33.4 C
Patiāla
Saturday, April 27, 2024

ਖ਼ਰਾਬ ਮੌਸਮ ਕਾਰਨ ਅੰਮ੍ਰਿਤਸਰ ਉੱਤਰੀਆਂ 17 ਹਵਾਈ ਉਡਾਣਾਂ

Must read


ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 21 ਮਈ

ਦਿੱਲੀ ਵਿੱਚ ਬੀਤੀ ਸ਼ਾਮ ਭਾਰੀ ਮੀਂਹ ਅਤੇ ਤੂਫਾਨ ਕਾਰਨ ਲਗਪਗ 17 ਅੰਤਰਾਸ਼ਟਰੀ ਤੇ ਘਰੇਲੂ ਉਡਾਣਾਂ ਦਿੱਲੀ ਤੋਂ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਾਸ਼ਟਰੀ ਹਵਾਈ ਅੱਡੇ ’ਤੇ ਭੇਜ ਦਿੱਤੀਆਂ ਗਈਆਂ। ਇਹ 14 ਘਰੇਲੂ ਅਤੇ ਤਿੰਨ ਅੰਤਰਾਸ਼ਟਰੀ ਉਡਾਣਾਂ ਇੱਥੇ ਬੀਤੀ ਰਾਤ ਲਗਪਗ 11 ਵਜੇ ਤੋਂ ਲੈ ਕੇ ਡੇਢ ਵਜੇ ਤੱਕ ਉੱਤਰੀਆਂ। 

ਹਵਾਈ ਅੱਡਾ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਹਵਾਈ ਅੱਡੇ ਤੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਇਨ੍ਹਾਂ ਉਡਾਣਾਂ ਨੂੰ ਇੱਥੇ ਉਤਾਰਿਆ ਗਿਆ ਹੈ। ਇਨ੍ਹਾਂ ’ਚੋਂ ਇਕ ਉਡਾਣ ਦੇ ਹਵਾਈ ਜਹਾਜ਼ ਵਿੱਚ ਤੇਲ ਵੀ ਭਰਿਆ ਗਿਆ। ਦਿੱਲੀ ਵਿਚ ਮੌਸਮ ਠੀਕ ਹੋਣ ਮਗਰੋਂ ਤੜਕੇ ਲਗਪਗ ਤਿੰਨ ਵਜੇ ਤਿੰਨ ਅੰਤਰਾਸ਼ਟਰੀ ਅਤੇ 11 ਘਰੇਲੂ ਉਡਾਣਾਂ ਨੂੰ ਵਾਪਸ ਦਿੱਲੀ ਹਵਾਈ ਅੱਡੇ ’ਤੇ ਭੇਜ ਦਿੱਤਾ ਗਿਆ। ਬਾਕੀ ਤਿੰਨ ਉਡਾਣਾਂ, ਜਿਨ੍ਹਾਂ ’ਚ ਦੋ ਉਡਾਣਾਂ ਸਪਾਈਸ ਜੈਟ ਅਤੇ ਇਕ ਵਿਸਤਾਰਾ ਹਵਾਈ ਕੰਪਨੀ ਨਾਲ ਸਬੰਧਤ ਸਨ, ਦੇ ਯਾਤਰੀ ਸਵੇਰੇ ਸੜਕ ਰਸਤੇ ਦਿੱਲੀ ਰਵਾਨਾ ਹੋਏ ਹਨ। 

ਹਵਾਈ ਅੱਡੇ ਦੇ ਡਾਇਰੈਕਟਰ ਵੀ.ਕੇ ਸੇਠ ਨੇ ਦੱਸਿਆ ਕਿ ਇੱਥੇ ਰਾਤ ਵੇਲੇ ਆਉਣ ਵਾਲੀਆਂ ਉਡਾਣਾਂ ਦੀ ਗਿਣਤੀ ਸੀਮਤ ਹੋਣ ਕਾਰਨ ਦੇਰ ਰਾਤ ਰਡਾਰ ਪ੍ਰਣਾਲੀ ਬੰਦ ਕਰ ਦਿੱਤੀ ਜਾਂਦੀ ਹੈ ਪਰ ਬੀਤੀ ਰਾਤ ਦਿੱਲੀ ਤੋਂ ਇੱਥੇ ਤਬਦੀਲ ਕੀਤੀਆਂ ਗਈਆਂ 17 ਹਵਾਈ ਉਡਾਣਾਂ ਕਾਰਨ ਇਹ ਚਾਲੂ ਰੱਖੀ ਗਈ ਸੀ, ਜਿਸ ਨਾਲ ਇੱਥੇ ਹਵਾਈ ਉਡਾਣਾਂ ਦੇ ਉਤਰਨ ਵਿੱਚ ਕੋਈ ਮੁਸ਼ਕਲ ਨਹੀਂ ਆਈ। ਉਨ੍ਹਾਂ ਦੱਸਿਆ ਕਿ ਜਹਾਜ਼ ਵਿੱਚ ਤੇਲ ਭਰਨ ਮਗਰੋਂ 14 ਉਡਾਣਾਂ ਵਾਪਸ ਦਿੱਲੀ ਲਈ ਰਵਾਨਾ ਹੋ ਗਈਆਂ ਸਨ ਪਰ ਤਿੰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜੋ ਸਵੇਰੇ ਦਿੱਲੀ ਲਈ ਰਵਾਨਾ ਹੋਈਆਂ ਹਨ। 

ਕੇਂਦਰੀ ਰੱਖਿਆ ਮੰਤਰੀ ਦਾ ਜਹਾਜ਼ ਆਗਰਾ ਭੇਜਿਆ

ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮੀ ਰਾਜਧਾਨੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਜ਼ੋਰਦਾਰ ਝੱਖੜ ਮਗਰੋਂ ਸ਼ੁੱਕਰਵਾਰ ਸ਼ਾਮ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਜਹਾਜ਼ ਸਮੇਤ ਕਈ ਉਡਾਣਾਂ ਦਿੱਲੀ ਹਵਾਈ ਅੱਡੇ ਤੋਂ ਅੰਮ੍ਰਿਤਸਰ, ਅਹਿਮਦਾਬਾਦ, ਜੈਪੁਰ, ਲਖਨਊ ਅਤੇ ਆਗਰਾ ਵੱਲ ਮੋੜ ਦਿੱਤੀਆਂ ਗਈਆਂ ਸਨ। ਇਸੇ ਤਹਿਤ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਉਡਾਣ ਆਗਰਾ ਭੇਜੀ ਗਈ। ਉਹ ਗੁਜਰਾਤ ਦੇ ਵਡੋਦਰਾ ਵਿੱਚ ਸ੍ਰੀ ਸਵਾਮੀਨਾਰਾਇਣ ਮੰਦਰ ਵਿੱਚ ਇੱਕ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਵਾਪਸ ਦਿੱਲੀ ਜਾ ਰਹੇ ਸਨ।





News Source link

- Advertisement -

More articles

- Advertisement -

Latest article