Amritsar News: ਪੰਜਾਬ ‘ਚ ਨਸ਼ਾ ਵਿਰੋਧੀ ਮੁਹਿੰਮ ਵਿਚਾਲੇ ਕਈ ਵੱਡੇ ਖੁਲਾਸੇ ਹੋ ਰਹੇ ਹਨ। ਇਸ ਦੌਰਾਨ ਕਈ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ। ਹਾਲ ਹੀ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੁਝ ਵੱਡੇ ਸਰਕਾਰੀ ਸੁਰੱਖਿਆ ਫੋਰਸਾਂ ਦੇ ਅਫ਼ਸਰ ਹੀ ਨਸ਼ਾ ਸਮੱਗਲਰਾਂ ਨੂੰ ਸ਼ੈਲਟਰ ਦੇ ਰਹੇ ਹਨ। ਜਾਣਕਾਰੀ ਮੁਤਾਬਕ ਦੋ ਹਫ਼ਤੇ ਪਹਿਲਾਂ ਏ. ਐੱਨ. ਟੀ. ਐੱਫ. ਦੀ ਟੀਮ ਵੱਲੋਂ ਲਾਹੌਰੀ ਗੇਟ ਇਸਲਾਮਾਬਾਦ ਰੋਡ ਤੋਂ 2 ਕਿਲੋ ਹੈਰੋਇਨ ਸਣੇ ਚਾਰ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ’ਚ ਕੈਨੇਡਾ ’ਚ ਬੈਠੇ ਸਮੱਗਲਰ ਗੁਰਵਿੰਦਰ ਸਿੰਘ ਬਾਬਾ ਦਾ ਨਾਂ ਸਾਹਮਣੇ ਆਇਆ।
ਜਦੋਂ ਏ. ਐੱਨ. ਟੀ. ਐੱਫ. ਨੇ ਗੁਰਵਿੰਦਰ ਦੇ ਪਿਤਾ ਨੂੰ ਜਾਂਚ ਲਈ ਬੁਲਾਉਣਾ ਸ਼ੁਰੂ ਕੀਤਾ ਤਾਂ ਅਚਾਨਕ ਇੰਟੈਲੀਜੈਂਸ ਵਿੰਗ ਦੇ ਅਫ਼ਸਰ ਰਿਪਨ ਕੁਮਾਰ ਦੀ ਐਂਟਰੀ ਹੋਈ ਅਤੇ ਕੱਪੜਾ ਵਪਾਰੀ ਗੌਰਵ ਅਰੋੜਾ ਦੇ ਜ਼ਰੀਏ 5 ਲੱਖ ਰੁਪਏ ਠੱਗ ਲਏ। ਏ. ਐੱਨ. ਟੀ. ਐੱਫ. ਦੇ ਅਧਿਕਾਰੀਆਂ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਗੌਰਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਰਿਪਨ ਅਜੇ ਫ਼ਰਾਰ ਚੱਲ ਰਿਹਾ ਹੈ। ਹਾਲਾਂਕਿ ਏ. ਐੱਨ. ਟੀ. ਐੱਫ. ਅਤੇ ਇੰਟੈਲੀਜੈਂਸ ਵਿੰਗ ਦੋਵੇਂ ਵੱਖ-ਵੱਖ ਵਿਭਾਗ ਹਨ, ਫਿਲਹਾਲ ਰਿਪਨ ਦੀ ਗ੍ਰਿਫ਼ਤਾਰੀ ਲਈ ਏ. ਐੱਨ. ਟੀ. ਐੱਫ. ਦੀ ਟੀਮ ਛਾਪੇਮਾਰੀ ਕਰ ਰਹੀ ਹੈ।
ਕੀ ਸੀ ਮਾਮਲਾ?
2 ਫਰਵਰੀ 2026 ਦੇ ਦਿਨ ਏ. ਐੱਨ. ਟੀ. ਐੱਫ. ਦੀ ਟੀਮ ਨੇ ਲਾਹੌਰੀ ਗੇਟ ਇਸਲਾਮਾਬਾਦ ਰੋਡ ’ਤੇ ਇਕ ਸਕੂਟੀ ਅਤੇ ਕਾਰ ਸਵਾਰ 4 ਨੌਜਵਾਨਾਂ ਨੂੰ ਕਾਬਜ਼ ਕੀਤਾ। ਸਕੂਟੀ ਦੀ ਡਿੱਗੀ ਵਿੱਚੋਂ 2 ਕਿਲੋ 80 ਗ੍ਰਾਮ ਹੀਰੋਇਨ ਜ਼ਬਤ ਕੀਤੀ ਗਈ। ਫੜੇ ਗਏ ਮੁਲਜ਼ਮਾਂ ’ਚ ਭੋਲੂ, ਪੀਯੂਸ਼, ਗੌਰਵ ਅਤੇ ਚਾਂਦ ਤੋਂ ਪੁੱਛਗਿੱਛ ਕੀਤੀ ਗਈ ਤਾਂ ਜੇਲ ’ਚ ਬੰਦ ਸਚਿਨ ਦਾ ਨਾਂ ਸਾਹਮਣੇ ਆਇਆ।
ਉਸ ਦੀ ਨਿਸ਼ਾਨਦੇਹੀ ਤੋਂ ਬਾਅਦ 9 ਲੱਖ ਦੀ ਡਰੱਗ ਮਨੀ, 3 ਪਿਸਤੌਲ ਬਰਾਮਦ ਕੀਤੇ ਗਏ ਅਤੇ ਕੈਨੇਡਾ ਨਿਵਾਸੀ ਗੁਰਵਿੰਦਰ ਸਿੰਘ ਉਰਫ਼ ਬਾਬਾ ਦਾ ਨਾਂ ਸਾਹਮਣੇ ਆਇਆ। ਜਦੋਂ ਗੁਰਵਿੰਦਰ ਦੇ ਪਿਤਾ ਨੂੰ ਬੁਲਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਨਾਂ ਕੇਸ ਵਿੱਚੋਂ ਬਾਹਰ ਕੱਢਣ ਲਈ ਗੌਰਵ ਅਰੋੜਾ ਆਇਆ ਸੀ ਅਤੇ 10 ਲੱਖ ਰੁਪਏ ਰਿਸ਼ਵਤ ਮੰਗੀ ਸੀ ਤੇ 5 ਲੱਖ ਦੇ ਦਿੱਤੇ। ਕੱਪੜਾ ਵਪਾਰੀ ਗੌਰਵ ਅਰੋੜਾ ਨੇ ਵੀ ਮੰਨਿਆ ਹੈ ਕਿ ਪਹਿਲਾਂ 3 ਲੱਖ ਅਤੇ ਫਿਰ 2 ਲੱਖ ਰੁਪਏ ਰਿਪਨ ਨੂੰ ਦਿੱਤੇ ਹਨ। ਰਿਪਨ ਦੀ ਗੱਲ ਕਰੀਏ ਤਾਂ ਉਹ ਲੰਬੇ ਸਮੇਂ ਤੱਕ ਐੱਸ. ਐੱਸ. ਪੀ. ਵਿਜੀਲੈਂਸ ਦਾ ਰੀਡਰ ਰਹਿ ਚੁੱਕਾ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ’ਚ ਤਾਇਨਾਤ ਹੋਇਆ ਸੀ।
ਸਾਬਕਾ ਐੱਸ. ਐੱਚ. ਓ. ਵਿਨੋਦ ਕੁਮਾਰ ਨੇ ਵਿਚੋਲੇ ਰਾਹੀਂ ਲਏ ਸਨ 5 ਲੱਖ
ਵਿਜੀਲੈਂਸ ਬਿਊਰੋ ਦੀ ਟੀਮ ਨੇ 31 ਅਕਤੂਬਰ 2025 ਦੇ ਦਿਨ ਛੇਹਰਟਾ ਨਿਵਾਸੀ ਲਲਿਤ ਅਰੋੜਾ ਨੂੰ ਥਾਣਾ ਛੇਹਰਟਾ ਦੇ ਐੱਸ. ਐੱਚ. ਓ. ਵਿਨੋਦ ਕੁਮਾਰ ਲਈ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਤਦ ਤੋਂ ਵਿਨੋਦ ਕੁਮਾਰ ਫ਼ਰਾਰ ਚੱਲ ਰਿਹਾ ਹੈ ਅਤੇ ਉਸ ਦੀ ਤਰਫ਼ੋਂ ਅਦਾਲਤ ’ਚ ਲਗਾਈ ਗਈ ਬੇਲ (ਜ਼ਮਾਨਤ) ਖਾਰਿਜ ਵੀ ਹੋ ਚੁੱਕੀ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਅਜੇ ਤੱਕ ਪੁਲਸ ਜਾਂ ਵਿਜੀਲੈਂਸ ਵਿਭਾਗ ਵਿਨੋਦ ਨੂੰ ਫੜ ਨਹੀਂ ਸਕੀ ਹੈ। ਇਸ ਮਾਮਲੇ ’ਚ ਸ਼ਿਕਾਇਤਕਰਤਾ ਵਿੱਕੀ ਨੇ ਦੋਸ਼ ਲਾਇਆ ਸੀ ਕਿ ਵਿਨੋਦ ਦੀ ਟੀਮ ਨੇ ਉਸ ਦੇ ਚਚੇਰੇ ਭਰਾ ਨੂੰ ਨਸ਼ਾ ਸਮੱਗਲਿੰਗ ਦੇ ਕੇਸ ’ਚ ਫਸਾਉਣ ਦੀ ਧਮਕੀ ਦਿੱਤੀ ਸੀ ਅਤੇ ਉਨ੍ਹਾਂ ਦੀ ਕਾਰ ਨੂੰ ਜ਼ਬਤ ਕਰ ਲਿਆ ਸੀ। ਇਸ ਦੌਰਾਨ 30 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ, ਜੋ ਲਲਿਤ ਅਰੋੜਾ ਦੇ ਜ਼ਰੀਏ ਲਈ ਜਾਣੀ ਸੀ।
ਡੀ. ਆਰ. ਆਈ. ਦੇ ਇੰਸਪੈਕਟਰ ਤੋਂ ਫੜੀ ਗਈ ਸੀ 4.4 ਕਿਲੋ ਹੈਰੋਇਨ
ਡੀ. ਆਰ. ਆਈ. ਜਿਹੀ ਕੇਂਦਰੀ ਏਜੰਸੀ, ਜੋ ਨਸ਼ਾ ਸਮੱਗਲਿੰਗ ਅਤੇ ਹੋਰ ਪ੍ਰਕਾਰ ਦੀ ਸਮੱਗਲਿੰਗ ਦੇ ਵੱਡੇ-ਵੱਡੇ ਕੇਸ ਬਣਾਉਣ ਲਈ ਵਿਖਿਆਤ ਹੈ, ਇਸੇ ਏਜੰਸੀ ਦਾ ਇਕ ਨਵਨਿਯੁਕਤ ਇੰਸਪੈਕਟਰ 4.4 ਕਿਲੋ ਹੈਰੋਇਨ ਦੇ ਨਾਲ ਸਿਟੀ ਪੁਲਿਸ ਦੀ ਤਰਫ਼ੋਂ ਗ੍ਰਿਫ਼ਤਾਰ ਕੀਤਾ ਗਿਆ। ਮੰਜੀਤ ਸਿੰਘ ਨਿਵਾਸੀ ਰੋਹਤਕ ਅਤੇ ਰਵੀ ਕੁਮਾਰ ਨਿਵਾਸੀ ਫਿਰੋਜ਼ਪੁਰ ਨੂੰ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਤੋਂ ਬਾਅਦ ਹੋਰ ਮੁਲਜ਼ਮਾਂ ਤਲਵਿੰਦਰ ਸਿੰਘ, ਰੋਹਿਤ ਸ਼ਰਮਾ, ਅਭਿਸ਼ੇਕ, ਅਰਸ਼ਦੀਪ, ਅਮਿਤ ਕੁਮਾਰ ਅਤੇ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਕੇਸ ’ਚ ਅਮਿਤ ਕੁਮਾਰ ਪਾਕਿਸਤਾਨ ਤੋਂ ਹੀਰੋਇਨ ਦੀ ਖੇਪ ਮੰਗਵਾਉਂਦਾ ਸੀ ਅਤੇ ਡੀ. ਆਰ. ਆਈ. ਦਾ ਇੰਸਪੈਕਟਰ ਮੰਜੀਤ ਸਿੰਘ ਰਾਤੋਂ-ਰਾਤ ਅਮੀਰ ਬਣਨ ਦੇ ਚੱਕਰ ’ਚ ਫਸ ਗਿਆ।
ਹੋਰ ਪੜ੍ਹੋ