28.3 C
Patiāla
Monday, May 13, 2024

ਵਿਨੀਪੈਗ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ

Must read


ਸੁਰਿੰਦਰ ਮਾਵੀ

ਵਿਨੀਪੈਗ: ਕਬੱਡੀ ਪੰਜਾਬੀਆਂ ਦੀ ਮਾਂ ਖੇਡ ਵੀ ਹੈ ਤੇ ਮਹਿਬੂਬ ਖੇਡ ਵੀ। ਭਾਰਤ ਵਿੱਚ ਇਹ ਖੇਡ ਕਿਸੇ ਨਾ ਕਿਸੇ ਰੂਪ ਵਿੱਚ ਪਿੰਡਾਂ ਤੇ ਸ਼ਹਿਰਾਂ ਵਿੱਚ ਚਿਰਾਂ ਤੋਂ ਖੇਡੀ ਜਾਂਦੀ ਆ ਰਹੀ ਹੈ, ਪਰ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਇਹ ਵਧੇਰੇ ਪ੍ਰਚੱਲਿਤ ਰਹੀ ਹੈ। ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਇਹ ਖੇਡ ਕਈ ਨਾਵਾਂ ਨਾਲ ਪ੍ਰਸਿੱਧ ਰਹੀ ਹੈ ਜਿਵੇਂ ਬੰਗਾਲ ਵਿੱਚ ‘ਡੋ-ਡੋ’, ਦੱਖਣ ਵਿੱਚ ‘ਚੇਡੂ ਗੁਡੂ’, ਮਹਾਰਾਸ਼ਟਰ ਵਿੱਚ ‘ਹੂ-ਟੂ-ਟੂ’ ਅਤੇ ਪੰਜਾਬ ਵਿੱਚ ‘ਕੌਡੀ’। ਕੁੱਲ ਦੁਨੀਆ ਵਿੱਚ ਵੱਸਦੇ ਪੰਜਾਬੀ ਕਬੱਡੀ ਦੇ ਰੰਗ ਵਿੱਚ ਰੰਗੇ ਗਏ ਹਨ। ਵਿਦੇਸ਼ਾਂ ਵਿੱਚ ਜਿੰਨਾ ਪਿਆਰ ਜਾਂ ਮਾਣ ਪੰਜਾਬੀਆਂ ਨੇ ਕਬੱਡੀ ਨੂੰ ਦਿੱਤਾ ਸ਼ਾਇਦ ਅਜੇ ਤੱਕ ਕਿਸੇ ਹੋਰ ਖੇਡ ਨੂੰ ਨਹੀਂ ਮਿਲਿਆ। ਪੰਜਾਬ ਤੇ ਪੰਜਾਬੀਆਂ ਦੇ ਰੋਮ ਰੋਮ ਵਿੱਚ ਕਬੱਡੀ ਵੱਸਦੀ ਹੈ। ਕੈਨੇਡਾ ਵਰਗੇ ਦੇਸ਼ ਵਿੱਚ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਰਹਿੰਦੇ ਹਨ।

ਇਸੇ ਤਹਿਤ ਪਿਛਲੇ ਦਿਨੀਂ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿਨੀਪੈਗ ਸ਼ਹਿਰ ਵਿੱਚ ਮੈਪਲ ਕਮਿਊਨਿਟੀ ਸੈਂਟਰ ਦੇ ਮੈਦਾਨਾਂ ਵਿੱਚ ਵਿਨੀਪੈਗ ਕਬੱਡੀ ਐਸੋਸੀਏਸ਼ਨ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਇਸ ਟੂਰਨਾਮੈਂਟ ਦਾ ਪ੍ਰਬੰਧ ਜਗਜੀਤ ਗਿੱਲ, ਯਾਦਵਿੰਦਰ ਦਿਉਲ, ਬੱਬੀ ਬਰਾੜ, ਹੈਪੀ ਪੰਜਾਬ ਸਿੱਧੂ, ਸੁੱਖ ਸੰਧੂ, ਦੀਪ ਗਰੇਵਾਲ, ਹਰਮੇਲ ਧਾਲੀਵਾਲ, ਮਿੱਠੂ ਬਰਾੜ, ਗੁਰਪ੍ਰੀਤ ਖਹਿਰਾ, ਚਰਨਜੀਤ ਸਿੱਧੂ, ਬੱਬੀ ਬਰਾੜ, ਰਾਜੂ ਮਾਂਗਟ, ਬਾਜ ਸਿੱਧੂ, ਰਾਜਵੀਰ ਧਾਲੀਵਾਲ, ਗੈਰੀ ਸੰਧੂ, ਗੈਰੀ ਰਾਏ, ਚਰਨਜੀਤ ਸਿੱਧੂ, ਨੋਨੂ ਟੱਲੇਵਾਲ, ਬਿੱਟੂ ਰਾਏਕੋਟ, ਗੁਰਤੇਜ ਸਿੰਘ, ਗੁਰਪ੍ਰੀਤ ਬਰਾੜ, ਪ੍ਰਤਾਪ ਵਿਰਕ, ਮਨਦੀਪ ਬਸਰਾ, ਕਮਲ ਖਹਿਰਾ ਤੇ ਸ਼ੀਰਾ ਜੌਹਲ ਵੱਲੋਂ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਸਿੱਧੂ ਮੂਸੇ ਵਾਲਾ ਤੇ ਦੀਪ ਸਿੱਧੂ ਨੂੰ ਸਮਰਪਿਤ ਸੀ। ਟੂਰਨਾਮੈਂਟ ਦੌਰਾਨ ਇੱਕ ਮਿੰਟ ਦਾ ਮੌਨ ਧਾਰਨ ਕਰ ਕੇ ਇਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

ਵਿਨੀਪੈਗ ਵਿੱਚ ਕਰਵਾਏ ਗਏ ਕਬੱਡੀ ਕੱਪ ਦਾ ਦ੍ਰਿਸ਼

ਰਿਚਮੰਡ ਤੇ ਐਬਟਸਫੋਰਡ ਸਪੋਰਟਸ ਕਲੱਬ ਦੀ ਟੀਮ ਜੇਤੂ ਰਹੀ। ਇਨਾਮਾਂ ਦੀ ਵੰਡ ਮੈਨੀਟੋਬਾ ਦੇ ਖੇਡ ਮੰਤਰੀ ਐਂਡਿਰੂ ਸਮਿਥ ਵੱਲੋਂ ਕੀਤੀ ਗਈ। ਟੂਰਨਾਮੈਂਟ ਨੂੰ ਦੇਖਣ ਲਈ ਸ਼ਹਿਰ ਦੀਆਂ ਪ੍ਰਸਿੱਧ ਹਸਤੀਆਂ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਐੱਮਐੱਲਏ ਸਿੰਡੀਲੈਮਰੂਸ, ਐੱਮਪੀ ਕੇਵਿਨ ਲੈਮਰੂਸ, ਕੌਂਸਲਰ ਦੇਵੀ ਸ਼ਰਮਾ, ਐੱਮਐੱਲਏ ਓਵੀ ਖਾਨ, ਇਮੀਗ੍ਰੇਸ਼ਨ ਮੰਤਰੀ ਜੌਨ ਰੇਅ, ਐੱਮਐੱਲਏ ਦਲਜੀਤ ਪਾਲ ਬਰਾੜ, ਐੱਮਐੱਲਏ ਮਿੰਟੂ ਸੰਧੂ ਤੇ ਸਿਟੀ ਚੋਣਾਂ ਵਿੱਚ ਮੇਅਰ ਦੀ ਦੌੜ ਵਿੱਚ ਸ਼ਾਮਲ ਗਲੈਨ ਮੁਰੇ ਤੇ ਕੈਵਿਨ ਕਲੇਨ ਵੀ ਸ਼ਾਮਲ ਸਨ। ਇਸ ਟੂਰਨਾਮੈਂਟ ’ਚ ਛੇ ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਕੈਲਗਰੀ, ਰਿਚਮੰਡ ਤੇ ਐਬਟਸਫੋਰਡ ਕਬੱਡੀ ਕਲੱਬ, ਹਰਜੀਤ ਤਲਵਾਰ ਕਬੱਡੀ ਕਲੱਬ, ਸੰਦੀਪ ਗਲੈਡੀਏਟਰ ਕਬੱਡੀ ਕਲੱਬ ਵੈਨਕੂਵਰ, ਸਰੀ ਸੁਪਰ ਸਟਾਰ ਕਾਮਾਗਾਟਾ ਮਾਰੂ ਕਬੱਡੀ ਕਲੱਬ ਅਤੇ ਸ਼ੇਰੇ ਪੰਜਾਬ ਰਾਜਵੀਰ ਕਲੱਬ ਸ਼ਾਮਲ ਸਨ। ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਸੀ। ਜਿਸ ਵਿੱਚੋਂ ਸ਼ੇਰੇ ਪੰਜਾਬ, ਸ਼ਹੀਦ ਭਗਤ ਸਿੰਘ, ਰਿਚਮੰਡ ਤੇ ਐਬਟਸਫੋਰਡ ਕਬੱਡੀ ਕਲੱਬ ਤੇ ਸੰਦੀਪ ਗਲੈਡੀਏਟਰ ਕਬੱਡੀ ਕਲੱਬ ਵੈਨਕੂਵਰ ਸੈਮੀਫਾਈਨਲ ਵਿੱਚ ਪਹੁੰਚੀਆਂ ਸਨ।

ਸੈਮੀਫਾਈਨਲ ਦੇ ਫਸਵੇਂ ਮੁਕਾਬਲੇ ਹੋਏ। ਇਸ ਵਿੱਚ ਪਹਿਲੇ ਸੈਮੀਫਾਈਨਲ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕਬੱਡੀ ਕਲੱਬ ਨੇ 39 ਅੰਕਾਂ ਦੇ ਮੁਕਾਬਲੇ 34 ਅੰਕਾਂ ਨਾਲ ਸ਼ੇਰੇ ਪੰਜਾਬ ਕਬੱਡੀ ਕਲੱਬ ਨੂੰ ਹਰਾਇਆ ਅਤੇ ਦੂਜੇ ਸੈਮੀਫਾਈਨਲ ਵਿੱਚ ਰਿਚਮੰਡ ਤੇ ਐਬਟਸਫੋਰਡ ਕਬੱਡੀ ਕਲੱਬ ਨੇ 35 ਦੇ ਮੁਕਾਬਲੇ 40 ਅੰਕਾਂ ਨਾਲ ਸੰਦੀਪ ਗਲੈਡੀਏਟਰ ਕਬੱਡੀ ਕਲੱਬ ਵੈਨਕੂਵਰ ਨੂੰ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਟੂਰਨਾਮੈਂਟ ਵਿੱਚ ਫਾਈਨਲ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ। ਇਸ ਵਿੱਚ ਰਿਚਮੰਡ ਤੇ ਐਬਟਸਫੋਰਡ ਕਬੱਡੀ ਕਲੱਬ ਨੇ 33 ਪੁਆਇੰਟਾਂ ਦੇ ਮੁਕਾਬਲੇ 35 ਪੁਆਇੰਟਾਂ ਨਾਲ ਬਾਜ਼ੀ ਮਾਰੀ। ਇਹ ਸਾਰੇ ਖਿਡਾਰੀ ਕੈਨੇਡਾ, ਅਮਰੀਕਾ ਤੇ ਭਾਰਤ ਤੋਂ ਬੀ. ਸੀ. ਯੂਨਾਈਟਿਡ ਕਬੱਡੀ ਐਸੋਸੀਏਸ਼ਨ ਕੈਨੇਡਾ ਵੱਲੋਂ ਖੇਡਣ ਆਏ ਸਨ।

