31.6 C
Patiāla
Wednesday, May 1, 2024

ਨਿਰੰਤਰ ਸ਼ਬਦ ਪ੍ਰਵਾਹ ਦਾ ਸਾਰਥੀ ਡਾ. ਸੁਰਿੰਦਰ ਗਿੱਲ

Must read


ਸਰਬਜੀਤ ਸੋਹੀ

ਪੰਜਾਬੀ ਕਾਵਿ ਦੇ ਇਤਿਹਾਸ ਨੂੰ ਵਾਚਦਿਆਂ ਉਂਗਲਾਂ ’ਤੇ ਗਿਣਨ ਜੋਗੇ ਨਾਂ ਹੀ ਹਨ, ਜਿਨ੍ਹਾਂ ਦੀਆਂ ਲਿਖੀਆਂ ਸਮੁੱਚੀਆਂ ਲਿਖਤਾਂ ਵਿੱਚੋਂ ਕਿਸੇ ਇੱਕ ਰਚਨਾ ਦੀਆਂ ਦੋ ਸਤਰਾਂ ਹੀ ਤੁਆਰਫ਼ ਲਈ ਕਾਫ਼ੀ ਹੁੰਦੀਆਂ ਹਨ। ਉਨ੍ਹਾਂ ਮਾਣਯੋਗ ਸੁਖ਼ਨਵਰਾਂ ਵਿੱਚੋਂ ਇੱਕ ਨਾਮ ਡਾ. ਸੁਰਿੰਦਰ ਗਿੱਲ ਦਾ ਹੈ। ਉਸ ਦੀ ਕਲਮ ਤੋਂ ਨਿਕਲੇ ਹੋਏ ਇੱਕ ਹੀ ਗੀਤ ਨੇ ਉਸ ਦਾ ਨਾਮ ਪ੍ਰਗੀਤਕ ਕਾਵਿ ਦੇ ਖੇਤਰ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ। ਉਸ ਦਾ ਗੀਤ ‘ਛੱਟਾ ਚਾਨਣਾਂ ਦਾ ਦੇਈ ਜਾਣਾ’ ਧਰਤੀ ’ਤੇ ਮਨੁੱਖੀ ਜੀਵਨ ਦੇ ਜੂਝਣ ਅਤੇ ਜਿਉਣ ਦੀ ਸਦੀਵੀ ਬਾਤ ਪਾਉਣ ਵਾਲੀ ਰਚਨਾ ਹੈ। ਡਾ. ਸੁਰਿੰਦਰ ਗਿੱਲ ਪੰਜਾਬੀ ਸਾਹਿਤ ਦੀ ਜਾਣੀ ਪਹਿਚਾਣੀ ਹਸਤੀ ਹੈ, ਉਹ ਪੰਜਾਬੀ ਸਾਹਿਤ ਦੀ ਉਸ ਬਹੁਤ ਛੋਟੀ ਕਤਾਰ ਵਿੱਚੋਂ ਇੱਕ ਹਨ, ਜੋ ਉਮਰ ਦੇ ਇਸ ਪੜਾਅ ’ਤੇ ਚੇਤੰਨ ਹੀ ਨਹੀਂ, ਬਲਕਿ ਤਿੰਨਾਂ ਪੀੜ੍ਹੀਆਂ ਨਾਲ ਸਾਥ ਅਤੇ ਸੰਵਾਦ ਵਜੋਂ ਵੀ ਸਰਗਰਮੀ ਨਾਲ ਵਿਚਰ ਰਹੇ ਹਨ। ਉਸ ਦੀ ਬਹੁਪੱਖੀ ਸ਼ਖ਼ਸੀਅਤ ਹੁਣ ਵੀ ਅਦਬੀ ਹਲਕਿਆਂ ਵਿੱਚ ਆਪਣੀ ਆਭਾ ਅਤੇ ਆਵਾਜ਼ ਨਾਲ ਰੰਗ ਬਿਖੇਰਦੀ ਰਹਿੰਦੀ ਹੈ।

