਮੀ ਦੱਸਦੇ ਹੁੰਦੇ ਨੇ ਕਿ ਵਿਆਹ ਤੋਂ ਬਾਅਦ ਜਿਵੇਂ ਉਸ ਦੇ ਤਿੰਨ ਕੁ ਸਾਲ ਬੀਤੇ, ਉਹੋ ਜਿਹੇ ਚੰਗੇ ਸਮੇਂ ਮੂਹਰੇ ਸਵਰਗ ਦੀ ਕਲਪਨਾ ਵੀ ਝੂਠੀ ਪੈ ਜਾਂਦੀ ਐ। ਉਹ ਕਹਿੰਦੇ ਨੇ, ‘‘ਨਾ ਮੈਂ ਕਦੇ ਵਿਆਹ ਤੋਂ ਬਾਅਦ ਐਨਾ ਸੁੱਖ ਮਾਣਨ ਦਾ ਸੁਪਨਾ ਲਿਆ ਸੀ ਤੇ ਨਾ ਈ ਪਤਾ ਸੀ ਕਿ ਮੇਰਾ ਜੇਠਾਣੀ ਬਣਨ ਦਾ ਸੁਪਨਾ ਏਨੀ ਛੇਤੀ ਚੱਕਨਾਚੂਰ ਹੋਜੂ।’’

ਤਾਂ ਹੀ ਕਹਿੰਦੇ ਆ ਨਾ, ਮਨ ਬੇਲਗਾਮ ਘੋੜਾ ਐ, ਗੱਲ ਕਿੱਧਰ ਦੀ ਤੇ ਮੈਂ ਲੈ ਕਿੱਧਰ ਗਿਆ। ਭਲਾ ਸਾਡੇ ਦਰਦਾਂ ਨਾਲ ਹੋਰਾਂ ਨੂੰ ਕੀ। ਮੰਮੀ ਦੱਸਦੇ ਹੁੰਦੇ ਨੇ ਕਿ ਉਸ ਦਿਨ ਦਸਵੇਂ ਮਹੀਨੇ ਯਾਨੀ ਅਕਤੂਬਰ ਦੀ ਆਖਰੀ ਦਿਨ ਦੀ ਸਵੇਰ ਅਜੇ ਚੜ੍ਹੀ ਹੀ ਸੀ। ਦਾਦਾ ਜੀ, ਪਾਪਾ ਤੇ ਚਾਚਾ ਜੀ ਆਂਮ ਵਾਂਗ ਸਵੇਰੇ ਅੱਠ ਵਜੇ ਫੈਕਟਰੀ ਜਾਣ ਲਈ ਘਰੋਂ ਨਿਕਲੇ ਸਨ। ਸਾਡੀ ਫੈਕਟਰੀ ਘਰ ਤੋਂ 8-10 ਕਿਲੋਮੀਟਰ ਦੂਰ ਸੀ। ਉਹ ਸਫ਼ਾਈਆਂ ਵਗੈਰਾ ਕਰਕੇ ਨੌਂ ਵਜੇ ਤੱਕ ਫੈਕਟਰੀ ਦੇ ਪਹੀਆਂ ਨੂੰ ਗੇੜਾ ਦੇ ਦਿੰਦੇ ਹੁੰਦੇ ਸੀ। ਸਮੇਂ ਦੇ ਬੜੇ ਕਦਰਦਾਨ ਸਨ ਮੇਰੇ ਦਾਦਾ ਜੀ ਤੇ ਉਹੋ ਰਵਾਇਤ ਅਗਾਂਹ ਉਨ੍ਹਾਂ ਦੇ ਵਾਰਿਸ ਤੋਰ ਰਹੇ ਸਨ। ਮੰਮੀ ਤੇ ਦਾਦੀ ਜੀ ਰਸੋਈ ਦਾ ਸਵੇਰ ਵਾਲਾ ਕੰਮ ਨਿਬੇੜ ਅਤੇ ਸਾਫ਼-ਸਫ਼ਾਈ ਤੋਂ ਵਿਹਲੀਆਂ ਹੋਈਆਂ ਸੀ ਕਿ ਖ਼ਬਰ ਆ ਗਈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ ਤੇ ਉਹ ਵੀ ਉਸ ਦੇ ਬਾਡੀ ਗਾਰਡਾਂ ਵੱਲੋਂ ਜੋ ਸਿੱਖ ਸਨ। ਸੁਣਦੇ ਸਾਰ ਦਾਦੀ ਦੇ ਮੂੰਹੋਂ ਨਿਕਲਿਆ “ਇਹ ਤੇ ਆਖਰ ਹੋਣਾ ਈ ਸੀ, ਪਰ ਇਹ ਮਾੜਾ ਹੋਇਆ ਕਿ ਇਹ ਹੋ ਸਿੱਖਾਂ ਹੱਥੋਂ ਗਿਆ।’’ ਦਾਦੀ ਦੂਰ ਦੀ ਸੋਚ ਵਾਲੇ ਹੋਣ ਕਾਰਨ ਕਿਸੇ ਹੋਣੀ ਨੂੰ ਭਾਂਪ ਜਾਂਦੇ ਸਨ। ਖ਼ਬਰ ਸੁਣਦੇ ਸਾਰ ਉਨ੍ਹਾਂ ਦਾਦਾ ਜੀ ਨੂੰ ਫੋਨ ਲਾਇਆ ਤੇ ਕਿਹਾ ਕਿ ਫੈਕਟਰੀ ਬੰਦ ਕਰਕੇ ਸਾਰੇ ਘਰ ਆ ਜਾਓ। ਇੱਕ ਡੇਢ ਵਜੇ ਤੱਕ ਉਹ ਤਿੰਨੋਂ ਘਰ ਪਹੁੰਚ ਗਏ ਸਨ। ਸਾਰੇ ਜੀਅ ਟੀ ਵੀ ਮੂਹਰੇ ਬੈਠ ਕੇ ਪਲ-ਪਲ ਦੀ ਖ਼ਬਰ ਵੇਖਣ/ ਸੁਣਨ ਲੱਗੇ। ਉਨ੍ਹਾਂ ਨੂੰ ਕੀ ਪਤਾ ਸੀ ਕਿ ਉਸੇ ਰਾਤ ਕਿਸੇ ਥਾਂ ’ਤੇ ਕੋਈ ਸਾਡੇ ਪਰਿਵਾਰ ਦਾ ਅੰਜਾਮ ਉਲੀਕ ਰਿਹਾ ਹੈ ? ਕਨਸੋਆਂ ਤਾਂ ਸ਼ਾਮ ਤੋਂ ਈ ਪੈਣ ਲੱਗ ਪਈਆਂ ਸਨ। ਸਾਰੇ ਜੀਆਂ ਨੂੰ ਆਪਣੇ ਬਚਾਅ ਦੇ ਲਾਲੇ ਪੈਣੇ ਕੁਦਰਤੀ ਸੀ। ਤੜਕਸਾਰ ਤੱਕ ਏਧਰੋਂ ਓਧਰੋਂ ਹੋਰ ਵੀ ਮਾੜੀਆਂ ਖ਼ਬਰਾਂ ਆਉਣ ਲੱਗ ਪਈਆਂ। ਸਾਡੇ ਟੱਬਰ ਨੂੰ ਕੁਝ ਖਾਣ ਪੀਣ ਨਾਲੋਂ ਸਾਹਾਂ ਦੀ ਫਿਕਰ ਲੱਗ ਗਈ ਸੀ। ਕਿੰਜ ਹੋਇਆ ਤੇ ਕੀ ਕਰਨਾ, ਬਾਰੇ ਵਿਉਂਤਬੰਦੀ ਹੋਣ ਲੱਗ ਪਈ।

ਜਿਵੇਂ ਜਿਵੇਂ ਮੈਂ ਸੁਰਤ ਸੰਭਾਲਦਾ ਗਿਆ, ਪਤਾ ਲੱਗਣ ਲੱਗ ਪਿਆ ਕਿ ਅਸੀ ਮਾਂ ਪੁੱਤ ਇਕੱਲੇ ਕਿਉਂ ਰਹਿੰਦੇ ਹਾਂ। ਮੰਮੀ ਦੱਸਦੇ ਸੀ ਕਿ ਉਸ ਦਿਨ ਗੁਆਂਢੀਆਂ ਦੇ ਕਹਿਣ ’ਤੇ ਅਸੀਂ ਆਪਣੇ ਬਚਾਅ ਲਈ ਉਨ੍ਹਾਂ ਦੇ ਘਰ ਜਾਣ ਦੀ ਤਿਆਰੀ ਕਰ ਰਹੇ ਸੀ। ਤਦੇ ਹੀ ਭੀੜ ਨੇ ਸਾਡੇ ਘਰ ’ਤੇ ਹਮਲਾ ਬੋਲਿਆ। ਹੱਥਾਂ ਵਿੱਚ ਡਾਂਗਾਂ, ਗੰਡਾਸੇ ਤੇ ਪੈਟਰੌਲ ਦੀਆਂ ਬੋਤਲਾਂ ਫੜੀ ਭੀੜ ਨੇ ਦਰਵਾਜ਼ੇ ਤੋੜ ਸੁੱਟੇ ਤੇ ਅੰਦਰ ਆਣ ਵੜੇ। ਦਰਵਾਜ਼ੇ ਦੀ ਤੋੜਭੰਨ ਕਰਦਿਆਂ ਮੇਰੀ ਦਾਦੀ ਤੇ ਮੰਮੀ ਮੈਨੂੰ ਲੈ ਕੇ ਘਰ ਦੇ ਬਹੁਤ ਪਿਛਵਾੜੇ ਜਿਹੇ ਬਣੇ ਹੋਏ ਛੋਟੇ ਜਿਹੇ ਗੁਸਲਖਾਨੇ ਵਿੱਚ ਜਾ ਲੁਕੇ। ਜਲਾਦ ਬਣੀ ਭੀੜ ਦਾਦਾ ਜੀ, ਚਾਚਾ ਜੀ ਤੇ ਪਾਪਾ ਨੂੰ ਧੂਹ ਕੇ ਬਾਹਰ ਲੈ ਗਈ ਤੇ ਗਲਾਂ ਵਿੱਚ ਟਾਇਰ ਪਾ ਕੇ ਅੱਗ ਲਾ ਦਿੱਤੀ। ਘਰ ਦੀ ਲੁੱਟ-ਪੁੱਟ ਕਰਦਿਆਂ ਉਨ੍ਹਾਂ ਸਮਝਿਆ ਹੋਣਾ ਕਿ ਗੁਸਲਖਾਨੇ ਵਿੱਚੋਂ ਕੀ ਲੱਭਣਾ ? ਸ਼ਾਇਦ ਮੇਰੀ ਜਾਨ ਅਤੇ ਦਾਦੀ ਤੇ ਮੰਮੀ ਦੀ ਇੱਜ਼ਤ ਬਚਣ ਦਾ ਕਾਰਨ ਏਹੀ ਬਣਿਆ ਹੋਊ ? ਸਾਡਾ ਘਰ ਕਈ ਘੰਟੇ ਅੱਗ ਵਿੱਚ ਮਚਦਾ ਰਿਹਾ। ਗੁਸਲਖਾਨੇ ਵਿੱਚ ਲੁਕੇ ਹੋਇਆਂ ਜਦੋਂ ਕਦੇ ਭੁੱਖ ਨਾਲ ਮੇਰਾ ਰੋਣ ਨਿਕਲਦਾ ਤਾਂ ਕਦੇ ਮੰਮੀ ਤੇ ਕਦੇ ਦਾਦੀ ਮੈਨੂੰ ਛਾਤੀ ਨਾਲ ਲਾ ਕੇ ਦੁੱਧ ਚੁੰਘਾਉਣ ਦਾ ਬਹਾਨਾ ਜਿਹਾ ਕਰਦੀਆਂ। ਕਦੇ ਮੂੰਹ ਅੱਗੇ ਹੱਥ ਰੱਖਦੇ ਕਿ ਬਾਹਰ ਨਿਕਲੀ ਆਵਾਜ਼ ਕਿਸੇ ਦੇ ਕੰਨੀਂ ਨਾ ਪੈ ਜਾਵੇ। ਅਸੀਂ ਜਾਣਦੇ ਈ ਆਂ ਕਿ ਉਦੋਂ ਤੱਕ ਬੱਚਿਆਂ ਨੂੰ ਸਿਰਫ਼ ਆਪਣੇ ਪੇਟ ਤੇ ਮਨ ਪ੍ਰਚਾਵੇ ਤੱਕ ਦੀ ਸਮਝ ਹੁੰਦੀ ਆ।

