Toronto News: ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਸ਼ਹਿਰ ਦੇ ਇੱਕ ਵਿਅਸਤ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 37 ਸਾਲਾ ਭਾਰਤੀ-ਕੈਨੇਡੀਅਨ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਮ੍ਰਿਤਕ ਦੀ ਪਛਾਣ ਚੰਦਨ ਕੁਮਾਰ ਰਾਜਾ ਨੰਦਕੁਮਾਰ ਵਜੋਂ ਹੋਈ ਹੈ, ਜੋ ਬਰੈਂਪਟਨ ਦਾ ਰਹਿਣ ਵਾਲਾ ਸੀ। ਚੰਦਨ ਕੁਮਾਰ ਮੂਲ ਰੂਪ ਵਿੱਚ ਭਾਰਤ ਦੇ ਕਰਨਾਟਕ ਰਾਜ ਨਾਲ ਸਬੰਧਤ ਸੀ ਅਤੇ ਪੇਸ਼ੇ ਵਜੋਂ ਇੱਕ ਆਈਟੀ (IT) ਮਾਹਰ ਸੀ।
ਹਸਪਤਾਲ ਵਿੱਚ ਦਮ ਤੋੜ ਦਿੱਤਾ…
ਪੁਲਿਸ ਮੁਤਾਬਕ ਇਹ ਘਟਨਾ ਸ਼ਨੀਵਾਰ ਦੁਪਹਿਰ ਲਗਭਗ 3:31 ਵਜੇ ਰੇਕਸਡੇਲ ਬੁਲੇਵਾਰਡ ਅਤੇ ਹਾਈਵੇਅ 27 ‘ਤੇ ਸਥਿਤ ਵੁੱਡਬਾਈਨ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿੱਚ ਵਾਪਰੀ। ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਚੰਦਨ ਕੁਮਾਰ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।
ਪੁਲਿਸ ਇੰਸਪੈਕਟਰ ਐਰੋਲ ਵਾਟਸਨ ਨੇ ਦੱਸਿਆ ਕਿ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਲੱਗਦੀ, ਸਗੋਂ ਇਹ ਇੱਕ ਟਾਰਗੇਟ ਹਮਲਾ ਸੀ। ਘਟਨਾ ਵਾਲੀ ਥਾਂ ਤੋਂ ਮਿਲੀਆਂ ਤਸਵੀਰਾਂ ਵਿੱਚ ਇੱਕ ਚਿੱਟੇ ਰੰਗ ਦੀ ਐੱਸਯੂਵੀ (SUV) ਦੇ ਮੂਹਰਲੇ ਸ਼ੀਸ਼ੇ ਅਤੇ ਡਰਾਈਵਰ ਵਾਲੇ ਪਾਸੇ ਦੀ ਖਿੜਕੀ ‘ਤੇ ਗੋਲੀਆਂ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਹਨ।
ਸ਼ੱਕੀ ਹਮਲਾਵਰ ਮੌਕੇ ਤੋਂ ਫ਼ਰਾਰ ਹੋਏ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੱਕੀ ਹਮਲਾਵਰ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਟੋਰਾਂਟੋ ‘ਚ ਇਸ ਸਾਲ ਕਤਲ ਦੀ ਇਹ ਤੀਜੀ ਵਾਰਦਾਤ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਮਲੇ ਵਿੱਚ ਕਿੰਨੇ ਸ਼ੱਕੀ ਸ਼ਾਮਲ ਸਨ ਅਤੇ ਕਿੰਨੇ ਰਾਊਂਡ ਫਾਇਰ ਕੀਤੇ ਗਏ। ਫਿਲਹਾਲ ਗੋਲੀਬਾਰੀ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