ਬੱਚਿਆਂ ਦੀ ਚੰਗੀ ਸਿਹਤ ਅਤੇ ਸਹੀ ਵਿਕਾਸ ਲਈ ਸਰੀਰ ਵਿੱਚ ਪਾਣੀ ਦੀ ਲੋੜੀਂਦੀ ਮਾਤਰਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ, ਪੌਸ਼ਟਿਕ ਤੱਤਾਂ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣ ਅਤੇ ਫ਼ਜ਼ੂਲ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਛੋਟੇ ਬੱਚਿਆਂ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਵੱਧ ਹੋਣ ਕਰਕੇ ਉਹ ਡੀਹਾਈਡਰੇਸ਼ਨ (ਸਰੀਰ ਵਿੱਚ ਪਾਣੀ ਦੀ ਕਮੀ) ਦਾ ਸ਼ਿਕਾਰ ਜਲਦੀ ਹੋ ਸਕਦੇ ਹਨ। ਗਰਮੀ, ਤੇਜ਼ ਬੁਖਾਰ, ਉਲਟੀਆਂ, ਦਸਤ ਜਾਂ ਲੋੜ ਅਨੁਸਾਰ ਤਰਲ ਪਦਾਰਥ ਨਾ ਮਿਲਣਾ ਇਸ ਸਮੱਸਿਆ ਦੇ ਮੁੱਖ ਕਾਰਨ ਹੋ ਸਕਦੇ ਹਨ।
ਜੇਕਰ ਡੀਹਾਈਡਰੇਸ਼ਨ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਬੱਚੇ ਦੀ ਸਿਹਤ ਗੰਭੀਰ ਤੌਰ ‘ਤੇ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਕਮਜ਼ੋਰੀ, ਸੁਸਤੀ, ਚੱਕਰ ਆਉਣਾ, ਮੂੰਹ ਸੁੱਕਣਾ ਅਤੇ ਪਿਸ਼ਾਬ ਘੱਟ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਗੰਭੀਰ ਹਾਲਤ ਵਿੱਚ ਬੱਚੇ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਲੋੜ ਵੀ ਪੈ ਸਕਦੀ ਹੈ। ਇਸ ਲਈ ਮਾਪਿਆਂ ਲਈ ਡੀਹਾਈਡਰੇਸ਼ਨ ਦੇ ਲੱਛਣਾਂ ਦੀ ਪਛਾਣ ਅਤੇ ਸਮੇਂ ਸਿਰ ਸਹੀ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ।
ਬੱਚਿਆਂ ਵਿੱਚ ਡੀਹਾਈਡਰੇਸ਼ਨ ਦੇ ਲੱਛਣ
ਅਮੈਰੀਕਨ ਅਕੈਡਮੀ ਆਫ਼ ਪੀਡੀਆਟ੍ਰਿਕਸ (AAP) ਦੀ ਵੈੱਬਸਾਈਟ HealthyChildren.org ਮੁਤਾਬਕ ਡੀਹਾਈਡਰੇਸ਼ਨ ਹੋਣ ‘ਤੇ ਬੱਚਿਆਂ ਵਿੱਚ ਕਈ ਲੱਛਣ ਨਜ਼ਰ ਆ ਸਕਦੇ ਹਨ। ਬੱਚੇ ਨੂੰ ਆਮ ਨਾਲੋਂ ਵੱਧ ਪਿਆਸ ਲੱਗਣਾ, ਮੂੰਹ ਅਤੇ ਬੁੱਲ੍ਹ ਸੁੱਕ ਜਾਣਾ ਅਤੇ ਪਿਸ਼ਾਬ ਘੱਟ ਜਾਂ ਗੂੜ੍ਹੇ ਪੀਲੇ ਰੰਗ ਦਾ ਆਉਣਾ ਇਸ ਦੇ ਆਮ ਸੰਕੇਤ ਹਨ।
ਛੋਟੇ ਬੱਚਿਆਂ ਵਿੱਚ ਰੋਂਦੇ ਸਮੇਂ ਹੰਝੂ ਨਾ ਆਉਣਾ, ਅੱਖਾਂ ਦਾ ਅੰਦਰ ਵੱਲ ਧੱਸ ਜਾਣਾ ਅਤੇ ਸਿਰ ਦੇ ਨਰਮ ਹਿੱਸੇ (ਫੋਂਟਨੇਲ) ਦਾ ਧੱਸ ਜਾਣਾ ਵੀ ਡੀਹਾਈਡਰੇਸ਼ਨ ਦੇ ਸੰਕੇਤ ਹੋ ਸਕਦੇ ਹਨ। ਇਸ ਤੋਂ ਇਲਾਵਾ, ਬੱਚਾ ਸੁਸਤ ਰਹਿਣਾ, ਖੇਡਣ ਵਿੱਚ ਦਿਲਚਸਪੀ ਘੱਟ ਦਿਖਾਉਣਾ ਜਾਂ ਬਹੁਤ ਜ਼ਿਆਦਾ ਨੀਂਦ ਕਰਨਾ ਵੀ ਚਿੰਤਾ ਦਾ ਕਾਰਨ ਹੋ ਸਕਦਾ ਹੈ। ਅਜਿਹੇ ਲੱਛਣ ਦਿਖਾਈ ਦੇਣ ‘ਤੇ ਉਨ੍ਹਾਂ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ।
ਡੀਹਾਈਡਰੇਸ਼ਨ ਹੋਣ ‘ਤੇ ਕੀ ਕਰਨਾ ਚਾਹੀਦਾ ਹੈ?
