ਪੱਤਰ ਪ੍ਰੇਰਕ
ਚੰਡੀਗੜ੍ਹ, 31 ਮਈ
ਵੋਟਿੰਗ ਲਈ ਜਿੱਥੇ ਸਿਆਸੀ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ, ਉਥੇ ਹੀ ਯੂਟੀ ਪ੍ਰਸ਼ਾਸਨ ਵੱਲੋਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਜਾਗਰੂਕ ਸ਼ਹਿਰੀਆਂ ਵੱਲੋਂ ਅਤੇ ‘ਮਾਈ ਐੱਫਐੱਮ’ ਰੇਡੀਓ ਰਾਹੀਂ ਆਰਜੇ ਮੋਹਿਤ ਵੱਲੋਂ ਲਾਲ ਬੱਤੀ ਚੌਕਾਂ ’ਤੇ ਪੋਸਟਰ ਦਿਖਾ-ਦਿਖਾ ਕੇ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਵਾਸੀਆਂ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਅਤੇ ਸਭ ਦਾ ਇਖਲਾਕੀ ਫਰਜ਼ ਹੈ। ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਜਾਗਰੂਕ ਸ਼ਹਿਰੀ ਅਤੇ ਨੌਜਵਾਨ ਵੋਟਰ ਮਹਿਕਦੀਪ ਕੌਰ ਨੇ ਕਿਹਾ ਕਿ ਇਹ ਚੋਣ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਚੰਡੀਗੜ੍ਹ ਸ਼ਹਿਰ ਦੋ ਸੂਬਿਆਂ ਦੀ ਰਾਜਧਾਨੀ ਹੈ ਅਤੇ ਇੱਥੇ ਸਭ ਤੋਂ ਵੱਧ ਪੜ੍ਹੇ-ਲਿਖੇ ਲੋਕ ਰਹਿੰਦੇ ਹਨ ਜਿਨ੍ਹਾਂ ਵਿੱਚ ਡਾਕਟਰ, ਵਕੀਲ, ਵਿਗਿਆਨੀ, ਸਾਹਿਤਕਾਰ, ਲਿਖਾਰੀ, ਵਪਾਰੀ, ਅਫ਼ਸਰ, ਜੁਡੀਸ਼ੀਅਰੀ ਅਤੇ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਸ਼ਾਮਲ ਹਨ ਪਰ ਸੁਣਨ ਵਿੱਚ ਆਇਆ ਹੈ ਕਿ ਇਹ ਵੱਡੇ ਅਤੇ ਵੱਧ ਪੜ੍ਹੇ-ਲਿਖੇ ਲੋਕ ਵੋਟ ਪਾਉਣ ਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੇ ਹਨ ਜਦਕਿ ਕਾਮੇ ਅਤੇ ਮੱਧਵਰਗੀ ਲੋਕ ਹੀ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਹਿੱਸਾ ਪਾ ਕੇ ਵਾਂਗਡੋਰ ਵੱਡਿਆਂ ਦੇ ਹਵਾਲੇ ਕਰ ਦਿੰਦੇ ਹਨ।
ਐਮਰਜੈਂਸੀ ਲਈ ਸੰਪਰਕ ਨੰਬਰ ਜਾਰੀ
ਯੂਟੀ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਦੀ ਸਥਿਤੀ ਵਿੱਚ ਐਂਬੂਲੈਂਸ ਲਈ 112 ਅਤੇ ਐਮਰਜੈਂਸੀ ਸੰਪਰਕ ਨੰਬਰ 0172-2782457, 2752042, 2752043 ’ਤੇ ਕਾਲ ਕਰਨ ਦੀ ਸਲਾਹ ਦਿੱਤੀ ਗਈ ਹੈ।
ਗਰਮੀ ਦੇ ਮੱਦੇਨਜ਼ਰ ਡਾਕਟਰ ਅਤੇ ਐਂਬੂਲੈਂਸਾਂ ਦੇ ਪੁਖ਼ਤਾ ਪ੍ਰਬੰਧ
ਚੰਡੀਗੜ੍ਹ ਵਿੱਚ ਵੋਟਿੰਗ ਪ੍ਰਕਿਰਿਆ ਲਈ ਯੂਟੀ ਦੇ ਸਿਹਤ ਵਿਭਾਗ ਵੱਲੋਂ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਾਰੇ ਹਸਪਤਾਲਾਂ ਨੂੰ ਦਵਾਈਆਂ, ਖਪਤਕਾਰਾਂ ਅਤੇ ਮਨੁੱਖੀ ਸ਼ਕਤੀ ਦੀ ਉਪਲਬਧਤਾ ਸਮੇਤ ਅਲਰਟ ’ਤੇ ਰੱਖਿਆ ਗਿਆ ਹੈ। ਚੋਣਾਂ ਲਈ ਡਾਕਟਰ, ਪੈਰਾ-ਮੈਡੀਕਲ ਸਟਾਫ਼ ਅਤੇ ਲੋੜੀਂਦੀ ਗਿਣਤੀ ਵਿੱਚ ਦਵਾਈਆਂ ਅਤੇ ਹੋਰ ਸਾਮਾਨ ਨਾਲ ਲੈਸ 16 ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿ ਸ਼ਹਿਰ ਦੀਆਂ ਸਾਰੀਆਂ ਅਹਿਮ ਥਾਵਾਂ ’ਤੇ ਤਾਇਨਾਤ ਰਹਿਣਗੀਆਂ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਹਰ ਪੋਲਿੰਗ ਸਟੇਸ਼ਨ ’ਤੇ ਲੋੜੀਂਦੀ ਮਾਤਰਾ ਵਿੱਚ ਓਰਲ ਰੀ-ਹਾਈਡ੍ਰੇਸ਼ਨ ਪੈਕ ਵਾਲੀਆਂ ਮੈਡੀਕਲ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪੋਲਿੰਗ ਵਾਲੇ ਦਿਨ ਮੈਡੀਕਲ ਟੀਮਾਂ ਦੀ ਪ੍ਰਭਾਵੀ ਨਿਗਰਾਨੀ ਲਈ ਇੱਕ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ।