24.2 C
Patiāla
Monday, April 29, 2024

ਨੀਲ ਦੀ ਜਲ ਧਾਰਾ

Must read


ਹਰਜੀਤ ਅਟਵਾਲ

ਨੀਲ ਦਰਿਆ ਨੂੰ ਕੌਣ ਨਹੀਂ ਜਾਣਦਾ! ਇਸ ਬਾਰੇ ਅਨੇਕਾਂ ਕਿਤਾਬਾਂ, ਫਿਲਮਾਂ, ਡਾਕੂਮੈਂਟਰੀਜ਼ ਮਿਲਦੀਆਂ ਹਨ। ਅੰਗਰੇਜ਼ੀ ਵਿੱਚ ਇਸ ਨੂੰ ਨਾਇਲ ਕਹਿੰਦੇ ਹਨ। ਵੈਸੇ ਤਾਂ ਹਰ ਬੋਲੀ ਵਿੱਚ ਨੀਲ ਦਰਿਆ ਲਈ ਵੱਖਰਾ ਹੀ ਨਾਂ ਵਰਤਿਆ ਜਾਂਦਾ ਹੈ, ਪਰ ਨੀਲ ਅਰਬੀ ਭਾਸ਼ਾ ਦਾ ਸ਼ਬਦ ਹੈ। ਮਿਸਰ ਦੀ ਸੱਭਿਅਤਾ ਦਾ ਜ਼ਾਮਨ ਇਹ ਦਰਿਆ ਦੁਨੀਆ ਦਾ ਸਭ ਤੋਂ ਵੱਡਾ ਦਰਿਆ ਹੈ। ਇਸ ਧਰਤੀ ਉੱਪਰ ਇਸ ਦੇ ਬਰਾਬਰ ਦਾ ਦਰਿਆ ਸਿਰਫ਼ ਐਮਾਜ਼ੋਨ ਦਰਿਆ (3997 ਮੀਲ) ਹੈ। ਨੀਲ ਦਾ ਮਨੁੱਖੀ ਇਤਿਹਾਸ ਵਿੱਚ ਬਹੁਤ ਮਹੱਤਵ ਹੈ। ਇਹ ਇਥੋਪੀਆ, ਰਵਾਂਡਾ ਤੋਂ ਵਹਿੰਦਾ ਹੋਇਆ ਸੁਡਾਨ ਦੇ ਸਹਾਰਾ ਮਾਰੂਥਲ ਵਿੱਚੋਂ ਲੰਘਦਾ ਹੋਇਆ ਮਿਸਰ ਪੁੱਜਦਾ ਹੈ।

ਇਹ ਦਰਿਆ ਜਿੱਥੋਂ ਵੀ ਲੰਘਦਾ ਹੈ ਲੋਕਾਈ ਨੂੰ ਜੀਵਨਦਾਨ ਬਖ਼ਸ਼ਦਾ ਲੰਘਦਾ ਹੈ। ਮਿਸਰ ਦੀ ਤਾਂ 90% ਆਬਾਦੀ ਨੀਲ ਦੇ ਕੰਢੇ ਹੀ ਵਸਦੀ ਹੈ। ਮਿਸਰ ਦੇ ਵੱਡੇ-ਵੱਡੇ ਪਿਰਾਮਿਡਾਂ ਨੂੰ ਬਣਾਉਣ ਵਿੱਚ ਵੀ ਨੀਲ ਦਰਿਆ ਦਾ ਬਹੁਤ ਵੱਡਾ ਹੱਥ ਹੈ। ਅੱਜ ਵੀ ਮਿਸਰ ਦੀ ਆਰਥਿਕਤਾ ਵਿੱਚ ਨੀਲ ਅਹਿਮ ਭੂਮਿਕਾ ਨਿਭਾ ਰਿਹਾ ਹੈ। ਮਿਸਰ ਦੇ ਲੋਕ ਕਾਸ਼ਤਕਾਰੀ ਨੀਲ ਦੇ ਵਹਾਅ ਨਾਲ ਕਰਦੇ ਹਨ। ਜੁਲਾਈ ਦੇ ਅੱਧ ਵਿੱਚ ਇਸ ਵਿੱਚ ਹੜ੍ਹ ਆਉਂਦੇ ਹਨ ਤੇ ਹੜ੍ਹ ਉਪਜਾਊ ਮਿੱਟੀ ਮਿਸਰ ਦੇ ਖੇਤਾਂ ਵਿੱਚ ਖਿਲਾਰ ਜਾਂਦੇ ਹਨ। ਇਸ ਮਿੱਟੀ ਨੂੰ ਮਿਸਰੀ ਭਾਸ਼ਾ ਵਿੱਚ ‘ਔਰ’ ਆਖਦੇ ਹਨ ਜਿਸ ਦੇ ਮਾਅਨੇ ‘ਜੀਵਨ ਦਿੰਦੀ ਮਿੱਟੀ’ ਹੈ।

ਗਰੀਕ ਇਤਿਹਾਸਕਾਰ ਹੈਰੋਡੋਟੁਸ, ਜੋ ਤਕਰੀਬਨ ਤਿੰਨ ਹਜ਼ਾਰ ਸਾਲ ਪਹਿਲਾਂ ਹੋਇਆ, ਲਿਖਦਾ ਹੈ ਕਿ ਨੀਲ ਮਿਸਰ ਲਈ ਰੱਬ ਵੱਲੋਂ ਦਿੱਤਾ ਤੋਹਫ਼ਾ ਹੈ। ਉਸ ਨੇ ਇਹ ਵੀ ਲਿਖਿਆ ਕਿ ਐਡੇ ਵੱਡੇ ਦਰਿਆ ਦਾ ਸੋਮਾ ਤੈਅ ਕਰਨਾ ਸੌਖਾ ਨਹੀਂ ਹੁੰਦਾ। ਮਿਸਰ ਹੀ ਨਹੀਂ, ਨੀਲ ਆਪਣੇ ਸਮੁੱਚੇ ਚਾਰ ਹਜ਼ਾਰ ਮੀਲ ਤੋਂ ਵੱਧ ਦੇ ਸਫ਼ਰ ਦਰਮਿਆਨ ਆਲੇ-ਦੁਆਲੇ ਦੇ ਲੋਕਾਂ ਨੂੰ ਆਰਥਿਕ, ਸੱਭਿਆਚਾਰਕ ਤੇ ਧਾਰਮਿਕ ਤੌਰ ’ਤੇ ਪ੍ਰਭਾਵਿਤ ਕਰਦਾ ਹੈ। ਬਹੁਤ ਸਾਰੇ ਲੋਕ ਨੀਲ ਨੂੰ ਧਰਮ ਜਾਂ ਰੱਬੀ ਸ਼ਕਤੀ ਨਾਲ ਜੋੜ ਕੇ ਵੀ ਦੇਖਦੇ ਹਨ। ਮਿਸਰ ਦੇ ਲੋਕ ਸੋਚਦੇ ਹਨ ਕਿ ਮੌਤ ਤੋਂ ਬਾਅਦ ਨੀਲ ਦਰਿਆ ਰਾਹੀਂ ਹੀ ਅਗਲੇ ਸਫ਼ਰ ਵੱਲ ਜਾਣਾ ਹੈ। ਇਸ ਵਿੱਚ ਰਹਿੰਦੇ ਮਗਰਮੱਛਾਂ ਨੂੰ ਰੱਬ ਦੇ ਦੂਤ ਸਮਝਦੇ ਹਨ। ਨੀਲ ਅਫ਼ਰੀਕਾ ਤੋਂ ਉੱਤਰ ਵੱਲ ਨੂੰ ਵਹਿੰਦਾ ਹੋਇਆ 4132 ਮੀਲ ਦਾ ਸਫ਼ਰ ਤੈਅ ਕਰਕੇ ਮੈਡੀਟੇਰੀਅਨ ਸਾਗਰ ਵਿੱਚ ਆ ਪੈਂਦਾ ਹੈ।

ਇਹ ਨੌਂ ਅਫ਼ਰੀਕੀ ਮੁਲਕਾਂ ਵਿੱਚੋਂ ਲੰਘਦਾ ਹੈ ਤੇ ਗਿਆਰਾਂ ਮੁਲਕਾਂ ਦਾ ਵਾਧੂ ਪਾਣੀ ਸਾਂਭਦਾ ਹੈ। ਇਸ ਦੇ ਹੜ੍ਹ ਸੁਡਾਨ ਅਤੇ ਮਿਸਰ ’ਤੇ ਬਹੁਤੀ ਮਾਰ ਕਰਦੇ ਹਨ। ਦਰਿਆ ਨੀਲ ਲਗਭਗ ਤੇਰਾਂ ਲੱਖ ਵਰਗ ਮੀਲ ਧਰਤੀ ਆਪਣੇ ਹੇਠ ਲੈਂਦਾ ਹੈ ਜੋ ਅਫ਼ਰੀਕਾ ਦਾ ਦਸਵਾਂ ਹਿੱਸਾ ਬਣਦਾ ਹੈ। ਇਸ ਦਰਿਆ ਦਾ ਅਸਲੀ ਮਾਲਕ ਕੌਣ ਹੈ, ਇਸ ਬਾਰੇ ਵੀ ਛੇਆਂ ਮੁਲਕਾਂ ਵਿੱਚ ਝਗੜਾ ਰਹਿੰਦਾ ਹੈ। 1929 ਵਿੱਚ ਹੋਈ ਇੱਕ ਸੰਧੀ ਅਨੁਸਾਰ ਸੁਡਾਨ ਤੇ ਮਿਸਰ ਦਾ ਇਸ ਉੱਪਰ ਵੱਡਾ ਹੱਕ ਹੈ। ਇਸ ਦਰਿਆ ਉੱਪਰ ਕਈ ਡੈਮ ਬਣੇ ਹੋਏ ਹਨ। ਇਥੋਪੀਆ ਵੱਲੋਂ ਬਣਾਇਆ ਡੈਮ ਬਹਿਸ ਦਾ ਕਾਰਨ ਬਣਿਆ ਹੋਇਆ ਹੈ ਕਿਉਂਕਿ ਇਸ ਕਾਰਨ ਪਾਣੀ ਰੁਕਦਾ ਹੈ। ਇਸ ਦੇ ਰਾਹ ਵਿੱਚ ਹੀ ਮੈਨ ਮੇਡ ਨਾਸਿਰ ਝੀਲ ਵੀ ਪੈਂਦੀ ਹੈ।

ਨੀਲ ਦਰਿਆ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ, ਪਰ ਇਹ ਦਰਿਆ ਨਿਕਲਦਾ ਕਿੱਥੋਂ ਹੈ ਜਾਂ ਇਸ ਦੇ ਸੋਮੇ ਕਿੱਥੇ ਹਨ, ਇਸ ਬਾਰੇ ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਹਨ। ਇਹ ਸਵਾਲ ਨਵੇਂ ਨਹੀਂ ਸਗੋਂ ਹਜ਼ਾਰਾਂ ਸਾਲ ਪੁਰਾਣੇ ਹਨ। ਮਿਸਰ ਦੀ ਸੱਭਿਅਤਾ ਪੰਜ ਹਜ਼ਾਰ ਸਾਲ ਪੁਰਾਣੀ ਹੈ ਤੇ ਨੀਲ ਉਸ ਤੋਂ ਪਹਿਲਾਂ ਦਾ ਵਗਦਾ ਆ ਰਿਹਾ ਹੈ। ਕਿਹਾ ਜਾਂਦਾ ਹੈ ਕਿ ਮਿਸਰ ਕੰਢੇ ਪਹਿਲਾ ਮਨੁੱਖ ਅੱਠ ਹਜ਼ਾਰ ਸਾਲ ਪਹਿਲਾਂ ਵਸਿਆ। ਤਿੰਨ ਸੌ ਬੀ.ਸੀ. ਵਿੱਚ ਫਿਲਾਡੈਲਫਸ ਨਾਂ ਦੇ ਰਾਜੇ ਨੇ ਇੱਕ ਟੀਮ ਨੀਲ ਦੇ ਸੋਮੇ ਵੱਲ ਭੇਜੀ ਸੀ ਤਾਂ ਜੋ ਹੜ੍ਹ ਰੋਕੇ ਜਾ ਸਕਣ। ਉਹ ਟੀਮ ਏਨਾ ਹੀ ਦੱਸ ਸਕੀ ਕਿ ਨੀਲ ਇਥੋਪੀਆ ਦੀਆਂ ਪਹਾੜੀਆਂ ਵਿੱਚੋਂ ਨਿਕਲਦਾ ਹੈ। ਨੀਲ ਸ਼ੁਰੂ ਦੇ 900 ਮੀਲ ਇਥੋਪੀਆ ਦੀਆਂ ਪਹਾੜੀ ਖੱਡਾਂ ਵਿੱਚ ਵਗਦਾ ਹੈ। ਇਸ ਦੇ ਦੁਆਲੇ ਦੋ-ਦੋ ਮੀਲ ਉੱਚੀਆਂ-ਸਿੱਧੀਆਂ ਪਹਾੜੀਆਂ ਹਨ ਤੇ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਹੈ, ਇਸ ਕਰਕੇ ਇਸ ਰਸਤੇ ਨੀਲ ਦੇ ਸੋਮੇ ਤੱਕ ਪੁੱਜਣਾ ਅਸੰਭਵ ਸੀ। ਸੋ ਇੱਥੋਂ ਤੀਕ ਪੁੱਜਣ ਲਈ ਹਜ਼ਾਰਾਂ ਸਾਲ ਲੱਗ ਗਏ, ਪਰ ਫਿਰ ਪਤਾ ਚੱਲਿਆ ਕਿ ਇਹ ਵੀ ਨੀਲ ਦਾ ਸੋਮਾ ਨਹੀਂ ਤਾਂ ਇਸ ਬਾਰੇ ਮੁੜ ਸਵਾਲ ਖੜ੍ਹੇ ਹੋ ਗਏ। ਨੀਲ ਦਾ ਸੋਮਾ ਲੱਭਣ ਵਾਲੇ ਇਸ ਦੇ ਵਹਾਅ ਦੇ ਉਲਟ ਚੱਲਦੇ ਸਨ, ਕਿਉਂਕਿ ਇਨ੍ਹਾਂ ਵਿੱਚੋਂ ਬਹੁਤੇ ਯੂਰਪੀਅਨ ਲੋਕ ਸਨ। ਜਦੋਂ ਤੋਂ ਅਖ਼ਬਾਰਾਂ ਜਾਂ ਮੀਡੀਆ ਦਾ ਸੰਚਾਰ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਨੀਲ ਦੇ ਸੋਮੇ ਬਾਰੇ ਬਹਿਸਾਂ ਸ਼ੁਰੂ ਹੋਈਆਂ ਮਿਲਦੀਆਂ ਹਨ। ਮੀਡੀਆ ਵਿੱਚ ਸਵਾਲ ਉੱਠਦਾ ਹੈ ਕਿ ਮਨੁੱਖ ਨੇ ਅਮਰੀਕਾ, ਭਾਰਤ, ਆਸਟਰੇਲੀਆ ਲੱਭ ਲਿਆ, ਪਰ ਇਹ ਨਹੀਂ ਪਤਾ ਕਰ ਸਕਿਆ ਕਿ ਨੀਲ ਕਿੱਥੋਂ ਨਿਕਲਦਾ ਹੈ?

