28.6 C
Patiāla
Sunday, April 28, 2024

ਤਾਇਵਾਨ ਦੇ ਰਲੇਵੇਂ ਲਈ ਤਾਕਤ ਦੀ ਵਰਤੋਂ ਤੋਂ ਗੁਰੇਜ਼ ਨਹੀਂ ਕਰਾਂਗੇ: ਜਿਨਪਿੰਗ

Must read


ਪੇਈਚਿੰਗ, 16 ਅਕਤੂਬਰ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਮੁਲਕ ਤਾਇਵਾਨ ਦਾ ਰਲੇਵਾਂ ਕਰਨ ਲਈ ‘ਤਾਕਤ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟੇਗਾ।’ ਸ਼ੀ ਨੇ ਨਾਲ ਹੀ ਦੇਸ਼ ਦੀ ਸੈਨਾ ਦੇ ਆਧੁਨਿਕੀਕਰਨ ਉਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ, ਸੁਰੱਖਿਆ ਤੇ ਵਿਕਾਸ ਨਾਲ ਜੁੜੇ ਹਿੱਤਾਂ ਦੀ ਪੂਰਤੀ ਲਈ ਫ਼ੌਜ ਨੂੰ ‘ਸੰਸਾਰ ਪੱਧਰੀ ਮਿਆਰਾਂ’ ਮੁਤਾਬਕ ਤਿਆਰ ਕੀਤਾ ਜਾਵੇਗਾ। ਉਹ ਅੱਜ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੀ ਕਾਂਗਰਸ ਨੂੰ ਸੰਬੋਧਨ ਕਰ ਰਹੇ ਸਨ। ਪੰਜ ਸਾਲਾਂ ਵਿਚ ਇਕ ਵਾਰ ਹੁੰਦੇ ਪਾਰਟੀ ਸੰਮੇਲਨ ਦਾ ਅੱਜ ਪਹਿਲਾ ਦਿਨ ਸੀ। ਹਫ਼ਤਾ ਭਰ ਚੱਲਣ ਵਾਲੀ ਕਾਂਗਰਸ ’ਚ ਜਿਨਪਿੰਗ ਨੂੰ ਰਿਕਾਰਡ ਤੀਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਉਮਰ ਭਰ ਲਈ ਇਸ ਅਹੁਦੇ ਉਤੇ ਬਣੇ ਰਹਿਣ ਦੀ ਪ੍ਰਵਾਨਗੀ ਵੀ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਤਾਇਵਾਨ ਆਪਣੀ ਖ਼ੁਦਮੁਖਤਿਆਰੀ ਪ੍ਰਗਟ ਕਰਦਾ ਹੈ ਜਦਕਿ ਚੀਨ ਇਸ ਟਾਪੂ ਨੂੰ ਆਪਣੇ ਨਾਲੋਂ ਟੁੱਟਿਆ ਹੋਇਆ ਹਿੱਸਾ ਮੰਨਦਾ ਹੈ ਤੇ ਰਲੇਵਾਂ ਕਰਨਾ ਚਾਹੁੰਦਾ ਹੈ। ਪੇਈਚਿੰਗ ਨੇ ਇਸ ਰਲੇਵੇਂ ਲਈ ਤਾਕਤ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਹੈ। ਸ਼ੀ ਨੇ ਕਿਹਾ ਕਿ ਉਹ ਤਾਇਵਾਨ ਵਿਚ ਸਾਰੀਆਂ ਵੱਖਵਾਦੀ ਮੁਹਿੰਮਾਂ ਨੂੰ ਰੋਕਣ ਲਈ ਕਦਮ ਚੁੱਕਣਗੇ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਚੀਨ ਪੂਰੀ ਗੰਭੀਰਤਾ ਤੇ ਸਾਰੀਆਂ ਕੋਸ਼ਿਸ਼ਾਂ ਕਰ ਕੇ ਸ਼ਾਂਤੀਪੂਰਨ ਰਲੇਵੇਂ ਨੂੰ ਪਹਿਲ ਦੇਵੇਗਾ। ਜ਼ਿਕਰਯੋਗ ਹੈ ਕਿ ਤਾਇਵਾਨ ਦੇ ਮੁੱਦੇ ’ਤੇ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਬਣਿਆ ਹੋਇਆ ਹੈ। ਕਮਿਊਨਿਸਟ ਪਾਰਟੀ ਦੇ ਚੱਲ ਰਹੇ ਸੰਮੇਲਨ ਦੌਰਾਨ ਸ਼ੀ ਜਿਨਪਿੰਗ ਤੋਂ ਇਲਾਵਾ ਪਾਰਟੀ ਦੇ ਸਾਰੇ ਚੋਟੀ ਦੇ ਆਗੂਆਂ ਨੂੰ ਬਦਲਿਆ ਜਾਵੇਗਾ। ਜਿਨਪਿੰਗ ਤੋਂ ਬਾਅਦ ਦੇ ਚੋਟੀ ਦੇ ਆਗੂ ਪ੍ਰੀਮੀਅਰ ਲੀ ਕੇਕਿਆਂਗ ਨੂੰ ਵੀ ਬਦਲਿਆ ਜਾਵੇਗਾ ਕਿਉਂਕਿ ਸ਼ੀ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਦਸ ਸਾਲ ਦਾ ਕਾਰਜਕਾਲ ਮੁਕੰਮਲ ਕਰ ਲਿਆ ਹੈ। ਹਾਲਾਂਕਿ ਕਾਂਗਰਸ ਸ਼ੀ ਨੂੰ ਅਹੁਦੇ ਉਤੇ ਬਣਾਏ ਰੱਖਣ ਲਈ ਸਹਿਮਤ ਹੋ ਸਕਦੀ ਹੈ। ਜਿਨਪਿੰਗ ਨੂੰ ਪਾਰਟੀ ਮਾਓ-ਜ਼ੇ-ਤੁੰਗ ਦੇ ਬਰਾਬਰ ਗਿਣਦੀ ਹੈ। ਦੱਸਣਯੋਗ ਹੈ ਕਿ ਚੀਨੀ ਰਾਸ਼ਟਰਪਤੀ ਨੂੰ ਵੱਧ ਤੋਂ ਵੱਧ ਦਸ ਸਾਲ ਦਾ ਕਾਰਜਕਾਲ ਮਿਲਦਾ ਰਿਹਾ ਹੈ ਪਰ ਸ਼ੀ ਦੇ ਅਹੁਦੇ ਉਤੇ ਬਣੇ ਰਹਿਣ ਨਾਲ ਤਿੰਨ ਦਹਾਕਿਆਂ ਤੋਂ ਵੱਧ ਪੁਰਾਣੇ ਅਮਲ ਨੂੰ ਤਿਆਗਿਆ ਜਾ ਸਕਦਾ ਹੈ। ਕਾਂਗਰਸ ਦੇ ਪਹਿਲੇ ਦਿਨ ਅੱਜ ਕਈ ਵੱਡੇ ਆਗੂ ਜਿਨ੍ਹਾਂ ਵਿਚ ਸਾਬਕਾ ਰਾਸ਼ਟਰਪਤੀ ਹੂ ਜਿੰਤਾਓ ਤੇ ਸਾਬਕਾ ਪ੍ਰੀਮੀਅਰ ਵੈੱਨ ਜੀਆਬਾਓ ਸ਼ਾਮਲ ਹਨ, ਹਾਜ਼ਰ ਸਨ। -ਪੀਟੀਆਈ   

