29.6 C
Patiāla
Monday, April 29, 2024

ਸੋਨੇ ’ਤੇ ਦਰਾਮਦ ਡਿਊਟੀ ਵਧ ਕੇ 15 ਫੀਸਦ ਹੋਈ

Must read


ਨਵੀਂ ਦਿੱਲੀ, 1 ਜੁਲਾਈ 

ਸਰਕਾਰ ਨੇ ਸੋਨੇ ਉਤੇ ਦਰਾਮਦ ਡਿਊਟੀ ਵਧਾ ਕੇ 15 ਫੀਸਦ ਕਰ ਦਿੱਤੀ ਹੈ। ਇਹ ਕਦਮ ਸੋਨੇ ਦੀ ਵਧਦੀ ਦਰਾਮਦ ਉਤੇ ਲਗਾਮ ਕਸਣ ਤੇ ਚਾਲੂ ਖਾਤਾ ਘਾਟੇ (ਕੈਡ) ਨੂੰ ਵਧਣ ਤੋਂ ਰੋਕਣ ਲਈ ਚੁੱਕਿਆ ਗਿਆ ਹੈ। ਦੱਸਣਯੋਗ ਹੈ ਕਿ ਪਹਿਲਾਂ ਦਰਾਮਦ ਡਿਊਟੀ 10.75 ਫੀਸਦ ਸੀ। ਡਿਊਟੀ ’ਚ ਕੀਤਾ ਗਿਆ ਬਦਲਾਅ 30 ਜੂਨ ਤੋਂ ਪ੍ਰਭਾਵੀ ਹੋ ਗਿਆ ਹੈ। ਇਸ ਤੋਂ ਪਹਿਲਾਂ ਸੋਨੇ ’ਤੇ ਮੂਲ ਕਸਟਮ ਡਿਊਟੀ 7.5 ਫੀਸਦ ਸੀ ਜੋ ਕਿ ਹੁਣ 12.5 ਫੀਸਦੀ ਹੋਵੇਗੀ। 2.5 ਫੀਸਦੀ ਦੇ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ ਦੇ ਨਾਲ ਸੋਨੇ ਉਤੇ ਕਸਟਮ ਡਿਊਟੀ 15 ਫੀਸਦ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਭਾਰਤ ਵਿਚ ਸੋਨੇ ਦਾ ਜ਼ਿਆਦਾ ਉਤਪਾਦਨ ਨਹੀਂ ਹੁੰਦਾ ਤੇ ਇਸ ਲਈ ਦਰਾਮਦ ਨਾਲ ਦੇਸ਼ ਦੇ ਵਿਦੇਸ਼ ਮੁਦਰਾ ਭੰਡਾਰ ਉਤੇ ਦਬਾਅ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੋਨੇ ਦੀ ਮੰਗ ਕੀਮਤ ਨਾਲ ਪ੍ਰਭਾਵਿਤ ਨਹੀਂ ਹੁੰਦੀ, ਇਹ ਬਣੀ ਰਹਿੰਦੀ ਹੈ। ਅਜਿਹੇ ਵਿਚ ਇਸ ਦੀ ਦਰਾਮਦ ਨੂੰ ਘੱਟ ਕਰਨ ਦੇ ਯਤਨ ਕਰਨੇ ਪੈਣਗੇ ਜਾਂ ਫਿਰ ਜੇ ਕੋਈ ਦਰਾਮਦ ਕਰਨਾ ਹੀ ਚਾਹੁੰਦਾ ਹੈ ਤਾਂ ਉਸ ਨੂੰ ਜ਼ਿਆਦਾ ਕੀਮਤ ਅਦਾ ਕਰਨੀ ਪਵੇਗੀ ਤਾਂ ਕਿ ਦੇਸ਼ ਨੂੰ ਮਾਲੀਆ ਮਿਲੇ। ਸੋਨੇ ਦੀ ਦਰਾਮਦ ਵਿਚ ਇਕਦਮ ਤੇਜ਼ੀ ਆਈ ਹੈ। ਮਈ ਵਿਚ ਕੁੱਲ 107 ਟਨ ਸੋਨਾ ਮੰਗਵਾਇਆ ਗਿਆ ਸੀ ਜਦਕਿ ਜੂਨ ਵਿਚ ਵੀ ਕਾਫ਼ੀ ਸੋਨਾ ਦਰਾਮਦ ਕੀਤਾ ਗਿਆ ਹੈ।  

ਪੈਟਰੋਲ-ਡੀਜ਼ਲ ਦੀ ਬਰਾਮਦ ’ਤੇ ਲੱਗੇਗਾ ਟੈਕਸ: ਸਰਕਾਰ ਨੇ ਪੈਟਰੋਲ, ਡੀਜ਼ਲ ਤੇ ਜੈੱਟ ਈਂਧਨ (ਏਟੀਐਫ) ਦੀ ਬਰਾਮਦ ਉਤੇ ਟੈਕਸ ਲਾ ਦਿੱਤਾ ਹੈ। ਇਸ ਤੋਂ ਇਲਾਵਾ ਬਰਤਾਨੀਆ ਜਿਹੇ ਕੁਝ ਦੇਸ਼ਾਂ ਦੀ ਤਰ੍ਹਾਂ ਭਾਰਤ ਨੇ ਸਥਾਨਕ ਪੱਧਰ ’ਤੇ ਮਿਲਣ ਵਾਲੇ ਕੱਚੇ ਤੇਲ ਤੋਂ ਹੋਣ ਵਾਲੇ ਲਾਭ ਉਤੇ ਵੀ ਟੈਕਸ ਲਾ ਦਿੱਤਾ ਹੈ। ਵਿੱਤ ਮੰਤਰਾਲੇ ਦੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੇ ਪੈਟਰੋਲ ਤੇ ਏਟੀਐਫ ਦੀ ਬਰਾਮਦ ਉਤੇ ਛੇ ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਬਰਾਮਦ ਉਤੇ 13 ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਟੈਕਸ ਲਾਇਆ ਹੈ। ਉਧਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਸਰਕਾਰ ਕੱਚੇ ਤੇਲ, ਪੈਟਰੋਲ-ਡੀਜ਼ਲ ਅਤੇ ਜਹਾਜ਼ਾਂ ਦੇ ਈਂਧਣ (ੲੇਟੀਐੱਫ) ’ਤੇ ਲਗਾਏ ਗਏ ਨਵੇਂ ਟੈਕਸਾਂ ਦੀ ਸਮੀਖਿਆ ਹਰ 15 ਦਿਨਾਂ ਬਾਅਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੁਸ਼ਕਲ ਸਮਾਂ ਹੈ ਅਤੇ ਆਲਮੀ ਪੱਧਰ ’ਤੇ ਤੇਲ ਕੀਮਤਾਂ ਬਹੁਤ ਵਧ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਤੇਲ ਕੰਪਨੀਆਂ ਘਰੇਲੂ ਸਪਲਾਈ ਨੂੰ ਨਜ਼ਰਅੰਦਾਜ਼ ਕਰਕੇ ਵਿਦੇਸ਼ ’ਚ ਪੈਟਰੋਲ-ਡੀਜ਼ਲ ਦੀ ਵਿਕਰੀ ਕਰਕੇ ਜ਼ਿਆਦਾ ਮੁਨਾਫ਼ਾ ਕਮਾ ਰਹੀਆਂ ਸਨ। ਸੀਤਾਰਾਮਨ ਨੇ ਕਿਹਾ ਹੈ ਕਿ ਸਰਕਾਰ ਡਿੱਗ ਰਹੇ ਰੁਪਏ ਕਾਰਨ ਦੇਸ਼ ਦੀ ਦਰਾਮਦ ’ਤੇ ਪੈ ਰਹੇ ਅਸਰ ’ਤੇ ਨਜ਼ਰ ਰੱਖ ਰਹੀ ਹੈ। ਉਂਜ ਉਨ੍ਹਾਂ ਕਿਹਾ ਕਿ ਡਾਲਰ ਖ਼ਿਲਾਫ਼ ਹੋਰ ਕਰੰਸੀਆਂ ਦੇ ਮੁਕਾਬਲੇ ’ਚ ਭਾਰਤੀ ਰੁਪਏ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article