31.5 C
Patiāla
Friday, April 26, 2024

ਜਾਨ ਲੈਣ ਦੀ ਖੇਡ

Must read


ਹਰਜੀਤ ਅਟਵਾਲ

ਸ਼ਿਕਾਰ ਕਰਨਾ ਮਨੁੱਖ ਦਾ ਪਹਿਲਾ ਕਿੱਤਾ ਰਿਹਾ ਹੈ। ਜਦੋਂ ਤੱਕ ਉਸ ਨੇ ਜੰਗਲੀ ਜਾਨਵਰਾਂ ਨੂੰ ਪਾਲਤੂ ਬਣਾ ਕੇ ਖੇਤੀ ਲਈ ਜਾਂ ਦੁੱਧ ਲਈ ਨਹੀਂ ਵਰਤਣਾ ਸ਼ੁਰੂ ਕੀਤਾ, ਉਦੋਂ ਤੱਕ ਉਹ ਸ਼ਿਕਾਰ ਨਾਲ ਹੀ ਪੇਟ ਭਰਦਾ ਆਇਆ ਹੈ। ਹੌਲੀ-ਹੌਲੀ ਮਨੁੱਖ ਨੇ ਬਸਤੀਆਂ ਵਸਾ ਲਈਆਂ ਤੇ ਸ਼ਿਕਾਰ ਕਰਨਾ, ਸ਼ਿਕਾਰ ਖੇਡਣਾ ਵਿੱਚ ਤਬਦੀਲ ਹੋ ਗਿਆ। ਸ਼ੇਰ ਦਾ ਜਾਂ ਹੋਰ ਖਤਰਨਾਕ ਜਾਨਵਰਾਂ ਦਾ ਸ਼ਿਕਾਰ ਕਰਨਾ ਮਨੁੱਖ ਦੀ ਬਹਾਦਰੀ ਦੀ ਨਿਸ਼ਾਨੀ ਰਿਹਾ ਹੈ। ਪੁਰਾਣੇ ਜ਼ਮਾਨੇ ਵਿੱਚ ਰਾਜੇ-ਰਾਣੀਆਂ ਅਜਿਹੇ ਜਾਨਵਰਾਂ ਦੇ ਸ਼ਿਕਾਰ ਲਈ ਨਿਕਲਦੇ ਸਨ। ਇਨ੍ਹਾਂ ਸ਼ਿਕਾਰੀਆਂ ਕਾਰਨ ਹੀ ਬਹੁਤ ਸਾਰੇ ਜੀਵਾਂ ਦੀਆਂ ਕਿਸਮਾਂ ਧਰਤੀ ਤੋਂ ਅਲੋਪ ਹੋ ਗਈਆਂ ਹਨ ਜਾਂ ਹੋ ਰਹੀਆਂ ਹਨ। ਇਸੇ ਕਾਰਨ ਹੁਣ ਸ਼ਿਕਾਰੀਆਂ ਖਿਲਾਫ਼ ਬਹੁਤ ਸਾਰੀਆਂ ਸੰਸਥਾਵਾਂ ਬਣ ਗਈਆਂ ਹਨ। ਉਨ੍ਹਾਂ ਦੇ ਪ੍ਰਦਰਸ਼ਨਾਂ ਕਾਰਨ ਹੀ ਸਰਕਾਰਾਂ ਹੁਣ ਕਈ ਕਿਸਮ ਦੇ ਸ਼ਿਕਾਰਾਂ ਉੱਪਰ ਪਾਬੰਦੀਆਂ ਲਾ ਰਹੀਆਂ ਹਨ।

ਅਰਿਸਟੌਟਲ ਆਖਦਾ ਹੈ ਕਿ ਕੁਝ ਜਾਨਵਰ ਸ਼ਿਕਾਰ ਕਰਨ ਲਈ ਢੁਕਵੇਂ ਹੁੰਦੇ ਹਨ ਤੇ ਕੁਝ ਸ਼ਿਕਾਰ ਬਣਨ ਲਈ। ਸ਼ਿਕਾਰ ਲਈ ਜਾਣਾ ਮਨੁੱਖ ਲਈ ਹਮੇਸ਼ਾਂ ਰੁਮਾਂਚਿਤ ਰਿਹਾ ਹੈ।

