ਪੰਜਾਬ ਦੇ ਲੁਧਿਆਣਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਆਇਆ ਹੈ, ਜੀ ਹਾਂ ਕੁੱਝ ਦਿਨ ਪਹਿਲਾਂ ਵੀ ਇੱਕ ਕੈਦੀ ਪੁਲਿਸ ਵਾਲੇ ਨੂੰ ਧੱਕਾ ਦੇ ਕੇ ਭੱਜ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਮੁੜ ਤੋਂ ਇੱਕ ਹੋਰ ਨਵੀਂ ਘਟਨਾ ਸਾਹਮਣੇ ਆਈ ਹੈ ਜਿੱਥੇ ਹਵਾਲਾਤੀ ਵੱਲੋਂ ਚਲਾਕੀ ਦਿਖਾ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਮੈਡੀਕਲ ਕਰਵਾਉਣ ਲਈ ਲੈ ਕੇ ਆ ਰਹੇ ਪੁਲਿਸ ਕਰਮੀ ਨੂੰ ਧੱਕਾ ਦੇ ਕੇ ਹਵਾਲਾਤੀ ਫਰਾਰ ਹੋ ਗਿਆ। ਦੋਸ਼ੀ ਹਥਕੜੀਆਂ ਸਮੇਤ ਹੀ ਭੱਜਣ ਵਿੱਚ ਕਾਮਯਾਬ ਹੋਇਆ। ਥਾਣਾ ਟਿੱਬਾ ਦੀ ਪੁਲਿਸ ਟੀਮ ਲਗਾਤਾਰ ਰੇਡ ਕਰਕੇ ਦੋਸ਼ੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨਸ਼ਾ ਤਸਕਰੀ ਦੇ ਕੇਸ ਦਰਜ
ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਹਵਾਲਾਤੀ ਪੁਲਿਸ ਦੀ ਲਾਪਰਵਾਹੀ ਕਾਰਨ ਫਰਾਰ ਹੋਇਆ ਹੋਵੇ। ਅਕਸਰ ਅਜਿਹੀ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵੇਲੇ ਪੁਲਿਸ ਫਰਾਰ ਹਵਾਲਾਤੀ ਦੀ ਤਲਾਸ਼ ਕਰ ਰਹੀ ਹੈ। ਦੋਸ਼ੀ ‘ਤੇ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਥਾਣਾ ਡਿਵੀਜ਼ਨ ਨੰਬਰ 2 ਵਿੱਚ ਵੀ 2022 ਵਿੱਚ IPC ਧਾਰਾ 389, 411, 201 ਤਹਿਤ ਕੇਸ ਦਰਜ ਹੈ।
ਸਿਵਲ ਹਸਪਤਾਲ ਮੈਡੀਕਲ ਲਈ ਲੈ ਜਾ ਰਹੇ ਸਨ
ਜਾਣਕਾਰੀ ਮੁਤਾਬਕ, ਪੰਜਾਬ ਹੋਮ ਗਾਰਡ ਦਾ ਜਵਾਨ ਨਿਰਮਲ ਸਿੰਘ ਹਵਾਲਾਤੀ ਮਨਦੀਪ ਸਿੰਘ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਜਾ ਰਿਹਾ ਸੀ। ਪੁਰਾਣੀ ਗਉਸ਼ਾਲਾ ਨੇੜੇ ਮਨਦੀਪ ਸਿੰਘ ਨੇ ਬਹਾਨਾ ਬਣਾਇਆ ਕਿ ਉਸਨੂੰ ਪੇਸ਼ਾਬ ਜਾਣਾ ਹੈ।
ਹੋਮ ਗਾਰਡ ਦੇ ਜਵਾਨ ਨੂੰ ਦਿੱਤਾ ਧੱਕਾ
ਆਰੋਪੀ ਮਨਦੀਪ ਨੇ ਅਚਾਨਕ ਨਿਰਮਲ ਨੂੰ ਜ਼ੋਰ ਦਾ ਧੱਕਾ ਦਿੱਤਾ ਅਤੇ ਭੀੜ ਦਾ ਫਾਇਦਾ ਚੁੱਕਦਿਆਂ ਉਥੋਂ ਭੱਜ ਗਿਆ। ਮਨਦੀਪ ਹੱਥਕੜੀ ਸਮੇਤ ਹੀ ਫਰਾਰ ਹੋ ਗਿਆ। ਨਿਰਮਲ ਨੇ ਉਸਦਾ ਕਾਫੀ ਦੂਰ ਤੱਕ ਪਿੱਛਾ ਕੀਤਾ ਪਰ ਮਨਦੀਪ ਗਲੀਆਂ ਰਾਹੀਂ ਨਜ਼ਰੋਂ ਓਝਲ ਹੋ ਗਿਆ। ਪੁਲਿਸ ਟੀਮ ਵੱਖ-ਵੱਖ ਇਲਾਕਿਆਂ ਦੇ ਸੇਫ ਸਿਟੀ ਕੈਮਰੇ ਚੈਕ ਕਰ ਰਹੀ ਹੈ।
ਨਿਰਮਲ ਨੇ ਤੁਰੰਤ ਇਸ ਦੀ ਜਾਣਕਾਰੀ ਥਾਣਾ ਟਿੱਬਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਨਦੀਪ, ਨਿਵਾਸੀ ਸ਼੍ਰੀ ਮੁਕਤਸਰ ਸਾਹਿਬ, ਦੇ ਖ਼ਿਲਾਫ਼ ਧਾਰਾ BNS 262 ਤਹਿਤ ਮਾਮਲਾ ਦਰਜ ਕਰ ਲਿਆ ਹੈ।
8 ਦਿਨ ਪਹਿਲਾਂ ਵੀ ਕੋਰਟ ਪਰਿਸਰ ਤੋਂ ਭੱਜਿਆ ਸੀ ਹਵਾਲਾਤੀ
26 ਨਵੰਬਰ ਨੂੰ ਕਤਲ ਦੇ ਯਤਨ (U/S 221,132 BNS) ਅਤੇ ਹੋਰ ਧਾਰਾਵਾਂ ਤਹਿਤ ਗ੍ਰਿਫ਼ਤਾਰ ਇੱਕ ਹਵਾਲਾਤੀ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਿਆ ਸੀ। ਉਸ ਸਮੇਂ ASI ਕੁਲਦੀਪ ਸਿੰਘ ਅਤੇ ਸਿਪਾਹੀ ਗੁਰਪਿੰਦਰ ਸਿੰਘ ਆਰੋਪੀ ਹਰਵਿੰਦਰ ਸਿੰਘ ਉਰਫ਼ ਭੱਲਾ ਨਿਵਾਸੀ ਪਿੰਡ ਮੁੱਲਾਪੁਰ ਨੂੰ ਮੁੱਖ ਨਿਆਇਕ ਮੈਜਿਸਟਰੇਟ ਮਿਸ ਰੀਤਿਕਾ ਗੁਪਤਾ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਜਾ ਰਹੇ ਸਨ।
ਹਰਵਿੰਦਰ ਸਿੰਘ ਖ਼ਿਲਾਫ਼ ਇਸ ਤੋਂ ਪਹਿਲਾਂ ਵੀ 24 ਨਵੰਬਰ ਨੂੰ ਧਾਰਾ U/S 304 BNS ਤਹਿਤ ਥਾਣਾ ਦਾਖਾ, ਜ਼ਿਲ੍ਹਾ ਲੁਧਿਆਣਾ ਵਿੱਚ ਮਾਮਲਾ ਦਰਜ ਸੀ। ਆਰੋਪੀ ਨੇ ਡਿਊਟੀ ‘ਤੇ ਤਾਇਨਾਤ ਸਿਪਾਹੀ ਗੁਰਪਿੰਦਰ ਸਿੰਘ ਨੂੰ ਜ਼ੋਰਦਾਰ ਧੱਕਾ ਮਾਰਿਆ। ਧੱਕਾ ਦੇਣ ਤੋਂ ਬਾਅਦ ਹਰਵਿੰਦਰ ਆਮ ਲੋਕਾਂ ਅਤੇ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਦਾ ਸਹਾਰਾ ਲੈਂਦੇ ਹੋਏ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਹੋਰ ਪੜ੍ਹੋ