ਮੁੰਬਈ, 30 ਮਈ
ਬੰਬਈ ਹਾਈ ਕੋਰਟ ਨੇ ਅੱਜ ਇਕ 19 ਸਾਲਾ ਮਹਿਲਾ ਨੂੰ ਉਸ ਦਾ 25 ਹਫ਼ਤਿਆਂ ਦਾ ਗਰਭ ਡੇਗਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਮਹਿਲਾ ਨੇ ‘ਮਾਨਸਿਕ ਤੌਰ ’ਤੇ ਅਸਰ ਪੈਣ ਅਤੇ ਸਮਾਜਿਕ ਦਬਾਅ’ ਦੇ ਆਧਾਰ ’ਤੇ ਗਰਭ ਡੇਗਣ ਦੀ ਇਜਾਜ਼ਤ ਮੰਗੀ ਸੀ।
ਜਸਟਿਸ ਸੋਮਸ਼ੇਖਰ ਸੁੰਦਰੇਸਨ ਅਤੇ ਜਸਟਿਸ ਐੱਨ.ਆਰ. ਬੋਰਕਾਰ ਨੇ ਕਿਹਾ, ‘‘ਆਪਣੇ ਸਰੀਰ ਬਾਰੇ ਫੈਸਲਾ ਲੈਣ ਦਾ ਉਸ ਨੂੰ ਪੂਰਾ ਅਧਿਕਾਰ ਹੈ।’’ 27 ਮਈ ਨੂੰ ਦਾਇਰ ਕੀਤੀ ਗਈ ਇਕ ਪਟੀਸ਼ਨ ਵਿੱਚ ਇਸ ਮਹਿਲਾ ਨੇ 25 ਹਫ਼ਤਿਆਂ ਦਾ ਗਰਭ ਡੇਗਣ ਦੀ ਇਜਾਜ਼ਤ ਮੰਗੀ ਸੀ। ਉਸ ਨੇ ਕਿਹਾ ਸੀ ਕਿ ਉਹ ਘੱਟ ਆਮਦਨ ਵਾਲੇ ਪਰਿਵਾਰ ਤੋਂ ਹੈ। ਉਸ ਨੇ ਕਿਹਾ ਸੀ ਕਿ ਗਰਭ ਦੇ ਮਾਨਸਿਕ ਪ੍ਰਭਾਵਾਂ ਅਤੇ ਸਮਾਜਿਕ ਦਬਾਅ ਕਾਰਨ ਉਸ ਦੀ ਇੱਛਾ ਹੈ ਕਿ ਉਸ ਨੂੰ ਗਰਭ ਡੇਗਣ ਦੀ ਇਜਾਜ਼ਤ ਦਿੱਤੀ ਜਾਵੇ। ਬੈਂਚ ਨੇ ਕਿਹਾ ਕਿ ਉਸ ਦੀਆਂ ਮੈਡੀਕਲ ਰਿਪੋਰਟਾਂ ਵਿੱਚ ਕੋਈ ਅਜਿਹਾ ਸੰਕੇਤ ਨਹੀਂ ਮਿਲਦਾ ਹੈ ਜੋ ਕਿ ਅਸਾਧਾਰਨਤਾ ਵੱਲ ਇਸ਼ਾਰਾ ਕਰਦਾ ਹੋਵੇ। ਹਾਲਾਂਕਿ, ਅਦਾਲਤ ਨੇ ਉਸ ਦੀਆਂ ਭਾਵਨਾਵਾਂ ਤੇ ਮਾਨਸਿਕ ਸਿਹਤ ਨੂੰ ਨਹੀਂ ਵਿਚਾਰਿਆ। -ਪੀਟੀਆਈ