Paper Leak News : ਗੁਜਰਾਤ ਵਿੱਚ ਆਯੁਰਵੇਦ ਯੂਨੀਵਰਸਿਟੀ ਵਿੱਚ ਪੇਪਰ ਲੀਕ ਹੋਣ ਦੀ ਖਬਰ ਹੈ। ਤੀਜੇ ਸਾਲ ਦੀ ਪ੍ਰੀਖਿਆ ਦੀ ਸਰਜਰੀ ਵਿਸ਼ੇ ਦਾ ਪੇਪਰ ਲੀਕ ਹੋ ਗਿਆ ਹੈ। ਪ੍ਰੀਖਿਆ ਤੋਂ ਪਹਿਲਾਂ ਹੀ ਪੇਪਰ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਲਿਖਿਆ ਗਿਆ ਸੀ। ਸਵਾਲ ਪੱਤਰ ਵਿੱਚ 12 ਤੋਂ 11 ਸਵਾਲ ਵਾਇਰਲ ਪੇਪਰ ਤੋਂ ਮਿਲੇ ਹਨ। ਕਾਲਜ ਪ੍ਰਬੰਧਕ ਸਾਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਜੂਨਾਗੜ੍ਹ ਆਯੁਰਵੇਦਿਕ ਕਾਲਜ ਦੇ ਪ੍ਰੋਫੈਸਰ ਨੇ ਕੀ ਕਿਹਾ?
ਜੂਨਾਗੜ੍ਹ ਆਯੁਰਵੇਦਿਕ ਕਾਲਜ ਦੇ ਪ੍ਰੋਫੈਸਰ ਅਤੇ ਯੂਨੀਵਰਸਿਟੀ ਸਕਵਾਡ ਦੇ ਮੈਂਬਰ ਡਾ. ਅਲਪੇਸ਼ ਜਰਸਾਨੀਆ ਨੇ ਦੱਸਿਆ ਕਿ 20 ਜੁਲਾਈ ਨੂੰ ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਜਦੋਂ ਉਹ ਕਾਲਜ ਪਹੁੰਚੇ ਤਾਂ ਇੱਕ ਫੈਕਲਟੀ ਮੈਂਬਰ ਨੇ ਧਿਆਨ ਦਿਵਾਇਆ ਕਿ ਪ੍ਰੀਖਿਆ ਦੇ ਸਵਾਲਾਂ ਨਾਲ ਸੰਬੰਧਤ ਜਾਣਕਾਰੀ WhatsApp ‘ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਤੁਰੰਤ ਉਹਨਾਂ ਸਵਾਲਾਂ ਦੀ ਜਾਂਚ ਕੀਤੀ ਅਤੇ ਮਾਮਲੇ ਦੀ ਜਾਣਕਾਰੀ ਯੂਨੀਵਰਸਿਟੀ ਦੇ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਨੂੰ ਦਿੱਤੀ।
12 ਵਿੱਚੋਂ 11 ਸਵਾਲ ਵਾਇਰਲ ਮੈਸੇਜ ਨਾਲ ਮਿਲੇ
ਡਾ. ਜਰਸਾਨੀਆ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਪ੍ਰਸ਼ਨ ਪੱਤਰ ਦੇ 12 ਵਿੱਚੋਂ 11 ਸਵਾਲ ਉਹੀ ਸਨ ,ਜੋ ਵਾਇਰਲ ਮੈਸੇਜ ਵਿੱਚ ਦਰਜ ਸਨ। ਹਾਲਾਂਕਿ, ਇਸ ਬਾਰੇ ਅੰਤਿਮ ਅਤੇ ਤਕਨੀਕੀ ਜਾਣਕਾਰੀ ਵਿਸ਼ਾ ਮਾਹਿਰਾਂ ਅਤੇ ਯੂਨੀਵਰਸਿਟੀ ਵੱਲੋਂ ਹੀ ਦਿੱਤੀ ਜਾਵੇਗੀ।
26 ਕਾਲਜਾਂ ਦੇ 1,200 ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ
ਗੁਜਰਾਤ ਆਯੁਰਵੇਦ ਯੂਨੀਵਰਸਿਟੀ ਦੇ ਕਾਰਜਕਾਰੀ ਪ੍ਰੀਖਿਆ ਨਿਰਦੇਸ਼ਕ ਐਚ.ਪੀ. ਝਾਲਾ ਨੇ ਕਿਹਾ ਕਿ ਸਰਜਰੀ ਵਿਸ਼ੇ ਦੀ ਪ੍ਰੀਖਿਆ ਵਿੱਚ 26 ਕਾਲਜਾਂ ਦੇ ਕਰੀਬ 1,200 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਪ੍ਰੀਖਿਆ ਖਤਮ ਹੋਣ ਤੋਂ ਬਾਅਦ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ। ਜੇ ਜਾਂਚ ਵਿੱਚ ਪੇਪਰ ਲੀਕ ਹੋਣ ਦੇ ਸਬੂਤ ਮਿਲਦੇ ਹਨ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਿਰਪੱਖ ਜਾਂਚ ਲਈ ਸਪੈਸ਼ਲ ਕਮੇਟੀ ਬਣੇਗੀ
ਐਚ.ਪੀ. ਝਾਲਾ ਨੇ ਦੱਸਿਆ ਕਿ 20 ਜੁਲਾਈ ਨੂੰ ਸਵੇਰੇ ਹੋਈ ਸ਼ਲਯ ਤੰਤਰ-1 ਦੀ ਪ੍ਰੀਖਿਆ ਨਿਰਧਾਰਤ ਸਮੇਂ ਅਨੁਸਾਰ ਸੰਪੰਨ ਹੋਈ ਸੀ। ਸ਼ਾਮ ਨੂੰ WhatsApp ‘ਤੇ ਵਾਇਰਲ ਹੋ ਰਹੇ ਮੈਸੇਜ ਦੀ ਜਾਣਕਾਰੀ ਮਿਲਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਤੁਰੰਤ ਸਰਗਰਮ ਹੋ ਗਿਆ। ਵਾਈਸ ਚਾਂਸਲਰ ਨਾਲ ਚਰਚਾ ਤੋਂ ਬਾਅਦ ਮਾਮਲੇ ਦੀ ਨਿਰਪੱਖ ਜਾਂਚ ਲਈ ਇੱਕ ਸਪੈਸ਼ਲ ਜਾਂਚ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਕਮੇਟੀ ਵਾਇਰਲ ਮੈਸੇਜ, ਪ੍ਰਸ਼ਨ ਪੱਤਰ ਅਤੇ ਹੋਰ ਸਾਰੇ ਤੱਥਾਂ ਦੀ ਜਾਂਚ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ।