Work From Home in Delhi : ਦਿੱਲੀ ਸਰਕਾਰ ਨੇ ਸਰਦੀਆਂ ਦੌਰਾਨ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਸਥਾਈ ਮਾਸਟਰ ਪਲਾਨ ਦਾ ਐਲਾਨ ਕੀਤਾ ਹੈ। ਇਸ ਤਹਿਤ 1 ਨਵੰਬਰ ਤੋਂ 28 ਫ਼ਰਵਰੀ ਤੱਕ ਕਈ ਨਿਯਮ ਲਾਗੂ ਰਹਿਣਗੇ। ਸਰਕਾਰ ਨੇ ਸਰਦੀਆਂ ਵਿੱਚ ਵੱਧਦੇ ਹਵਾ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਥਾਈ ਨੀਤੀ ਬਣਾਈ ਹੈ।
ਇਸ ਨੀਤੀ ਅਨੁਸਾਰ 1 ਨਵੰਬਰ ਤੋਂ 31 ਜਨਵਰੀ ਤੱਕ ਤੋੜ-ਫੋੜ ਅਤੇ ਸਿਵਲ ਨਿਰਮਾਣ ਕੰਮਾਂ ‘ਤੇ ਰੋਕ ਰਹੇਗੀ। ਇਸ ਤੋਂ ਇਲਾਵਾ 1 ਨਵੰਬਰ ਤੋਂ ਦਫ਼ਤਰਾਂ ਵਿੱਚ 50 ਫ਼ੀਸਦੀ ਕਰਮਚਾਰੀਆਂ ਲਈ ‘ਵਰਕ ਫ੍ਰੌਮ ਹੋਮ’ (WFH) ਲਾਗੂ ਕੀਤਾ ਜਾਵੇਗਾ ਅਤੇ ਪਾਰਕਿੰਗ ਫੀਸ ਦੋਗੁਣੀ ਕਰ ਦਿੱਤੀ ਜਾਵੇਗੀ।
ਸਾਰਿਆਂ ਦੀ ਭਾਗੀਦਾਰੀ ਲਾਜ਼ਮੀ: ਮੁੱਖ ਮੰਤਰੀ
ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਕਿ ਸਰਦੀਆਂ ਵਿੱਚ ਪ੍ਰਦੂਸ਼ਣ ਰੋਕਣ ਲਈ ਸਖ਼ਤ ਕਦਮ ਚੁੱਕੇ ਗਏ ਹਨ। ਹੁਣ ਵੈਧ PUC (ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ) ਤੋਂ ਬਿਨਾਂ ਕਿਸੇ ਵੀ ਵਾਹਨ ਨੂੰ ਪੈਟਰੋਲ, ਡੀਜ਼ਲ ਜਾਂ CNG ਨਹੀਂ ਮਿਲੇਗੀ। ਇਹ ਨਿਯਮ ਸਾਲ ਭਰ ਲਾਗੂ ਰਹੇਗਾ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਹਰ ਨਾਗਰਿਕ ਦੀ ਭਾਗੀਦਾਰੀ ਜ਼ਰੂਰੀ ਹੈ।
ਹਰ ਸਾਲ ਵੱਖਰਾ ਹੁਕਮ ਜਾਰੀ ਕਰਨ ਦੀ ਲੋੜ ਨਹੀਂ ਰਹੇਗੀ
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਦੀਆਂ ਦੌਰਾਨ ਹਵਾ ਦੀ ਗੁਣਵੱਤਾ ਖਰਾਬ ਹੋ ਜਾਂਦੀ ਹੈ। ਪਿਛਲੇ ਕਈ ਸਾਲਾਂ ਦੇ ਅੰਕੜੇ ਦੱਸਦੇ ਹਨ ਕਿ ਨਵੰਬਰ ਤੋਂ ਫ਼ਰਵਰੀ ਦੇ ਵਿਚਕਾਰ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵੱਧ ਜਾਂਦਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਇੱਕ ਸਥਾਈ ਹੱਲ ਤਿਆਰ ਕੀਤਾ ਹੈ। ਹੁਣ ਹਰ ਸਾਲ ਵੱਖਰੇ ਹੁਕਮ ਜਾਰੀ ਕਰਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਹ ਨੋਟੀਫਿਕੇਸ਼ਨ ਵਿਸਤ੍ਰਿਤ ਅਧਿਐਨ ਅਤੇ ਹਵਾ ਦੀ ਗੁਣਵੱਤਾ ਦੇ ਅੰਕੜਿਆਂ ਦੇ ਆਧਾਰ ‘ਤੇ ਜਾਰੀ ਕੀਤਾ ਗਿਆ ਹੈ।
ਹਵਾ ਦੀ ਗੁਣਵੱਤਾ ਦੇ ਅੰਕੜੇ ਕੀ ਦੱਸਦੇ ਹਨ?
ਸਾਲ 2023-24, 2024-25 ਅਤੇ 2025-26 ਦੌਰਾਨ 1 ਨਵੰਬਰ ਤੋਂ 15 ਫ਼ਰਵਰੀ ਦੇ ਸਮੇਂ ਵਿੱਚ ਦਿੱਲੀ ਦਾ ਔਸਤ AQI 312 ਤੋਂ 342 ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ AQI 461 ਤੋਂ 494 ਦੇ ਵਿਚਕਾਰ ਰਿਹਾ।
ਵੈਧ PUC ਤੋਂ ਬਿਨਾਂ ਨਹੀਂ ਮਿਲੇਗਾ ਈਂਧਨ
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਲਈ ਹੁਣ ਸਿਰਫ਼ ਉਹਨਾਂ ਵਾਹਨਾਂ ਨੂੰ ਹੀ ਪੈਟਰੋਲ, ਡੀਜ਼ਲ ਅਤੇ CNG ਮਿਲੇਗੀ ਜਿਨ੍ਹਾਂ ਕੋਲ ਵੈਧ PUC ਸਰਟੀਫਿਕੇਟ ਹੋਵੇਗਾ। ਜੇਕਰ ਕੋਈ ਵਾਹਨ ਬਿਨਾਂ ਵੈਧ PUC ਦੇ ਈਂਧਨ ਲੈਣ ਆਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