Ravneet Bittu ਦੀ 'ਸਤਲੁਜ' ਫ਼ਿਲਮ ਦੇ ਮੇਕਰਜ਼ ਨੂੰ ਖੁੱਲ੍ਹੀ ਚੁਣੌਤੀ, 25 ਹਜ਼ਾਰ ਲਾਪਤਾ ਲਾਸ਼ਾਂ ਦੇ ਦਸਤਾਵੇਜ਼ ਦਿਓ, ਨਹੀਂ ਤਾਂ…

Must read


Ravneet Bittu News : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ‘ਸਤਲੁਜ’ ਫ਼ਿਲਮ ਦੇ ਮੇਕਰਜ਼ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਬਿੱਟੂ ਨੇ ਕਿਹਾ ਕਿ ਫ਼ਿਲਮ ਵਿੱਚ ਦਿਖਾਈਆਂ ਗਈਆਂ 25 ਹਜ਼ਾਰ ਲਾਪਤਾ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਸਸਕਾਰ ਕੀਤੀਆਂ ਲਾਸ਼ਾਂ ਸਬੰਧੀ ਪੱਕੇ ਦਸਤਾਵੇਜ਼ੀ ਸਬੂਤ ਅਤੇ ਅਧਿਕਾਰਕ ਰਿਕਾਰਡ ਪੇਸ਼ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਮੇਕਰਜ਼ ਨੂੰ ਇਹ ਤੱਥਾਂ ਦੀ ਪ੍ਰਮਾਣਿਕਤਾ ਲੋਕਾਂ ਦੇ ਸਾਹਮਣੇ ਰੱਖਣੀ ਪਵੇਗੀ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਿੱਟੂ ਨੇ ਇਹ ਵੀ ਕਿਹਾ ਕਿ ਜੇਕਰ ਮੇਕਰਜ਼ ਇਹ ਦਸਤਾਵੇਜ਼ ਪੇਸ਼ ਕਰ ਦਿੰਦੇ ਹਨ ਤਾਂ ਉਹ ਜਨਤਕ ਤੌਰ ‘ਤੇ ਮਾਫ਼ੀ ਮੰਗਣਗੇ।

ਬਿੱਟੂ ਲਗਾਤਾਰ ਫ਼ਿਲਮ ਮੇਕਰਜ਼ ਦੇ ਦਾਵਿਆਂ ‘ਤੇ ਸਵਾਲ ਉਠਾ ਰਹੇ ਹਨ। ਇੱਕ ਦਿਨ ਪਹਿਲਾਂ ਵੀ ਉਨ੍ਹਾਂ ਨੇ ਚੁਣੌਤੀ ਦਿੱਤੀ ਸੀ ਕਿ ਉਹ ਪਟਿਆਲਾ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨਿਰਮਲ ਕਾਂਤਾ ‘ਤੇ ਵੀ ਫ਼ਿਲਮ ਬਣਾਉਣ, ਜਿਨ੍ਹਾਂ ਦੀ ਅੱਤਵਾਦੀਆਂ ਨੇ ਵਿਦਿਆਰਥੀਆਂ ਦੇ ਸਾਹਮਣੇ ਹੱਤਿਆ ਕਰ ਦਿੱਤੀ ਸੀ।

‘ਕ੍ਰੀਏਟਿਵ ਫ਼ਰੀਡਮ’ ਦੇ ਪਿੱਛੇ ਨਾ ਲੁਕੋ

ਬਿੱਟੂ ਨੇ ਕਿਹਾ ਕਿ ‘ਸਤਲੁਜ’ ਦੇ ਮੇਕਰਜ਼ ਵਿਵਾਦਿਤ ਦਾਵਿਆਂ ਨੂੰ ਇਤਿਹਾਸ ਦੱਸ ਕੇ “ਕ੍ਰੀਏਟਿਵ ਫ਼ਰੀਡਮ” ਦਾ ਬਹਾਨਾ ਨਹੀਂ ਬਣਾ ਸਕਦੇ। ਪੰਜਾਬ ਦਾ ਦਰਦਨਾਕ ਇਤਿਹਾਸ ਕੋਈ ਅਜਿਹੀ ਸਕ੍ਰਿਪਟ ਨਹੀਂ ,ਜਿਸ ਨੂੰ ਕਿਸੇ ਖ਼ਾਸ ਨੈਰੇਟਿਵ ਮੁਤਾਬਕ ਚੁਣੀਂਦੇ ਢੰਗ ਨਾਲ ਪੇਸ਼ ਕੀਤਾ ਜਾਵੇ।

ਦਰਸ਼ਕਾਂ ਤੋਂ ਸੱਚ ਕਿਉਂ ਲੁਕਾਇਆ ਗਿਆ?

ਉਨ੍ਹਾਂ ਕਿਹਾ ਕਿ ਜੇ 25 ਹਜ਼ਾਰ ਲਾਸ਼ਾਂ ਦਾ ਅੰਕੜਾ ਸਿਰਫ਼ ਅੰਦਾਜ਼ੇ ਜਾਂ ਦੋਸ਼ਾਂ ‘ਤੇ ਆਧਾਰਿਤ ਹੈ ਤਾਂ ਇਸ ਨੂੰ ਇਤਿਹਾਸਕ ਸੱਚ ਵਜੋਂ ਕਿਉਂ ਪੇਸ਼ ਕੀਤਾ ਗਿਆ? ਦਰਸ਼ਕਾਂ ਨੂੰ ਇਹ ਕਿਉਂ ਨਹੀਂ ਦੱਸਿਆ ਗਿਆ ਕਿ ਇਸ ਗਿਣਤੀ ਨੂੰ ਕਿਸੇ ਵੀ ਅਦਾਲਤ ਨੇ ਅੰਤਿਮ ਤੌਰ ‘ਤੇ ਸਹੀ ਨਹੀਂ ਮੰਨਿਆ?