ਜੇ ਵਹਾਅ ਤੋਂ ਉਲਟ ਨੀਲ ਰਾਹੀਂ ਜਾਇਆ ਜਾਵੇ ਤਾਂ ਸੁਡਾਨ ਦੀ ਰਾਜਧਾਨੀ ਖਰਟੌਮ ਤੋਂ ਅੱਗੇ ਦੋ ਨੀਲ ਬਣ ਜਾਂਦੇ ਹਨ, ਬਲਿਊ ਨੀਲ ਤੇ ਵ੍ਹਾਈਟ ਨੀਲ। ਜਾਂ ਇਵੇਂ ਕਹਿ ਲਓ ਕਿ ਅਫ਼ਰੀਕਾ ਵੱਲੋਂ ਦੋ ਨੀਲ ਆਉਂਦੇ ਹਨ ਤੇ ਖਰਟੌਮ ਆ ਕੇ ਇੱਕ ਹੋ ਜਾਂਦੇ ਹਨ। ਬਲਿਊ ਨੀਲ ਦਾ ਪਾਣੀ ਵੈਸੇ ਤਾਂ ਮਟਮੈਲਾ ਹੈ, ਪਰ ਹੜ੍ਹਾਂ ਦੇ ਦਿਨਾਂ ਵਿੱਚ ਇਹ ਨੀਲਾ ਹੋ ਜਾਂਦਾ ਹੈ। ਵ੍ਹਾਈਟ ਨੀਲ ਦਾ ਪਾਣੀ ਆਮ ਸਫ਼ੈਦ ਹੈ। ਜਿੱਥੇ ਇਹ ਦੋਵੇਂ ਦਰਿਆ ਆ ਕੇ ਮਿਲਦੇ ਹਨ, ਕਈ ਮੀਲ ਤੱਕ ਇਹ ਆਪੋ-ਆਪਣੀ ਹੋਂਦ ਬਣਾਈ ਰੱਖਦੇ ਹਨ। ਕਿਆਰੋ (ਮਿਸਰ) ਆ ਕੇ ਨੀਲ ਇੱਕ ਵਾਰ ਫਿਰ ਦੋ ਸ਼ਾਖਾਵਾਂ ਵਿੱਚ ਵੰਡਿਆ ਜਾਂਦਾ ਹੈ। ਇਸ ਦੀ ਪੱਛਮ ਵੱਲ ਦੀ ਸ਼ਾਖਾ ਨੂੰ ਰੋਸੈਟ ਬਰਾਂਚ ਆਖਦੇ ਹਨ ਤੇ ਪੂਰਬ ਵੱਲ ਦੀ ਨੂੰ ਡਾਮੀਟਾ ਬਰਾਂਚ। ਇਹ ਦੋਵੇਂ ਸ਼ਾਖਾਵਾਂ ਡੈਲਟਾ ਬਣਾਉਂਦੀਆਂ ਹੋਈਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ। ਇੱਕ ਯੈਲੋ ਨੀਲ ਵੀ ਸੀ, ਪਰ ਉਹ ਸੁੱਕ ਗਿਆ। ਕਈ ਵਾਰ ਰੈੱਡ ਨੀਲ ਨਾਂ ਪੜ੍ਹਨ ਨੂੰ ਵੀ ਮਿਲ ਜਾਂਦਾ ਹੈ।

1870 ਵਿੱਚ ਡੇਵਿਡ ਲਿਵਿੰਗਸਟੋਨ ਤੇ ਹੈਨਰੀ ਸਟੈਨਲੇ ਨੇ ਇਹ ਪੁਸ਼ਟੀ ਕੀਤੀ ਕਿ ਬਲਿਊ ਨੀਲ ਇਥੋਪੀਆ ਦੀ ਟਾਨਾ ਝੀਲ ਵਿੱਚੋਂ ਨਿਕਲਦਾ ਹੈ। ਅਗਲੀ ਖੋਜ ਤੋਂ ਪਤਾ ਲੱਗਾ ਕਿ ਬਲਿਊ ਨੀਲ ਟਾਨਾ ਝੀਲ ਦੇ ਹੀ ਨੇੜੇ ਪੈਂਦੇ ‘ਗੀਸ਼ ਐਬੇ’ ਨਾਂ ਦੇ ਪਿੰਡ ਵਿੱਚੋਂ ਇੱਕ ਚਸ਼ਮੇ ਵਾਂਗ ਫੁੱਟਦਾ ਹੈ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਚਸ਼ਮੇ ਦੇ ਕੰਢੇ 1618 ਤੋਂ ਹੀ ਇੱਕ ਸਪੈਨਿਸ਼ ਪਾਦਰੀ ਦਾ ਕਾਇਮ ਕੀਤਾ ਚਰਚ ਚੱਲਦਾ ਆ ਰਿਹਾ ਸੀ ਤੇ ਅੱਜ ਵੀ ਕਾਇਮ ਹੈ। ਸਗੋਂ ਹੁਣ ਤਾਂ ਇਹ ਚਰਚ ਇਸਾਈ ਧਰਮ ਦਾ ਮਸ਼ਹੂਰ ਸਿੱਖਿਆ ਕੇਂਦਰ ਬਣਿਆ ਹੋਇਆ ਹੈ। ਨੀਲ ਦਰਿਆ ਦੇ ਇਸ ਚਸ਼ਮੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਉੱਪਰ ਟੀਨ ਦੀ ਸ਼ੈੱਡ ਪਾਈ ਹੋਈ ਹੈ ਤੇ ਔਰਤਾਂ ਨੂੰ ਅੰਦਰ ਜਾਣ ਦੀ ਮਨਾਹੀ ਹੈ। ਲੋਕ ਇੱਥੋਂ ਗੰਗਾਜਲ ਵਾਂਗ ਬੋਤਲਾਂ ਜਾਂ ਕੇਨੀਆਂ ਭਰ-ਭਰ ਕੇ ਲੈ ਜਾਂਦੇ ਹਨ। ਇਹ ਪਵਿੱਤਰ ਪਾਣੀ ਬੈਪਟਾਈਜ਼ (ਧਾਰਮਿਕ ਰਸਮ) ਕਰਨ ਲਈ ਵਰਤਿਆ ਜਾਂਦਾ ਹੈ। ਕੁਝ ਸਾਲ ਪਹਿਲਾਂ ਕੁਝ ਅਮਰੀਕਨ ਨੇਵੀਗੇਟਰਜ਼ ਨਵੀਂ ਤਕਨੀਕ ਨਾਲ ਬਲਿਊ ਨੀਲ ਦਾ ਸੋਮਾ ਲੱਭਦੇ-ਲੱਭਦੇ ਇੱਥੇ ਪੁੱਜੇ ਸਨ, ਉਨ੍ਹਾਂ ਦੀ ਇਸ ਖੋਜ ’ਤੇ ਆਧਾਰਿਤ ਫਿਲਮ ਵੀ ਬਣੀ ਸੀ ਜਿਸ ਦਾ ਨਾਂ ਸੀ, ‘ਦਿ ਮਿਸਟਰੀ ਆਫ ਦਿ ਨਾਈਲ’। ਬਲਿਊ ਨੀਲ ਜਿਵੇਂ-ਜਿਵੇਂ ਇਹ ਅੱਗੇ ਵਧਦਾ ਜਾਂਦਾ ਹੈ, ਇਹ ਵੱਡਾ ਹੁੰਦਾ ਜਾਂਦਾ ਹੈ। ਪਹਾੜੀਆਂ ਦਾ ਬਰਸਾਤੀ ਪਾਣੀ ਇਸ ਵਿੱਚ ਪੈਂਦਾ ਹੈ। ਇਹ ਪਾਣੀ ਹੀ ਹੜ੍ਹਾਂ ਦਾ ਮੁੱਖ ਕਾਰਨ ਬਣਦਾ ਹੈ। ਬਰਸਾਤਾਂ ਦੇ ਦਿਨਾਂ ਵਿੱਚ ਬਲਿਊ ਨੀਲ ਮੁੱਖ ਨੀਲ ਦੇ ਪਾਣੀ ਵਿੱਚ 80 ਫੀਸਦੀ ਹਿੱਸਾ ਪਾਉਂਦਾ ਹੈ।

