ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 18 ਜੁਲਾਈ
ਬਠਿੰਡਾ ਪੁਲੀਸ ਨੇ ਕਾਰੋਬਾਰੀਆਂ ਨੂੰ ਕਥਿਤ ਫ਼ੋਨ ਕਰ ਕੇ ਫਿਰੌਤੀਆਂ ਮੰਗਣ ਵਾਲੇ ਅਤੇ ਫਿਰੌਤੀਆਂ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਐੱਸਐੱਸਪੀ ਬਠਿੰਡਾ ਦੀਪਕ ਪਾਰੀਕ ਨੇ ਦੱਸਿਆ ਕਿ ਲੰਘੀ 14 ਜੁਲਾਈ ਨੂੰ ਇੱਕ ਵਿਅਕਤੀ ਨੂੰ ਕਿਸੇ ਨਾਮਲੂਮ ਵਿਅਕਤੀ ਵੱਲੋਂ ਧਮਕੀ ਭਰੀ ਕਾਲ ਆਈ ਅਤੇ 30 ਲੱਖ ਰੁਪਏ ਦੀ ਫਿਰੌਤੀ ਦੇਣ ਨੂੰ ਕਿਹਾ। ਸ੍ਰੀ ਪਾਰੀਕ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ਦੇ ਹੀ ਇੱਕ ਹੋ ਵਿਅਕਤੀ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਦੇਣ ਸਬੰਧੀ ਧਮਕੀ ਭਰੀ ਕਾਲ ਆਈ। ਅਜਿਹਾ ਨਾ ਕਰਨ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ ਗਈ। ਖਾਸ ਗੱਲ ਇਹ ਰਹੀ ਕਿ ਦੋਵਾਂ ਮੁਦੱਈਆਂ ਤੋਂ ਫਿਰੌਤੀ ਮੰਗਣ ਤੇ ਧਮਕਾਉਣ ਦੀ ਕਾਲਾਂ ਇੱਕੋ ਹੀ ਫ਼ੋਨ ਨੰਬਰ ਤੋਂ ਆਈਆਂ।