36.3 C
Patiāla
Thursday, May 2, 2024

ਸ੍ਰੀਲੰਕਾ: ਵਿਰੋਧੀ ਪਾਰਟੀਆਂ ਰਾਜਪਕਸੇ ਦੇ ਅਸਤੀਫ਼ੇ ਮਗਰੋਂ ਅੰਤਰਿਮ ਸਰਕਾਰ ਬਣਾਉਣ ਲਈ ਰਾਜ਼ੀ

Must read


ਕੋਲੰਬੋ, 10 ਜੁਲਾਈ

ਸ੍ਰੀਲੰਕਾ ਦੀਆਂ ਮੁੱਖ ਵਿਰੋਧੀ ਪਾਰਟੀਆਂ ਅੱਜ ਦੇਸ਼ ਵਿੱਚ ਸਰਬ-ਪਾਰਟੀ ਅੰਤਰਿਮ ਸਰਕਾਰ ਬਣਾਉਣ ਲਈ ਰਾਜ਼ੀ ਹੋ ਗਈਆਂ ਹਨ। ਬੁੱਧਵਾਰ ਨੂੰ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਵੱਲੋਂ ਅਸਤੀਫਾ ਦਿੱਤੇ ਜਾਣ ਦੀ ਆਸ ਹੈ ਕਿਉਂਕਿ ਸ਼ਨਿਚਰਵਾਰ ਨੂੰ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ 13 ਜੁਲਾਈ ਨੂੰ ਅਸਤੀਫਾ ਦੇ ਦੇਣਗੇ। ਇਸੇ ਦੌਰਾਨ ਪੰਜ ਕੈਬਨਿਟ ਮੰਤਰੀਆਂ ਨੇ ਵੀ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਰਾਜਪਕਸੇ ਦੇ ਅਸਤੀਫੇ ਤੋਂ ਬਾਅਦ ਸੱਤਾ ਪਰਿਵਰਤਨ ਲਈ ਸਦਨ ਦੀ ਮੀਟਿੰਗ ਸੱਦਣ ਬਾਰੇ ਚਰਚਾ ਕਰਨ ਲਈ ਸੋਮਵਾਰ ਨੂੰ ਵੀ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਹੋਵੇਗੀ। 

ਜ਼ਿਕਰਯੋਗ ਹੈ ਕਿ ਦੇਸ਼ ਨੂੰ ਦਰਪੇਸ਼ ਆਰਥਿਕ ਸੰਕਟ ਦੇ ਗਲਤ ਪ੍ਰਬੰਧਨ ਦੇ ਵਿਰੋਧ ਵਿੱਚ ਸ਼ੁਰੂ ਹੋਏ ਪ੍ਰਦਰਸ਼ਨਾਂ ਕਰ ਕੇ ਪੈਦਾ ਹੋਏ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰਾਸ਼ਟਰਪਤੀ ਰਾਜਪਕਸੇ ਅਤੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੂੰ ਆਪੋ-ਆਪਣੇ ਅਸਤੀਫਿਆਂ ਦੀ ਪੇਸ਼ਕਸ਼ ਕਰਨੀ ਪਈ।