ਬਲਿਊ ਨੀਲ ਦਾ ਸੋਮਾ ਮਿੱਥੇ ਜਾਣ ਤੋਂ ਬਾਅਦ ਖੋਜੀਆਂ ਦਾ ਸਾਰਾ ਧਿਆਨ ਵ੍ਹਾਈਟ ਨੀਲ ਦੇ ਸੋਮੇ ਵੱਲ ਹੋ ਗਿਆ। ਖੋਜੀ ਰਿਚਰਡ ਫਰਾਂਸਿਸ ਬਰਟਨ ਬਹੁਤ ਘੁੰਮਿਆ-ਫਿਰਿਆ ਬੰਦਾ ਸੀ। ਉਹ ਚਿੱਟੇ ਕੱਪੜੇ ਪਾ ਕੇ ਪਸ਼ਤੂਨ ਦੇ ਭੇਸ ਵਿੱਚ ਮੱਕੇ ਵੀ ਜਾ ਚੁੱਕਾ ਸੀ। ਉਹ ਬਾਰਾਂ ਜ਼ੁਬਾਨਾਂ ਜਾਣਦਾ ਸੀ। ‘ਅਰੇਬਿਕ ਨਾਈਟਸ’, ‘ਕਾਮਾ ਸੂਤਰਾ’ ਤੇ ‘ਦਿ ਪਰਫਿਊਮਿਡ ਗਾਰਡਨ’ ਵਰਗੀਆਂ ਕਿਤਾਬਾਂ ਉਸ ਨੇ ਹੀ ਅੰਗਰੇਜ਼ੀ ਵਿੱਚ ਅਨੁਵਾਦ ਕੀਤੀਆਂ ਸਨ। ਉਸ ਨੇ ਵ੍ਹਾਈਟ ਨੀਲ ਦੇ ਸੋਮੇ ਦੀ ਤਾਲਾਸ਼ ਕਰਨ ਦੀ ਠਾਣੀ। ਉਸ ਨੇ ਆਪਣੇ ਨਾਲ ਬ੍ਰਿਟਿਸ਼-ਇੰਡੀਅਨ ਆਰਮੀ ਦੇ ਅਫ਼ਸਰ ਜੌਹਨ ਹੈਨਿੰਗ ਸਪੈਕ ਨੂੰ ਲੈ ਲਿਆ ਤੇ 1855 ਵਿੱਚ ਵ੍ਹਾਈਟ ਨੀਲ ਦੇ ਸੋਮੇ ਨੂੰ ਲੱਭਣ ਲਈ ਮੁਹਿੰਮ ਸ਼ੁਰੂ ਕੀਤੀ। ਇੱਕ ਪੂਰੀ ਟੀਮ ਬਣਾਈ ਜਿਸ ਵਿੱਚ ਭਾਰ ਚੁੱਕਣ ਵਾਲਿਆਂ ਤੋਂ ਲੈ ਕੇ ਖਾਣਾ ਬਣਾਉਣ ਵਾਲੇ ਤੇ ਗਾਈਡ ਵੀ ਸਨ। ਇਹ ਟੀਮ ਜਦੋਂ ਯੁਗਾਂਡਾ ਦੇ ਜੰਗਲਾਂ ਵਿੱਚ ਗਈ ਤਾਂ ਸਥਾਨਕ ਲੋਕਾਂ ਨੇ ਇਨ੍ਹਾਂ ਉੱਪਰ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਇਹ ਖੋਜ-ਕਾਰਜ ਵਿਚਕਾਰ ਛੱਡ ਕੇ ਮੁੜਨਾ ਪਿਆ। ਅਗਲੇ ਸਾਲ ਉਹ ਫਿਰ ਚਲੇ ਗਏ। ਉਹ ਟਾਂਕਾਨੀਕਾ ਝੀਲ ਉੱਪਰ ਪੁੱਜ ਗਏ। ਉਨ੍ਹਾਂ ਨੇ ਹਿਸਾਬ ਲਾ ਲਿਆ ਕਿ ਇਹ ਝੀਲ ਵ੍ਹਾਈਟ ਨੀਲ ਦਾ ਸੋਮਾ ਨਹੀਂ ਹੋ ਸਕਦੀ। ਇੱਥੇ ਹੀ ਰਿਚਰਡ ਬਰਟਨ ਬਿਮਾਰ ਹੋ ਗਿਆ ਤੇ ਅੱਗੇ ਨਾ ਜਾ ਸਕਿਆ, ਪਰ ਜੌਹਨ ਸਪੈਕ ਨੇ ਆਪਣਾ ਸਫ਼ਰ ਜਾਰੀ ਰੱਖਿਆ ਤੇ ਉਹ ਵਿਕਟੋਰੀਆ ਝੀਲ ਉੱਪਰ ਪੁੱਜ ਗਿਆ ਤੇ ਉਸ ਨੇ ਐਲਾਨ ਕਰ ਦਿੱਤਾ ਕਿ ਇਹੋ ਵ੍ਹਾਈਟ ਨੀਲ ਦਾ ਸੋਮਾ ਹੈ।

