ਪੰਜਾਬ ਕਾਂਗਰਸ ਦੇ ਲਈ ਦੁਖਦਾਇਕ ਖਬਰ ਸਾਹਮਣੇ ਆਈ ਹੈ। ਲੁਧਿਆਣਾ ਜ਼ਿਲ੍ਹੇ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿਧਾਇਕ ਸਰਦਾਰ ਗੁਰਦੀਪ ਸਿੰਘ ਭੈਣੀ ਦਾ ਅੱਜ ਸਵੇਰੇ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਜਗਰਾਓਂ ਅਤੇ ਦਾਖਾ ਵਿਧਾਨ ਸਭਾ ਹਲਕਿਆਂ ਸਮੇਤ ਪੂਰੇ ਰਾਜਨੀਤਕ ਤੇ ਸਮਾਜਿਕ ਵਰਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਕੌਣ ਸਨ ਸਰਦਾਰ ਗੁਰਦੀਪ ਸਿੰਘ ਭੈਣੀ
ਸਰਦਾਰ ਗੁਰਦੀਪ ਸਿੰਘ ਭੈਣੀ ਦਾ ਜਨਮ 1934 ਵਿੱਚ ਹਰਣਾਮ ਸਿੰਘ ਤੂਰ ਅਤੇ ਬਚਨ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਆਪਣੇ ਜੀਵਨ ਦੀ ਸ਼ੁਰੂਆਤ ਖੇਤੀਬਾੜੀ ਨਾਲ ਕੀਤੀ। ਬਾਅਦ ਵਿੱਚ ਉਹ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋਏ ਅਤੇ ਆਪਣੇ ਸਧਾਰਣ ਸੁਭਾਉ, ਲੋਕਾਂ ਨਾਲ ਨੇੜੇ ਸੰਬੰਧ ਅਤੇ ਜਨਸੇਵਾ ਲਈ ਖਾਸ ਪਹਿਚਾਣ ਬਣਾਈ।
1985 ਵਿੱਚ ਪਹਿਲੀ ਵਾਰੀ ਚੋਣ ਲੜੀ, ਬਰਨਾਲਾ ਸਰਕਾਰ ਵਿੱਚ ਬਣੇ ਚੇਅਰਮੈਨ
ਭੈਣੀ ਨੇ ਸਾਲ 1985 ਵਿੱਚ ਪਹਿਲੀ ਵਾਰੀ ਵਿਧਾਨ ਸਭਾ ਚੋਣ ਲੜੀ। ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੌਰਾਨ ਉਨ੍ਹਾਂ ਨੂੰ TUV ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਖੇਤਰ ਵਿੱਚ ਉਨ੍ਹਾਂ ਦੀ ਮਜ਼ਬੂਤ ਪਕੜ ਅਤੇ ਸਾਫ਼ ਸੱਚੀ ਸਾਫ਼-ਸੁਥਰੀ ਛਵੀ ਦੇ ਕਾਰਨ ਉਹ ਸਦਾ ਲੋਕਾਂ ਵਿੱਚ ਲੋਕਪ੍ਰਿਯ ਰਹੇ।
2007 ਵਿੱਚ ਕਾਂਗਰਸ ਦੇ ਟਿਕਟ ’ਤੇ ਵਿਧਾਨ ਸਭਾ ਚੋਣ ਜਿੱਤੀ
ਉਹ 2007 ਦੀਆਂ ਚੋਣਾਂ ਕਾਂਗਰਸ ਦੀ ਟਿਕਟ ‘ਤੇ ਜਿੱਤੇ ਸਨ। ਇਸ ਚੋਣ ਵਿੱਚ ਉਨ੍ਹਾਂ ਨੇ ਆਪਣੇ ਵਿਰੋਧੀ ਭਾਗ ਸਿੰਘ ਮੱਲਾ ਨੂੰ ਹਰਾਇਆ। ਸਰਦਾਰ ਭੈਣੀ ਦਾ ਜਗਰਾਉਂ ਅਤੇ ਦਾਖਾ ਦੇ ਖੇਤਰਾਂ ਵਿੱਚ ਮਜ਼ਬੂਤ ਸਮਰਥਨ ਆਧਾਰ ਸੀ। ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਰਦਾਰ ਭੈਣੀ ਆਪਣੇ ਪਿੱਛੇ ਦੋ ਪੁੱਤਰ ਛੱਡ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਵਿਦੇਸ਼ ਵਿੱਚ ਕਾਰੋਬਾਰ ਹੈ। ਉਨ੍ਹਾਂ ਦਾ ਪੁੱਤਰ ਮੇਜਰ ਸਿੰਘ ਭੈਣੀ ਕਾਂਗਰਸ ਪਾਰਟੀ ਤੋਂ ਸਿਆਸਤ ਵਿੱਚ ਸਰਗਰਮ ਹੈ ਅਤੇ ਦਾਖਾ ਅਤੇ ਜਗਰਾਉਂ ਵਿੱਚ ਉਨ੍ਹਾਂ ਨੂੰ ਚੰਗਾ ਜਨ ਸਮਰਥਨ ਹਾਸਲ ਮੰਨਿਆ ਜਾਂਦਾ ਹੈ। ਮੇਜਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਕੁਝ ਮੈਂਬਰ ਵਿਦੇਸ਼ ਵਿੱਚ ਹਨ ਅਤੇ ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਹੋਰ ਪੜ੍ਹੋ