ਡਾ. ਸੁਰਿੰਦਰ ਗਿੱਲ ਖੋਜ, ਆਲੋਚਨਾ, ਅਧਿਆਪਨ ਅਤੇ ਸਿਰਜਣਾ ਦਾ ਚੌਮੁਖੀਆ ਦੀਵਾ ਹੈ, ਜਿਸ ਦੀ ਲੋਅ ਵਿੱਚੋਂ ਕਈ ਦੀਵੇ ਪ੍ਰਕਾਸ਼ਮਾਨ ਹੋਏ ਹਨ। 1963 ਵਿੱਚ ਕਾਵਿ ਸੰਗ੍ਰਹਿ ‘ਸ਼ਗਨ’ ਨਾਲ ਹੋਇਆ ਉਸ ਦਾ ਸਫ਼ਰ ਅੱਜ ਵੀ ਪੂਰੇ ਵੇਗ ਵਿੱਚ ਜਾਰੀ ਹੈ। ਹੁਣ ਤੱਕ ਉਸ ਨੇ ‘ਸ਼ਗਨ’ (1963), ‘ਸਫ਼ਰ ਤੇ ਸੂਰਜ’ (1967), ‘ਗੁੰਗਾ ਦਰਦ’ (1987), ‘ਆਵਾਜ਼’ (1998), ‘ਹੁਣ ਧੀਆਂ ਦੀ ਵਾਰੀ’ (2005), ‘ਦੋਸਤੀ ਦੀ ਰੁੱਤ’ (2007), ‘ਰਸੀਆਂ ਨਿੰਮੋਲੀਆਂ’ (2013), ‘ਗੀਤ ਦਾ ਬੇਦਾਵਾ’ (2015) ਅਤੇ ‘ਉਸ ਨੇ ਕਿਹਾ’ (2019) ਸਮੇਤ ਹੁਣ ਤੱਕ ਕੁੱਲ 9 ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਇਸ ਤੋਂ ਇਲਾਵਾ ਇੱਕ ਸਮੀਖਿਆ ਦੀ ਕਿਤਾਬ ‘ਦੀਵਾਨ ਸਿੰਘ ਕਾਲੇ ਪਾਣੀ : ਜੀਵਨ ਤੇ ਰਚਨਾ’ ਅਤੇ ਇੱਕ ਸਫ਼ਰਨਾਮਾ ‘ਪੰਜ ਪਰਦੇਸ’ ਉਸ ਦੀਆਂ ਹੋਰ ਜ਼ਿਕਰਯੋਗ ਪੁਸਤਕਾਂ ਹਨ। ਆਪਣੀ ਪੀਐੱਚ.ਡੀ ਉਸ ਨੇ ਪੰਜਾਬੀ ਕਾਵਿ ਦੇ ਮੁੱਢਲੇ ਦੌਰ ਵਿੱਚ ਰਚੀ ਗਈ ਰਾਜਨੀਤਕ ਕਵਿਤਾ ਦੇ ਵਿਸ਼ੇ ’ਤੇ ਕੀਤੀ ਸੀ। ਇਹ ਕਵਿਤਾ ਉਸ ਦੌਰ ਦੀ ਰਾਜਨੀਤਕ ਉਥਲ ਪੁਥਲ, ਬਸਤੀਵਾਦੀ ਸ਼ਾਸਨ ਦੀਆਂ ਅਮਾਨਵੀ ਹਾਲਤਾਂ ਅਤੇ ਰਾਸ਼ਟਰਵਾਦੀ ਚੇਤਨਤਾ ਦੇ ਉੱਭਰਦੇ ਸੰਕਲਪ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਡਾ. ਸੁਰਿੰਦਰ ਗਿੱਲ ਖੁਦ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਕਵੀ ਅਤੇ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀਆਂ ਵਿੱਚੋਂ ਇੱਕ ਹੈ, ਇਸ ਕਰਕੇ ਇਸ ਦਸਤਾਵੇਜ਼ ਦਾ ਸਾਹਿਤਕ ਹੀ ਨਹੀਂ, ਇਤਿਹਾਸਕ ਮਹੱਤਵ ਵੀ ਬਹੁਤ ਅਰਥ ਰੱਖਦਾ ਹੈ। ਹਾਲ ਹੀ ਵਿੱਚ ਇਹ ਅਕਾਦਮਿਕ ਦਸਤਾਵੇਜ਼ ਕਿਤਾਬੀ ਰੂਪ ਵਿੱਚ ਆਮ ਪਾਠਕਾਂ/ਖੋਜੀਆਂ ਲਈ ‘ਰਾਜਨੀਤਕ ਪੰਜਾਬੀ ਕਵਿਤਾ’ ਦੇ ਸਿਰਲੇਖ ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਕਿਤਾਬ ਨਾਲ ਮੁੱਢਲੀ ਪੰਜਾਬੀ ਕਵਿਤਾ ਦੇ ਇਤਿਹਾਸ, ਆਲੋਚਨਾ ਅਤੇ ਸਰੋਕਾਰਾਂ ਬਾਰੇ ਹੋਈ ਮੁੱਲਵਾਨ ਸਮੀਖਿਆ ਸਾਡੇ ਕੋਲ ਪਹੁੰਚੀ ਹੈ।

