ਪਰਮਜੀਤ ਸਿੰਘ
ਫਾਜਿਲਕਾ, 2 ਦਸੰਬਰ
ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਆ ਰਹੇ ਟਰੱਕ ਨੂੰ ਚੈਕਿੰਗ ਦੌਰਾਨ ਰੋਕਿਆ ਤਾਂ ਟਰੱਕ ਚਾਲਕ ਪਹਿਲਾਂ ਹੀ ਫਰਾਰ ਹੋ ਗਿਆ। ਉਕਤ ਟਰੱਕ ਕੈਟਲ ਫੀਡ ਨਾਲ ਭਰਿਆ ਹੋਇਆ ਸੀ, ਜਿਸ ਦੀ ਚੈਕਿੰਗ ਕਰਨ ’ਤੇ ਟਰੱਕ ਵਿਚੋਂ ਕੁੱਲ 1,71,500 ਨਸ਼ੀਲੀਆਂ ਗੋਲੀਆਂ ਅਤੇ 14 ਕਿਲੋਗ੍ਰਾਮ ਪੋਸਤ ਬਰਾਮਦ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਟਰੱਕ ਚਾਲਕ ਮਾਂਗੀ ਲਾਲ ਦੀ ਤਲਾਸ਼ ਜਾਰੀ ਹੈ ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਬਰਾੜ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਫਾਜ਼ਿਲਕਾ ਪੁਲੀਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।