ਆਜ਼ਾਦੀ ਤੇ ਲੋਕਤੰਤਰ ਨਾਲ ਕਦੇ ਸਮਝੌਤਾ ਨਹੀਂ ਕਰਾਂਗੇ: ਤਾਇਵਾਨ

ਤੈਪਈ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਸ਼ਣ ’ਤੇ ਟਿੱਪਣੀ ਕਰਦਿਆਂ ਤਾਇਵਾਨ ਨੇ ਕਿਹਾ ਹੈ ਕਿ ਉਹ ਆਪਣੀ ਪ੍ਰਭੂਸੱਤਾ, ਲੋਕਤੰਤਰ ਤੇ ਆਜ਼ਾਦੀ ਨਾਲ ਕਦੇ ਸਮਝੌਤਾ ਨਹੀਂ ਕਰਨਗੇ। ਤਾਇਵਾਨੀ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਚਾਂਗ ਤੁਨ-ਹਾਨ ਨੇ ਕਿਹਾ ਕਿ ਉਨ੍ਹਾਂ ਦੀ ਕੌਮੀ ਸੁਰੱਖਿਆ ਟੀਮ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਤਾਇਵਾਨ ਨੇ ਨਾਲ ਹੀ ਕਿਹਾ ਕਿ ਫ਼ੌਜੀ ਟਕਰਾਅ ਦੋਵਾਂ ਧਿਰਾਂ ਦੇ ਹਿੱਤ ’ਚ ਨਹੀਂ ਹੋਵੇਗਾ। -ਏਐੱਨਆਈ 





News Source link

- Advertisement -

More articles

- Advertisement -

Latest article