32.3 C
Patiāla
Sunday, April 28, 2024

ਸੀਮਿੰਟ ਫੈਕਟਰੀ ਦੇ ਪ੍ਰਦੂਸ਼ਣ ਤੋਂ ਤੰਗ ਲੋਕਾਂ ਨੇ ਆਵਾਜਾਈ ਰੋਕੀ

Must read


ਜਗਮੋਹਨ ਸਿੰਘ

ਘਨੌਲੀ, 17 ਸਤੰਬਰ

ਇੱਥੇ ਪਿੰਡ ਦਬੁਰਜੀ ਨੇੜੇ ਪਿਛਲੇ ਲਗਭਗ ਪੰਜ ਮਹੀਨਿਆਂ ਤੋਂ ਅੰਬੂਜਾ ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਦੇ ਪ੍ਰਦੂਸ਼ਣ ਖਿਲਾਫ ਪੱਕਾ ਧਰਨਾ ਲਗਾਈ ਬੈਠੇ ਪ੍ਰਦਰਸ਼ਨਕਾਰੀਆਂ ਵੱਲੋਂ ਅੱਜ ਲਿੰਕ ਸੜਕ ਰੋਕ ਕੇ ਰੋਸ ਪ੍ਰਗਟਾਇਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਫੈਕਟਰੀ ਵੱਲੋਂ ਲਗਾਏ ਜਾ ਰਹੇ ਡਰਾਇਰ ਪਲਾਂਟ ਤੱਕ ਰੋਸ ਮਾਰਚ ਵੀ ਕੀਤਾ।

ਇਸ ਮੌਕੇ ਇਕੱਤਰ ਹੋਏ ਇਲਾਕੇ ਦੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਰਜਿੰਦਰ ਸਿੰਘ ਘਨੌਲਾ, ਕੁਲਦੀਪ ਸਿੰਘ ਜੇ.ਈ., ਤਜਿੰਦਰ ਸਿੰਘ ਸੋਨੀ, ਅਮਰਜੀਤ ਕੌਰ ਸਰਪੰਚ ਨੂੰਹੋਂ ਅਤੇ ਸਰਪੰਚ ਮੁਕੇਸ਼ ਸਿੰਘ ਚੱਕ ਢੇਰਾ ਆਦਿ ਨੇ ਕਿਹਾ ਕਿ ਇਲਾਕਾ ਸੰਘਰਸ਼ ਕਮੇਟੀ ਵੱਲੋਂ ਪ੍ਰਦੂਸ਼ਣ ਖ਼ਿਲਾਫ਼ ਪਿਛਲੇ 15 -20 ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। 22 ਅਪਰੈਲ ਤੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਨੇ ਗੌਂਗਲੂਆਂ ਤੋਂ ਮਿੱਟੀ ਝਾੜਨ ਦੀ ਕਾਰਵਾਈ ਕਰਦਿਆਂ ਸੀਮਿੰਟ ਫੈਕਟਰੀ ਨੂੰ ਜੁਰਮਾਨਾ ਕਰਕੇ ਅਤੇ ਥਰਮਲ ਪਲਾਂਟ ਦੀਆਂ ਝੀਲਾਂ ਦੀ ਸੁਆਹ ਦੀ ਢੋਅ ਢੁਆਈ ’ਤੇ ਕੁਝ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ ਪਰ ਲੋਕਾਂ ਨੂੰ ਪ੍ਰਦੂਸ਼ਣ ਤੋਂ ਮੁਕਤੀ ਦਿਵਾਉਣ ਅਤੇ ਲੋਕਾਂ ਦੀਆਂ ਮੰਗਾਂ ਵੱਲ ਕਿਸੇ ਵੀ ਵਿਭਾਗ ਵੱਲੋਂ ਜਾਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਾਲੇ ਵੀ ਉਨ੍ਹਾਂ ਦੀਆਂ ਮੰਗਾਂ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 

ਛੇਤੀ ਮਸਲੇ ਦਾ ਸਾਰਥਕ ਹੱਲ ਕੱਢਿਆ ਜਾਵੇਗਾ: ਐੱਸਡੀਐੱਮ

ਐੱਸਡੀਐੱਮ (ਰੂਪਨਗਰ) ਹਰਬੰਸ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਬਾਰੇ ਫੈਕਟਰੀ ਦੇ ਨਵੇਂ ਮਾਲਕਾਂ ਨਾਲ ਮੀਟਿੰਗ ਕਰ ਕੇ ਜਲਦੀ ਹੀ ਸਾਰਥਿਕ ਹੱਲ ਕੱਢਿਆ ਜਾਵੇਗਾ।





News Source link

- Advertisement -

More articles

- Advertisement -

Latest article