ਪਹਿਲਾਂ ਮਨੁੱਖ ਨੇ ਸ਼ਿਕਾਰ ਲਈ ਹਥਿਆਰ ਵਰਤੇ, ਖਾਸ ਕਰਕੇ ਤੀਰ-ਕਮਾਨ। ਕਿਹਾ ਜਾਂਦਾ ਹੈ ਕਿ ਤੀਰ-ਕਮਾਨ ਤੇ ਮਨੁੱਖ ਦਾ ਇਤਿਹਾਸ ਇੱਕੋ ਜਿੰਨਾ ਪੁਰਾਣਾ ਹੈ। ਫਿਰ ਮਨੁੱਖ ਨੇ ਸ਼ਿਕਾਰ ਕਰਨ ਲਈ ਜਾਨਵਰ ਵੀ ਸਿਧਾ ਲਏ। ਕੁੱਤੇ ਤੇ ਮਨੁੱਖ ਦੀ ਦੋਸਤੀ ਦਾ ਆਰੰਭ ਵੀ ਸ਼ਿਕਾਰ ਕਰਕੇ ਹੀ ਹੋਇਆ ਜਾਪਦਾ ਹੈ। ਬਾਜ਼ ਵੀ ਮਨੁੱਖ ਦੇ ਸ਼ਿਕਾਰ ਦਾ ਸਾਥੀ ਬਣਦਾ ਆਇਆ ਹੈ। ਅੱਜ ਦੀ ਦੁਨੀਆ ਵਿੱਚ ਸ਼ੇਰ-ਚੀਤੇ ਵਰਗੇ ਜਾਨਵਰਾਂ ਦਾ ਸ਼ਿਕਾਰ ਕਰਨ ਦੀ ਮਨਾਹੀ ਹੈ, ਪਰ ਛੋਟੇ ਜਾਨਵਰਾਂ ਦਾ ਸ਼ਿਕਾਰ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਛੋਟੇ ਜਾਨਵਰਾਂ ਤੋਂ ਭਾਵ ਜੋ ਮਨੁੱਖ ’ਤੇ ਹਮਲਾ ਨਹੀਂ ਕਰਦੇ ਜਾਂ ਜਿਹੜੇ ਜਾਨਵਰ ਮਨੁੱਖ ਦੇ ਖਾਣੇ ਦਾ ਹਿੱਸਾ ਵੀ ਬਣ ਸਕਦੇ ਹਨ।

ਯੂਕੇ ਵਿੱਚ ਛੋਟਾ ਸ਼ਿਕਾਰ ਕਾਫੀ ਪ੍ਰਚੱਲਤ ਹੈ। ਇੱਥੇ ਖਤਰਨਾਕ ਜਾਨਵਰਾਂ ਦੇ ਕਦੇ ਵੀ ਹੋਣ ਦੇ ਖਾਸ ਸਬੂਤ ਨਹੀਂ ਮਿਲਦੇ। ਯੂਕੇ ਦੇ ਨਿੱਕੇ ਜਿਹੇ ਜਜ਼ੀਰੇ ਜਰਸੀ ਵਿੱਚ ਵੱਡੇ ਜਾਨਵਰਾਂ ਦੇ ਰਹਿਣ ਦੇ ਕੁਝ ਨਿਸ਼ਾਨ ਜ਼ਰੂਰ ਮਿਲਦੇ ਹਨ। ਅਜਿਹੇ ਨਿਸ਼ਾਨ ਵੀ ਮਿਲਦੇ ਹਨ ਕਿ ਬਰਫ਼-ਯੁੱਗ ਦਾ ਮਨੁੱਖ ਉਨ੍ਹਾਂ ਨੂੰ ਘੇਰ ਕੇ ਵੱਡੀ ਪਹਾੜੀ ਤੋਂ ਸੁੱਟ ਕੇ ਉਨ੍ਹਾਂ ਦਾ ਸ਼ਿਕਾਰ ਕਰਦਾ ਸੀ। ਅੱਜ ‘ਹੰਟਿੰਗ’ (ਸ਼ਿਕਾਰ ਕਰਨਾ) ਸ਼ਬਦ ਇੱਕ ਟਰਮ ਬਣ ਚੁੱਕਾ ਹੈ ਜੋ ਕੁੱਤਿਆਂ ਨਾਲ ਸ਼ਿਕਾਰ ਖੇਡਣ ਲਈ ਵਰਤੀ ਜਾਂਦੀ ਹੈ। ਇਵੇਂ ਹੀ ‘ਗੇਮ’ ਸ਼ਬਦ ਪੰਛਿਆਂ ਦੇ ਸ਼ਿਕਾਰ ਲਈ ਵਰਤੀ ਜਾਂਦੀ ਟਰਮ ਹੈ। ‘ਹੰਟਿੰਗ’ ਵਿੱਚ ਲੂੰਬੜੀ, ਖਰਗੋਸ਼, ਹਿਰਨ, ਜੰਗਲੀ ਸੂਰ ਆਦਿ ਆਉਂਦੇ ਹਨ। ‘ਗੇਮ’ ਵਿੱਚ ਕਈ ਕਿਸਮ ਦੇ ਤਿੱਤਰ, ਕਬੂਤਰ, ਜੰਗਲੀ ਬਤਖਾਂ, ਮੁਰਗਾਬੀਆਂ, ਮੱਗ ਆਦਿ ਗਿਣੇ ਜਾਂਦੇ ਹਨ। ਅੱਜਕੱਲ੍ਹ ਲੋਕ ਸ਼ਿਕਾਰ ਤਫਰੀਹ ਲਈ ਖੇਡਦੇ ਹਨ। ਸੋ ਇਸ ਨੂੰ ਸ਼ਿਕਾਰ ਕਰਨਾ ਨਹੀਂ ਕਿਹਾ ਜਾ ਸਕਦਾ। ਯੂਕੇ ਦੀ ਸ਼ਿਕਾਰ ਨਾਲ ਸਬੰਧਿਤ ਸੰਸਥਾ ‘ਬ੍ਰਿਟਿਸ਼ ਐਸੋਸੀਏਸ਼ਨ ਫਾਰ ਸ਼ੂਟਿੰਗ ਐਂਡ ਕੰਜ਼ਰਵੇਸ਼ਨ’ ਅਨੁਸਾਰ ਹਰ ਸਾਲ ਯੂਕੇ ਵਿੱਚ ਦਸ ਲੱਖ ਤੋਂ ਵੱਧ ਲੋਕ ਸ਼ਿਕਾਰ ਖੇਡਦੇ ਹਨ। ਇਸ ਖੇਡ ਵਿੱਚ ਬਹੁਤੀ ਵਾਰ ਕੁੱਤਿਆਂ ਤੇ ਸ਼ੌਰਟ-ਗੰਨ ਨੂੰ ਵਰਤਿਆ ਜਾਂਦਾ ਹੈ। ਇਸ ਖੇਡ ਵਿੱਚ ਸ਼ਿਕਾਰੀ ਕੁੱਤਿਆਂ ਨਾਲੋਂ ਖੰਦੇ-ਕੁੱਤੇ ਵਧੇਰੇ ਵਰਤੇ ਜਾਂਦੇ ਹਨ ਜੋ ਸ਼ਿਕਾਰ ਨੂੰ ਉਠਾਉਂਦੇ ਹਨ। ਇਹ ਖਾਸ ਕਿਸਮ ਦੇ ਕੁੱਤੇ ਤਿੰਨ ਹਜ਼ਾਰ ਸਾਲ ਪਹਿਲਾਂ ਰੋਮਨ ਆਪਣੇ ਨਾਲ ਲਿਆਏ ਸਨ। ਰੋਮਨਾਂ ਨੇ ਬਾਅਦ ਵਿੱਚ ਭੂਰੇ ਰੰਗ ਦੇ ਖਰਗੋਸ਼, ਵਿਸ਼ੇਸ਼ ਨਸਲ ਦੇ ਹਿਰਨ ਤੇ ਜੰਗਲੀ ਸੂਰ ਵੀ ਲਿਆ ਕੇ ਛੱਡੇ। ਇੰਜ ਕਰਨ ਦਾ ਉਨ੍ਹਾਂ ਦਾ ਮਕਸਦ ਵੀ ਸ਼ਿਕਾਰਗਾਹਾਂ ਕਾਇਮ ਕਰਨਾ ਸੀ।

ਪੂਰਬੀ ਇੰਗਲੈਂਡ ਦੇ ਨੌਰਫੋਕ ਸ਼ਹਿਰ ਵਿੱਚ ਸ਼ਿਕਾਰ ਨਾਲ ਜੁੜੀ ਪਹਿਲੀ ਘਟਨਾ 1534 ਵਿੱਚ ਰਜਿਸਟਰ ਹੁੰਦੀ ਹੈ। ਉੱਥੇ ਲੂੰਬੜੀਆਂ ਏਨੀਆਂ ਵੱਧ ਗਈਆਂ ਸਨ ਕਿ ਕਿਸਾਨਾਂ ਦਾ ਨੁਕਸਾਨ ਕਰਨ ਲੱਗੀਆਂ ਸਨ। ਇਨ੍ਹਾਂ ਦਾ ਸ਼ਿਕਾਰ ਖੇਡਿਆ ਜਾਣ ਲੱਗਾ। ਨਹੀਂ ਤਾਂ ਲੂੰਬੜੀ ਅਜਿਹਾ ਜਾਨਵਰ ਹੈ ਜਿਸ ਦਾ ਮਾਸ ਆਮ ਨਹੀਂ ਖਾਧਾ ਜਾਂਦਾ। ਸਬੂਤ ਮਿਲਦੇ ਹਨ ਕਿ ਸਤਾਰਵੀਂ ਸਦੀ ਵਿੱਚ ਕੁੱਤਿਆਂ ਨੂੰ ਲੂੰਬੜੀਆਂ ਦਾ ਸ਼ਿਕਾਰ ਕਰਨਾ ਸਿਖਾਇਆ ਜਾਂਦਾ ਸੀ। ਉਦੋਂ ਤੋਂ ਹੀ ਲੋਕ ਗਰੁੱਪ ਬਣਾਕੇ ਸ਼ਿਕਾਰ ਲਈ ਨਿਕਲਣ ਲੱਗੇ ਤੇ ਸ਼ਿਕਾਰ ਖੇਡਣ ਲਈ ਸੰਸਥਾਵਾਂ ਬਣਨ ਲੱਗੀਆਂ। ਸ਼ਿਕਾਰਗਾਹਾਂ ਉਸਰਨ ਲੱਗੀਆਂ। ਅੱਜ ਵਾਲਾ ਹਾਈਡ-ਪਾਰਕ ਕਿਸੇ ਵੇਲੇ ਇੰਗਲੈਂਡ ਦੇ ਮਹਾਰਾਜੇ ਦੀ ਸ਼ਿਕਾਰਗਾਹ ਹੋਇਆ ਕਰਦਾ ਸੀ। ਅਠਾਰਵੀਂ-ਉਨੀਵੀਂ ਸਦੀ ਵਿੱਚ ਸ਼ੌਰਟ-ਗੰਨ ਵਿੱਚ ਕਾਫ਼ੀ ਸਾਰੇ ਸੁਧਾਰ ਹੋਣ ਕਾਰਨ ਇਹ ਸ਼ਿਕਾਰ ਲਈ ਬਹੁਤੀ ਵਰਤੀ ਜਾਣ ਲੱਗੀ। ਹੁਣ ਤੱਕ ਸਰਕਾਰ ਨੇ ਵਾਈਲਡ-ਲਾਈਫ ਬਾਰੇ ਚਿੰਤਾ ਕਰਦਿਆਂ ਇਸ ਬਾਰੇ ਸਖ਼ਤ ਕਾਨੂੰਨ ਬਣਾ ਦਿੱਤੇ ਸਨ। ਸਰਕਾਰ ਦੀ ਆਗਿਆ ਬਿਨਾਂ ਸ਼ਿਕਾਰ ਨਹੀਂ ਸੀ ਖੇਡਿਆ ਜਾ ਸਕਦਾ। 1831 ਵਿੱਚ ਸਰਕਾਰ ਨੇ ਗੇਮ-ਲਾਅ ਕੁਝ ਨਰਮ ਕਰ ਦਿੱਤਾ ਜਿਸ ਨਾਲ ਇਜਾਜ਼ਤ ਲੈਣੀ ਕੁਝ ਸੌਖੀ ਹੋ ਗਈ, ਪਰ ਕਿਸੇ ਦੀ ਮਲਕੀਅਤ ਅੰਦਰ ਮਾਲਕ ਦੀ ਮਰਜ਼ੀ ਬਿਨਾਂ ਸ਼ਿਕਾਰ ਨਹੀਂ ਸੀ ਖੇਡਿਆ ਜਾ ਸਕਦਾ, ਅੱਜ ਵੀ ਇਹੋ ਕਾਨੂੰਨ ਹੈ।

