Tarn Taran News : ਦੁਬਈ 'ਚ ਗੈਸ ਲੀਕ ਕਾਰਨ ਤਰਨਤਾਰਨ ਦੇ ਨੌਜਵਾਨ ਦੀ ਮੌਤ, ਮ੍ਰਿਤਕ ਦੇਹ ਪਹੁੰਚੀ ਪਿੰਡ

Must read


Tarn Taran News : ਰੁਜ਼ਗਾਰ ਦੀ ਖਾਤਰ ਦੁਬਈ ਗਏ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੇ ਵਸਨੀਕ ਰਣਜੀਤ ਸਿੰਘ ਦੀ ਦਰਦਨਾਕ ਮੌਤ ਤੋਂ ਬਾਅਦ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਯਤਨਾਂ ਸਦਕਾ ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਭਾਰਤ ਵਾਪਸ ਲਿਆਂਦੀ ਗਈ। ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮ੍ਰਿਤਕ ਦੇਹ ਪ੍ਰਾਪਤ ਕਰਨ ਤੋਂ ਬਾਅਦ ਟਰੱਸਟ ਦੀ ਟੀਮ ਨੇ ਪੂਰੇ ਸਨਮਾਨ ਨਾਲ ਇਸ ਨੂੰ ਉਨ੍ਹਾਂ ਦੇ ਜੱਦੀ ਪਿੰਡ ਪਹੁੰਚਾਇਆ। ਗਮਗੀਨ ਮਾਹੌਲ ਵਿੱਚ ਰਣਜੀਤ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦਾ ਨੌਜਵਾਨ ਰਣਜੀਤ ਸਿੰਘ ਆਪਣੇ ਸੁਨਹਿਰੇ ਭਵਿੱਖ ਦੀ ਭਾਲ ਵਿੱਚ ਦੁਬਈ ਗਿਆ ਸੀ, ਜਿੱਥੇ ਉਹ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਡਿਊਟੀ ਦੌਰਾਨ ਕੰਪਨੀ ਵਿੱਚ ਅਚਾਨਕ ਗੈਸ ਲੀਕ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਰਣਜੀਤ ਸਿੰਘ ਗੰਭੀਰ ਰੂਪ ਵਿੱਚ ਝੁਲਸ ਗਏ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਇਸ ਅਚਾਨਕ ਵਾਪਰੀ ਘਟਨਾ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਲਾਚਾਰ ਮਾਪਿਆਂ ਦੀ ਪੁਕਾਰ ‘ਤੇ ਅੱਗੇ ਆਏ ਡਾ. ਐਸ.ਪੀ. ਸਿੰਘ ਉਬਰਾਏ

ਪੁੱਤਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਬਜ਼ੁਰਗ ਮਾਪਿਆਂ ਕੋਲ ਇੰਨੇ ਵਿੱਤੀ ਸਾਧਨ ਨਹੀਂ ਸਨ ਕਿ ਉਹ ਮ੍ਰਿਤਕ ਦੇਹ ਨੂੰ ਭਾਰਤ ਮੰਗਵਾ ਸਕਣ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਤਰਨਤਾਰਨ ਜ਼ਿਲ੍ਹਾ ਇਕਾਈ ਰਾਹੀਂ ਪ੍ਰਸਿੱਧ ਸਮਾਜਸੇਵੀ ਅਤੇ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਨਾਲ ਸੰਪਰਕ ਕਰਕੇ ਮਦਦ ਦੀ ਅਪੀਲ ਕੀਤੀ। ਡਾ. ਉਬਰਾਏ ਨੇ ਤੁਰੰਤ ਮਾਮਲੇ ਦਾ ਨੋਟਿਸ ਲੈਂਦਿਆਂ ਦੁਬਈ ਵਿੱਚ ਸਬੰਧਤ ਕੰਪਨੀ ਅਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਸਾਰੀਆਂ ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਵਾਈਆਂ।

ਜੱਦੀ ਪਿੰਡ ਵਿੱਚ ਗਮਗੀਨ ਮਾਹੌਲ ‘ਚ ਹੋਇਆ ਅੰਤਿਮ ਸਸਕਾਰ

ਡਾ. ਉਬਰਾਏ ਅਤੇ ਸਬੰਧਤ ਕੰਪਨੀ ਦੇ ਸਾਂਝੇ ਯਤਨਾਂ ਸਦਕਾ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਹਵਾਈ ਅੱਡੇ ਅਤੇ ਉੱਥੋਂ ਉਨ੍ਹਾਂ ਦੇ ਜੱਦੀ ਪਿੰਡ ਕੱਕਾ ਕੰਡਿਆਲਾ ਪਹੁੰਚਾਈ ਗਈ। ਮ੍ਰਿਤਕ ਦੇਹ ਦੇ ਪਿੰਡ ਪਹੁੰਚਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਪਿੰਡ ਵਾਸੀ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਟਰੱਸਟ ਦੀ ਤਰਨਤਾਰਨ ਜ਼ਿਲ੍ਹਾ ਇਕਾਈ ਨੇ ਮੌਕੇ ‘ਤੇ ਹੀ ਮ੍ਰਿਤਕ ਦਾ ਪਾਸਪੋਰਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਵੀ ਪਰਿਵਾਰ ਦੇ ਹਵਾਲੇ ਕੀਤੇ।



News Source link

- Advertisement -

More articles

- Advertisement -

Latest article