ਕਬੱਡੀ ਦੇ ਸਾਰੇ ਮੈਚਾਂ ਨੂੰ ਨੀਟਾ, ਪੱਪੂ, ਮੱਖਣ ਅਤੇ ਮੰਦਰ ਦੀ ਟੀਮ ਨੇ ਰੈਫ਼ਰੀ ਕਰ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਖਿਡਾਇਆ। ਜਿੱਥੇ ਇੱਕ ਪਾਸੇ ਖਿਡਾਰੀ ਪੂਰੇ ਜੋਸ਼ ਵਿੱਚ ਖੇਡ ਰਹੇ ਸਨ, ਦੂਜੇ ਪਾਸੇ ਸੁਰਜੀਤ ਸਿੰਘ ਕਕਰਾਲੀ, ਪ੍ਰਿਤਾ ਚੀਮਾ ਤੇ ਇਕਬਾਲ ਗਾਲਬ ਨੇ ਆਪਣੀ ਕੁਮੈਂਟਰੀ ਨਾਲ ਦਰਸ਼ਕਾਂ ਨੂੰ ਜੋੜੀ ਰੱਖਿਆ। ਪ੍ਰਬੰਧਕਾਂ ਦੇ ਦੱਸਣ ਮੁਤਾਬਿਕ ਚੈਂਪੀਅਨ ਟੀਮ ਨੂੰ ਟਰਾਫ਼ੀਆਂ ਦੇ ਨਾਲ ਨਾਲ ਪੰਦਰਾਂ ਹਜ਼ਾਰ ਡਾਲਰ ਦੇ ਨਕਦ ਇਨਾਮ ਤੇ ਰਨਰਅੱਪ ਟੀਮ ਨੂੰ ਕੱਪ ਦੇ ਨਾਲ ਇਕਾਨਵੇਂ ਸੌ ਦੇ ਨਕਦ ਇਨਾਮ ਵੀ ਦਿੱਤੇ ਗਏ। ਪਹਿਲਾ ਇਨਾਮ ਹੀਰਾ ਇਨਵੈਸਟਮੈਂਟ ਵੱਲੋਂ ਤੇ ਦੂਜਾ ਇਨਾਮ ਬਾਈ ਐਂਡ ਸੈੱਲ ਰੀਅਲ ਅਸਟੇਟ, ਰੈੱਡ ਰਿਵਰ ਕਾਰਪੈੱਟ ਤੇ ਵਿਨੀਪੈਗ ਕਰਾਸ ਡੈੱਕ ਵੱਲੋਂ ਸਾਂਝੇ ਤੌਰ ’ਤੇ ਸਪਾਂਸਰ ਕੀਤੇ ਗਏ ਸਨ। ਰਿੰਕੂ ਤੇ ਸ਼ੀਲੂ ਨੂੰ ਵਧੀਆ ਖਿਡਾਰੀ ਐਲਾਨਦਿਆਂ ਪ੍ਰਬੰਧਕਾਂ ਵੱਲੋਂ ਟਰਾਫ਼ੀਆਂ ਦੇ ਨਾਲ ਨਾਲ ਗਿਆਰਾਂ- ਗਿਆਰਾਂ ਸੌ ਡਾਲਰਾਂ ਦੇ ਨਕਦ ਇਨਾਮ ਵੀ ਦਿੱਤੇ ਗਏ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਬੰਟੀ ਟਿੱਬਾ, ਰਵੀ, ਫਰਿਆਦ, ਦੁੱਲਾ, ਪਾਲਾ ਤੇ ਸ਼ੰਕਰ ਨੇ ਵਧੀਆ ਖੇਡ ਵਿਖਾਈ। ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਿਨੀਪੈਗ ਦੇ ਖਿਡਾਰੀਆਂ ਦੇ ਵੀ ਮੈਚ ਕਰਵਾਏ ਗਏ। ਇਸ ਦੌਰਾਨ ਵਿਨੀਪੈਗ ਕਬੱਡੀ ਐਸੋਸੀਏਸ਼ਨ ਵੱਲੋਂ ਉੱਭਰ ਰਹੇ ਪੰਜਾਬੀ ਖਿਡਾਰੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਕਾਮਨਵੈਲਥ ਖੇਡਾਂ ਵਿੱਚ ਤਗਮਾ ਜਿੱਤਣ ਵਾਲੀ ਪ੍ਰਿਅੰਕਾ ਢਿੱਲੋਂ ਤੋਂ ਇਲਾਵਾ ਅਮਰਪਾਲ ਕੌਰ ਤੇ ਰਣ ਵਿਜੈ ਸਿੰਘ ਸਨ। ਦਸ ਸਾਲਾ ਰਣ ਵਿਜੈ ਚਾਹਲ ਪੁੱਤਰ ਗੁਰਵਿੰਦਰ ਚਾਹਲ ਵਾਸੀ ਵਿਨੀਪੈਗ ਨੂੰ ਸਪੇਨ ਦੇ ਨਾਮੀ ਫੁੱਟਬਾਲ ਕਲੱਬ ਰੀਅਲ ਮੈਡਰਿਡ ਨੇ ‘ਰੀਅਲ ਮੈਡਰਿਡ ਵਰਲਡ ਚੈਲੰਜ’ ਲਈ ਚੁਣਿਆ ਹੈ। ਰਣ ਵਿਜੈ ਪਿਛਲੇ ਦਿਨੀਂ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਰੀਅਲ ਮੈਡਰਿਡ ਦੇ ਟ੍ਰੈਨਿੰਗ ਕੈਂਪ ਵਿੱਚ ਬੈਸਟ ਪਲੇਅਰ ਚੁਣਿਆ ਗਿਆ ਸੀ।

ਇਸ ਟੂਰਨਾਮੈਂਟ ਦੀ ਖਾਸ ਗੱਲ ਇਹ ਰਹੀ ਕਿ ਇੱਥੇ ਤੀਆਂ ਦਾ ਮੇਲਾ ਵੀ ਲਾਇਆ ਗਿਆ। ਤਰਨਜੀਤ ਤੂਰ ਨੇ ਵਧੀਆ ਸਟੇਜ ਸੰਚਾਲਨ ਕਰ ਕੇ ਸਾਰਿਆਂ ਦਾ ਮਨ ਮੋਹਿਆ। ਇਸ ਵਿੱਚ ਬੱਚਿਆਂ ਵੱਲੋਂ ਭੰਗੜਾ, ਗਿੱਧਾ ਪਾਇਆ ਗਿਆ ਤੇ ਬਜ਼ੁਰਗ ਔਰਤਾਂ ਵੱਲੋਂ ਬੋਲੀਆਂ ਸੁਣਾਈਆਂ ਗਈਆਂ।
ਸੰਪਰਕ: 20451-06284



News Source link
#ਵਨਪਗ #ਕਬਡ #ਕਪ #ਯਦਗਰ #ਹ #ਨਬੜਆ

- Advertisement -

More articles

- Advertisement -

Latest article