London: ਉੱਤਰੀ ਸਾਗਰ ’ਚ ਦੋ ਜਹਾਜ਼ਾਂ ਦੀ ਟੱਕਰ, 32 ਹਲਾਕ

0
124


ਲੰਡਨ, 10 ਮਾਰਚ

ਉੱਤਰੀ ਇੰਗਲੈਂਡ ਦੇ ਤੱਟ ਨੇੜੇ ਉੱਤਰੀ ਸਾਗਰ ਵਿੱਚ ਇੱਕ ਤੇਲ ਟੈਂਕਰ ਤੇ ਮਾਲਵਾਹਕ ਜਹਾਜ਼ ਦਰਮਿਆਨ ਅੱਜ ਹੋਈ ਟੱਕਰ ਵਿੱਚ 32 ਜਣਿਆਂ ਦੀ ਮੌਤ ਹੋ ਗਈ। ਬਰਤਾਨੀਆ ਦੀ ਐਮਰਜੈਂਸੀ ਸਰਵਿਸਿਜ਼ ਨੇ ਦੱਸਿਆ ਕਿ ਇਸ ਹਾਦਸੇ ਮਗਰੋਂ ਦੋਵਾਂ ਜਹਾਜ਼ਾਂ ਵਿੱਚ ਅੱਗ ਲੱਗ ਗਈ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਬਰਤਾਨੀਆ ਦੇ ਗ੍ਰਿਮਸਬੀ ਈਸਟ ਬੰਦਰਗਾਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਟਿਨ ਬਾਇਰਜ਼ ਨੇ ਦੱਸਿਆ ਕਿ 13 ਲਾਸ਼ਾਂ ਵਿੰਡਕੈਟ 33 ਜਹਾਜ਼ ਰਾਹੀਂ, ਜਦੋਂਕਿ ਬਾਕੀ 19 ਲਾਸ਼ਾਂ ਬੰਦਰਗਾਹ ਪਾਇਲਟ ਕਿਸ਼ਤੀ ਰਾਹੀਂ ਲਿਆਂਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਚਾਲਕ ਦਲ ਦੇ ਕੁੱਝ ਮੈਂਬਰ ਅਜੇ ਵੀ ਲਾਪਤਾ ਹਨ। ਬਰਤਾਨੀਆ ਦੀ ਸਮੁੰਦਰੀ ਤੇ ਤੱਟ ਰੱਖਿਅਕ ਏਜੰਸੀ ਨੇ ਕਿਹਾ ਕਿ ਕਈ ਕਿਸ਼ਤੀਆਂ ਅਤੇ ਇੱਕ ਹੈਲੀਕਾਪਟਰ, ਇੱਕ ਤੱਟ ਰੱਖਿਅਕ ਜਹਾਜ਼ ਅਤੇ ਅੱਗ ਬੁਝਾਉਣ ਦੀ ਸਮਰੱਥਾ ਵਾਲੇ ਨੇੜਲੇ ਜਹਾਜ਼ਾਂ ਨੂੰ ਉੱਤਰੀ ਸਾਗਰ ਵਿੱਚ ਘਟਨਾ ਵਾਲੀ ਥਾਂ ਵੱਲ ਰਵਾਨਾ ਕੀਤਾ ਗਿਆ ਹੈ।

ਆਰਐੱਨਐੱਲਆਈ ਲਾਈਫ ਬੋਟ ਏਜੰਸੀ ਨੇ ਕਿਹਾ, ‘‘ਅਜਿਹੀਆਂ ਰਿਪੋਰਟਾਂ ਹਨ ਕਿ ਟੱਕਰ ਮਗਰੋਂ ਕਈ ਵਿਅਕਤੀ ਜਹਾਜ਼ ਛੱਡ ਕੇ ਭੱਜ ਗਏ ਅਤੇ ਦੋਵਾਂ ਜਹਾਜ਼ਾਂ ਨੂੰ ਅੱਗ ਲੱਗ ਗਈ।’’ ਉਨ੍ਹਾਂ ਦੱਸਿਆ ਕਿ ਤਿੰਨ ਬਚਾਅ ਕਿਸ਼ਤੀਆਂ ਤੱਟ ਰੱਖਿਅਕ ਬਲ ਨਾਲ ਮਿਲ ਕੇ ਘਟਨਾ ਵਾਲੀ ਥਾਂ ’ਤੇ ਖੋਜ ਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਜਹਾਜ਼ ਦੀ ਨਿਗਰਾਨੀ ਰੱਖਣ ਵਾਲੀ ਵੈੱਬਸਾਈਟ ਵੈਸਲ ਫਾਈਂਡਰ ਨੇ ਕਿਹਾ ਕਿ ਅਮਰੀਕੀ ਝੰਡੇ ਵਾਲੇ ਜਹਾਜ਼ ਐਮਵੀ ਸਟੇਨਾ ਦੇ ਟੈਂਕਰ ਨਾਲ ਇਹ ਹਾਦਸਾ ਵਾਪਰਿਆ ਹੈ। ਦੂਜਾ ਮਾਲਵਾਹਕ ਜਹਾਜ਼ ‘ਸੋਲੌਂਗ’ ਹੈ ਜੋ ਸਕਾਟਲੈਂਡ ਦੇ ਗ੍ਰੇਂਜਮਾਊਥ ਤੋਂ ਨੈਦਰਲੈਂਡਜ਼ ਦੇ ਰੋਟਰਡਮ ਵੱਲ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਿ ਟੱਕਰ ਲੰਡਨ ਤੋਂ ਲਗਪਗ 250 ਕਿਲੋਮੀਟਰ ਉੱਤਰ ਵਿੱਚ ਹਲ ਤੱਟ ਨੇੜੇ ਹੋਈ ਹੈ। -ਏਪੀ

 

 



News Source link