ਵਿਰੋਧੀ ਪਾਰਟੀਆਂ ਨੇ ਰਾਜਪਕਸੇ ਦੇ ਸੰਭਾਵੀ ਅਸਤੀਫ਼ੇ ਤੋਂ ਬਾਅਦ ਦੇਸ਼ ਨੂੰ ਮੌਜੂਦਾ ਆਰਥਿਕ ਸੰਕਟ ਵਿੱਚੋਂ ਕੱਢ ਕੇ ਅੱਗੇ ਲੈ ਕੇ ਜਾਣ ਦੇ ਤਰੀਕਿਆਂ ਦੀ ਭਾਲ ਲਈ ਗੱਲਬਾਤ ਕੀਤੀ। ਸੱਤਾਧਾਰੀ ਸ੍ਰੀਲੰਕਾ ਪੋਦੂਜਾਨਾ ਪੈਰਾਮੁਨਾ ਪਾਰਟੀ (ਐੱਸਐੱਲਪੀਪੀ) ਤੋਂ ਵੱਖ ਹੋਏ ਸਮੂਹ ਦੇ ਆਗੂ ਵਿਮਲ ਵੀਰਾਵਾਂਸਾ ਨੇ ਕਿਹਾ, ‘‘ਅਸੀਂ ਸਾਰੀਆਂ ਪਾਰਟੀਆਂ ਦੀ ਹਿੱਸੇਦਾਰੀ ਨਾਲ ਸਿਧਾਂਤਕ ਤੌਰ ’ਤੇ ਇਕ ਅੰਤਰਿਮ ਸਰਕਾਰ ਬਣਾਉਣ ਲਈ ਸਹਿਮਤ ਹੋਏ ਹਾਂ। ਇਹ ਅਜਿਹੀ ਸਰਕਾਰ ਹੋਵੇਗੀ ਜਿੱਥੇ ਸਾਰੀਆਂ ਪਾਰਟੀਆਂ ਦੀ ਨੁਮਾਇੰਦਗੀ ਹੋਵੇਗੀ।’’

ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਦੀ ਸਰਕਾਰੀ ਰਿਹਾਇਸ਼ ਿਵੱਚ ਆਰਾਮ ਫਰਮਾਉਂਦੇ ਹੋਏ ਪ੍ਰਦਰਸ਼ਨਕਾਰੀ। -ਫੋਟੋ: ਪੀਟੀਆਈ

ਐੱਸਐੱਲਪੀਪੀ ਤੋਂ ਵੱਖ ਹੋਏ ਸਮੂਹ ਦੇ ਇਕ ਹੋਰ ਆਗੂ ਵਾਸੂਦੇਵ ਨਨਾਯਾਕਾਰਾ ਨੇ ਕਿਹਾ ਕਿ ਉਨ੍ਹਾਂ ਨੂੰ 13 ਜੁਲਾਈ ਨੂੰ ਰਾਜਪਕਸੇ ਦੇ ਅਸਤੀਫੇ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ।

ਰਾਸ਼ਟਰਪਤੀ ਨੇ ਸ਼ਨਿਚਰਵਾਰ ਨੂੰ ਸੰਸਦ ਦੇ ਸਪੀਕਰ ਮਹਿੰਦਾ ਯਪਾ ਅਭੇਯਵਰਦਨਾ ਨੂੰ ਸੂਚਿਤ ਕੀਤਾ ਸੀ ਕਿ ਦੇਸ਼ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੇ ਜਾਣ ਕਰ ਕੇ ਉਹ ਬੁੱਧਵਾਰ ਨੂੰ ਅਸਤੀਫਾ ਦੇ ਦੇਣਗੇ। ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਵੀ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ।

ਮੁੱਖ ਵਿਰੋਧੀ ਪਾਰਟੀ ਸਮਾਗੀ ਜਨ ਬਾਲਵੇਗਾਇਆ (ਐੱਸਜੇਬੀ) ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਆਪਕ ਪੱਧਰ ’ਤੇ ਅੰਦਰੂਨੀ ਚਰਚਾ ਕੀਤੀ ਗਈ। ਐੱਸਜੇਬੀ ਦੇ ਜਨਰਲ ਸਕੱਤਰ ਰੰਜੀਤ ਮਦੁੱਮਾ ਬੰਡਾਰਾ ਨੇ ਕਿਹਾ, ‘‘ਸਾਡਾ ਟੀਚਾ ਸੀਮਿਤ ਸਮੇਂ ਲਈ ਸਾਰੀਆਂ ਪਾਰਟੀਆਂ ਦੀ ਅੰਤਰਿਮ ਸਰਕਾਰ ਬਣਾਉਣਾ ਹੈ ਅਤੇ ਫਿਰ ਸੰਸਦੀ ਚੋਣਾਂ ਕਰਵਾਉਣਾ ਹੈ।’’