ਉਂਜ ਸ਼ਿਕਾਰ ਖੇਡਣਾ ਅਮੀਰ ਲੋਕਾਂ ਦਾ ਕੰਮ ਹੀ ਰਿਹਾ ਹੈ। ਬੌਕਸਿੰਗ-ਡੇਅ ਵਾਲੇ ਦਿਨ ਸ਼ਿਕਾਰ ਖੇਡਣਾ ਇੱਕ ਰਸਮ ਬਣ ਚੁੱਕਾ ਹੈ। ਵਿਕਟੋਰੀਅਨ ਯੁੱਗ ਵਿੱਚ ਸ਼ਿਕਾਰ ਇੱਕ ਫੈਸ਼ਨਏਬਲ ਖੇਡ ਬਣੀ ਰਹੀ ਹੈ। ਇੱਥੇ ਮਹਾਰਾਜਾ ਦਲੀਪ ਸਿੰਘ ਦੇ ਵਿਕਟੋਰੀਆ ਯੁੱਗ ਦੇ ਇੱਕ ਉੱਘੇ ਸ਼ਿਕਾਰੀ ਦੇ ਤੌਰ ’ਤੇ ਜ਼ਿਕਰ ਕਰਨਾ ਗ਼ਲਤ ਨਹੀਂ ਹੋਵੇਗਾ। ਮਹਾਰਾਜੇ ਦਾ ਨਿਸ਼ਾਨਾ ਬਹੁਤ ਪੱਕਾ ਸੀ। ਉਸ ਨੂੰ ਹਜ਼ਾਰ ਵਿੱਚੋਂ ਵੱਧ ਤੋਂ ਵੱਧ ਪੰਛੀ ਮਾਰ ਸਕਣ ਦਾ ਰੁਤਬਾ ਹਾਸਲ ਸੀ। ਮਹਾਰਾਜੇ ਨੇ ਆਪਣੀ ਐਲਵੇਡਨ ਅਸਟੇਟ ਵਿੱਚ ਬਹੁਤ ਵੱਡੀ ਸ਼ਿਕਾਰਗਾਹ ਬਣਾਈ ਸੀ। ਉੱਥੇ ਉਹ ਸ਼ਿਕਾਰ ਖੇਡਣ ਦੇ ਪੈਸੇ ਲੈਂਦਾ ਸੀ। ਸ਼ਾਹੀ ਪਰਿਵਾਰ ਵੀ ਉੱਥੇ ਸ਼ਿਕਾਰ ਖੇਡਣ ਜਾਂਦਾ ਸੀ। ਐਲਵੇਡਨ ਤੋਂ ਪਹਿਲਾਂ ਮਹਾਰਾਜੇ ਨੇ ਸਕੌਟਲੈਂਡ ਵਿੱਚ ਵੀ ਇੱਕ ਅਸਟੇਟ ਖਰੀਦੀ ਸੀ ਜਿਸ ਵਿੱਚ ਬਹੁਤ ਵੱਡੀ ਸ਼ਿਕਾਰਗਾਹ ਸੀ। ਸਕੌਟਲੈਂਡ ਦੀਆਂ ਸ਼ਿਕਾਰਗਾਹਾਂ ਅੱਜ ਵੀ ਮਸ਼ਹੂਰ ਹਨ। ਐਲਵੇਡਨ ਵਾਲੀ ਸ਼ਿਕਾਰਗਾਹ ਨੂੰ ਹੁਣ ਵੀ ਚੇਤੇ ਕੀਤਾ ਜਾਂਦਾ ਹੈ। ਐਲਵੇਡਨ ਦੇ ਇਲਾਕੇ ਵਿੱਚ ਉਸ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਹਾਲੇ ਵੀ ਕਾਇਮ ਹਨ। ਮਹਾਰਾਜੇ ਦੀ ਸ਼ਿਕਾਰਗਾਹ ਕਾਰਨ ਇਲਾਕੇ ਵਿੱਚ ਖੱਲਾਂ ਤੋਂ ਸਾਮਾਨ ਬਣਾਉਣ ਵਾਲੀਆਂ ਫੈਕਟਰੀਆਂ ਲੱਗ ਗਈਆਂ ਸਨ। ਇਸ ਤੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ ਕਿੰਨੇ ਜਾਨਵਰਾਂ ਦਾ ਸ਼ਿਕਾਰ ਖੇਡਿਆ ਜਾਂਦਾ ਹੋਵੇਗਾ। ਮਹਾਰਾਜਾ ਦਲੀਪ ਸਿੰਘ ਦੀਆਂ ਸ਼ਿਕਾਰ ਖੇਡਦੇ ਦੀਆਂ ਜਾਂ ਅਜਿਹਿਆਂ ਮੌਕਿਆਂ ਦਾ ਜਸ਼ਨ ਮਨਾਉਂਦਿਆਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਇੰਟਰਨੈੱਟ ’ਤੇ ਉਪਲੱਬਧ ਹਨ। ਕਹਾਵਤ ਹੈ ਕਿ ਸ਼ਿਕਾਰੀ ਆਪਣੇ ਬੱਚਿਆਂ ਨਾਲ ਸ਼ਿਕਾਰ ਖੇਡ ਕੇ ਬਹੁਤ ਖੁਸ਼ ਰਹਿੰਦਾ ਹੈ, ਮਹਾਰਾਜੇ ਵਿੱਚ ਇਹ ਗੁਣ ਸੀ। ਉਸ ਦੇ ਦੋ ਵੱਡੇ ਮੁੰਡਿਆਂ ਦਾ ਨਿਸ਼ਾਨਾ ਬਚਪਨ ਵਿੱਚ ਹੀ ਬਹੁਤ ਪੱਕਾ ਸੀ। ਇੰਗਲੈਂਡ ਦੇ ਮਹਾਰਾਜੇ ਕਿੰਗ ਐਡਵਰਡ ਸੱਤਵੇਂ ਦਾ ਨਿਸ਼ਾਨਾ ਵੀ ਬਹੁਤ ਵਧੀਆ ਮੰਨਿਆ ਜਾਂਦਾ ਸੀ। 18 ਦਸੰਬਰ 1913 ਨੂੰ ਉਸ ਨੇ 3937 ਵਿੱਚੋਂ 1000 ਪੰਛੀ ਮਾਰ ਕੇ ਸਭ ਨੂੰ ਹੈਰਾਨ ਕੀਤਾ ਸੀ। ਜੌਰਜ ਪੰਚਮ ਵੀ ਬਹੁਤ ਵਧੀਆ ਸ਼ਿਕਾਰੀ ਸੀ, ਪਰ ਉਸ ਤੋਂ ਬਾਅਦ ਯੂਕੇ ਦੇ ਰਾਜੇ-ਰਾਣੀਆਂ ਨੇ ਪੰਛੀਆਂ ਦਾ ਸ਼ਿਕਾਰ ਕਰਨਾ ਬੰਦ ਕਰ ਦਿੱਤਾ। ਲੋਕਾਂ ਵੱਲੋਂ ਇਸ ਦਾ ਵਿਰੋਧ ਵੀ ਹੋਣ ਲੱਗਾ ਸੀ।

ਸਮੇਂ-ਸਮੇਂ ਸ਼ਿਕਾਰ ਖੇਡਣ ਬਾਰੇ ਕਾਨੂੰਨ ਬਣਦੇ ਰਹੇ ਹਨ। ਜਿਨ੍ਹਾਂ ਦਿਨਾਂ ਵਿੱਚ ਇਹ ਪੰਛੀ ਆਂਡੇ ਜਾਂ ਬੱਚੇ ਦਿੰਦੇ ਹਨ, ਉਨ੍ਹਾਂ ਦਿਨਾਂ ਵਿੱਚ ਇਨ੍ਹਾਂ ਦੇ ਸ਼ਿਕਾਰ ਦੀ ਮਨਾਹੀ ਹੈ। ਆਮ ਤੌਰ ’ਤੇ ਸ਼ਿਕਾਰ ਕਰਨ ਦੀ ਇਜਾਜ਼ਤ ਸਿਆਲਾਂ ਨੂੰ ਹੈ। ਪਹਿਲਾਂ ਤਾਂ ਲੋਕਾਂ ਦੇ ਝੁੰਡ ਲੂੰਬੜੀਆਂ ਦੇ ਸ਼ਿਕਾਰ ਲਈ ਨਿਕਲਦੇ ਹੁੰਦੇ ਸਨ, ਪਰ 2005 ਵਿੱਚ ਇਸ ’ਤੇ ਰੋਕ ਲੱਗ ਗਈ। ਪਰ ਫਿਰ ਵੀ ਸ਼ਿਕਾਰ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਜਿਵੇਂ ਕਿ ਹੁਣ ਤੁਸੀਂ ਬਹੁਤੇ ਕੁੱਤਿਆਂ ਨਾਲ ਸ਼ਿਕਾਰ ’ਤੇ ਨਹੀਂ ਜਾ ਸਕਦੇ। ਕੁੱਤਿਆਂ ਨੂੰ ਲੂੰਬੜੀ ’ਤੇ ਹਮਲਾ ਕਰਨ ਲਈ ਵੀ ਨਹੀਂ ਵਰਤ ਸਕਦੇ, ਉਹ ਸਿਰਫ਼ ਉਨ੍ਹਾਂ ਨੂੰ ਸ਼ਿਕਾਰ ਦੀ ਸੂਹ ਲਈ ਹੀ ਵਰਤ ਸਕਦੇ ਹਨ। ਜੇਕਰ ਲੂੰਬੜੀਆਂ ਤੁਹਾਡੀ ਫਸਲ ਜਾਂ ਜਾਇਦਾਦ ਦਾ ਨੁਕਸਾਨ ਕਰਦੀਆਂ ਹੋਣ ਤਾਂ ਤੁਸੀਂ ਦੋ ਕੁੱਤਿਆਂ ਦੀ ਮਦਦ ਨਾਲ ਉਨ੍ਹਾਂ ਨੂੰ ਭਜਾ ਸਕਦੇ ਹੋ। ਤੁਸੀਂ ਕੁੱਤੇ ਨੂੰ ਉਨ੍ਹਾਂ ਦੀ ਖੁੱਡ ਵਿੱਚ ਉਸ ਵੇਲੇ ਹੀ ਵਾੜੋਗੇ ਜਦੋਂ ਉਹ ਤੁਹਾਡੇ ਰੱਖੇ ਪੰਛੀਆਂ ਲਈ ਖਤਰਾ ਨਾ ਹੋਣ। ਤਾਂ ਵੀ ਲੂੰਬੜੀ ਨੂੰ ਬਾਹਰ ਕੱਢਣ ਲਈ ਇੱਕ ਕੁੱਤਾ ਹੀ ਉਸ ਦੀ ਖੁੱਡ ਵਿੱਚ ਵਾੜੋਗੇ। ਲੂੰਬੜੀ ਦਿਸ ਜਾਣ ਤੋਂ ਇਕਦਮ ਬਾਅਦ ਤੁਹਾਨੂੰ ਉਸ ਨੂੰ ਗੋਲੀ ਮਾਰਨੀ ਹੋਵੇਗੀ, ਖੁੰਝ ਗਏ ਤਾਂ ਗੋਲੀ ਨਹੀਂ ਮਾਰੋਗੇ। ਜਿੱਥੇ ਤੁਸੀਂ ਲੂੰਬੜੀ ਦਾ ਸ਼ਿਕਾਰ ਕਰ ਰਹੇ ਹੋਵੋਗੇ, ਉਸ ਜਗ੍ਹਾ ਦੇ ਤੁਸੀਂ ਮਾਲਕ ਹੋਣੇ ਚਾਹੀਦੇ ਹੋ ਜਾਂ ਮਾਲਕ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਜੇ ਤੁਸੀਂ ਕਾਨੂੰਨ ਨਹੀਂ ਮੰਨਦੇ ਤਾਂ ਤੁਹਾਡਾ ਕੁੱਤਾ ਤੇ ਗੰਨ ਦੋਵੇਂ ਹੀ ਜ਼ਬਤ ਕੀਤੇ ਜਾ ਸਕਦੇ ਹਨ।

ਹਿਰਨ ਦੇ ਸ਼ਿਕਾਰ ਲਈ ਖਾਸ ਲਾਇਸੈਂਸ ਲੈਣਾ ਪੈਂਦਾ ਹੈ। ਉਸ ਨੂੰ ਮਾਰਨ ਲਈ ਖਾਸ ਕਿਸਮ ਦੀ ਗੋਲੀ ਵਰਤੀ ਜਾਣੀ ਚਾਹੀਦੀ ਹੈ। ਉਸ ਦੇ ਸ਼ਿਕਾਰ ਦਾ ਸਮਾਂ ਵੀ ਸਿਆਲ ਹੀ ਹੈ। ਰਾਤ ਨੂੰ ਹਿਰਨ ਦਾ ਸ਼ਿਕਾਰ ਨਹੀਂ ਕੀਤਾ ਜਾ ਸਕਦਾ। ਉਸ ਦਾ ਪਿੱਛਾ ਕਰਨ ਲਈ ਕੋਈ ਵਾਹਨ ਨਹੀਂ ਵਰਤਿਆ ਜਾਣਾ ਚਾਹੀਦਾ। ਪੰਛੀਆਂ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਕੁਝ ਹੈ। ਗੰਨ ਦੀ ਨਲ਼ੀ ਇੱਕ ਖਾਸ ਆਕਾਰ ਤੋਂ ਵੱਡੀ ਨਹੀਂ ਹੋਣੀ ਚਾਹੀਦੀ ਤੇ ਬੰਦੂਕ ਵੀ ਦੋ ਰਾਊਂਡਾਂ ਤੋਂ ਵੱਧ ਵਾਲੀ ਨਹੀਂ ਚਾਹੀਦੀ। ਨਕਲੀ ਰੌਸ਼ਨੀ ਵਾਲੀ ਗੰਨ ਵਰਤਣ ਦੀ ਵੀ ਮਨਾਹੀ ਹੈ। ਸ਼ਿਕਾਰ ਲਈ ਸਰਚ-ਲਾਈਟ ਵੀ ਨਹੀਂ ਵਰਤੀ ਜਾ ਸਕਦੀ। ਐਤਵਾਰ ਤੇ ਕ੍ਰਿਸਮਸ ਵਾਲੇ ਦਿਨ ਪੰਛੀਆਂ ਦਾ ਸ਼ਿਕਾਰ ਨਹੀਂ ਕੀਤਾ ਜਾ ਸਕਦਾ। ਸ਼ਿਕਾਰ ਲਈ ਵੀ ਉਹੀ ਪੰਛੀ ਮਿੱਥੇ ਗਏ ਹਨ ਜਿਨ੍ਹਾਂ ਨੂੰ ਮਨੁੱਖ ਖਾਂਦਾ ਹੈ। ਬਹੁਤੇ ਪੰਛੀਆਂ ਦੇ ਸ਼ਿਕਾਰ ਦੀ ਸਖ਼ਤ ਮਨਾਹੀ ਹੈ। ਹਾਂ, ਸ਼ਿਕਾਰ ਕੀਤੇ ਪੰਛੀਆਂ ਨੂੰ ਮੀਟ ਦੇ ਤੌਰ ’ਤੇ ਵੇਚਣ ਦੀ ਮਨਾਹੀ ਨਹੀਂ ਹੈ। ਸਗੋਂ ਇਹ ਮੀਟ ਮਹਿੰਗਾ ਵਿਕਦਾ ਹੈ।

