ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਜਨਵਰੀ
ਜਨਤਕ ਜਮਹੂਰੀ ਜਥੇਬੰਦੀਆਂ ਦਾ ਵਫ਼ਦ ਅੱਜ ਬਿਸ਼ਨਪੁਰਾ ਕਾਂਡ ਐਕਸ਼ਨ ਕਮੇਟੀ ਦੇ ਆਗੂਆਂ ਖ਼ਿਲਾਫ਼ ਦਰਜ ਪੁਲੀਸ ਕੇਸ ਰੱਦ ਕਰਾਉਣ ਦੀ ਮੰਗ ਲਈ ਅੱਜ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ। ਵਫ਼ਦ ਵੱਲੋਂ ਅੱਜ ਗਦਰ ਮੈਮੋਰੀਅਲ ਭਵਨ ਵਿੱਚ ਜਨਤਕ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਪੁਲੀਸ ਵੱਲੋਂ ਕੇਸ ਵਿੱਚ ਨਾਮਜ਼ਦ ਬਿਸ਼ਨਪੁਰਾ ਕਾਂਡ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਮਾਰੇ ਛਾਪਿਆਂ ਦੀ ਨਿਖੇਧੀ ਕੀਤੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਕੋਲ ਰੋਸ ਜਤਾਇਆ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਲਖਵੀਰ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੂਟਾਲ , ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਬਲਵੀਰ ਚੰਦ ਲੋਂਗੋਵਾਲ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜਰਨੈਲ ਸਿੰਘ ਕਾਲੇਕੇ, ਕਿਰਤੀ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ,ਨਾਰੀ ਏਕਤਾ ਜਬਰ ਵਿਰੋਧੀ ਫਰੰਟ ਪੰਜਾਬ ਹਰਪ੍ਰੀਤ ਕੌਰ ਧੂਰੀ, ਤਰਕਸ਼ੀਲ ਸੁਸਾਇਟੀ ਦੇ ਜੁਝਾਰ ਸਿੰਘ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ ਹਥੋਆ , ਲੋਕ ਸੰਗਰਾਮ ਮੋਰਚੇ ਦੇ ਨਰਿੰਦਰ ਨਿੰਦੀ, ਸੁਰਜੀਤ ਸਿੰਘ ਬਿਸ਼ਨਪੁਰ ਨੇ ਕਿਹਾ ਕਿ ਪ੍ਰਗਟ ਸਿੰਘ ਕਾਲਾਝਾੜ ਅਤੇ ਧਰਮ ਪਾਲ ਨਮੋਲ ਖ਼ਿਲਾਫ਼ ਦਰਜ ਕੇਸ ਰੱਦ ਕਰਾਉਣ ਲਈ ਅੱਜ ਗਦਰ ਮੈਮੋਰੀਅਲ ਭਵਨ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਮੀਟਿੰਗ ਰੱਖੀ ਗਈ ਸੀ ਪਰੰਤੂ ਮੀਟਿੰਗ ਦੌਰਾਨ ਹੀ ਦੋਵੇਂ ਆਗੂਆਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਛਾਪਾ ਮਾਰਿਆ ਗਿਆ ਹੈ। ਆਗੂਆਂ ਨੇ ਇਸ ਛਾਪੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਕਿਰਤੀ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਉਪਰ ਡਾਕਾ ਹੈ। ਇਸ ਮਗਰੋਂ ਵਫ਼ਦ ਐੱਸਐੱਸਪੀ ਨੂੰ ਮਿਲਿਆ ਅਤੇ ਪੁਲੀਸ ਕੇਸ ਰੱਦ ਕਰਨ ਦੀ ਮੰਗ ਕੀਤੀ ਅਤੇ ਛਾਪੇ ’ਤੇ ਰੋਸ ਜਤਾਇਆ। ਆਗੂਆਂ ਨੇ ਦੱਸਿਆ ਕਿ ਐੱਸਐੱਸਪੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਪੁਲੀਸ ਵੱਲੋਂ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ ਅਤੇ ਦਰਜ ਕੇਸ ਦੀ ਜਾਂਚ ਕਰਕੇ ਇਨਸਾਫ਼ ਦਿੱਤਾ ਜਾਵੇਗਾ।