ਰਾਜਪਕਸੇ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਹੋਣ ਵਾਲੇ ਸੱਤਾ ਪਰਿਵਰਤਨ ਲਈ ਸਦਨ ਦੀ ਮੀਟਿੰਗ ਸੱਦਣ ਬਾਰੇ ਚਰਚਾ ਕਰਨ ਲਈ ਸੰਸਦ ਵਿੱਚ ਨੁਮਾਇੰਦਗੀ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸੋਮਵਾਰ ਦੁਪਹਿਰ ਨੂੰ ਵੀ ਮੀਟਿੰਗ ਹੋਵੇਗੀ। ਇਸ ਵਿਚਾਲੇ, ਵੱਡੀ ਪੱਧਰ ’ਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਸ੍ਰੀਲੰਕਾ ਦੇ ਪੰਜ ਕੈਬਨਿਟ ਮੰਤਰੀਆਂ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਹੈ। ਸ੍ਰੀਲੰਕਾ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਸ਼ਵੇਂਦਰ ਸਿਲਵਾ ਨੇ ਅੱਜ ਸ੍ਰੀਲੰਕਾ ਦੇ ਸਾਰੇ ਨਾਗਰਿਕਾਂ ਨੂੰ ਦੇਸ਼ ਵਿੱਚ ਸ਼ਾਂਤੀ ਬਹਾਲ ਰੱਖਣ ਲਈ ਹਥਿਆਬੰਦ ਬਲਾਂ ਤੇ ਪੁਲੀਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। -ਪੀਟੀਆਈ

ਚੀਨੀ ਦੂਤਾਵਾਸ ਵੱਲੋਂ ਆਪਣੇ ਨਾਗਰਿਕਾਂ ਨੂੰ ਸ੍ਰੀਲੰਕਾ ਦੇ ਪ੍ਰਦਰਸ਼ਨਾਂ ’ਚ ਸ਼ਾਮਲ ਨਾ ਹੋਣ ਦੀ ਚਿਤਾਵਨੀ

ਪੇਈਚਿੰਗ: ਚੀਨ ਨੇ ਸ੍ਰੀਲੰਕਾ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੋਇਆ। ਉਸ ਨੇ ਸ੍ਰੀਲੰਕਾ ਵਿੱਚ ਰਹਿੰਦੇ ਸੈਂਕੜੇ ਚੀਨੀ ਨਾਗਰਿਕਾਂ ਨੂੰ ਉੱਥੋਂ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਨਾ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿੱਚ ਬੀਤੇ ਦਿਨ ਆਰਥਿਕ ਸੰਕਟ ਦੇ ਵਿਰੋਧ ਵਿੱਚ ਵੱਡੀ ਗਿਣਤੀ ਲੋਕਾਂ ਦੀ ਭੀੜ ਵੱਲੋਂ ਰਾਸ਼ਟਰਪਤੀ ਮਹਿਲ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਹਮਲਾ ਕਰ ਦਿੱਤਾ ਗਿਆ ਸੀ।

‘ਗਲੋਬਲ ਟਾਈਮਜ਼’ ਦੀ ਖ਼ਬਰ ਅਨੁਸਾਰ ਕੋਲੰਬੋ ਵਿੱਚ ਸਥਿਤ ਚੀਨੀ ਦੂਤਾਵਾਸ ਨੇ ਸ਼ਨਿਚਰਵਾਰ ਨੂੰ ਇਕ ਨੋਟਿਸ ਜਾਰੀ ਕਰ ਕੇ ਚੀਨੀ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਸਥਾਨਕ ਸੁਰੱਖਿਆ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਥੋਂ ਦੇ ਕਾਨੂੰਨਾਂ ਤੇ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ। ਦੂਤਾਵਾਸ ਨੇ ਚੀਨੀ ਮੂਲ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਨਾ ਹੋਣ ਲਈ ਵੀ ਕਿਹਾ ਹੈ। -ਪੀਟੀਆਈ

