ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 12 ਮਈ
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵੱਲੋਂ 50 ਸਾਲ ਪੂਰੇ ਹੋਣ ’ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਦੋ ਰੋਜ਼ਾ ਅੰਤਰ-ਸਕੂਲ ਸਾਖੀ ਪਾਠ, ਸ਼ਬਦ ਕੀਰਤਨ ਅਤੇ ਪੰਜਾਬੀ ਭਾਸ਼ਾ ਦੇ ਕੰਠ ਮੁਕਾਬਲੇ ਕਰਵਾਏ ਗਏ। ਟਰਾਈਸਿਟੀ ਦੇ ਸਕੂਲਾਂ ਦੇ 700 ਤੋਂ ਵੱਧ ਵਿਦਿਆਰਥੀਆਂ ਨੇ ਗੁਰਬਾਣੀ ਕੰਠ ਅਤੇ ਹੋਰ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਕਥਾਵਾਚਕ ਭਾਈ ਜਗਬੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਅੱਜ ਦੂਜੇ ਤੇ ਅਖੀਰਲੇ ਦਿਨ ਵੱਖ-ਵੱਖ ਵਿਦਿਆਰਥੀਆਂ ਦੇ ਸਾਖੀ ਪਾਠ ਅਤੇ ਪੰਜਾਬੀ ਭਾਸ਼ਣ ਦੇ ਕੰਠ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਸਾਖੀ ਪਾਠ ਰਾਹੀਂ ਸਿੱਖ ਇਤਿਹਾਸ ਦੇ ਦਲੇਰੀ, ਰਹਿਮ ਅਤੇ ਬੁੱਧੀ ਦੀਆਂ ਕਹਾਣੀਆਂ ਸੁਣਾਈਆਂ। ਇਸ ਮੁਕਾਬਲੇ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਨੇ ਪਹਿਲਾ, ਮਾਨਵ ਮੰਗਲ ਸਮਾਰਟ ਸਕੂਲ ਨੇ ਦੂਜਾ ਅਤੇ ਸਪਾਰਕਲਿੰਗ ਕਿੰਡਸ ਫਾਊਂਡੇਸ਼ਨ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਾਬੀ ਭਾਸ਼ਣ ਦੇ ਮੁਕਾਬਲੇ ’ਚ ਸਪਾਰਕਲਿੰਗ ਕਿੰਡਸ ਫਾਊਂਡੇਸ਼ਨ ਸਕੂਲ ਦੀ ਅਨੁਰੀਤ ਕੌਰ ਨੇ ਪਹਿਲਾ, ਸ਼ਿਵਾਲਿਕ ਪਬਲਿਕ ਸਕੂਲ ਦੀ ਹਰਨਵਰੂਪ ਕੌਰ ਨੇ ਦੂਜਾ ਅਤੇ ਸੇਂਟ ਐਨੀਜ਼ ਕਾਨਵੈਂਟ ਸਕੂਲ ਚੰਡੀਗੜ੍ਹ ਦੇ ਯੁਵਰਾਜ ਸਿੰਘ ਧਾਲੀਵਾਲ ਨੇ ਤੀਜਾ ਸਥਾਨ ਹਾਸਲ ਕੀਤਾ।
ਗਿਆਨ ਜਯੋਤੀ ਗਰੁੱਪ ਦੇ ਮੁਖੀ ਜੇਐੱਸ ਬੇਦੀ, ਪ੍ਰਿੰਸੀਪਲ ਗਿਆਨ ਜੋਤ ਅਤੇ ਡਾਇਰੈਕਟਰ ਸ੍ਰੀਮਤੀ ਰਣਜੀਤ ਬੇਦੀ ਨੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ।