Inflation Alert: ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦਾ ਅੱਜ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ‘ਤੇ ਸਿੱਧਾ ਅਸਰ ਪਿਆ। ਗਲੋਬਲ ਐਨਰਜੀ ਸੰਕਟ ਅਤੇ ਹੋਰਮੁਜ਼ ਸਟ੍ਰੇਟ ਰਾਹੀਂ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਦੇਸ਼ ਦੀਆਂ ਮੁੱਖ ਗੈਸ ਵੰਡ ਕੰਪਨੀਆਂ ਨੇ CNG ਦੇ ਰੇਟ 2 ਰੁਪਏ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ 3 ਰੁਪਏ ਪ੍ਰਤੀ ਲੀਟਰ ਤੱਕ ਵਧ ਗਈਆਂ ਹਨ।
ਅਜਿਹੇ ਵਿੱਚ ਆਮ ਲੋਕਾਂ ’ਤੇ ਮਹਿੰਗਾਈ ਦਾ ਬੋਝ ਹੋਰ ਵੱਧ ਸਕਦਾ ਹੈ। ਮਹਿੰਗਾਈ ਦੇ ਨਾਲ-ਨਾਲ ਲੋਨ ਦੀ EMI ਵਧਣ ਨੂੰ ਲੈ ਕੇ ਵੀ ਚਿੰਤਾ ਜਤਾਈ ਜਾ ਰਹੀ ਹੈ। ਆਓ ਜਾਣਦੇ ਹਾਂ ਕਿ ਮਹਿੰਗਾਈ ਕਾਰਨ ਤੁਹਾਡੀ ਲੋਨ EMI ਕਿਵੇਂ ਵੱਧ ਸਕਦੀ ਹੈ।
ਮਹਿੰਗਾਈ ਵਧਣ ’ਤੇ RBI ਰੇਪੋ ਰੇਟ ਕਿਉਂ ਵਧਾਉਂਦਾ ਹੈ?
ਜਦੋਂ ਦੇਸ਼ ਵਿੱਚ ਚੀਜ਼ਾਂ ਦੇ ਰੇਟ ਤੇਜ਼ੀ ਨਾਲ ਵੱਧਣ ਲੱਗਦੇ ਹਨ ਅਤੇ ਮਹਿੰਗਾਈ RBI ਦੇ ਨਿਰਧਾਰਿਤ ਦਾਇਰੇ ਤੋਂ ਉੱਪਰ ਚਲੀ ਜਾਂਦੀ ਹੈ ਤਾਂ ਕੇਂਦਰੀ ਬੈਂਕ ਰੇਪੋ ਰੇਟ ਵਧਾਉਣ ਦਾ ਫੈਸਲਾ ਕਰਦਾ ਹੈ। RBI ਆਮ ਤੌਰ ’ਤੇ ਮਹਿੰਗਾਈ ਨੂੰ 4% ਤੋਂ 6% ਦੇ ਵਿਚਕਾਰ ਰੱਖਣ ਦੀ ਕੋਸ਼ਿਸ਼ ਕਰਦਾ ਹੈ।
ਜੇ ਖਾਣ-ਪੀਣ ਦੀਆਂ ਵਸਤਾਂ, ਈਂਧਨ ਜਾਂ ਹੋਰ ਜ਼ਰੂਰੀ ਸੇਵਾਵਾਂ ਮਹਿੰਗੀਆਂ ਹੋਣ ਲੱਗਣ ਤਾਂ ਮਹਿੰਗਾਈ ’ਤੇ ਕਾਬੂ ਪਾਉਣ ਲਈ ਰੇਪੋ ਰੇਟ ਵਧਾਉਣ ਵਰਗੇ ਕਦਮ ਚੁੱਕੇ ਜਾਂਦੇ ਹਨ।
ਰੇਪੋ ਰੇਟ ਵਧਣ ਨਾਲ ਮਹਿੰਗਾਈ ਕਿਵੇਂ ਘਟਦੀ ਹੈ?
ਰੇਪੋ ਰੇਟ ਵਧਣ ਤੋਂ ਬਾਅਦ ਬੈਂਕਾਂ ਲਈ RBI ਤੋਂ ਪੈਸਾ ਲੈਣਾ ਮਹਿੰਗਾ ਹੋ ਜਾਂਦਾ ਹੈ। ਇਸ ਤੋਂ ਬਾਅਦ ਬੈਂਕ ਹੋਮ ਲੋਨ, ਕਾਰ ਲੋਨ ਅਤੇ ਹੋਰ ਕਰਜ਼ਿਆਂ ’ਤੇ ਵਿਆਜ ਦਰਾਂ ਵਧਾ ਦਿੰਦੇ ਹਨ। ਜਦੋਂ ਲੋਨ ਮਹਿੰਗੇ ਹੋ ਜਾਂਦੇ ਹਨ ਤਾਂ ਲੋਕ ਘੱਟ ਖਰਚ ਕਰਦੇ ਹਨ ਅਤੇ ਨਵੀਂ ਖਰੀਦਦਾਰੀ ਜਾਂ ਨਿਵੇਸ਼ ਤੋਂ ਬਚਦੇ ਹਨ। ਇਸ ਨਾਲ ਬਾਜ਼ਾਰ ਵਿੱਚ ਮੰਗ ਘੱਟ ਹੋਣ ਲੱਗਦੀ ਹੈ ਅਤੇ ਹੌਲੀ-ਹੌਲੀ ਚੀਜ਼ਾਂ ਦੀਆਂ ਕੀਮਤਾਂ ’ਤੇ ਦਬਾਅ ਘਟਦਾ ਹੈ। ਮਹਿੰਗਾਈ ਨੂੰ ਕੰਟਰੋਲ ਕਰਨ ਲਈ RBI ਅਜਿਹੇ ਕਦਮ ਚੁੱਕਦਾ ਹੈ।
ਰੇਪੋ ਰੇਟ ਵਧਣ ’ਤੇ EMI ਕਿਉਂ ਵੱਧ ਜਾਂਦੀ ਹੈ?
ਜਦੋਂ RBI (ਰਿਜ਼ਰਵ ਬੈਂਕ ਆਫ਼ ਇੰਡੀਆ) ਰੇਪੋ ਰੇਟ ਵਧਾਉਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਬੈਂਕਾਂ ਤੋਂ ਮਿਲਣ ਵਾਲੇ ਲੋਨ ’ਤੇ ਪੈਂਦਾ ਹੈ। ਰੇਪੋ ਰੇਟ ਉਹ ਵਿਆਜ ਦਰ ਹੁੰਦੀ ਹੈ ,ਜਿਸ ’ਤੇ ਬੈਂਕ RBI ਤੋਂ ਪੈਸਾ ਉਧਾਰ ਲੈਂਦੇ ਹਨ। ਰੇਟ ਵਧਣ ਦਾ ਮਤਲਬ ਹੈ ਕਿ ਬੈਂਕਾਂ ਲਈ ਪੈਸਾ ਇਕੱਠਾ ਕਰਨਾ ਮਹਿੰਗਾ ਹੋ ਗਿਆ ਹੈ। ਅਜਿਹੇ ਵਿੱਚ ਬੈਂਕ ਆਪਣੀ ਵਧੀ ਹੋਈ ਲਾਗਤ ਪੂਰੀ ਕਰਨ ਲਈ ਹੋਮ ਲੋਨ, ਕਾਰ ਲੋਨ ਅਤੇ ਹੋਰ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਾ ਦਿੰਦੇ ਹਨ।
ਇਸ ਦਾ ਅਸਰ ਲੋਨ ਦੀ EMI ’ਤੇ ਵੇਖਣ ਨੂੰ ਮਿਲਦਾ ਹੈ। ਵਿਆਜ ਦਰ ਵਧਦੇ ਹੀ ਜਾਂ ਤਾਂ ਹਰ ਮਹੀਨੇ ਦੀ EMI ਵੱਧ ਜਾਂਦੀ ਹੈ ਜਾਂ ਫਿਰ ਲੋਨ ਚੁਕਾਉਣ ਦੀ ਮਿਆਦ ਲੰਬੀ ਕਰ ਦਿੱਤੀ ਜਾਂਦੀ ਹੈ। ਇਸਦਾ ਮਤਲਬ ਇਹ ਹੈ ਕਿ ਗਾਹਕ ਨੂੰ ਪਹਿਲਾਂ ਨਾਲੋਂ ਵੱਧ ਵਿਆਜ ਦੇਣਾ ਪੈਂਦਾ ਹੈ ਅਤੇ ਲੋਨ ਦੀ ਕੁੱਲ ਲਾਗਤ ਵੀ ਵੱਧ ਜਾਂਦੀ ਹੈ।
ਹੋਰ ਪੜ੍ਹੋ