ਅਮਰੀਕਾ ਵੱਲੋਂ ਸ੍ਰੀਲੰਕਾਈ ਸਿਆਸੀ ਭਾਈਚਾਰੇ ਨੂੰ ਅਪੀਲ

ਕੋਲੰਬੋ: ਅਮਰੀਕਾ ਨੇ ਅੱਜ ਸ੍ਰੀਲੰਕਾ ਦੇ ਸਿਆਸੀ ਭਾਈਚਾਰੇ ਨੂੰ ਅੱਗੇ ਆਉਣ ਅਤੇ ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਲੰਬੇ ਸਮੇਂ ਵਾਲਾ ਆਰਥਿਕ ਤੇ ਸਿਆਸੀ ਹੱਲ ਕੱਢਣ ਲਈ ਤੇਜ਼ੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ। ਬੀਤੇ ਦਿਨੀਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖ਼ਲ ਹੋ ਗਏ ਸਨ। ਸੰਸਦ ਦੇ ਸਪੀਕਰ ਮਹਿੰਦਾ ਯਪਾ ਅਬੇਯਵਰਦਨਾ ਨੇ ਸ਼ਨਿਚਰਵਾਰ ਰਾਤ ਨੂੰ ਕਿਹਾ ਕਿ ਰਾਜਪਕਸਾ 13 ਜੁਲਾਈ ਨੂੰ ਅਸਤੀਫਾ ਦੇਣਗੇ ਜਦਕਿ ਦੇਸ਼ ਵਿੱਚ ਮਾੜੇ ਆਰਥਿਕ ਤੇ ਸਿਆਸੀ ਹਾਲਾਤ ਵਿਚਾਲੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਪਹਿਲਾਂ ਹੀ ਅਸਤੀਫ਼ਾ ਦੇਣ ਦੀ ਆਪਣੀ ਇੱਛਾ ਜ਼ਾਹਿਰ ਕਰ ਚੁੱਕੇ ਹਨ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਅੱਜ ਕਿਹਾ ਕਿ ਅਮਰੀਕਾ ‘‘ਸ੍ਰੀਲੰਕਾ ਦੀ ਸੰਸਦ ਨੂੰ ਕਿਸੇ ਇਕ ਸਿਆਸੀ ਪਾਰਟੀ ਦੀ ਨਹੀਂ ਬਲਕਿ ਰਾਸ਼ਟਰ ਦੀ ਬਿਹਤਰੀ ਦੀ ਵਚਨਬੱਧਤਾ ਨਾਲ ਅੱਗੇ ਵਧਣ ਦੀ ਅਪੀਲ ਕਰਦਾ ਹੈ।’’ -ਪੀਟੀਆਈ

ਸ੍ਰੀਲੰਕਾ ਦੇ ਲੋਕਾਂ ਨਾਲ ਖੜ੍ਹਾ ਹੈ ਭਾਰਤ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ: ਸ੍ਰੀਲੰਕਾ ਵਿੱਚ ਤੇਜ਼ੀ ਨਾਲ ਵਾਪਰ ਰਹੇ ਘਟਨਾਕ੍ਰਮ ’ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਭਾਰਤ ਨੇ ਅੱਜ ਕਿਹਾ ਕਿ ਉਹ ਸ੍ਰੀਲੰਕਾ ਦੇ ਲੋਕਾਂ ਦੇ ਨਾਲ ਖੜ੍ਹਾ ਹੈ ਕਿਉਂਕਿ ਉਹ ਲੋਕਤੰਤਰੀ ਤਰੀਕਿਆਂ, ਕੀਮਤਾਂ ਤੇ ਸੰਵਿਧਾਨਕ ਰੂਪ-ਰੇਖਾ ਰਾਹੀਂ ਖੁਸ਼ਹਾਲੀ ਤੇ ਤਰੱਕੀ ਸਬੰਧੀ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਲਗਾਤਾਰ ਸ੍ਰੀਲੰਕਾ ਵਿੱਚ ਵਾਪਰ ਰਹੇ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਸ ਗੁਆਂਢੀ ਦੇਸ਼ ਤੇ ਉੱਥੋਂ ਦੇ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਗੰਭੀਰ ਸੰਕਟ ਤੋਂ ਉੱਭਰਨ ਲਈ ਸ੍ਰੀਲੰਕਾ ਦੀ ਭਾਰਤ ਵੱਲੋਂ ਕੀਤੀ ਗਈ ਵਿੱਤੀ ਮਦਦ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ, ‘‘ਸ੍ਰੀਲੰਕਾ ਸਾਡੀ ‘ਗੁਆਂਢ ਪਹਿਲਾਂ ਨੀਤੀ’ ਵਿੱਚ ਕੇਂਦਰੀ ਸਥਾਨ ’ਤੇ ਹੈ, ਇਸ ਵਾਸਤੇ ਭਾਰਤ ਨੇ ਉਸ ਨੂੰ ਆਰਥਿਕ ਸੰਕਟ ਤੋਂ ਨਿਪਟਣ ਲਈ ਇਸ ਸਾਲ 3.8 ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਸਹਾਇਤਾ ਦਿੱਤੀ।’’ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਸਰਕਾਰ ਹਮੇਸ਼ਾ ਤੋਂ ਸ੍ਰੀਲੰਕਾ ਦਾ ਸਮਰਥਨ ਕਰਦੀ ਰਹੀ ਹੈ ਅਤੇ ਉਸ ਵੱਲੋਂ ਮੌਜੂਦਾ ਆਰਥਿਕ ਸੰਕਟ ’ਚੋਂ ਨਿਕਲਣ ਲਈ ਗੁਆਂਢੀ ਮੁਲਕ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀਲੰਕਾ ਦੀ ਮੌਜੂਦਾ ਸਥਿਤੀ ਕਾਰਨ ਫਿਲਹਾਲ ਕੋਈ ਸ਼ਰਨਾਰਥੀ ਸੰਕਟ ਨਹੀਂ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਮੁਸ਼ਕਿਲ ਦੀ ਇਸ ਘੜੀ ਵਿੱਚ ਸ੍ਰੀਲੰਕਾ ਤੇ ਉੱਥੋਂ ਦੇ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਆਸ ਪ੍ਰਗਟਾਈ ਕਿ ਭਾਰਤ ਮੌਜੂਦਾ ਹਾਲਾਤ ਦਾ ਮੁਕਾਬਲਾ ਕਰਨ ਵਿੱਚ ਗੁਆਂਢੀ ਮੁਲਕ ਦੀ ਮਦਦ ਕਰਦਾ ਰਹੇਗਾ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਇਕ ਸੁਨੇਹੇ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਸ੍ਰੀਲੰਕਾ ਵਿੱਚ ਉੱਭਰਦੇ ਸਿਆਸੀ ਹਾਲਾਤ ਨੂੰ ਲੈ ਕੇ ਚਿੰਤਤ ਹੈ ਅਤੇ ਇਸ ’ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਇਕ ਬਿਆਨ ਵਿੱਚ ਕਿਹਾ, ‘‘ਕਾਂਗਰਸ ਗੰਭੀਰ ਸੰਕਟ ਦੀ ਇਸ ਘੜੀ ਵਿੱਚ ਸ੍ਰੀਲੰਕਾ ਤੇ ਉੱਥੋਂ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਉਹ ਇਸ ਤੋਂ ਉੱਭਰਨ ਦੇ ਸਮਰੱਥ ਹੋਣਗੇ।’’ ‘ਪੀਟੀਆਈ





News Source link

- Advertisement -

More articles

- Advertisement -

Latest article