ਜੌਹਨ ਸਪੈਕ ਨੇ ਵਾਪਸ ਬਰਤਾਨੀਆ ਆ ਕੇ ਵਿਕਟੋਰੀਆ ਝੀਲ ਬਾਰੇ ਤੇ ਇਸ ਦੇ ਵ੍ਹਾਈਟ ਨੀਲ ਦਾ ਸੋਮਾ ਹੋਣ ਬਾਰੇ ਬਿਆਨ ਦਿੱਤੇ। ਰਿਚਰਡ ਬਰਟਨ ਨੇ ਉਸ ਦੇ ਦਾਅਵੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਜੌਹਨ ਸਪੈਕ 1860 ਵਿੱਚ ਇੱਕ ਵਾਰ ਫਿਰ ਵਿਕਟੋਰੀਆ ਝੀਲ ਪੁੱਜ ਗਿਆ। ਇਸ ਵਾਰ ਜੇਮਜ਼ ਗਰਾਂਟ ਉਸ ਦੇ ਨਾਲ ਸੀ। ਉਨ੍ਹਾਂ ਨੇ ਝੀਲ ਦੀ ਨਿਸ਼ਾਨਦੇਹੀ ਕਰਕੇ ਅੰਦਾਜ਼ਾ ਲਾਇਆ ਕਿ ਇਹ ਸ਼ਾਇਦ ਵ੍ਹਾਈਟ ਨੀਲ ਦਾ ਸੋਮਾ ਨਾ ਹੋਵੇ ਕਿਉਂਕਿ ਇਹ ਝੀਲ ਵ੍ਹਾਈਟ ਨੀਲ ਨੂੰ ਪਾਣੀ ਦੇਣ ਦੇ ਸਮਰੱਥ ਨਹੀਂ ਸੀ ਤੇ ਜ਼ਰੂਰ ਨੀਲ ਪਿੱਛਿਓਂ ਵਹਿੰਦਾ ਹੋਇਆ ਆ ਕੇ ਇਸ ਵਿੱਚ ਡਿੱਗਦਾ ਹੋਵੇਗਾ। ਉਸ ਨੇ ਝੀਲ ਤੋਂ ਕੁਝ ਦੂਰ ਪੈਂਦੇ ‘ਰਿਪਨ ਫਾਲ’ ਨੂੰ ਵ੍ਹਾਈਟ ਨੀਲ ਦਾ ਸੋਮਾ ਕਿਹਾ। ਉਸ ਨੇ ਵਾਪਸ ਆ ਕੇ ਇਸ ਬਾਰੇ ਖੋਜ-ਭਰਪੂਰ ਲੇਖ ਲਿਖਿਆ। ਰਿਚਰਡ ਬਰਟਨ ਨੇ ਇਸ ਖੋਜ ਨੂੰ ਮੰਨਣ ਤੋਂ ਫਿਰ ਇਨਕਾਰ ਕਰ ਦਿੱਤਾ। ਉਹ ਦੋਵੇਂ ਇੱਕ-ਦੂਜੇ ਦੇ ਖਿਲਾਫ਼ ਲੇਖ ਲਿਖਣ ਲੱਗੇ। ਇਸ ਬਹਿਸ ਦੇ ਨਤੀਜਨ ਜੌਹਨ ਸਪੈਕ ਨੇ ਖੁਦਕਸ਼ੀ ਕਰ ਲਈ। ਲੋਕਾਂ ਦੀ ਦਿਲਚਸਪੀ ਨੀਲ ਦਰਿਆ ਦੇ ਸੋਮਿਆਂ ਵਿੱਚ ਹੋਰ ਵੀ ਵਧ ਗਈ। ਸਮਾਂ ਪਾ ਕੇ ਦਰਿਆ ’ਤੇ ਅੱਗੇ ਡੈਮ ਬਣ ਜਾਣ ਤੋਂ ਬਾਅਦ ਰਿਪਨ ਫਾਲ ਸੁੱਕ ਗਿਆ ਤੇ ਵ੍ਹਾਟੀਟ ਨੀਲ ਦੇ ਸੋਮੇ ਬਾਰੇ ਫਿਰ ਸਵਾਲ ਉੱਠ ਖੜ੍ਹੇ ਹੋਏ।