ਜੇਕਰ ਬੱਚੇ ਵਿੱਚ ਡੀਹਾਈਡਰੇਸ਼ਨ ਦੇ ਹਲਕੇ ਲੱਛਣ ਹਨ ਤਾਂ ਉਸ ਨੂੰ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵਾਰ-ਵਾਰ ਪਾਣੀ ਜਾਂ ORS ਦਾ ਘੋਲ ਦਿਓ। ਜੇ ਬੱਚਾ ਛਾਤੀ ਦਾ ਦੁੱਧ ਪੀਂਦਾ ਹੈ ਤਾਂ ਦੁੱਧ ਪਿਲਾਉਣਾ ਜਾਰੀ ਰੱਖੋ। ਵੱਡੇ ਬੱਚਿਆਂ ਨੂੰ ਪਾਣੀ ਦੇ ਨਾਲ ਹੋਰ ਤਰਲ ਪਦਾਰਥ ਵੀ ਦਿੱਤੇ ਜਾ ਸਕਦੇ ਹਨ, ਜੇਕਰ ਡਾਕਟਰ ਨੇ ਕੋਈ ਵੱਖਰੀ ਸਲਾਹ ਨਾ ਦਿੱਤੀ ਹੋਵੇ।
ਇੱਕੋ ਵਾਰ ਜ਼ਿਆਦਾ ਤਰਲ ਪਦਾਰਥ ਦੇਣ ਦੀ ਬਜਾਏ, ਥੋੜ੍ਹੀ ਮਾਤਰਾ ਵਿੱਚ ਵਾਰ-ਵਾਰ ਤਰਲ ਪਦਾਰਥ ਦੇਣਾ ਵਧੀਆ ਰਹਿੰਦਾ ਹੈ। ਜੇਕਰ ਬੱਚੇ ਦੀ ਹਾਲਤ ਵਿੱਚ ਸੁਧਾਰ ਨਾ ਆਵੇ ਜਾਂ ਲੱਛਣ ਵਧਣ ਲੱਗਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਡਾਕਟਰ ਨਾਲ ਕਦੋਂ ਸੰਪਰਕ ਕਰਨਾ ਚਾਹੀਦਾ ਹੈ?
ਜੇਕਰ ਬੱਚਾ ਬਹੁਤ ਜ਼ਿਆਦਾ ਸੁਸਤ ਹੋ ਜਾਵੇ, ਵਾਰ-ਵਾਰ ਉਲਟੀਆਂ ਕਰੇ, ਪਾਣੀ ਜਾਂ ORS ਪੀਣ ਤੋਂ ਅਸਮਰੱਥ ਹੋਵੇ, ਬਹੁਤ ਘੱਟ ਪਿਸ਼ਾਬ ਕਰੇ ਜਾਂ ਕਈ ਘੰਟਿਆਂ ਤੱਕ ਪਿਸ਼ਾਬ ਨਾ ਆਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਇਸੇ ਤਰ੍ਹਾਂ, ਜੇਕਰ ਡੀਹਾਈਡਰੇਸ਼ਨ ਦੇ ਲੱਛਣ ਤੇਜ਼ੀ ਨਾਲ ਵੱਧ ਰਹੇ ਹੋਣ ਜਾਂ ਬੱਚੇ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੋਵੇ ਤਾਂ ਦੇਰੀ ਕੀਤੇ ਬਿਨਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਸਮੇਂ ਸਿਰ ਇਲਾਜ ਕਰਵਾਉਣ ਨਾਲ ਗੰਭੀਰ ਪੇਚੀਦਗੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator