Jalandhar Cyber Fraud : ਜਲੰਧਰ ਤੋਂ ਸਾਈਬਰ ਠੱਗੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਜੈਤੇਵਾਲੀ ਇਲਾਕੇ ਵਿੱਚ ਇੱਕ ਸ਼ਾਤਿਰ ਠੱਗ ਨੇ ਬਜ਼ੁਰਗ ਮਹਿਲਾ ਦੇ ਜਵਾਈ ਦੀ ਆਵਾਜ਼ ਵਿੱਚ (ਸੰਭਾਵਿਤ AI ਵੌਇਸ ਕਲੋਨਿੰਗ ਤਕਨੀਕ ਦੀ ਵਰਤੋਂ ਕਰਕੇ) ਫੋਨ ਕੀਤਾ ਅਤੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲਿਆ। ਠੱਗ ਨੇ ਲੰਬੀ ਗੱਲਬਾਤ ਦੌਰਾਨ ਮਹਿਲਾ ਦੇ ਬੈਂਕ ਖਾਤੇ ਵਿੱਚੋਂ ਹੌਲੀ-ਹੌਲੀ ਕਰਕੇ ਕੁੱਲ 8.25 ਲੱਖ ਰੁਪਏ ਕੱਢ ਲਏ।
ਜਦੋਂ ਮਹਿਲਾ ਦੇ ਮੋਬਾਈਲ ‘ਤੇ ਪੈਸੇ ਕਟਣ ਦੇ ਸੁਨੇਹੇ ਆਏ ਤਾਂ ਉਸ ਨੂੰ ਇਸ ਵੱਡੀ ਠੱਗੀ ਦਾ ਪਤਾ ਲੱਗਾ। ਪੀੜਤਾ ਨੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਕੱਲੀ ਰਹਿੰਦੀ ਮਹਿਲਾ ਨੂੰ ਬਣਾਇਆ ਨਿਸ਼ਾਨਾ
ਜਲੰਧਰ ਦੇ ਜੈਤੇਵਾਲੀ ਇਲਾਕੇ ਦੀ ਪੀੜਤ ਮਹਿਲਾ ਦੀ ਪਛਾਣ ਪੂਨਮ ਵਜੋਂ ਹੋਈ ਹੈ। ਪੂਨਮ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਧੀ ਦਾ ਵਿਆਹ ਹੋ ਗਿਆ ਹੈ। ਉਹ ਘਰ ਵਿੱਚ ਇਕੱਲੀ ਰਹਿੰਦੀ ਹੈ, ਜਿਸ ਦਾ ਫਾਇਦਾ ਚੁੱਕਦੇ ਹੋਏ ਸਾਈਬਰ ਠੱਗਾਂ ਨੇ ਉਸ ਨੂੰ ਆਸਾਨ ਨਿਸ਼ਾਨਾ ਬਣਾਇਆ।
ਅਣਪਛਾਤੇ ਨੰਬਰ ਤੋਂ ਆਈ ਕਾਲ
ਘਟਨਾ ਦੀ ਸ਼ੁਰੂਆਤ 8 ਮਈ ਨੂੰ ਹੋਈ, ਜਦੋਂ ਪੂਨਮ ਦੇ ਮੋਬਾਈਲ ‘ਤੇ ਇੱਕ ਅਣਜਾਣ ਨੰਬਰ ਤੋਂ ਕਾਲ ਆਈ। ਫੋਨ ਚੁੱਕਣ ‘ਤੇ ਸਾਹਮਣੇ ਵਾਲੇ ਵਿਅਕਤੀ ਨੇ ਬਿਲਕੁਲ ਉਸ ਦੇ ਜਵਾਈ ਦੀ ਆਵਾਜ਼ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਪੂਰੇ ਵਿਸ਼ਵਾਸ ਨਾਲ ਕਿਹਾ, “ਮਾਂ ਜੀ, ਮੈਂ ਤੁਹਾਡਾ ਜਵਾਈ ਹੀ ਬੋਲ ਰਿਹਾ ਹਾਂ। ਆਵਾਜ਼ ਇੰਨੀ ਮਿਲਦੀ-ਜੁਲਦੀ ਸੀ ਕਿ ਪੂਨਮ ਨੂੰ ਰਤਾ ਭਰ ਵੀ ਸ਼ੱਕ ਨਹੀਂ ਹੋਇਆ ਕਿ ਫੋਨ ‘ਤੇ ਉਸ ਦਾ ਜਵਾਈ ਨਹੀਂ, ਸਗੋਂ ਕੋਈ ਠੱਗ ਹੈ।
ਲੰਬੀ ਗੱਲਬਾਤ ਦੌਰਾਨ ਖਾਲੀ ਕਰ ਦਿੱਤਾ ਬੈਂਕ ਖਾਤਾ
ਸ਼ਿਕਾਇਤ ਮੁਤਾਬਕ ਠੱਗ ਨੇ ਮਹਿਲਾ ਨੂੰ ਲੰਬੇ ਸਮੇਂ ਤੱਕ ਗੱਲਾਂ ਵਿੱਚ ਉਲਝਾਈ ਰੱਖਿਆ। ਇਸ ਦੌਰਾਨ ਉਸ ਨੇ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਮਹਿਲਾ ਦੇ ਬੈਂਕ ਖਾਤੇ ਨਾਲ ਜੁੜੀ ਗੁਪਤ ਜਾਣਕਾਰੀ ਜਾਂ ਟ੍ਰਾਂਜ਼ੈਕਸ਼ਨ ਲਿੰਕ ਦੀ ਵਰਤੋਂ ਕਰਕੇ ਹੌਲੀ-ਹੌਲੀ ਕਰਕੇ ਕੁੱਲ 8.25 ਲੱਖ ਰੁਪਏ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਵਾ ਲਏ।
ਸਾਈਬਰ ਥਾਣੇ ਵਿੱਚ ਸ਼ਿਕਾਇਤ ਦਰਜ
ਮਹਿਲਾ ਨੂੰ ਇਸ ਠੱਗੀ ਦਾ ਅਹਿਸਾਸ ਉਸ ਵੇਲੇ ਹੋਇਆ ਜਦੋਂ ਕਾਲ ਖਤਮ ਹੋਣ ਤੋਂ ਬਾਅਦ ਉਸ ਨੇ ਆਪਣੇ ਮੋਬਾਈਲ ‘ਤੇ ਬੈਂਕ ਵੱਲੋਂ ਪੈਸੇ ਕਟਣ ਦੇ ਲਗਾਤਾਰ ਕਈ ਸੁਨੇਹੇ ਵੇਖੇ। ਕੁੱਲ 8.25 ਲੱਖ ਰੁਪਏ ਕੱਟਣ ਦੀ ਜਾਣਕਾਰੀ ਮਿਲਦੇ ਹੀ ਉਸ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਉਸ ਨੇ ਤੁਰੰਤ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਪੀੜਤਾ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਠੱਗਾਂ ਦੀ ਭਾਲ ਕੀਤੀ ਜਾ ਰਹੀ ਹੈ।