Khanna News : ਖੰਨਾ ਵਿੱਚ ਬੁੱਧਵਾਰ ਸ਼ਾਮ ਇੱਕ ਨਾਮੀ ਹੋਟਲ ਦੇ ਕਮਰੇ ਵਿੱਚ ਇੱਕ ਨੌਜਵਾਨ ਅਤੇ ਇੱਕ ਮਹਿਲਾ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਮਿਲੀਆਂ। ਦੋਵਾਂ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ ਅਤੇ ਮੌਕੇ ਤੋਂ ਇੱਕ ਪਿਸਤੌਲ ਵੀ ਬਰਾਮਦ ਹੋਈ। ਦੋਵੇਂ ਤੜਕੇ ਹੋਟਲ ਵਿੱਚ ਆਏ ਸਨ ਅਤੇ ਕਮਰਾ ਬੁੱਕ ਕਰਵਾਇਆ ਸੀ।
ਕਾਫ਼ੀ ਸਮੇਂ ਤੱਕ ਕਮਰੇ ਵਿੱਚੋਂ ਕੋਈ ਹਰਕਤ ਨਾ ਹੋਣ ‘ਤੇ ਹੋਟਲ ਸਟਾਫ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਦਰਵਾਜ਼ਾ ਨਾ ਖੁੱਲ੍ਹਣ ‘ਤੇ ਉਸ ਨੂੰ ਤੋੜਿਆ ਗਿਆ, ਜਿਸ ਤੋਂ ਬਾਅਦ ਅੰਦਰ ਦੋਵਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ।
ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਮਹਿਲਾ ਅਤੇ ਨੌਜਵਾਨ ਦੋਵੇਂ ਵਿਆਹੇ ਹੋਏ ਸਨ। ਮਹਿਲਾ ਦੇ ਦੋ ਬੱਚੇ ਹਨ, ਜਦਕਿ ਨੌਜਵਾਨ ਦਾ ਵੀ ਇੱਕ ਬੇਟਾ ਹੈ। ਦੋਵੇਂ ਦੂਰ ਦੇ ਰਿਸ਼ਤੇਦਾਰ ਵੀ ਦੱਸੇ ਜਾ ਰਹੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਵਿਚਕਾਰ ਪ੍ਰੇਮ ਸੰਬੰਧ ਸਨ।
ਪੁਲਿਸ ਨੂੰ ਸ਼ੱਕ ਹੈ ਕਿ ਨੌਜਵਾਨ ਨੇ ਪਹਿਲਾਂ ਮਹਿਲਾ ਨੂੰ ਗੋਲੀ ਮਾਰੀ ਅਤੇ ਬਾਅਦ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਹੋਈ
ਪੁਲਿਸ ਮੁਤਾਬਕ ਮਹਿਲਾ ਦੀ ਪਛਾਣ ਤਰਨਤਾਰਨ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਵਜੋਂ ਹੋਈ ਹੈ, ਜਦਕਿ ਨੌਜਵਾਨ ਦੀ ਪਛਾਣ ਫਿਰੋਜ਼ਪੁਰ ਦੇ ਮਨਜੀਤ ਸਿੰਘ ਵਜੋਂ ਹੋਈ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਹੋਟਲ ਪ੍ਰਬੰਧਨ ਨੇ ਕਥਿਤ ਤੌਰ ‘ਤੇ ਦੋਵਾਂ ਤੋਂ ਕੋਈ ਪਛਾਣ ਪੱਤਰ ਲਏ ਬਿਨਾਂ ਹੀ ਕਮਰਾ ਦੇ ਦਿੱਤਾ ਸੀ।
ਦੋਵੇਂ ਵਿਆਹੇ ਹੋਏ, ਆਪਸੀ ਰਿਸ਼ਤੇ ਵਿੱਚ ਸਨ
ਪੁਲਿਸ ਨੂੰ ਮਹਿਲਾ ਦਾ ਮੋਬਾਈਲ ਫੋਨ ਮਿਲਿਆ, ਜਿਸ ਤੋਂ ਪਤਾ ਲੱਗਾ ਕਿ ਉਸ ਦਾ ਵਿਆਹ ਅੱਠ ਸਾਲ ਪਹਿਲਾਂ ਤੇਜਿੰਦਰ ਸਿੰਘ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਨੌਜਵਾਨ ਵੀ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ ਅੱਠ ਸਾਲ ਦਾ ਪੁੱਤਰ ਹੈ। ਦੋਵੇਂ ਤੜਕੇ ਕਰੀਬ 3 ਵਜੇ ਹੋਟਲ ਵਿੱਚ ਕਮਰਾ ਲੈਣ ਪਹੁੰਚੇ ਸਨ।
ਮਨਜੀਤ ਰਿਸ਼ਤੇਦਾਰ ਸੀ
ਡੀਐਸਪੀ ਮੁਤਾਬਕ ਮਹਿਲਾ ਦੇ ਮਾਮੇ ਦੀ ਧੀ ਖੰਨਾ ਵਿੱਚ ਰਹਿੰਦੀ ਹੈ ਅਤੇ ਮਨਜੀਤ ਉਸ ਦੇ ਤਾਏ ਦਾ ਪੁੱਤਰ ਸੀ। ਇਸ ਕਾਰਨ ਉਸ ਦਾ ਖੰਨਾ ਆਉਣਾ-ਜਾਣਾ ਰਹਿੰਦਾ ਸੀ। ਦੋਵਾਂ ਦੀ ਉਮਰ ਕਰੀਬ 25 ਤੋਂ 30 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਹੋਟਲ ਵਿੱਚ ਹਥਿਆਰ ਕਿਵੇਂ ਪਹੁੰਚਿਆ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ
ਪੁਲਿਸ ਨੇ ਮੌਕੇ ਤੋਂ ਮਿਲੀ ਪਿਸਤੌਲ ਕਬਜ਼ੇ ਵਿੱਚ ਲੈ ਲਈ ਹੈ ਅਤੇ ਹੋਰ ਸਬੂਤ ਇਕੱਠੇ ਕਰਨ ਸ਼ੁਰੂ ਕਰ ਦਿੱਤੇ ਹਨ। ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਹੋਟਲ ਦੇ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਡੀਐਸਪੀ ਦਾ ਬਿਆਨ
ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਗ੍ਰੀਨਲੈਂਡ ਦੇ ਕਮਰਾ ਨੰਬਰ 104 ਵਿੱਚ ਦੋ ਲਾਸ਼ਾਂ ਪਈਆਂ ਹਨ। ਮੌਕੇ ‘ਤੇ ਪਹੁੰਚਣ ‘ਤੇ 9 ਐੱਮਐੱਮ ਦੀ ਪਿਸਤੌਲ ਬਰਾਮਦ ਹੋਈ। ਨੌਜਵਾਨ ਦੇ ਮੱਥੇ ਅਤੇ ਮਹਿਲਾ ਦੇ ਕੰਨਪੱਟੀ ‘ਤੇ ਗੋਲੀ ਲੱਗੀ ਹੋਈ ਸੀ। ਮੋਬਾਈਲ ਫੋਨ ਤੋਂ ਦੋਵਾਂ ਦੀ ਪਛਾਣ ਕੀਤੀ ਗਈ।
ਉਨ੍ਹਾਂ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਗੋਲੀ ਕਿਸ ਨੇ ਚਲਾਈ ਅਤੇ ਕਿਹੜੇ ਕਾਰਨ ਕਰਕੇ ਇਹ ਘਟਨਾ ਵਾਪਰੀ।
ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