ਰਾਜਕੋਟ, 30 ਮਈ
ਗੁਜਰਾਤ ਵਿੱਚ ਰਾਜਕੋਟ ਪੁਲੀਸ ਨੇ ਟੀਆਰਪੀ ਗੇਮ ਜ਼ੋਨ ਵਿੱਚ ਪਿਛਲੇ ਹਫ਼ਤੇ ਲੱਗੀ ਭਿਆਨਕ ਅੱਗ ਦੇ ਸਬੰਧ ਵਿੱਚ ਅੱਜ ਇਕ ਟਾਊਨ ਪਲਾਨਿੰਗ ਅਧਿਕਾਰੀ (ਟੀਪੀਓ) ਸਣੇ ਚਾਰ ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਗ ਲੱਗਣ ਕਾਰਨ 27 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਟੀਪੀਓ ਐੱਮ.ਡੀ. ਸਾਗਥੀਆ, ਸਹਾਇਕ ਟੀਪੀਓ ਮੁਕੇਸ਼ ਮਕਵਾਨਾ ਤੇ ਗੌਤਮ ਜੋਸ਼ੀ ਅਤੇ ਕਲਾਵੜ ਰੋਡ ਫਾਇਰ ਸਟੇਸ਼ਨ ਦੇ ਸਾਬਕਾ ਸਟੇਸ਼ਨ ਅਧਿਕਾਰੀ ਰੋਹਿਤ ਵਿਗੋਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ ਦੇ ਡੀਜੀਪੀ ਵਿਕਾਸ ਸਹਾਏ ਨੇ ਚਾਰ ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਸਰਕਾਰ ਨੇ ਜੋਸ਼ੀ ਤੇ ਵਿਗੋਰਾ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਹੁਣ ਤੱਕ ਘੱਟੋ-ਘੱਟ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। -ਪੀਟੀਆਈ