Person Died Hit By Plane: ਵੱਡਾ ਹਾਦਸਾ, ਹਵਾਈ ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 1 ਦੀ ਮੌਤ 17 ਜ਼ਖਮੀ: ਜਾਣੋ ਕਿਵੇਂ ਵਾਪਰਿਆ ਹਾਦਸਾ…

Must read


Person Died Hit By Plane: ਹਵਾਈ ਯਾਤਰੀਆਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਪੂਰਾ ਕੈਬਿਨ ਧੂੰਏਂ ਨਾਲ ਭਰ ਗਿਆ। ਦਰਅਸਲ, ਅਮਰੀਕਾ ਦੇ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਫਰੰਟੀਅਰ ਏਅਰਲਾਈਨਜ਼ ਦਾ ਇੱਕ ਜਹਾਜ਼ ਰਨਵੇਅ ‘ਤੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਟੱਕਰ ਮਾਰ ਗਿਆ। ਇਸ ਘਟਨਾ ਵਿੱਚ ਉਸ ਵਿਅਕਤੀ ਦੀ ਮੌਤ ਹੋ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਹਾਜ਼ ਦੇ ਇੰਜਣ ਨੂੰ ਅੱਗ ਲੱਗ ਗਈ ਅਤੇ ਪੂਰਾ ਕੈਬਿਨ ਧੂੰਏਂ ਨਾਲ ਭਰ ਗਿਆ। ਜਿਸ ਤੋਂ ਬਾਅਦ ਲੋਕਾਂ ਵਿਚਾਲੇ ਚੀਕ-ਚਿਹਾੜਾ ਪੈ ਗਿਆ। 

ਹਾਦਸੇ ਵਿੱਚ 17 ਲੋਕ ਜ਼ਖ਼ਮੀ

ਜਾਣਕਾਰੀ ਮੁਤਾਬਕ ਦੇਰ ਰਾਤ ਇਕ ਘੁਸਪੈਠੀਏ (Trespasser) ਵੱਲੋਂ ਹਵਾਈ ਅੱਡੇ ਦੀ ਸੁਰੱਖਿਆ ਵਾੜ ਟੱਪ ਕੇ ਰਨਵੇਅ ‘ਤੇ ਦੌੜਨ ਕਾਰਨ, ਉਡਾਣ ਭਰ ਰਹੇ ਇੱਕ ਜਹਾਜ਼ ਨਾਲ ਉਸ ਦੀ ਟੱਕਰ ਹੋ ਗਈ, ਜਿਸ ਵਿੱਚ ਉਸ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 17 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 5 ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ।

ਡੇਨਵਰ ਹਵਾਈ ਅੱਡੇ ਵੱਲੋਂ ਜਾਰੀ ਬਿਆਨ ਅਨੁਸਾਰ ਇਕ ਵਿਅਕਤੀ ਹਵਾਈ ਅੱਡੇ ਦੀ ਬਾਹਰੀ ਸੁਰੱਖਿਆ ਵਾੜ ਨੂੰ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਰਨਵੇਅ ਵੱਲ ਦੌੜ ਪਿਆ। ਸੁਰੱਖਿਆ ਵਾੜ ਟੱਪਣ ਤੋਂ ਮਹਿਜ਼ ਦੋ ਮਿੰਟ ਬਾਅਦ ਹੀ ਉਹ ਫਰੰਟੀਅਰ ਏਅਰਲਾਈਨਜ਼ ਦੀ ਫਲਾਈਟ 4345 ਦੀ ਲਪੇਟ ਵਿੱਚ ਆ ਗਿਆ, ਜੋ ਉਸ ਸਮੇਂ ਰਨਵੇਅ ‘ਤੇ ਤੇਜ਼ ਰਫ਼ਤਾਰ ਨਾਲ ਉਡਾਣ ਭਰਨ ਦੀ ਤਿਆਰੀ ਵਿੱਚ ਸੀ। ਹਵਾਈ ਅੱਡਾ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸੁਰੱਖਿਆ ਵਾੜ ਬਿਲਕੁਲ ਠੀਕ ਸੀ। ਫਿਲਹਾਲ ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ, ਪਰ ਉਹ ਹਵਾਈ ਅੱਡੇ ਦਾ ਕਰਮਚਾਰੀ ਨਹੀਂ ਸੀ।

ਰਨਵੇਅ 17L ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ

ਜਿਵੇਂ ਹੀ ਟੱਕਰ ਹੋਈ, ਜਹਾਜ਼ ਦੇ ਪਾਇਲਟ ਨੇ ਤੁਰੰਤ ਉਡਾਣ ਭਰਨ ਦੀ ਪ੍ਰਕਿਰਿਆ ਰੋਕ ਦਿੱਤੀ। ਜਹਾਜ਼ ਵਿੱਚੋਂ ਯਾਤਰੀਆਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਬੱਸਾਂ ਰਾਹੀਂ ਟਰਮੀਨਲ ਤੱਕ ਪਹੁੰਚਾਇਆ ਗਿਆ। ਜ਼ਿਆਦਾਤਰ ਯਾਤਰੀਆਂ ਨੂੰ ਬਾਅਦ ਵਿੱਚ ਦੂਜੀ ਫਰੰਟੀਅਰ ਫਲਾਈਟ ਰਾਹੀਂ ਰਵਾਨਾ ਕੀਤਾ ਗਿਆ। ਹਾਦਸੇ ਤੋਂ ਬਾਅਦ ਜਾਂਚ ਲਈ ਰਨਵੇਅ 17L ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਟਰਾਂਸਪੋਰਟ ਸਕੱਤਰ ਸੀਨ ਡਫੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਸੁਰੱਖਿਆ ਵਿੱਚ ਵੱਡੀ ਸੰਨ੍ਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਘੁਸਪੈਠੀਏ ਨੇ ਜਾਣਬੁੱਝ ਕੇ ਸੁਰੱਖਿਆ ਵਾੜ ਨੂੰ ਪਾਰ ਕੀਤਾ ਸੀ। 

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਹਵਾਈ ਅੱਡੇ ਦੀ ਸੁਰੱਖਿਆ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਹੈ ਅਤੇ ਕਿਸੇ ਨੂੰ ਵੀ ਹਵਾਈ ਅੱਡੇ ‘ਤੇ ਘੁਸਪੈਠ ਨਹੀਂ ਕਰਨੀ ਚਾਹੀਦੀ। ਫਿਲਹਾਲ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਤੇ ਟਰਾਂਸਪੋਰਟੇਸ਼ਨ ਸਕਿਓਰਿਟੀ ਐਡਮਿਨਿਸਟ੍ਰੇਸ਼ਨ (TSA) ਸਮੇਤ ਹੋਰ ਏਜੰਸੀਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article