ਡਾ. ਸੁਰਿੰਦਰ ਗਿੱਲ ਮੂਲ ਰੂਪ ਵਿੱਚ ਇੱਕ ਕਵੀ ਹੈ, ਕਵਿਤਾ ਨੂੰ ਆਲੋਚਕ ਅਤੇ ਚਿੰਤਕ ਵਜੋਂ ਵੇਖਦਿਆਂ ਉਹਦਾ ਨਜ਼ਰੀਆ ਕੋਰੇ ਅਵਲੋਕਨ ਦੀ ਬਜਾਏ ਕਾਵਿਕ ਮੰਥਨ ਵਾਲਾ ਬਣਿਆ ਰਹਿੰਦਾ ਹੈ। ਇੱਕ ਕਵੀ ਦਾ ਆਲੋਚਕ ਵਜੋਂ ਕੀਤਾ ਅਧਿਐਨ ਕਵਿਤਾ ਦਾ ਵਿਸ਼ਾਗਤ ਹੀ ਨਹੀਂ, ਰੂਪਕ ਪੱਖ ਤੋਂ ਵੀ ਗਹਿਰਾ ਵਿਸ਼ਲੇਸ਼ਣ ਕਰਦਾ ਹੈ। ਪੰਜਾਬੀ ਕਵਿਤਾ ਵਿੱਚ ਨਾਬਰੀ ਅਤੇ ਸਮਾਜਿਕ ਸਰੋਕਾਰਾਂ ਦੀ ਸੁਰ ਮੁੱਢ ਕਦੀਮ ਤੋਂ ਹੀ ਰਹੀ ਹੈ। ਗੁਰੂ ਨਾਨਕ ਦੇਵ ਦੀ ਬਾਣੀ ਵਿੱਚ ਬਾਬਰ ਵਰਗੇ ਧਾੜਵੀਆਂ ਨੂੰ ਵੰਗਾਰਨ ਦੀ ਜੋ ਜੁਰਅੱਤ ਉਜਾਗਰ ਹੁੰਦੀ ਹੈ, ਇਹ ਪੰਜਾਬੀਅਤ ਦੇ ਸੰਕਲਪ ਦੀ ਬੁਨਿਆਦ ਹੈ। ਪੰਜਾਬ ਦਾ ਖ਼ਿੱਤਾ ਲੰਬਾ ਸਮਾਂ ਵਿਦੇਸ਼ੀ ਹਮਲਾਵਰਾਂ ਲਈ ਲਾਂਘਾ ਬਣਿਆ ਰਿਹਾ ਹੈ, ਹਰ ਜਾਬਰ/ਜ਼ਰਵਾਣੇ ਦੀ ਈਨ ਤੋਂ ਇਨਕਾਰੀ ਪੰਜਾਬ ਦੇ ਬਾਸ਼ਿੰਦਿਆਂ ਦਾ ਸੁਭਾਅ ਸਦਾ ਹੀ ਸੱਤਾ ਸਥਾਪਤੀ ਦੇ ਖ਼ਿਲਾਫ਼ ਮੌਤ ਨਾਲ ਭਿੜਦਿਆਂ ਗੁਜ਼ਰਿਆ ਹੈ। ਇਹ ਸੁਭਾਅ ਅਤੇ ਸਮਝ ਪੰਜਾਬੀਆਂ ਦੇ ਵਿਅਕਤੀਤਵ ਵਿੱਚ ਹੀ ਨਹੀਂ, ਪੰਜਾਬੀ ਸਾਹਿਤ ਵਿੱਚ ਵੀ ਓਨੀ ਹੀ ਸ਼ਿੱਦਤ ਨਾਲ ਰੂਪਮਾਨ ਹੁੰਦਾ ਹੈ। ਪੰਜਾਬ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਅਧੀਨ ਸਭ ਤੋਂ ਬਾਅਦ ਵਿੱਚ ਆਉਣ ਵਾਲਾ ਆਖਰੀ ਖਿੱਤਾ ਸੀ। ਅਧੀਨਗੀ ਤੋਂ ਆਉਂਦੇ ਕੁਝ ਹੀ ਵਰ੍ਹਿਆਂ ਵਿੱਚ ਇੱਥੇ ਬਗਾਵਤੀ ਸੁਰਾਂ ਦਾ ਉਭਾਰ ਸ਼ੁਰੂ ਹੋ ਗਿਆ। ਵੀਹਵੀਂ ਸਦੀ ਦੇ ਆਰੰਭ ਵਿੱਚ ਹੀ ਬਸਤੀਵਾਦੀ ਸ਼ਾਸਨ ਖ਼ਿਲਾਫ਼ ਰੋਹ ਦੀ ਜਵਾਲਾ ਬਲਣੀ ਸ਼ੁਰੂ ਹੋ ਗਈ, ਬੇਸ਼ੱਕ ਇਸ ਦੌਰ ਵਿੱਚ ਛਾਪਾਖਾਨੇ ਦਾ ਅਜੇ ਓਨਾ ਪਾਸਾਰ ਨਹੀਂ ਹੋਇਆ ਸੀ, ਪਰ ਲਿਖੀ ਜਾ ਰਹੀ ਕਵਿਤਾ ਵਿੱਚ ਦੇਸ਼ ਭਗਤੀ ਅਤੇ ਵਿਦਰੋਹੀ ਸੁਰ ਦੀ ਆਮਦ ਹੋ ਗਈ ਸੀ। ਇਸ ਦਾ ਕਾਰਨ ਪੰਜਾਬੀਆਂ ਦਾ ਨਾਬਰ ਸੁਭਾਅ, ਜਾਗ੍ਰਿਤ ਕਰਨ ਵਾਲੀਆਂ ਲਿਖਤਾਂ ਅਤੇ ਬਾਹਰਲੇ ਖੇਤਰਾਂ ਵਿੱਚ ਉੱਠ ਰਹੀ ਰਾਸ਼ਟਰਵਾਦੀ ਲਹਿਰ ਦਾ ਅਸਰ ਵੀ ਸੀ।

ਡਾ. ਸੁਰਿੰਦਰ ਗਿੱਲ ਨੇ ਇਸ ਕਿਤਾਬ ਵਿੱਚ ਜਿੱਥੇ ਵਿਸ਼ਵ ਭਰ ਵਿੱਚ ਸਮਾਨਤਾ ਅਤੇ ਸੁਤੰਤਰਤਾ ਲਈ ਆਏ ਸਮਾਜਵਾਦੀ ਵਿਚਾਰਾਂ ਅਤੇ ਲਹਿਰਾਂ ਦਾ ਜ਼ਿਕਰ ਕੀਤਾ ਹੈ, ਉੱਥੇ ਮਾਰਕਸੀ ਵਿਚਾਰਧਾਰਾ ਦੀ ਲੋਅ ਵਿੱਚ ਯੂਰਪ ਵਿੱਚ ਬਦਲ ਰਹੇ ਰਾਜਨੀਤਕ ਸਮੀਕਰਨਾਂ ਦੀ ਗੱਲ ਵੀ ਕੀਤੀ ਹੈ। ਇਸ ਸਮੇਂ ਦੌਰਾਨ ਯੂਰਪ ਦੀ ਕਵਿਤਾ ਵਿੱਚ ਮਾਨਵੀ ਬਰਾਬਰਤਾ, ਕਿਰਤ ਦੀ ਮਹਾਨਤਾ, ਇਨਕਲਾਬੀ ਵਿਚਾਰਧਾਰਾ ਅਤੇ ਮਜ਼ਦੂਰ ਜਮਾਤ ਦੀ ਲਾਮਬੰਦੀ ਬਾਰੇ ਨਿੱਗਰ ਕਾਵਿ ਰਚਿਆ ਜਾਣ ਲੱਗ ਪਿਆ ਸੀ। ਡਾ. ਸੁਰਿੰਦਰ ਗਿੱਲ ਆਪਣੀ ਸਮੀਖਿਆ ਦੀ ਭੂਮਿਕਾ ਵਿੱਚ ਹਾਈਨਰਿਖ ਹਾਈਨੇ, ਮਾਇਆਕੋਵਸਕੀ ਦਾ ਜ਼ਿਕਰ ਕਰਦਾ ਹੈ। ਉਹ ਕਲਾ ਅਤੇ ਸਾਹਿਤ ਵਿੱਚ ਸਰਵਹਾਰਾ ਵਰਗ ਦੀਆਂ ਜੀਵਨ ਹਾਲਤਾਂ ਅਤੇ ਰਾਜਨੀਤਕ ਮਲੀਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰਕਸੀ ਚਿੰਤਕ ਫਰੈੱਡਰਿਕ ਏਂਗਲਜ, ਲੈਨਿਨ ਅਤੇ ਹੋਰ ਪ੍ਰਗਤੀਵਾਦੀ ਚਿੰਤਕਾਂ ਦੀਆਂ ਪਾਏਦਾਰ ਉਦਹਾਰਨਾਂ ਦਿੰਦਾ ਹੋਇਆ ਰਾਜਨੀਤੀ ਅਤੇ ਸਾਹਿਤ ਵਿੱਚ ਰਿਸ਼ਤਾ ਹੀ ਤੈਅ ਨਹੀਂ ਕਰਦਾ, ਬਲਕਿ ਸਮਾਜ ਦੀ ਸਿਰਜਣਾ ਵਿੱਚ ਕਵਿਤਾ ਦੀ ਭੂਮਿਕਾ ਬਾਰੇ ਬਹੁਤ ਸਟੀਕ ਵਿਚਾਰ ਪੇਸ਼ ਕਰਦਾ ਹੈ। ਕਿਤਾਬ ਦਾ ਦੂਜਾ ਅਧਿਆਇ ਮੱਧ ਕਾਲੀਨ ਪੰਜਾਬੀ ਕਵਿਤਾ ਵਿੱਚ ਰਾਜਨੀਤਕ ਸੁਰਾਂ ਬਾਰੇ ਹੈ। ਡਾ. ਸੁਰਿੰਦਰ ਗਿੱਲ ਗੁਰੂ ਨਾਨਕ ਦੇਵ ਜੀ ਦੀ ਇਨਕਲਾਬੀ ਸੁਰ ਨੂੰ ਉਸ ਵੇਲੇ ਦੇ ਰਾਜਨੀਤਕ/ਸਮਾਜਿਕ ਸਮੀਕਰਨਾਂ ਅਤੇ ਬਾਹਰੋਂ ਆਏ ਹਮਲਾਵਰ ਬਾਬਰ ਦੁਆਰਾ ਕੀਤੇ ਕਤਲੇਆਮ ਦੇ ਵਿਰੋਧ ਵਜੋਂ ਦਰਜ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ, ਸੁਲਤਾਨ ਬਾਹੂ, ਬੁੱਲ੍ਹੇ ਸ਼ਾਹ ਆਦਿ ਦੀਆਂ ਰਚਨਾਵਾਂ ਵਿੱਚ ਵੀ ਰਾਜਨੀਤਕ ਤੌਰ ’ਤੇ ਚੇਤੰਨ ਸੁਰ ਮਹਿਸੂਸ ਹੁੰਦੀ ਹੈ।

ਡਾ. ਸੁਰਿੰਦਰ ਗਿੱਲ ਨੇ ਕਿੱਸਾ ਕਾਵਿ ਅਤੇ ਬੀਰ ਕਾਵਿ ਵਿੱਚੋਂ ਵੀ ਬਹੁਤ ਸਾਰੀਆਂ ਉਦਹਾਰਨਾਂ ਦੇ ਕੇ ਮੱਧ ਕਾਲੀਨ ਯੁੱਗ ਦੀ ਕਵਿਤਾ ਵਿੱਚ ਰਾਜਨੀਤਕ ਜਾਗ੍ਰਿਤੀ ਵਾਲੀਆਂ ਰਚਨਾਵਾਂ ਨੂੰ ਖੂਬਸੂਰਤੀ ਨਾਲ ਪ੍ਰਭਾਸ਼ਿਤ ਕੀਤਾ ਹੈ। ਇਸ ਤੋਂ ਇਲਾਵਾ ਵੀਹਵੀਂ ਸਦੀ ਦੇ ਆਰੰਭ ਨਾਲ ਹੀ ਰਾਸ਼ਟਰਵਾਦੀ ਚੇਤਨਤਾ ਵਾਲੀ ਕਵਿਤਾ ਲੋਕ ਲਹਿਰਾਂ ਦੀ ਆਵਾਜ਼ ਬਣਕੇ ਉੱਭਰਦੀ ਹੈ। ਇਸ ਵਿੱਚ ਪੱਗੜੀ ਸੰਭਾਲ ਲਹਿਰ ਅਤੇ ਹੋਰ ਕਿਸਾਨ ਮੋਰਚਿਆਂ ਦੀ ਵਿਸ਼ੇਸ਼ ਭੂਮਿਕਾ ਹੈ। ਇਸ ਦਾ ਅਗਲਾ ਪੜਾਅ ਗ਼ਦਰ ਲਹਿਰ ਦੀ ਕਵਿਤਾ ਹੈ, ਜੋ ਰਾਜਨੀਤਕ ਤੌਰ ’ਤੇ ਪੂਰੀ ਤਰ੍ਹਾਂ ਸੁਚੇਤ ਅਤੇ ਵਿਸ਼ਵ ਭਰ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਵਾਕਫ਼ ਹੈ। ਇਸ ਵਿੱਚ ਬਸਤੀਵਾਦੀ ਸ਼ਾਸਨ ਦੇ ਖ਼ਿਲਾਫ਼ ਨਿਰੋਲ ਵਿਰੋਧ ਵਜੋਂ ਹੀ ਨਹੀਂ, ਭਾਰਤ ਦੀਆਂ ਖੇਤਰੀ/ਧਾਰਮਿਕ ਅਤੇ ਸਮਾਜਿਕ ਵੰਡਾਂ ਤੋਂ ਉੱਪਰ ਉੱਠ ਕੇ ਪਹਿਲੀ ਵਾਰ ਪੂਰੀ ਤਰ੍ਹਾਂ ਮਾਨਵੀ ਸਰੋਕਾਰਾਂ ਨਾਲ ਜੁੜੀ ਹੋਈ ਕਵਿਤਾ ਲਿਖੀ ਜਾਂਦੀ ਹੈ। ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਅਮਰੀਕਾ/ਕੈਨੇਡਾ ਵਿੱਚ ਭਾਰਤੀਆਂ ਨੇ ਮਿਲ ਕੇ ਗ਼ਦਰ ਪਾਰਟੀ ਬਣਾਈ ਸੀ, ਜਿਸ ਨੇ ਆਲਮੀ ਜੰਗ ਦੌਰਾਨ ਭਾਰਤ ਵਿੱਚ ਬਗ਼ਾਵਤ ਕਰਨ ਦਾ ਸੁਪਨਾ ਲਿਆ ਸੀ। ਪਰ ਇਸ ਲਹਿਰ ਨੂੰ ਬ੍ਰਿਟਿਸ਼ ਹਕੂਮਤ ਨੇ ਕੁਚਲ ਦਿੱਤਾ। ਇਹ ਲਹਿਰ ਚਾਹੇ ਹਥਿਆਰਬੰਦ ਲਹਿਰ ਵਜੋਂ ਅੰਗਰੇਜ਼ ਹਕੂਮਤ ’ਤੇ ਬਹੁਤਾ ਅਸਰ ਨਾ ਪਾ ਸਕੀ, ਪਰ ਵਿਚਾਰਧਾਰਕ ਤੌਰ ’ਤੇ ਇਸ ਨੇ ਪਹਿਲੀ ਵਾਰ ਭਾਰਤੀਆਂ ਨੂੰ ਭਾਰਤੀਆਂ ਵਜੋਂ ਸੋਚਣ ਲਈ ਦਿਸ਼ਾ ਪ੍ਰਦਾਨ ਕੀਤੀ। ਇਸ ਲਹਿਰ ਦੁਆਰਾ ਰਚਿਆ ਗਿਆ ਸਾਹਿਤ ਵਿਚਾਰਧਾਰਕ ਤੌਰ ’ਤੇ ਪਰਿਪੱਕ ਅਤੇ ਰਾਸ਼ਟਰਵਾਦ ਦੀ ਸੱਚੀ ਸੁੱਚੀ ਭਾਵਨਾ ਨਾਲ ਭਰਿਆ ਹੋਇਆ ਸੀ।

ਗ਼ਦਰ ਲਹਿਰ ਦੀਆਂ ਸਮੁੱਚੀਆਂ ਰਚਨਾਵਾਂ ਨੇ ਉਸ ਵੇਲੇ ਭਾਰਤ ਵਿੱਚ ਦੇਸ਼ ਭਗਤੀ ਅਤੇ ਇਨਕਲਾਬ ਦਾ ਭਰਵਾਂ ਜੋਸ਼ ਭਰ ਦਿੱਤਾ। ਗ਼ਦਰ ਲਹਿਰ ਦੀ ਕਵਿਤਾ ਦਾ ਅਗਲਾ ਪੜਾਅ ਕਿਰਤੀ/ਕਿਸਾਨ ਲਹਿਰ ਦਾ ਕਾਲ ਹੈ। ਇਸ ਸਮੇਂ ਦੀ ਕਵਿਤਾ ਭਾਰਤ ਦੇ ਕਾਮਿਆਂ/ਕਿਸਾਨਾਂ ਨੂੰ ਰਾਜਨੀਤਕ ਤੌਰ ’ਤੇ ਸਮਾਜਵਾਦ ਦੀ ਜਾਗ ਲਾਉਂਦੀ ਹੈ। ਇਸ ਦੌਰ ਦੇ ਕਵੀਆਂ ਵਿੱਚ ਡਾ. ਸੁਰਿੰਦਰ ਗਿੱਲ ਸੰਤੋਖ ਸਿੰਘ, ਕਿਸ਼ਨ ਸਿੰਘ ਗੜਗੱਜ, ਸੰਤਾ ਸਿੰਘ ਪਾਂਧੀ, ਲੱਖਾ ਸਿੰਘ ਜੌਹਰ, ਵਿਧਾਤਾ ਸਿੰਘ ਤੀਰ ਆਦਿ ਦੀਆਂ ਰਚਨਾਵਾਂ ਦਾ ਜ਼ਿਕਰ ਕਰਦਾ ਹੈ। ਇਸ ਸਮੇਂ ਪੰਜਾਬ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਕਈ ਮੋਰਚੇ ਅਕਾਲੀ ਲਹਿਰ ਵੱਲੋਂ ਮਹੰਤਾਂ ਅਤੇ ਸਰਕਾਰੀ ਪ੍ਰਸ਼ਾਸਨ ਖ਼ਿਲਾਫ਼ ਲਾਏ ਗਏ ਸਨ, ਇਨ੍ਹਾਂ ਮੋਰਚਿਆਂ ਦਰਮਿਆਨ ਬਹੁਤ ਸਾਰੀ ਕਵਿਤਾ ਲਿਖੀ ਗਈ ਸੀ ਜੋ ਕਿ ਰਾਜਨੀਤਕ ਤੌਰ ’ਤੇ ਕਾਫ਼ੀ ਗਰਮ ਸੁਰ ਵਾਲੀ ਕਹੀ ਜਾ ਸਕਦੀ ਹੈ। ਇਨ੍ਹਾਂ ਕਵੀਆਂ ਵਿੱਚ ਡਾ. ਸੁਰਿੰਦਰ ਗਿੱਲ ਹੀਰਾ ਸਿੰਘ ਦਰਦ, ਗੁਰਮੁਖ ਸਿੰਘ ਮੁਸਾਫ਼ਰ, ਵਿਧਾਤਾ ਸਿੰਘ ਧੀਰ, ਸੋਹਨ ਸਿੰਘ ਜੋਸ਼, ਰਘਬੀਰ ਸਿੰਘ ਬੀਰ, ਮੋਹਨ ਸਿੰਘ ਦੀਵਾਨਾ ਸਮੇਤ ਅਨੇਕਾਂ ਕਵੀਆਂ ਦੀ ਰਚਨਾਵਾਂ ਦਾ ਮੁਤਾਲਿਆ ਕਰਦਾ ਹੈ। ਇਸ ਸਮੇਂ ਦੀ ਕਵਿਤਾ ਜਿੱਥੇ ਸਿੱਖ ਫ਼ਲਸਫ਼ੇ ਤੋਂ ਪ੍ਰਭਾਵਿਤ ਸੀ, ਉੱਥੇ ਰੂਸ ਦੇ ਇਨਕਲਾਬ ਤੋਂ ਬਾਅਦ ਵਿਸ਼ਵ ਭਰ ਵਿੱਚ ਫੈਲ ਰਹੇ ਮਾਰਕਸੀ ਫ਼ਲਸਫ਼ੇ ਨੂੰ ਆਪਣੀ ਸਮਝ ਦਾ ਹਿੱਸਾ ਬਣਾਉਂਦੀ ਹੈ। ਇਸ ਦੌਰ ਵਿੱਚ ਜਿੱਥੇ ਆਸ਼ਾਵਾਦੀ ਸੁਰ ਕਵਿਤਾ ਵਿੱਚ ਉੱਭਰਦੀ ਹੈ, ਉੱਥੇ ਆਜ਼ਾਦੀ ਦੀ ਤੀਬਰ ਇੱਛਾ ਵੀ ਕਵਿਤਾ ਰਾਹੀਂ ਲੋਕ ਦਿਲਾਂ ਦੀ ਹੂਕ ਬਣਦੀ ਪ੍ਰਤੀਤ ਹੁੰਦੀ ਹੈ। ਬੱਬਰ ਅਕਾਲੀ ਲਹਿਰ ਦੀ ਕਵਿਤਾ ਪੂਰੀ ਤਰ੍ਹਾਂ ਇਨਕਲਾਬੀ ਪਹੁੰਚ ਨੂੰ ਅਪਨਾਉਣ ਦੀ ਗੱਲ ਕਰਦੀ ਹੋਈ ਗਾਂਧੀ ਵਾਲੇ ਰਸਤੇ ਨੂੰ ਰੱਦ ਕਰਦੀ ਹੈ ਅਤੇ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਲੋਕ ਮੁੱਦਿਆਂ ਲਈ ਜੂਝਣ ਦੇ ਮਾਰਗ ਵੱਲ ਤੋਰਦੀ ਹੈ। ਇਸ ਸਮੇਂ ਲਹਿਰਾਂ ਤੋਂ ਬਿਨਾਂ ਵੀ ਬਹੁਤ ਸਾਰੀ ਕਵਿਤਾ ਮਿਲਦੀ ਹੈ, ਜਿਸ ਨੂੰ ਪੰਜਾਬੀ ਪ੍ਰਗਤੀਵਾਦੀ ਕਵਿਤਾ ਦਾ ਮੁੱਢਲਾ ਦੌਰ ਕਿਹਾ ਜਾ ਸਕਦਾ ਹੈ।

ਇਸ ਪੁਸਤਕ ਦਾ ਅੰਤਲਾ ਭਾਗ ਪੰਜਾਬ ਦੀ ਪ੍ਰਗਤੀਵਾਦੀ ਕਵਿਤਾ ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਦੌਰ ਦੀ ਕਵਿਤਾ ਕੇਵਲ ਵਿਸ਼ਿਆਂ ਦੇ ਪੱਖ ਤੋਂ ਹੀ ਨਹੀਂ, ਰੂਪਕ ਪੱਖ ਤੋਂ ਵੀ ਸਮਰੱਥ ਅਤੇ ਸੁਹਜ ਪੂਰਨ ਅਭਿਵਿਅਕਤੀ ਕਹੀ ਜਾ ਸਕਦੀ ਹੈ। ਭਾਰਤੀ ਸਾਹਿਤ ਦੇ ਖੇਤਰ ਵਿੱਚ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਹੀ ਪਰੰਪਰਾਗਤ ਸਾਹਿਤ ਨੂੰ ਰੱਦ ਕਰਦਿਆਂ ਲੋਕ ਹਾਲਤਾਂ ਨਾਲ ਜੁੜੇ ਸਾਹਿਤ ਦੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਸੀ। ਯੂਰਪ ਵਿੱਚ ਅਜਿਹੇ ਸਾਂਝੇ ਮੰਚ ਉਸਰ ਰਹੇ ਸਨ। ਪ੍ਰਗਤੀਵਾਦੀ ਲੇਖਕਾਂ ਦੀਆਂ ਕਾਨਫਰੰਸਾਂ ਹੋ ਰਹੀਆਂ ਸਨ। ਭਾਰਤ ਵਿੱਚ ਵੀ ਅਪਰੈਲ 1936 ਵਿੱਚ ਮੁਨਸ਼ੀ ਪ੍ਰੇਮ ਚੰਦ ਦੀ ਪ੍ਰਧਾਨਗੀ ਹੇਠ ਅਜਿਹਾ ਇੱਕ ਸਮਾਗਮ ਹੋਇਆ। ਇਸ ਨਾਲ ਪੰਜਾਬੀ ਸਾਹਿਤ ਵਿੱਚ ਇੱਕ ਨਵੀਂ ਲੋਕ ਚੇਤਨਾ ਪੈਦਾ ਹੋਈ, ਪੰਜਾਬੀ ਕਵਿਤਾ ਵਿੱਚ ਵੀ ਇਸ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਣ ਲੱਗ ਪਿਆ। ਪੰਜਾਬੀ ਕਵਿਤਾ ਦਾ ਇਹ ਦੌਰ ਸਿਰਫ਼ ਬਸਤੀਵਾਦੀ ਸ਼ਾਸਨ ਪ੍ਰਤੀ ਵਿਦਰੋਹੀ ਸੁਰ ਨਾਲ ਲੈਸ ਹੀ ਨਹੀਂ, ਬਲਕਿ ਮਨੁੱਖੀ ਸਮਾਜ ਦੀ ਬਿਹਤਰੀ, ਆਪਸੀ ਭਾਈਚਾਰੇ, ਮਨੁੱਖੀ ਸਮਾਨਤਾ ਅਤੇ ਕਿਰਤ ਦੇ ਸਨਮਾਨ ਲਈ ਇੱਕ ਅਜਿਹੇ ਸਮਾਜ ਲਈ ਫਿਕਰਮੰਦ ਨਜ਼ਰ ਆਉਂਦਾ ਹੈ, ਜੋ ਸਮਾਜਵਾਦੀ ਵਿਚਾਰਧਾਰਾ ਤਹਿਤ ਹੀ ਸੰਭਵ ਹੋ ਸਕਦਾ ਸੀ। ਬਾਵਾ ਬਲਵੰਤ ਇਸ ਦੌਰ ਦਾ ਪ੍ਰਤੀਨਿਧ ਕਵੀ ਹੈ, ਜੋ ਰਾਜਨੀਤਕ ਤੌਰ ’ਤੇ ਪੂਰਾ ਸੁਚੇਤ ਵੀ ਅਤੇ ਕਵਿਤਾ ਦੇ ਸੁਹਜ ਪੱਖ ਨੂੰ ਧਿਆਨ ਵਿੱਚ ਰੱਖਣ ਵਾਲਾ ਸੂਖਮ ਕਵੀ ਵੀ। ਪ੍ਰਗਤੀਵਾਦੀ ਕਵੀਆਂ ਵਿੱਚ ਡਾ. ਸੁਰਿੰਦਰ ਗਿੱਲ, ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਦੀਵਾਨ ਸਿੰਘ ਕਾਲੇਪਾਣੀ ਸਮੇਤ ਕੁਝ ਹੋਰ ਕਵੀਆਂ ਦੀਆਂ ਰਚਨਾਵਾਂ ਨੂੰ ਆਪਣੇ ਅਧਿਐਨ ਦਾ ਕਾਰਜ ਖੇਤਰ ਬਣਾਉਂਦਾ ਹੋਇਆ ਗਹਿਰੀ ਪੜਚੋਲ ਕਰਦਾ ਹੈ। ਇਹ ਪ੍ਰਗਤੀਵਾਦੀ ਦੌਰ ਦਾ ਉਹ ਸਮਾਂ ਹੈ ਜੋ ਦੇਸ਼ ਦੀ ਤਕਸੀਮ ਤੋਂ ਪਹਿਲਾਂ ਦੇ ਸਮਾਜ ਨੂੰ ਆਪਣੀ ਕਲਮ ਦਾ ਆਧਾਰ ਬਣਾਉਂਦਾ ਹੈ। ਇਸ ਦੌਰ ਵਿੱਚ ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ ਅਤੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ਪੰਜਾਬੀ ਕਾਵਿ ਨੂੰ ਅਨੁਭਵ ਅਤੇ ਰੂਪਕ ਪੱਖ ਤੋਂ ਅਮੀਰ ਕਰਦੀ ਹੈ। ਇਸ ਕਵਿਤਾ ਵਿੱਚ ਉਸ ਵੇਲੇ ਦੇ ਵਿਸ਼ਵ ਸਾਹਿਤ ਦੇ ਨਕਸ਼ ਉਜਾਗਰ ਹੁੰਦੇ ਹਨ। ਇਹ ਪੁਸਤਕ ਮੂਲ ਰੂਪ ਵਿੱਚ 1900 ਤੋਂ ਲੈ ਕੇ 1950 ਤੱਕ ਦੀ ਰਾਜਨੀਤਕ ਕਵਿਤਾ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੋਈ, ਪੰਜਾਬੀ ਕਵਿਤਾ ਦੇ ਅਤੀਤ ਅਤੇ ਸੰਭਾਵਨਾਵਾਂ ਬਾਰੇ ਵੀ ਗੱਲ ਕਰਦੀ ਹੈ।

ਡਾ. ਸੁਰਿੰਦਰ ਗਿੱਲ ਬਹੁਪੱਖੀ ਲੇਖਕ ਹਨ, ਉਸ ਦੁਆਰਾ ਅਕਾਦਮਿਕ ਖੋਜ ਕਾਰਜ ਕਰਦਿਆਂ ਲਿਖਿਆ ਇਹ ਥੀਸਿਜ ਅਕਾਦਮਿਕ ਦਾਇਰੇ ਤੋਂ ਬਾਹਰ ਪਾਠਕਾਂ ਅਤੇ ਲੇਖਕਾਂ ਲਈ ਬਹੁਤ ਪਾਏਦਾਰ ਦਸਤਾਵੇਜ਼ ਹੈ। ਇਸ ਕਿਤਾਬ ਨਾਲ ਨਾ ਸਿਰਫ਼ ਉਨ੍ਹਾਂ ਸਮਿਆਂ ਦੀ ਰਾਜਨੀਤਕ ਤਸਵੀਰ ਅੱਖਾਂ ਸਾਹਮਣੇ ਉੱਭਰਦੀ ਹੈ, ਸਗੋਂ ਪੰਜਾਬੀ ਕਵਿਤਾ ਦੇ ਨਿਕਾਸ/ਵਿਕਾਸ ਅਤੇ ਵਿਸਥਾਰ ਬਾਰੇ ਬਹੁਤ ਵਿਧੀਗਤ ਅਤੇ ਵਿਸ਼ਲੇਸ਼ਣ ਤਹਿਤ ਬਿਆਨ ਕੀਤਾ ਹੋਇਆ ਵੇਰਵਾ ਵੀ ਮਿਲਦਾ ਹੈ। ਇਹ ਕਿਤਾਬ ਪੰਜਾਬੀ ਕਵਿਤਾ ਦੀ ਇਤਿਹਾਸਕਾਰੀ ਅਤੇ ਅਧਿਐਨ ਲਈ ਇੱਕ ਮੁੱਲਵਾਨ ਸਾਹਿਤਕ ਕ੍ਰਿਤ ਹੈ। ਇਸ ਕਿਤਾਬ ਦੇ ਪ੍ਰਕਾਸ਼ਨ ਨਾਲ ਇਸ ਵਿਚਲੀ ਖੋਜ ਆਧਾਰਿਤ ਜਾਣਕਾਰੀ ਪੰਜਾਬੀ ਕਵਿਤਾ ਦੇ ਮੁਹਾਂਦਰੇ, ਪਿਛੋਕੜ ਅਤੇ ਵਿਚਾਰਧਾਰਕ ਦਿਸ਼ਾ/ਦ੍ਰਿਸ਼ਟੀ ਨੂੰ ਸਮਝਣ ਲਈ ਸਾਡੀ ਸਹਾਇਤਾ ਕਰੇਗੀ। ਮੈਂ ਇਨ੍ਹਾਂ ਸ਼ਬਦਾਂ ਨਾਲ ਨਿਰੰਤਰ ਸ਼ਬਦ ਪ੍ਰਵਾਹ ਦੇ ਸਾਰਥੀ ਡਾ. ਸੁਰਿੰਦਰ ਗਿੱਲ ਨੂੰ ਮੁਬਾਰਕਬਾਦ ਦਿੰਦਾ ਹੋਇਆ ਉਨ੍ਹਾਂ ਦੀਆਂ ਅਗਲੇਰੀਆਂ ਲਿਖਤਾਂ ਲਈ ਉਡੀਕਵਾਨ ਹਾਂ।

ਸੰਪਰਕ: +61410584302



News Source link
#ਨਰਤਰ #ਸਬਦ #ਪਰਵਹ #ਦ #ਸਰਥ #ਡ #ਸਰਦਰ #ਗਲ

- Advertisement -

More articles

- Advertisement -

Latest article