ਉਹ ਸਾਰਾ ਦਿਨ ਤੇ ਅਗਲੀ ਰਾਤ ਸਾਡਾ ਘਰ ਸੜਦਾ ਰਿਹਾ ਤੇ ਅਸੀਂ ਤਿੰਨੇ-ਚਾਰ ਫੁੱਟ ਦੇ ਗੁਸਲਖਾਨੇ ਵਿੱਚ ਤੜੇ ਰਹੇ। ਸਾਡਾ ਏਨਾ ਕੁ ਬਚਾਅ ਰਿਹਾ ਕਿ ਗੁਸਲਖਾਨੇ ਦਾ ਬਾਹਰਵਾਰ ਨੂੰ ਇੱਕ ਨਿੱਕਾ ਜਿਹਾ ਰੋਸ਼ਨਦਾਨ ਸੀ, ਜਿਸ ਦਾ ਸ਼ੀਸ਼ਾ ਕੁਝ ਦਿਨ ਪਹਿਲਾਂ ਈ ਗੁਆਂਢੀਆਂ ਦੇ ਨਿਆਣੇ ਦੀ ਬਾਲ ਵੱਜਣ ਕਾਰਨ ਟੁੱਟ ਗਿਆ ਸੀ। ਟੁੱਟੇ ਸ਼ੀਸ਼ੇ ਦੀ ਮੋਰੀ ਰਾਹੀਂ ਸਾਡੇ ਸਾਹਾਂ ਲਈ ਹਵਾ ਦਾ ਪ੍ਰਬੰਧ ਹੁੰਦਾ ਰਿਹਾ। ਹਵਾ ਵੀ ਕਿਹੜੀ ਸਾਫ਼ ਸੀ ? ਧੂੰਆਂ, ਕਾਲਖ ਤੇ ਮਨੁੱਖੀ ਮਾਸ ਦੇ ਸਾੜ ਨਾਲ ਗੜੁੱਚ। ਸਾਰਾ ਆਲਾ ਦੁਆਲਾ ਤਾਂ ਮੱਚ ਰਿਹਾ ਸੀ। ਚਾਰੇ ਪਾਸੇ ਅੱਗ ਤੇ ਧੂੰਆਂ ਹੀ ਪਸਰਿਆ ਹੋਇਆ ਸੀ। ਵੱਡੇ ਵੱਡੇ ਘਰਾਂ ਵਿੱਚ ਵੀ ਅੱਗ ਮੱਚ ਰਹੀ ਸੀ। ਸਾਰੀ ਰਾਤ ਫੜ-ਲਓ, ਮਾਰ-ਦਿਓ, ਬਚਕੇ ਨਾ ਨਿਕਲਣ…ਹੋਰ ਪਤਾ ਨਹੀਂ ਕੀ ਕੀ ਦੇ ਨਾਅਰੇ ਗੂੰਜਦੇ ਰਹੇ ਤੇ ਅਕਾਸ਼ ਧੂੰਏ ਨਾਲ ਕਾਲਾ ਹੁੰਦਾ ਰਿਹਾ। ਸਵੇਰ ਹੋਈ ਤਾਂ ਦਾਦੀ ਨੇ ਬਾਹਰ ਨਿਕਲ ਕੇ ਵੇਖਿਆ ਕਿ ਧੂੰਏ ਕਾਰਨ ਦੂਰ ਦੂਰ ਤੱਕ ਕੁਝ ਨਹੀਂ ਸੀ ਦਿਸਦਾ। ਮਨ ਤਕੜਾ ਜਿਹਾ ਕਰਕੇ ਦਾਦੀ ਤੇ ਮੰਮੀ ਬਾਹਰ ਨਿਕਲੇ। ਘਰ ਦੀ ਧੁਖਦੀ ਅੱਗ ਵਿੱਚੋਂ ਤਾਂ ਬਾਹਰ ਜਾ ਨਹੀਂ ਸੀ ਸਕਦੇ, ਭੀੜ ਨੇ ਪਾਸੇ ਵਾਲੀ ਕੰਧ ਵਿੱਚ ਪਾੜ ਜਿਹਾ ਬਣਾ ਦਿੱਤਾ ਹੋਇਆ ਸੀ। ਉੱਧਰੋਂ ਦੀ ਹੁੰਦੇ ਹੋਏ ਅਤੇ ਧੂੰਏ ਦਾ ਆਸਰਾ ਤੱਕ ਦੇ ਅਸੀਂ ਗੁਆਂਢੀਆਂ ਦੇ ਘਰ ਪਹੁੰਚੇ। ਪਾਪਾ ਉਨ੍ਹਾਂ ਗੁਆਂਢੀਆਂ ਨੂੰ ਅੰਕਲ-ਆਂਟੀ ਕਹਿੰਦੇ ਹੁੰਦੇ ਸਨ। ਮੰਮੀ ਨੇ ਮਹਿਸੂਸ ਕੀਤਾ ਕਿ ਸਾਨੂੰ ਜਿੰਦਾ ਵੇਖ ਕੇ ਉਨ੍ਹਾਂ ਦੇ ਮਨ ਨੂੰ ਚੈਨ ਆਇਆ ਸੀ। ਉਹ ਤਾਂ ਸਮਝੀ ਬੈਠੇ ਸਨ ਕਿ ਅਸੀਂ ਸਾਰੇ ਈ ਮਾਰ ਦਿੱਤੇ ਗਏ ਹਾਂ। ਏਸੇ ਗ਼ਮ ਵਿੱਚ ਉਨ੍ਹਾਂ ਦੇ ਘਰ ਕੱਲ੍ਹ ਤੋਂ ਚੁੱਲ੍ਹਾ ਨਹੀਂ ਸੀ ਤਪਿਆ। ਇਕੱਲੇ ਉਨ੍ਹਾਂ ਦੇ ਈ ਘਰ ਨਹੀਂ, ਸਗੋਂ ਦਿੱਲੀ ਦੀਆਂ ਬਹੁਤ ਸਾਰੀਆਂ ਇਨਸਾਨੀ ਰੂਹਾਂ ਦੇ ਘਰੀਂ ਕਈ ਦਿਨ ਚੁੱਲ੍ਹੇ ਨਹੀਂ ਸੀ ਤਪੇ। ਕਈ ਦਿਨ ਅਸੀਂ ਗੁਆਂਢੀਆਂ ਦੇ ਘਰ ਰਹੇ। ਠੰਢ ਠੰਢਾਉਲਾ ਹੋਣ ’ਤੇ ਅਸੀਂ ਦਾਦੀ ਜੀ ਦੀ ਭੈਣ ਦੇ ਘਰ ਲੁਧਿਆਣਾ ਪਹੁੰਚ ਗਏ। ਸਾਡੇ ਨੇੜਲੇ ਸਾਰੇ ਰਿਸ਼ਤੇਦਾਰ ਰਾਜਧਾਨੀ ਵਾਲੇ ਸ਼ਹਿਰ ਵਿੱਚ ਈ ਸਨ। ਕਿਸੇ ਨਾਲ ਸਾਡੇ ਵਰਗੀ ਹੀ ਬੀਤੀ ਤੇ ਕਿਸੇ ਨਾਲ ਕੁਝ ਘੱਟ, ਪਰ ਜੜ੍ਹਾਂ ਸਾਰਿਆਂ ਦੀਆਂ ਹਿੱਲ ਗਈਆਂ ਸਨ। ਕੋਈ ਇੱਕ ਦੂਜੇ ਦੀ ਮਦਦ ਕਰਨ ਜੋਗਾ ਨਹੀਂ ਸੀ ਰਹਿ ਗਿਆ। ਮੇਰੇ ਨਾਨਿਕਆਂ ਨਾਲ ਵੀ ਸਾਡੇ ਵਾਲਾ ਭਾਣਾ ਹੀ ਵਰਤਿਆ ਸੀ।

ਕਈ ਦਿਨ ਲੁਧਿਆਣੇ ਰਹਿੰਦਿਆਂ ਅਸੀਂ ਆਪਣੀ ਫੈਕਟਰੀ ਦਾ ਪਤਾ ਕਰਵਾਇਆ। ਉਹ ਇਹ ਕਹਿ ਕੇ ਸਾੜ ਦਿੱਤੀ ਗਈ ਕਿ ਇਹ ਵੀ ਉਨ੍ਹਾਂ ਵਰਗਿਆਂ ਦੀ ਹੀ ਹੈ, ਜਿਨ੍ਹਾਂ ਨੇ (ਉਨ੍ਹਾਂ ਦੇ ਕਹਿਣ ਅਨੁਸਾਰ) ਉਨ੍ਹਾਂ ਦੀ ਮਾਂ ਮਾਰੀ ਹੈ। ਫੈਕਟਰੀ ਵਾਲੀ ਇਮਾਰਤ ਕਿਰਾਏ ’ਤੇ ਹੋਣ ਕਾਰਨ ਸਰਕਾਰ ਤੋਂ ਕਿਸੇ ਤਰ੍ਹਾਂ ਦੇ ਮੁਆਵਜ਼ੇ ਦੀ ਉਮੀਦ ਨਾ ਰਹੀ। ਬੇਸ਼ੱਕ ਬਹੁਤੀ ਮਸ਼ੀਨਰੀ ਲੁੱਟ ਪੁੱਟ ਲਈ ਗਈ ਸੀ, ਪਰ ਸਰਵੇਖਣ ਕਰਨ ਵਾਲਿਆਂ ਵਿੱਚ ਵੀ ਕਤਲ ਹੋਈ ਪ੍ਰਧਾਨ ਮੰਤਰੀ ਨੂੰ ਮਾਂ ਮੰਨਣ ਵਾਲੇ ਹੋਣਗੇ। ਸੋ ਕਿਸੇ ਮੁਆਵਜ਼ੇ ਵੀ ਉਮੀਦ ਮੁੱਕ ਗਈ। ਲੁਧਿਆਣੇ ਵਾਲਿਆਂ ਦੇ ਘਰ ਵੀ ਕਿੰਨਾ ਕੁ ਚਿਰ ਰਿਹਾ ਜਾ ਸਕਦਾ ਸੀ। ਉਂਜ ਵੀ ਉਨ੍ਹਾਂ ਦਾ ਘਰ ਕੋਈ ਬਹੁਤਾ ਵੱਡਾ ਤੇ ਹੈ ਨਈਂ ਸੀ। ਦਾਦੀ ਨੇ ਦਿੱਲੀ ਵਾਲੇ ਗੁਸਲਖਾਨੇ ਵਿੱਚ ਲੁਕਣ ਤੋਂ ਪਹਿਲਾਂ ਕੁਝ ਗਹਿਣੇ ਕਮੀਜ਼ ਹੇਠ ਲੁਕੋ ਲਏ ਸਨ। ਡੁੱਬਦੇ ਨੂੰ ਤਿਨਕੇ ਦੇ ਸਹਾਰੇ ਵਾਂਗ ਉਹੀ ਗਹਿਣੇ ਸਾਡੇ ਮੁੜ ਵਸੇਬੇ ਦੀ ਕੜੀ ਬਣੇ। ਮੇਰੀ ਦਾਦੀ ਨੂੰ ਗੁਰੂ ਨਗਰੀ ਅੰਮ੍ਰਿਤਸਰ ਨਾਲ ਅੰਤਾਂ ਦਾ ਮੋਹ ਅਤੇ ਭਰੋਸਾ ਸੀ। ਉਨ੍ਹਾਂ ਕਿਸੇ ਵਾਕਿਫ਼ਕਾਰ ਰਾਹੀਂ ਉੱਥੇ ਮਕਾਨ ਕਿਰਾਏ ’ਤੇ ਲੈ ਲਿਆ ਤੇ ਫਿਰ ਤੋਂ ਆਪਣਾ ਘਰ ਬਣਾਉਣ ਲੱਗ ਪਏ। ਸਮਾਂ ਪਾ ਕੇ ਨਸਲਕੁਸ਼ੀ ਪੀੜਤਾਂ (ਜਿਸ ਨੂੰ ਅੱਜ ਤਕ ਦੰਗੇ ਕਹਿ ਕੇ ਪ੍ਰਚਾਰਿਆ ਜਾ ਰਿਹਾ) ਦੇ ਮੁੜ ਵਸੇਬੇ ਬਾਰੇ ਸੋਚਿਆ ਜਾਣ ਲੱਗਾ। ਸਰਕਾਰੀ ਮਦਦ ਮਿਲਣ ਲੱਗ ਪਈ। ਪੀੜਤਾਂ ਦੇ ਲਾਲ ਕਾਰਡ ਬਣਨ ਲੱਗ ਪਏ। ਮੁੜ-ਵਸੇਬੇ ਲਈ ਪਲਾਟ ਦਿੱਤੇ ਜਾਣ ਲੱਗੇ। ਇਹ ਕਾਲੋਨੀ ਉਦੋਂ ਸਰਕਾਰ ਵੱਲੋਂ ਸ਼ੁਰੂ ਹੀ ਕੀਤੀ ਗਈ ਸੀ। ਮੁੜ-ਵਸੇਬਾ ਨੀਤੀ ਤਹਿਤ ਸਾਨੂੰ ਇਸ ਕਾਲੋਨੀ ਵਿੱਚ ਪਲਾਟ ਮਿਲ ਗਿਆ। ਵਿਦਿਅਕ ਯੋਗਤਾ ਦੇ ਆਧਾਰ ’ਤੇ ਮੰਮੀ ਨੂੰ ਇਸੇ ਸ਼ਹਿਰ ਵਾਲੀ ਯੂਨੀਵਰਸਿਟੀ ਵਿੱਚ ਨੌਕਰੀ ਮਿਲ ਗਈ। ਦਾਦੀ ਦੇ ਗਹਿਣਿਆਂ ’ਚੋਂ ਬਚੇ ਕੁਝ ਪੈਸੇ ਅਤੇ ਬੈਂਕ ਤੋਂ ਕਰਜ਼ਾ ਲੈ ਕੇ ਸੱਸ-ਨੂੰਹ ਤੋਂ ਮਾਂ-ਧੀ ਬਣੀਆਂ ਦਾਦੀ ਤੇ ਮੰਮੀ ਨੇ ਪਲਾਟ ਉਤੇ ਘਰ ਉਸਾਰ ਲਿਆ। ਮੰਮੀ ਦੀ ਨੌਕਰੀ ਦੀ ਗਰੰਟੀ ਅਤੇ ਪਲਾਟ ਦੀ ਅਲਾਟਮੈਂਟ ਦੇ ਆਧਾਰ ’ਤੇ ਕਰਜ਼ਾ ਮਨਜ਼ੂਰੀ ਵਿੱਚ ਅੜਚਣਾਂ ਨਹੀਂ ਸੀ ਪਾਈਆਂ ਗਈਆਂ। ਮੰਮੀ ਦੱਸਦੇ ਸੀ ਕਿ ਕਿਸੇ ਕੰਮ ਵਾਸਤੇ ਕਿਸੇ ਦਫ਼ਤਰ ਜਾਣਾ ਤਾਂ ਵਿਧਵਾ ਕਾਲੋਨੀ ਸੁਣਦੇ ਸਾਰ ਈ ਕੁਰਸੀਆਂ ’ਤੇ ਬੈਠੇ ਬਘਿਆੜਾਂ ਵਰਗੇ ਮਰਦ ਆਨੇ ਪਾੜ-ਪਾੜ ਝਾਕਣ ਤੇ ਸਾਹਮਣੇ ਖੜੋਤੀਆਂ ਦਾ ਐਕਸਰੇਅ ਕਰਨ ਲੱਗ ਜਾਂਦੇ ਸਨ। ਉਸ ਹਾਲਤ ਵਿੱਚ ਉਨ੍ਹਾਂ ਦੇ ਸਾਹਮਣੇ ਖੜ੍ਹਨ ਵਾਲੀਆਂ ਨੂੰ ਸ਼ਰਮ ਆਉਣ ਲੱਗ ਜਾਂਦੀ ਸੀ, ਪਰ ਉਹ ਆਪਣੇ ਡੇਲੇ ਨਹੀਂ ਸੀ ਝਮਕਦੇ ਹੁੰਦੇ।

ਉਦੋਂ ਤੱਕ ਮੈਂ ਸਕੂਲ ਜਾਣ ਲੱਗ ਪਿਆ ਸੀ। ਸਰਕਾਰੀ ਸਕੂਲ ਬਹੁਤੀ ਦੂਰ ਨਹੀਂ ਸੀ। ਉੱਥੇ ਲੱਗੀਆਂ ਦੋ ਅਧਿਆਪਕਾਂ ਸਾਡੇ ਵਾਂਗ ਦਿੱਲੀਓਂ ਉੱਜੜਕੇ ਆਈਆਂ ਸੀ। ਬੱਚਿਆਂ ਨਾਲ ਉਨ੍ਹਾਂ ਦਾ ਅੰਤਾਂ ਦਾ ਮੋਹ ਸੀ। ਪਤਾ ਨਈਂ ਮੈਨੂੰ ਭੁਲੇਖਾ ਹੈ ਜਾਂ ਸੱਚ ਸੀ, ਮੇਰੇ ਨਾਲ ਤਾਂ ਉਹ ਮੰਮੀ ਵਾਂਗ ਹੀ ਪਿਆਰ ਕਰਦੀਆਂ ਹੁੰਦੀਆਂ ਸਨ। ਮੈਨੂੰ ਸੱਚ ਦੱਸਣ ਵਿੱਚ ਜ਼ਰਾ ਵੀ ਝਿਜਕ ਨਹੀਂ ਕਿ ਅੰਗਰੇਜ਼ੀ ਬੋਲਣ ਤੇ ਮੈਥ ਦੇ ਫਾਰਮੂਲੇ ਮੇਰੇ ਖੂਨ ਵਿੱਚ ਉਨ੍ਹਾਂ ਦੋਹਾਂ ਅਧਿਆਪਕਾਂ ਦੇ ਮੋਹ ਅਤੇ ਪੜ੍ਹਾਉਣ ਦੇ ਢੰਗ ਕਾਰਨ ਹੀ ਰਚ ਗਏ ਸਨ। ਮੈਡਮ ਚੱਢਾ ਨੇ ਦੋ ਤੋਂ ਵੀਹ ਤੱਕ ਦੇ ਪਹਾੜੇ ਮੈਨੂੰ ਮਹੀਨੇ ਵਿੱਚ ਰਟਾ ਦਿੱਤੇ ਸਨ। ਛੁੱਟੀ ਵੇਲੇ ਮੈਡਮ ਸੇਠੀ ਕਈ ਵਾਰ ਵਲ਼ ਭੰਨ ਕੇ ਮੈਨੂੰ ਅਗਾਂਹ ਤੱਕ ਆ ਕੇ ਸਾਡੇ ਘਰ ਵਾਲੀ ਗਲ਼ੀ ਵਿੱਚ ਵਾੜ ਕੇ ਆਪਣੇ ਘਰ ਵੱਲ ਮੁੜਦੇ ਹੁੰਦੇ ਸਨ। ਬਹੁਤੀ ਵਾਰ ਤਾਂ ਛੁੱਟੀ ਦੇ ਟਾਈਮ ਦਾਦੀ ਜੀ ਅਗਲ-ਵਾਂਢੀ ਸਕੂਲ ਵੱਲ ਆ ਜਾਂਦੇ ਸੀ, ਪਰ ਕਈ ਵਾਰ ਗੁਰਦੁਆਰਿਓਂ ਵਾਪਸੀ ਵਿੱਚ ਦੇਰੀ ਹੋਣ ਕਰਕੇ ਮੈਨੂੰ ਲੈਣ ਲਈ ਨਹੀਂ ਸੀ ਪਹੁੰਚ ਸਕਦੇ ਹੁੰਦੇ। ਆਹ ਸਕੂਲ ਬੱਸਾਂ ਵਾਲਾ ਰਿਵਾਜ ਉਦੋਂ ਅਜੇ ਹੁਣ ਵਰਗਾ ਨਹੀਂ ਸੀ ਪਿਆ। ਹਾਂ, ਸ਼ੁਰੂ ਹੋ ਗਿਆ ਹੋਇਆ ਸੀ।

ਇੱਕ ਦਿਨ ਗੁਰਦੁਆਰਿਓਂ ਮੁੜਦਿਆਂ ਦਾਦੀ ਨੂੰ ਕਿਸੇ ਗੱਡੀ ਨੇ ਫੇਟ ਮਾਰ ਦਿੱਤੀ। ਕੁਥਾਂ ਲੱਗੀ ਸੱਟ ਕਾਰਨ ਉਹ ਜਾਣ ਗਏ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਦਿਨ ਹੁਣ ਬਹੁਤੇ ਨਹੀਂ ਬਚੇ। ਆਖਰੀ ਸਾਹ ਤੋਂ ਕੁਝ ਘੰਟੇ ਪਹਿਲਾਂ ਬੱਝੀਆਂ ਪੱਟੀਆਂ ਅਤੇ ਨਰਸ ਦੇ ਮਨ੍ਹਾਂ ਕਰਨ ਉਤੇ ਵੀ ਉਨ੍ਹਾਂ ਮੈਨੂੰ ਆਪਣੀ ਛਾਤੀ ’ਤੇ ਲਿਟਾ ਕੇ ਮੰਮੀ ਨੂੰ ਘਰ ਗ੍ਰਹਿਸਥੀ ਬਾਰੇ ਬੜਾ ਕੁਝ ਸਮਝਾਇਆ ਤੇ ਪਲਾਂ ਵਿੱਚ ਹੀ ਉਡਾਰੀ ਮਾਰ ਗਏ ਸਨ ਮੇਰੇ ਪਿਆਰੇ ਦਾਦੀ ਜੀ। ਮੰਮੀ ਦੱਸਦੇ ਹੁੰਦੇ ਨੇ ਕਿ ਪਹਿਲਾਂ-ਪਹਿਲ ਸਾਡੀ ਕਾਲੋਨੀ ਨੂੰ ਕਈ ਤਰ੍ਹਾਂ ਦੇ ਗ੍ਰਹਿਣ ਲੱਗੇ ਹੋਏ ਸਨ। ਮੇਰੀ ਮੰਮੀ ਵਰਗੀਆਂ ਕਈ ਵਿਧਵਾਵਾਂ ਘਰ ਚਲਾਉਣ ਦੇ ਯਤਨਾਂ ਵਿੱਚ ਫੇਲ੍ਹ ਹੋਣ ਕਾਰਨ ਹੌਸਲਾ ਹਾਰ ਲੈਂਦੀਆਂ ਸਨ। ਔਰਤਾਂ ਦੀ ਮੰਦੀ ਆਰਥਿਕ ਹਾਲਤ ਵਿੱਚ ਕਈ ਸਵਾਰਥੀ ਮਰਦ ਮਦਦਗਾਰ ਦੇ ਰੂਪ ਵਿੱਚ ਉੱਗ ਆਉਂਦੇ ਨੇ। ਮਜਬੂਰੀ ਦੀ ਹਾਲਤ ਵਿੱਚ ਸਾਡੀ ਕਾਲੋਨੀ ਦੀਆਂ ਕੁਝ ਔਰਤਾਂ ਵੀ ਸ਼ਾਇਦ ਗ਼ਲਤ ਕੰਮਾਂ ਵਿੱਚ ਪੈ ਗਈਆਂ ਹੋਣਗੀਆਂ। ਇਸੇ ਕਾਰਨ ਕਾਲੋਨੀ ਵਿੱਚ ਗਲਤ ਲੋਕਾਂ ਦੀ ਆਮਦ ਅਤੇ ਪਰਚੇ ਦਰਜ ਹੋਣ ਲੱਗ ਪਏ। ਮੈਨੂੰ ਵੱਡਾ ਹੋ ਕੇ ਪਤਾ ਲੱਗਾ ਕਿ ਇੱਕ ਤਾਂ ਕਾਲੋਨੀ ਦਾ ਨਾਂ ਐਸਾ ਹੈ, ਜਿਸ ਬਾਰੇ ਲੋਕਾਂ ਦੀ ਸੋਚ ਤੇ ਧਾਰਨਾ ਹੀ ਗਲਤ ਬਣ ਗਈ। ਮੇਰੀ ਮੰਮੀ ਦਾ ਪਿੱਛਾ ਕਰਦੇ ਰਹੇ ਲੋਕਾਂ ਨੇ ਵੀ ਸ਼ਾਇਦ ਇਹੀ ਸੋਚਿਆ ਹੋਊ ਕਿ ਸਾਰੀਆਂ ਵਿਧਵਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ? ਪਰ ਦੰਦ ਖੱਟੇ ਹੋਣ ’ਤੇ ਸ਼ਾਇਦ ਉਨ੍ਹਾਂ ਹੋਰ ਦਸਾਂ ਨੂੰ ਉਹ ਕਹਾਵਤ ਯਾਦ ਕਰਵਾਈ ਹੋਊ ਕਿ “ਖੰਡ ਸਮਝ ਕੇ ਕਪਾਹ ਨੂੰ ਮੂੰਹ ਮਾਰਨਾ ਮਹਿੰਗਾ ਪੈਂਦਾ।’’ ਆਪਣੀ ਸੁਹਿਰਦ ਮਾਂ ਦੀਆਂ ਸਿੱਖਿਆਵਾਂ ਅਤੇ ਰਗਾਂ ਵਿੱਚ ਦੌੜਦੇ ਦਾਦਾ ਤੇ ਪਾਪਾ ਦੇ ਖੂਨ ਕਾਰਨ ਹੀ ਮੈਂ ਅੱਜ ਇਨਸਾਫ਼ ਕਰਨ ਵਾਲੀ ਕੁਰਸੀ ’ਤੇ ਬੈਠਾ ਹਾਂ।

ਹੁਣ ਮੈਨੂੰ ਉਸ ਕਾਲੋਨੀ ਦੇ ਨਾਂ ਤੋਂ ਕੋਈ ਨਫ਼ਰਤ ਨਹੀਂ। ਹਾਂ! ਨਫ਼ਰਤ ਤਾਂ ਹੈ, ਪਰ ਉਨ੍ਹਾਂ ਲੋਕਾਂ ਦੀ ਸੋਚ ਉਤੇ ਜੋ ਆਪਣੇ ਮੰਦੇ ਇਰਾਦਿਆਂ ਉਤੇ ਇੱਜ਼ਤਦਾਰ ਮਖੌਟਾ ਪਾ ਕੇ ਕਿਸੇ ਕਾਰਨ ਜੀਵਨ ਸਾਥੀ ਗਵਾਉਣ ਵਾਲੀਆਂ ਔਰਤਾਂ ਦੀ ਮਜਬੂਰੀ ਦਾ ਲਾਹਾ ਲੈਂਦੇ ਨੇ। ਮੈਂ ਸਾਰੇ ਮਦਦਗਾਰਾਂ ਨੂੰ ਮਾੜਾ ਨਹੀਂ ਕਹਿੰਦਾ, ਬਹੁਤ ਸਾਰੇ ਅਜੇ ਵੀ ਹੈਨ ਜਿਨ੍ਹਾਂ ਦੇ ਮਨਾਂ ਵਿੱਚ ਦਇਆ, ਲਿਹਾਜ਼ ਅਤੇ ਤਰਸ ਕੁੱਟ-ਕੁੱਟ ਕੇ ਭਰਿਆ ਹੋਇਐ। ਉੱਧਰ ਔਰਤਾਂ ਵਿੱਚ ਵੀ ਕੁਝ ਹੈਗੀਆਂ ਜੋ ਸ਼ਰਮ ਹਯਾ ਦੀ ਪਰਵਾਹ ਨਾ ਕਰਕੇ ਅਤੇ ਕਈ ਪੀੜ੍ਹੀਆਂ ਤੱਕ ਖਾਨਦਾਨ ਉਤੇ ਲੱਗਣ ਵਾਲੇ ਧੱਬੇ ਨੂੰ ਭੁੱਲ ਕੇ ਆਪਣੇ ਸਰੀਰਾਂ ਦੇ ਪੈਸੇ ਵੱਟਣ ਲੱਗ ਪੈਂਦੀਆਂ।

ਜੱਜ ਵਾਲੀ ਯਾਨੀ ਲੋਕਾਂ ਨੂੰ ਇਨਸਾਫ਼ ਦੇਣ ਵਾਲੀ ਇਸ ਕੁਰਸੀ ਉਤੇ ਬੈਠਣ ਤੋਂ ਪਹਿਲਾਂ ਸਹੁੰ ਚੁੱਕਣ ਵੇਲੇ ਧਾਰਿਮਕ ਪੋਥੀ ਉਤੇ ਹੱਥ ਰੱਖਣ ਦੀ ਥਾਂ ਮੈਨੂੰ ਆਪਣੀ ਮਾਂ ਦੇ ਪੈਰ ਛੂਹਣ ਨਾਲ ਤਸੱਲੀ ਹੋਈ ਸੀ। ਉਹ ਪਵਿੱਤਰ ਪੈਰ ਜਿਨ੍ਹਾਂ ਵਿੱਚੋਂ ਅੱਜ ਵੀ ਮੈਨੂੰ ਖੁਸ਼ਬੋਅ ਆਉਂਦੀ ਹੈ। ਇਸੇ ਖੁਸ਼ਬੋਅ ਨੇ ਮੈਨੂੰ ਜ਼ਿੰਦਗੀ ਜਿਊਣ ਦੇ ਢੰਗ ਦੱਸੇ। ਸਾਂਵੀਂ ਪੱਧਰੀ ਜ਼ਿੰਦਗੀ ਵੱਲ ਜਾਂਦੇ ਰਸਤਿਆਂ ਉਤੇ ਤੁਰਨਾ ਸਿਖਾਇਆ। ਗੁਰੂ ਨਾਨਕ ਜੀ ਦੇ ਸੰਦੇਸ਼ਾਂ ਵਿੱਚ ਢਲਣ ਦੇ ਗੁਰ ਸਮਝਾਏ। ਫਿਰ ਵੀ ਇਸ ਕੁਰਸੀ ’ਤੇ ਬੈਠ ਕੇ ਮੈਂ ਕਿਸੇ ਦੇ ਧਰਮ ਵੱਲ ਨਹੀਂ ਝਾਕਦਾ। ਮੈਂ ਉਨ੍ਹਾਂ ਨੂੰ ਵੀ ਚੁਣੌਤੀ ਦਿੰਦਾ ਜਿਹੜੇ ਕਹਿੰਦੇ ਨੇ ਕਿ ਸਾਡੇ ਦੇਸ਼ ਵਿੱਚ ਸਾਰੇ ਜੱਜ ਸਰਕਾਰ ਦੀਆਂ ਕਠਪੁਤਲੀਆਂ ਨੇ। ਮੈਨੂੰ ਫਖ਼ਰ ਹੈ ਕਿ ਮੇਰੇ ਫ਼ੈਸਲੇ ਖਿਲਾਫ਼ ਅਪੀਲ ਦੌਰਾਨ ਕਿਸੇ ਉੱਚ ਅਦਾਲਤ ਨੂੰ ਫੈਸਲੇ ਵਿਚਲੀ ਖਾਮੀ ਲੱਭ ਕੇ ਦੋਸ਼ੀ ਨੂੰ ਸ਼ੱਕ ਦਾ ਲਾਭ ਦੇਣ ਦਾ ਕਦੇ ਮੌਕਾ ਨਹੀਂ ਬਣਦਾ। ਵੱਡੇ ਜੱਜ ਮੇਰਾ ਫ਼ੈਸਲਾ ਬਰਕਰਾਰ ਰੱਖਣ ਲਈ ਮਜਬੂਰ ਹੋ ਜਾਂਦੇ ਨੇ। ਮੈਨੂੰ ਇਹ ਸਮਝ ਲੱਗ ਚੁੱਕੀ ਐ ਕਿ ਫ਼ੈਸਲੇ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕੀਤੇ ਜਾਣ ਤਾਂ ਉਹ ਵੱਡੇ ਜੱਜਾਂ ਦੀ ਜ਼ਮੀਰ ਉਤੇ ਵੀ ਕਾਟ ਕਰ ਜਾਂਦੇ ਨੇ। ਮੈਂ ਸਮੇਂ ਦੀ ਪਰਵਾਹ ਨਾ ਕਰਕੇ ਆਪਣੇ ਹਰ ਫ਼ੈਸਲੇ ਵਿੱਚ ਚੋਰ ਮੋਰੀਆਂ ਦੀ ਗੁੰਜਾਇਸ਼ ਹੀ ਨਹੀਂ ਛੱਡਦਾ। ਇਹ ਸਾਰਾ ਕੁਝ ਮੇਰੀ ਮਾਂ ਦੀਆਂ ਸਿੱਖਿਆਵਾਂ ਤੇ ਪਿਤਾ-ਪੁਰਖੀ ਸੰਸਕਾਰਾਂ ਨੂੰ ਅੱਗੇ ਤੋਰਨ ਦੀ ਵਾਹੀ ਗਈ ਲਕੀਰ ਦਾ ਨਤੀਜਾ ਹੈ। ਸੁਣਵਾਈ ਦੌਰਾਨ ਮੈਂ ਵਕੀਲਾਂ ਦੀਆਂ ਦਲੀਲਾਂ ਵਿੱਚੋਂ ਘੱਟ, ਪਰ ਦੋਹਾਂ ਧਿਰਾਂ ਦੇ ਲੋਕਾਂ ਦੀਆਂ ਅੱਖਾਂ ਵਿੱਚੋਂ ਸੱਚ ਲੱਭਣ ਦੇ ਯਤਨ ਵੱਧ ਕਰਦਾਂ।

ਜਿਸ ਕਾਲੋਨੀ ਦੇ ਨਾਂ ਤੋਂ ਕਦੇ ਮੈਨੂੰ ਚਿੜ ਹੋਇਆ ਕਰਦੀ ਸੀ, ਹੁਣ ਮੈਂ ਕਿਸੇ ਨੂੰ ਫ਼ਖਰ ਨਾਲ ਦੱਸਦਾਂ ਕਿ ਮੇਰਾ ਬਚਪਨ ਉਸੇ ਵਿਧਵਾ ਕਾਲੋਨੀ ਵਿੱਚ ਬੀਤਿਆ ਹੈ। ਮਾਵਾਂ ਉਤੇ ਸਾਰੇ ਬੱਚੇ ਫ਼ਖਰ ਕਰਦੇ ਨੇ, ਪਰ ਮੈਨੂੰ ਵਿਧਵਾ ਮਾਂ ਉਤੇ ਹੋਰਾਂ ਤੋਂ ਵੱਖਰਾ ਜਿਹਾ ਮਾਣ ਮਹਿਸੂਸ ਹੁੰਦਾ।
ਸੰਪਰਕ: +16044427676



News Source link
#ਵਧਵ #ਕਲਨ

- Advertisement -

More articles

- Advertisement -

Latest article