Students And Staff Food Poisoning: ਜਾਪਾਨ ਦੇ ਓਸਾਕਾ ਸੂਬੇ ਵਿੱਚ ਫੂਡ ਪੋਇਜ਼ਨਿੰਗ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਕੁਮਾਟੋਰੀ ਟਾਊਨ ਦੇ ਕਈ ਸਕੂਲਾਂ ਵਿੱਚ 600 ਤੋਂ ਵੱਧ ਵਿਦਿਆਰਥੀ ਅਤੇ ਸਟਾਫ ਮੈਂਬਰ ਬਿਮਾਰ ਹੋ ਗਏ ਹਨ। ਜਨਤਕ ਪ੍ਰਸਾਰਕ NHK ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸ਼ਹਿਰ ਦੇ ਐਲੀਮੈਂਟਰੀ ਅਤੇ ਜੂਨੀਅਰ ਹਾਈ ਸਕੂਲਾਂ ਵਿੱਚ ਪਿਛਲੇ ਵੀਰਵਾਰ ਨੂੰ ਦਸਤ ਅਤੇ ਉਲਟੀਆਂ ਵਰਗੇ ਲੱਛਣ ਸਾਹਮਣੇ ਆਏ ਹਨ। ਮੰਗਲਵਾਰ ਤੱਕ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 633 ਤੱਕ ਪਹੁੰਚ ਗਈ ਹੈ।
ਬ੍ਰੈੱਡ ਬਣੀ ਬੀਮਾਰੀ ਦਾ ਕਾਰਨ
ਜਾਪਾਨੀ ਮੀਡੀਆ ਅਨੁਸਾਰ ਸ਼ਹਿਰ ਦੇ ਅੱਠ ਪ੍ਰਾਇਮਰੀ ਅਤੇ ਜੂਨੀਅਰ ਹਾਈ ਸਕੂਲਾਂ ਵਿੱਚ ਪਿਛਲੇ ਵੀਰਵਾਰ ਤੋਂ ਵਿਦਿਆਰਥੀਆਂ ਨੂੰ ਉਲਟੀਆਂ ਅਤੇ ਦਸਤ ਵਰਗੇ ਲੱਛਣ ਦਿਖਾਈ ਦੇ ਰਹੇ ਸਨ। ਮੰਗਲਵਾਰ ਤੱਕ ਇਸ ਬੀਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 633 ਤੱਕ ਪਹੁੰਚ ਗਈ। ਸਥਾਨਕ ਸਿਹਤ ਕੇਂਦਰ ਦੀ ਜਾਂਚ ਵਿੱਚ ਇਹ ਸਪੱਸ਼ਟ ਹੋਇਆ ਹੈ ਕਿ ਸਕੂਲ ਦੇ ਖਾਣੇ ਵਿੱਚ ਦਿੱਤੀ ਗਈ ਬ੍ਰੈੱਡ ਹੀ ਇਸ ਬੀਮਾਰੀ ਦੀ ਮੁੱਖ ਵਜ੍ਹਾ ਹੈ।
ਨੋਰੋਵਾਇਰਸ ਦੀ ਹੋਈ ਪੁਸ਼ਟੀ
ਸਿਹਤ ਅਧਿਕਾਰੀਆਂ ਨੇ ਜਦੋਂ ਬੀਮਾਰ ਵਿਦਿਆਰਥੀਆਂ ਦੀ ਜਾਂਚ ਕੀਤੀ, ਤਾਂ ਉਨ੍ਹਾਂ ਵਿੱਚ ‘ਨੋਰੋਵਾਇਰਸ’ (Norovirus) ਦੀ ਪੁਸ਼ਟੀ ਹੋਈ। ਜਾਂਚ ਦੌਰਾਨ ਇਹ ਵਾਇਰਸ ਉਸ ਕੰਪਨੀ ਦੇ ਮੁਲਾਜ਼ਮਾਂ ਵਿੱਚ ਵੀ ਪਾਇਆ ਗਿਆ ਹੈ ਜੋ ਸ਼ਹਿਰ ਦੇ ਸਾਰੇ ਸਕੂਲਾਂ ਵਿੱਚ ਲੰਚ ਲਈ ਬ੍ਰੈੱਡ ਦੀ ਸਪਲਾਈ ਕਰਦੀ ਸੀ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਨਿਰਮਾਤਾ ਕੰਪਨੀ ਦੇ ਕੰਮਕਾਜ ‘ਤੇ ਪੰਜ ਦਿਨਾਂ ਦੀ ਰੋਕ ਲਗਾ ਦਿੱਤੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਾਣੋ ਕੀ ਹੈ ਨੋਰੋਵਾਇਰਸ ?
ਮਾਹਰਾਂ ਅਨੁਸਾਰ, ਫੂਡ ਪੋਇਜ਼ਨਿੰਗ ਦੂਸ਼ਿਤ ਖਾਣਾ ਖਾਣ ਜਾਂ ਗੰਦਾ ਪਾਣੀ ਪੀਣ ਨਾਲ ਹੁੰਦੀ ਹੈ। ਨੋਰੋਵਾਇਰਸ ਕਾਰਨ ਹੋਣ ਵਾਲਾ ਸੰਕਰਮਣ ਬਹੁਤ ਹੀ ਛੂਤਕਾਰੀ ਹੁੰਦਾ ਹੈ। ਜਦੋਂ ਕੋਈ ਵਿਅਕਤੀ ਸੰਕਰਮਿਤ ਹੁੰਦਾ ਹੈ, ਤਾਂ ਉਹ ਉਲਟੀ ਜਾਂ ਮਲ ਦੇ ਸੂਖਮ ਕਣਾਂ ਰਾਹੀਂ ਕੀਟਾਣੂ ਫੈਲਾ ਸਕਦਾ ਹੈ। ਸਕੂਲਾਂ ਵਰਗੀਆਂ ਥਾਵਾਂ ‘ਤੇ, ਜਿੱਥੇ ਲੋਕ ਇੱਕ-ਦੂਜੇ ਦੇ ਕਰੀਬ ਰਹਿੰਦੇ ਹਨ, ਇਹ ਸੰਕਰਮਣ ਬਹੁਤ ਤੇਜ਼ੀ ਨਾਲ ਫੈਲਦਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਫੂਡ ਪੋਇਜ਼ਨਿੰਗ ਦੇ ਲੱਛਣ ਹਲਕੇ ਹੁੰਦੇ ਹਨ ਅਤੇ ਲੋਕ ਬਿਨਾਂ ਕਿਸੇ ਵਿਸ਼ੇਸ਼ ਇਲਾਜ ਦੇ ਠੀਕ ਹੋ ਜਾਂਦੇ ਹਨ। ਹਾਲਾਂਕਿ ਇਹ ਕਈ ਵਾਰ ਗੰਭੀਰ ਬਿਮਾਰੀ ਜਾਂ ਹੋਰ ਸਰੀਰਕ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਆਮ ਲੱਛਣਾਂ ਵਿੱਚ ਪੇਟ ਦਰਦ, ਕੜਵੱਲ ਅਤੇ ਬੁਖਾਰ ਸ਼ਾਮਲ ਹਨ। ਕੁਝ ਮਾਮਲਿਆਂ ਵਿੱਚ ਦਸਤ ਦੇ ਖੂਨ ਵੀ ਆ ਸਕਦਾ ਹੈ।
ਹੋਰ ਪੜ੍ਹੋ