ਮੱਛੀ ਫੜਨਾ ਵੀ ਖੇਡ ਵਿੱਚ ਹੀ ਆਉਂਦਾ ਹੈ। ਇੱਥੇ ਮਛੇਰੇ ਤੇ ਮੱਛੀ ਦੇ ਸ਼ਿਕਾਰੀ ਵਿੱਚ ਬਹੁਤ ਫ਼ਰਕ ਹੈ। ਸ਼ਿਕਾਰੀ ਮੱਛੀ ਨੂੰ ਫੜ ਕੇ ਬਹੁਤੀ ਵਾਰ ਛੱਡ ਦਿੰਦੇ ਹਨ ਤੇ ਮਛੇਰਿਆਂ ਦਾ ਇਹ ਉਪਜੀਵਕਾ ਦਾ ਸਾਧਨ ਹੁੰਦਾ ਹੈ। ਮੱਛੀ ਦਾ ਸ਼ਿਕਾਰ ਕਰਨਾ ਸੌਖਾ ਹੀ ਹੈ, ਪਰ ਫਿਰ ਵੀ ਤੁਸੀਂ ਕਿਤੇ ਵੀ ਕੁੰਡੀ ਸੁੱਟ ਕੇ ਨਹੀਂ ਬਹਿ ਸਕਦੇ। ਕੁਝ ਖਾਸ ਕਿਸਮ ਦੀਆਂ ਮੱਛੀਆਂ ਜਿਵੇਂ ਕਿ ਸਾਮਨ, ਟਰਾਊਟ ਫੜਨ ਲਈ ਲਾਇਸੈਂਸ ਜ਼ਰੂਰ ਲੈਣਾ ਪੈਂਦਾ ਹੈ। ਲਾਇਸੈਂਸ ਲਈ ਘੱਟੋ-ਘੱਟ ਉਮਰ ਤੇਰਾਂ ਸਾਲ ਚਾਹੀਦੀ ਹੈ। ਲੰਡਨ ਦੇ ਥੇਮਜ਼ ਦਰਿਆ ਵਿੱਚੋਂ ਮੱਛੀ ਫੜਨ ਦੀ ਖਾਸ ਇਜਾਜ਼ਤ ਲੈਣੀ ਪੈਂਦੀ ਹੈ। ਬਾਕੀ ਦੇ ਝੀਲਾਂ, ਦਰਿਆਵਾਂ ਵਿੱਚੋਂ ਮੱਛੀ ਫੜਨ ਦੇ ਸਥਾਨਕ ਕਾਨੂੰਨ ਹੁੰਦੇ ਹਨ, ਥੋੜ੍ਹੀ ਜਿਹੀ ਫੀਸ ਦੇ ਕੇ ਤੁਸੀਂ ਗੇਮ ਖੇਡ ਸਕਦੇ ਹੋ ਭਾਵ ਮੱਛੀ ਫੜ ਸਕਦੇ ਹੋ।

ਸ਼ਿਕਾਰ ਖੇਡਣਾ ਇੱਕ ਖਬਤੀ ਰੁਝਾਨ ਹੈ। ਕਈਆਂ ਨੂੰ ਇਹ ਮੁਆਫਕ ਬੈਠਦਾ ਹੈ ਤੇ ਉਨ੍ਹਾਂ ਨੂੰ ਆਰਾਮ ਦਿੰਦਾ ਹੈ, ਪਰ ਕਈਆਂ ਨੂੰ ਇਹ ਕੰਮ ਫਜ਼ੂਲ ਲੱਗਦਾ ਹੈ। ਕਈ ਲੋਕ ਇੱਕ ਮੱਛੀ ਨੂੰ ਫੜਨ ਲਈ ਘੰਟਿਆਂ ਬੱਧੀ ਬੈਠੇ ਰਹਿੰਦੇ ਹਨ ਜਿਸ ਨੂੰ ਉਨ੍ਹਾਂ ਨੇ ਵਾਪਸ ਛੱਡ ਦੇਣਾ ਹੁੰਦਾ ਹੈ ਤੇ ਕਈ ਉਨ੍ਹਾਂ ਉੱਪਰ ਹੱਸਦੇ ਹਨ। ਜਿੱਥੇ ਸ਼ਿਕਾਰ ਖੇਡਣ ਦੇ ਖਿਲਾਫ਼ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ, ਉੱਥੇ ਇਸ ਦੇ ਹੱਕ ਵਿੱਚ ਦਲੀਲ ਦਿੱਤੀ ਜਾਂਦੀ ਹੈ ਕਿ ਸ਼ਿਕਾਰ ਖੇਡਣਾ ਕੁਦਰਤ ਦਾ ਸੰਤੁਲਨ ਰੱਖਣ ਲਈ ਜ਼ਰੂਰੀ ਹੈ ਨਹੀਂ ਤਾਂ ਇਹ ਜਾਨਵਰ ਏਨੇ ਹੋ ਜਾਣ ਕਿ ਫ਼ਸਲਾਂ ਦਾ ਤੇ ਹੋਰ ਕਈ ਕਸਮ ਦਾ ਨੁਕਸਾਨ ਕਰਨ। ਇਸ ਦਾ ਸਬੂਤ ਹੈ ਕਿ ਜਦੋਂ ਤੋਂ ਲੂੰਬੜੀਆਂ ਨੂੰ ਮਾਰਨ ਉੱਪਰ ਕਈ ਕਿਸਮ ਦੀਆਂ ਪਾਬੰਦੀਆਂ ਲੱਗੀਆਂ ਹਨ, ਲੂੰਬੜੀਆਂ ਦੀ ਆਬਾਦੀ ਬਹੁਤ ਵਧ ਗਈ ਹੈ, ਏਨੀ ਕਿ ਇਹ ਜੰਗਲ ਵੱਲੋਂ ਸ਼ਹਿਰ ਵਿੱਚ ਆ ਵੜੀਆਂ ਹਨ। ਲੰਡਨ ਹੁਣ ਲੂੰਬੜੀਆਂ ਨਾਲ ਭਰਿਆ ਪਿਆ ਹੈ।
ਈ-ਮੇਲ : harjeetatwal@hotmail.co.uk



News Source link
#ਜਨ #ਲਣ #ਦ #ਖਡ

- Advertisement -

More articles

- Advertisement -

Latest article