ਅੱਤਵਾਦ ਦੇ ਦੂਜੇ ਪੱਖ ਨੂੰ ਕਿਉਂ ਨਹੀਂ ਦਿਖਾਇਆ?

ਬਿੱਟੂ ਨੇ ਸਵਾਲ ਕੀਤਾ ਕਿ ਅੱਤਵਾਦੀਆਂ ਵੱਲੋਂ ਬੇਰਹਿਮੀ ਨਾਲ ਮਾਰੇ ਗਏ ਬੇਗੁਨਾਹ ਹਿੰਦੂਆਂ, ਬੱਸ ਯਾਤਰੀਆਂ, ਦੁਕਾਨਦਾਰਾਂ, ਸਰਕਾਰੀ ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਕਤਲੇਆਮ ਨੂੰ ਫ਼ਿਲਮ ਵਿੱਚ ਉਸੇ ਤੀਬਰਤਾ ਨਾਲ ਕਿਉਂ ਨਹੀਂ ਦਿਖਾਇਆ ਗਿਆ?

ਸ਼ਹੀਦ ਜਵਾਨਾਂ ਦਾ ਸਨਮਾਨ ਕਿਉਂ ਨਹੀਂ?

ਉਨ੍ਹਾਂ ਕਿਹਾ ਕਿ ਅੱਤਵਾਦ ਖ਼ਿਲਾਫ਼ ਲੜਦਿਆਂ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਸੁਰੱਖਿਆ ਬਲਾਂ ਦੇ ਸਰਵੋਚ ਬਲਿਦਾਨ ਨੂੰ ਫ਼ਿਲਮ ਵਿੱਚ ਘੱਟ ਕਰਕੇ ਕਿਉਂ ਦਰਸਾਇਆ ਗਿਆ? ਪੀੜਤ ਪਰਿਵਾਰਾਂ ਨੂੰ ਕਹਾਣੀ ਤੋਂ ਕਿਉਂ ਗਾਇਬ ਰੱਖਿਆ ਗਿਆ?

ਇਤਿਹਾਸ ਨਾਲ ਛੇੜਛਾੜ ਬਰਦਾਸ਼ਤ ਨਹੀਂ

ਬਿੱਟੂ ਨੇ ਕਿਹਾ ਕਿ ਇਤਿਹਾਸ ਦੇ ਸਿਰਫ਼ ਇੱਕ ਪੱਖ ਨੂੰ ਵਧਾ-ਚੜ੍ਹਾ ਕੇ ਦਿਖਾਉਣਾ ਅਤੇ ਦੂਜੇ ਪੀੜਤਾਂ ਨੂੰ ਨਜ਼ਰਅੰਦਾਜ਼ ਕਰਨਾ ਗਲਤ ਹੈ। ਕਿਸੇ ਵੀ ਫ਼ਿਲਮ ਮੇਕਰ ਨੂੰ ਵਿਵਾਦਿਤ ਅੰਕੜਿਆਂ ਨੂੰ ਅਟੱਲ ਸੱਚ ਬਣਾ ਕੇ ਇਤਿਹਾਸ ਨੂੰ ਵਿਗਾੜਣ ਦਾ ਹੱਕ ਨਹੀਂ ਹੈ।

ਸਬੂਤ ਨਹੀਂ ਤਾਂ ਪੰਜਾਬ ਦੀ ਜਨਤਾ ਤੋਂ ਮਾਫ਼ੀ ਮੰਗੋ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਨੇ ਅੱਤਵਾਦ ਦੇ ਕਾਲੇ ਦੌਰ ਵਿੱਚ ਬਹੁਤ ਵੱਡੀ ਕੀਮਤ ਚੁਕਾਈ ਹੈ। ਹਰ ਬੇਗੁਨਾਹ ਪੀੜਤ ਇਨਸਾਫ਼ ਅਤੇ ਸਨਮਾਨ ਦਾ ਹੱਕਦਾਰ ਹੈ, ਭਾਵੇਂ ਉਸ ਦਾ ਧਰਮ, ਭਾਈਚਾਰਾ ਜਾਂ ਵਿਚਾਰਧਾਰਾ ਕੋਈ ਵੀ ਹੋਵੇ। ਉਨ੍ਹਾਂ ਫ਼ਿਲਮ ਮੇਕਰਜ਼ ਨੂੰ ਕਿਹਾ ਕਿ ਉਹ ਨਿਰਧਾਰਤ ਸਮੇਂ ਦੇ ਅੰਦਰ 25 ਹਜ਼ਾਰ ਦੇ ਅੰਕੜੇ ਦਾ ਦਸਤਾਵੇਜ਼ੀ ਆਧਾਰ ਜਨਤਕ ਕਰਨ। ਬਿੱਟੂ ਨੇ ਕਿਹਾ ਕਿ ਜੇ ਉਨ੍ਹਾਂ ਕੋਲ ਕੋਈ ਪੱਕਾ ਸਬੂਤ ਨਹੀਂ ਹੈ ਤਾਂ ਉਹ ਪੰਜਾਬ ਦੀ ਜਨਤਾ ਤੋਂ ਮਾਫ਼ੀ ਮੰਗਣ।



News Source link

- Advertisement -

More articles

- Advertisement -

Latest article