2006 ਵਿੱਚ ਕੈਮ ਮੈਕਲੇ ਨਾਂ ਦੇ ਇੱਕ ਬੰਦੇ ਨੇ ਆਪਣੀ ਤਿੰਨ ਬੰਦਿਆਂ ਦੀ ਟੀਮ ਨਾਲ ਮੈਡੀਟੇਰੀਅਨ ਸਾਗਰ ਵੱਲੋਂ ਨੀਲ ਦਰਿਆ ਦੀ ਯਾਤਰਾ ਆਰੰਭ ਕੀਤੀ। ਉਹ ਤਿੰਨ ਤੇਜ਼ ਕਿਸ਼ਤੀਆਂ ਵਿੱਚ ਵਿਕਟੋਰੀਆ ਝੀਲ ਤੀਕ ਗਏ। ਵ੍ਹਾਈਟ ਨੀਲ ਲੱਭਣ ਲਈ ਵਿਕਟੋਰੀਆ ਝੀਲ ਤੋਂ ਅੱਗੇ ਉਨ੍ਹਾਂ ਨੇ ਰੁਕਰ ਰਿਵਰ ਵਿੱਚ ਸਫ਼ਰ ਕੀਤਾ। ਕੈਮ ਨੇ ਵ੍ਹਾਈਟ ਨੀਲ ਦੇ ਨਿਕਲਣ ਦਾ ਸੋਮਾ ਇਸ ਤੋਂ ਅੱਗੇ ਰਵਾਂਡਾ ਵਿੱਚ ਇੱਕ 6700 ਫੁੱਟ ਉੱਚੀ ਪਹਾੜੀ ’ਤੇ ਨਿਰਧਾਰਤ ਕੀਤਾ। ਇੱਥੇ ਤੁਪਕਾ-ਤੁਪਕਾ ਨੀਲ ਦਰਿਆ ਦਾ ਮਿੱਠਾ ਪਾਣੀ ਰਿਸਦਾ ਹੈ। ਇਵੇਂ ਹੁਣ ਨੀਲ ਦਰਿਆ ਦੀ ਕੁੱਲ ਲੰਬਾਈ 4199 ਮੀਲ ਬਣਦੀ ਹੈ। ਇਹ ਸਾਰਾ ਰਾਹ ਕੈਮ ਮੈਕਲੇ ਨੇ ਜੀ.ਪੀ.ਐੱਸ. ਦੀ ਨਵੀਂ ਤਕਨੀਕ ਨਾਲ ਮਿਣਿਆ। ਕਹਿੰਦੇ ਹਨ ਕਿ ਇੱਥੋਂ ਤੁਰੇ ਪਾਣੀ ਨੂੰ ਆਪਣਾ ਸਫ਼ਰ ਪੂਰਾ ਕਰਨ ਲਈ ਸਾਢੇ ਤਿੰਨ ਮਹੀਨੇ ਲੱਗ ਜਾਂਦੇ ਹਨ। ਪੰਜ ਸਾਲ ਪਹਿਲਾਂ ਬ੍ਰਿਟਿਸ਼ ਅਭਿਨੇਤਰੀ ਜੁਆਨਾ ਲੁਮਲੇ ਨੇ ਕੈਮ ਮੈਕਲੇ ਨੂੰ ਲੈ ਕੇ ਦੁਬਾਰਾ ਵ੍ਹਾਈਟ ਨੀਲ ਦੇ ਸੋਮੇ ਦਾ ਫੇਰਾ ਪਾਇਆ ਤੇ ਇਸ ਬਾਰੇ ਡਾਕੂਮੈਂਟਰੀ ਵੀ ਬਣਾਈ ਜੋ ‘ਜਿਊਲ ਆਫ ਨਾਇਲ’ ਦੇ ਨਾਂ ’ਤੇ ਯੂ-ਟਿਊਬ ’ਤੇ ਦੇਖੀ ਜਾ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਰਾਹ ਵਿੱਚ ਗਾਂਧੀ ਦਾ ਬੁੱਤ ਵੀ ਲੱਗਾ ਹੋਇਆ ਹੈ।

ਨੀਲ ਦੇ ਸੋਮਿਆਂ ਦੀ ਤਲਾਸ਼ ਬਾਰੇ ਮਸ਼ਹੂਰ ਖੋਜੀ ਕ੍ਰਿਸਟੋਫਰ ਓਨਡਾਟਜੇ ਨੇ ਇੱਕ ਕਿਤਾਬ ਲਿਖੀ ਹੈ, ‘ਜਰਨੀ ਟੂ ਦਿ ਸੋਰਸ ਆਫ ਨਾਇਲ’। ਉਸ ਮੁਤਾਬਕ ਭਾਵੇਂ ਇਸ ਦੇ ਸੋਮੇ ਬਾਰੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਹ ਸਵਾਲ ਹਾਲੇ ਖੁੱਲ੍ਹਾ ਹੈ ਤੇ ਖੁੱਲ੍ਹਾ ਹੀ ਰਹੇਗਾ।
ਈ-ਮੇਲ : harjeetatwal@hotmail.co.uk



News Source link
#ਨਲ #ਦ #ਜਲ #ਧਰ

- Advertisement -

More articles

- Advertisement -

Latest article